ਕੀ ਇਨਸਾਨ ਯੁੱਧ ਅਤੇ ਦੰਗੇ-ਫ਼ਸਾਦ ਖ਼ਤਮ ਕਰ ਸਕਦੇ?
ਲੋਕ ਕਈ ਕਾਰਨਾਂ ਕਰਕੇ ਲੜਦੇ ਹਨ। ਕੁਝ ਲੋਕ ਸਰਕਾਰ ਬਦਲਣ, ਆਰਥਿਕ ਹਾਲਤ ਵਿਚ ਬਦਲਾਅ ਲਿਆਉਣ ਜਾਂ ਸਮਾਜ ਵਿਚ ਹੁੰਦੀ ਬੇਇਨਸਾਫ਼ੀ ਨੂੰ ਰੋਕਣ ਲਈ ਲੜਦੇ ਹਨ। ਹੋਰ ਲੋਕ ਕਿਸੇ ਇਲਾਕੇ ਨੂੰ ਹਥਿਆਉਣ ਜਾਂ ਕੁਦਰਤੀ ਸੋਮਿਆਂ ʼਤੇ ਕਬਜ਼ਾ ਕਰਨ ਲਈ ਲੜਦੇ ਹਨ। ਕਈ ਦੰਗੇ-ਫ਼ਸਾਦ ਇਸ ਲਈ ਹੁੰਦੇ ਹਨ ਕਿਉਂਕਿ ਲੋਕਾਂ ਵਿਚ ਨਸਲ ਅਤੇ ਧਰਮ ਦੇ ਨਾਂ ʼਤੇ ਲੰਬੇ ਸਮੇਂ ਤੋਂ ਦੁਸ਼ਮਣੀ ਚੱਲ ਰਹੀ ਹੁੰਦੀ ਹੈ। ਇਨ੍ਹਾਂ ਲੜਾਈਆਂ ਨੂੰ ਰੋਕਣ ਅਤੇ ਸ਼ਾਂਤੀ ਕਾਇਮ ਕਰਨ ਲਈ ਕੀ ਕੀਤਾ ਜਾ ਰਿਹਾ ਹੈ? ਕੀ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਇਹ ਕੋਸ਼ਿਸ਼ਾਂ ਸਫ਼ਲ ਹੋਣਗੀਆਂ?
Drazen_/E+ via Getty Images
ਆਰਥਿਕ ਵਿਕਾਸ
ਮਕਸਦ: ਲੋਕਾਂ ਦਾ ਜੀਉਣਾ ਬਿਹਤਰ ਬਣਾਉਣਾ। ਅੱਜ ਜੋ ਯੁੱਧ ਅਤੇ ਦੰਗੇ-ਫ਼ਸਾਦ ਹੋ ਰਹੇ ਹਨ, ਉਨ੍ਹਾਂ ਦਾ ਇਕ ਵੱਡਾ ਕਾਰਨ ਹੈ ਅਮੀਰੀ-ਗ਼ਰੀਬੀ। ਇਸ ਲਈ ਜੇ ਆਰਥਿਕ ਵਿਕਾਸ ਹੋਵੇਗਾ, ਤਾਂ ਅਮੀਰੀ-ਗ਼ਰੀਬੀ ਦੇ ਫ਼ਰਕ ਨੂੰ ਘਟਾਇਆ ਜਾ ਸਕਦਾ ਹੈ ਜਾਂ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ।
ਰੁਕਾਵਟ: ਸਰਕਾਰਾਂ ਨੂੰ ਇਹ ਦੇਖਣ ਦੀ ਲੋੜ ਹੈ ਕਿ ਉਹ ਜ਼ਿਆਦਾ ਪੈਸਾ ਕਿਨ੍ਹਾਂ ਚੀਜ਼ਾਂ ʼਤੇ ਖ਼ਰਚਦੀਆਂ ਹਨ। ਅੰਦਾਜ਼ਾ ਲਾਇਆ ਗਿਆ ਹੈ ਕਿ ਸਾਲ 2022 ਵਿਚ ਦੁਨੀਆਂ ਭਰ ਵਿਚ ਤਕਰੀਬਨ 34.1 ਅਰਬ ਅਮਰੀਕੀ ਡਾਲਰ (ਤਕਰੀਬਨ 27 ਖਰਬ ਰੁਪਏ) ਸ਼ਾਂਤੀ ਕਾਇਮ ਕਰਨ ਅਤੇ ਇਸ ਨੂੰ ਬਣਾਈ ਰੱਖਣ ਲਈ ਖ਼ਰਚੇ ਗਏ ਸਨ। ਪਰ ਇਹ ਰਕਮ ਉਸੇ ਸਾਲ ਫ਼ੌਜ ਲਈ ਖ਼ਰਚੀ ਗਈ ਰਕਮ ਦਾ ਸਿਰਫ਼ 0.4 ਪ੍ਰਤੀਸ਼ਤ ਹੀ ਸੀ।
“ਜਿੰਨੇ ਪੈਸੇ ਅਤੇ ਸਾਧਨ ਅਸੀਂ ਯੁੱਧਾਂ ਵਾਸਤੇ ਵਰਤ ਰਹੇ ਹਾਂ, ਉੱਨੇ ਅਸੀਂ ਯੁੱਧ ਨੂੰ ਲੱਗਣ ਤੋਂ ਰੋਕਣ ਅਤੇ ਸ਼ਾਂਤੀ ਕਾਇਮ ਕਰਨ ਲਈ ਨਹੀਂ ਵਰਤਦੇ।”—ਸੰਯੁਕਤ ਰਾਸ਼ਟਰ-ਸੰਘ ਦਾ ਸੈਕਟਰੀ-ਜਨਰਲ, ਅਨਟੋਨੀਓ ਗੁਟੇਰੇਸ।
ਬਾਈਬਲ ਕੀ ਕਹਿੰਦੀ ਹੈ? ਦੁਨੀਆਂ ਦੀਆਂ ਸਰਕਾਰਾਂ ਅਤੇ ਸੰਸਥਾਵਾਂ ਗ਼ਰੀਬਾਂ ਦੀ ਮਦਦ ਤਾਂ ਕਰ ਸਕਦੀਆਂ ਹਨ, ਪਰ ਉਹ ਕਦੇ ਵੀ ਗ਼ਰੀਬੀ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਦੀਆਂ।—ਬਿਵਸਥਾ ਸਾਰ 15:11; ਮੱਤੀ 26:11.
ਦੇਸ਼ਾਂ ਵਿਚਕਾਰ ਸਮਝੌਤੇ
ਮਕਸਦ: ਦੇਸ਼ਾਂ ਵਿਚਕਾਰ ਝਗੜੇ ਛਿੜਨ ਤੋਂ ਰੋਕਣਾ ਜਾਂ ਉਨ੍ਹਾਂ ਨੂੰ ਨਿਬੇੜਨਾ। ਉਹ ਸ਼ਾਂਤੀ ਨਾਲ ਗੱਲਬਾਤ ਕਰ ਕੇ ਅਜਿਹੇ ਕੰਮ ਕਰਨ ਲਈ ਰਾਜ਼ੀ ਹੁੰਦੇ ਹਨ ਜਿਨ੍ਹਾਂ ਨਾਲ ਦੋਹਾਂ ਧਿਰਾਂ ਨੂੰ ਫ਼ਾਇਦਾ ਹੋਵੇ।
ਰੁਕਾਵਟ: ਸ਼ਾਇਦ ਇਕ ਜਾਂ ਇਕ ਤੋਂ ਜ਼ਿਆਦਾ ਧਿਰਾਂ ਕਿਸੇ ਗੱਲ ʼਤੇ ਰਾਜ਼ੀ ਨਾ ਹੋਣ ਜਾਂ ਕੋਈ ਸਮਝੌਤਾ ਨਾ ਕਰਨਾ ਚਾਹੁਣ। ਜੇ ਕੋਈ ਇਕਰਾਰਨਾਮਾ ਹੋ ਵੀ ਜਾਵੇ, ਤਾਂ ਉਸ ਨੂੰ ਸੌਖਿਆਂ ਹੀ ਤੋੜ ਦਿੱਤਾ ਜਾਂਦਾ ਹੈ।
“ਸਮਝੌਤੇ ਕਰਨ ਨਾਲ ਹਮੇਸ਼ਾ ਸ਼ਾਂਤੀ ਕਾਇਮ ਨਹੀਂ ਹੁੰਦੀ। ਕਿਸੇ ਯੁੱਧ ਨੂੰ ਖ਼ਤਮ ਕਰਨ ਲਈ ਕੀਤੇ ਜਾਂਦੇ ਸਮਝੌਤੇ ਵਿਚ ਸ਼ਾਇਦ ਇੰਨੀਆਂ ਕਮੀਆਂ ਹੋਣ ਕਿ ਇਸ ਨਾਲ ਝਗੜੇ ਹੋਰ ਵਧ ਜਾਂਦੇ ਹਨ।”—ਰੇਮੰਡ ਐੱਫ. ਸਮਿਥ, ਅਮਰੀਕੀ ਡਿਪਲੋਮੇਸੀ।
ਬਾਈਬਲ ਕੀ ਕਹਿੰਦੀ ਹੈ? ਲੋਕਾਂ ਨੂੰ “ਸ਼ਾਂਤੀ ਕਾਇਮ ਕਰਨ” ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਜ਼ਬੂਰ 34:14) ਪਰ ਅੱਜ ਬਹੁਤ ਸਾਰੇ ਲੋਕ ‘ਵਿਸ਼ਵਾਸਘਾਤੀ, ਕਿਸੇ ਵੀ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ ਤੇ ਧੋਖੇਬਾਜ਼’ ਹਨ। (2 ਤਿਮੋਥਿਉਸ 3:1-4) ਇਸੇ ਕਰਕੇ ਚੰਗੇ ਨੇਤਾ ਵੀ ਝਗੜਿਆਂ ਨੂੰ ਨਹੀਂ ਸੁਲਝਾ ਪਾਉਂਦੇ।
ਹਥਿਆਰਾਂ ਨੂੰ ਘੱਟ ਕਰਨਾ ਜਾਂ ਖ਼ਤਮ ਕਰਨਾ
ਮਕਸਦ: ਸਾਰੇ ਹਥਿਆਰ, ਖ਼ਾਸ ਕਰਕੇ ਪਰਮਾਣੂ, ਰਸਾਇਣਕ ਅਤੇ ਜੈਵਿਕ ਹਥਿਆਰਾਂ ਨੂੰ ਘਟਾਉਣਾ ਜਾਂ ਖ਼ਤਮ ਕਰ ਦੇਣਾ।
ਰੁਕਾਵਟ: ਅਕਸਰ ਦੇਸ਼ ਹਥਿਆਰ ਘਟਾਉਣ ਜਾਂ ਖ਼ਤਮ ਕਰਨ ਲਈ ਰਾਜ਼ੀ ਨਹੀਂ ਹੁੰਦੇ ਕਿਉਂਕਿ ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਇੱਦਾਂ ਕਰਨ ਨਾਲ ਉਨ੍ਹਾਂ ਦੀ ਤਾਕਤ ਘੱਟ ਜਾਵੇਗੀ ਤੇ ਦੂਜੇ ਦੇਸ਼ਾਂ ਵੱਲੋਂ ਹਮਲਾ ਹੋਣ ਤੇ ਉਹ ਆਪਣੀ ਰਾਖੀ ਨਹੀਂ ਕਰ ਸਕਣਗੇ। ਭਾਵੇਂ ਦੇਸ਼ ਆਪਣੇ ਸਾਰੇ ਹਥਿਆਰਾਂ ਨੂੰ ਖ਼ਤਮ ਕਰ ਵੀ ਦੇਣ, ਫਿਰ ਵੀ ਉਹ ਉਨ੍ਹਾਂ ਕਾਰਨਾਂ ਨੂੰ ਖ਼ਤਮ ਨਹੀਂ ਕਰ ਸਕਦੇ ਜਿਨ੍ਹਾਂ ਕਰਕੇ ਲੋਕ ਯੁੱਧ ਲੜਦੇ ਹਨ।
“1991 ਵਿਚ ਸੀਤ ਯੁੱਧ ਖ਼ਤਮ ਹੋਣ ਤੇ ਕਈ ਦੇਸ਼ਾਂ ਨੇ ਵਾਅਦਾ ਕੀਤਾ ਸੀ ਕਿ ਉਹ ਆਪਣੇ ਦੇਸ਼ ਵਿੱਚੋਂ ਸਾਰੇ ਹਥਿਆਰ ਖ਼ਤਮ ਕਰ ਦੇਣਗੇ। ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਕਿ ਉਹ ਅਜਿਹੇ ਕਦਮ ਉਠਾਉਣਗੇ ਜਿਨ੍ਹਾਂ ਕਰਕੇ ਖ਼ਤਰੇ ਘਟਣਗੇ ਅਤੇ ਦੇਸ਼ਾਂ ਵਿਚ ਪੈਦਾ ਹੋਇਆ ਤਣਾਅ ਘੱਟ ਜਾਵੇਗਾ। ਇਸ ਤਰ੍ਹਾਂ ਦੁਨੀਆਂ ਹੋਰ ਵੀ ਸੁਰੱਖਿਅਤ ਹੋ ਜਾਵੇਗੀ। ਪਰ ਸਰਕਾਰਾਂ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ।”—“ਸਾਡਾ ਸਾਰਿਆਂ ਦਾ ਭਵਿੱਖ ਸੁਰੱਖਿਅਤ ਕਰਨਾ: ਹਥਿਆਰ ਘੱਟ ਜਾਂ ਖ਼ਤਮ ਕਰਨ ਦੀ ਇਕ ਯੋਜਨਾ।” (ਅੰਗ੍ਰੇਜ਼ੀ)
ਬਾਈਬਲ ਕੀ ਕਹਿੰਦੀ ਹੈ? ਲੋਕਾਂ ਨੂੰ ਹਥਿਆਰ ਚੁੱਕਣੇ ਛੱਡ ਦੇਣੇ ਚਾਹੀਦੇ ਹਨ ਅਤੇ ਆਪਣੀਆਂ “ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ” ਬਣਾਉਣੇ ਚਾਹੀਦੇ ਹਨ। (ਯਸਾਯਾਹ 2:4) ਪਰ ਇਹੀ ਕਰਨਾ ਕਾਫ਼ੀ ਨਹੀਂ ਹੈ ਕਿਉਂਕਿ ਯੁੱਧ ਕਰਨ ਜਾਂ ਲੜਨ ਦਾ ਖ਼ਿਆਲ ਪਹਿਲਾਂ ਦਿਲ ਵਿਚ ਆਉਂਦਾ ਹੈ।—ਮੱਤੀ 15:19.
ਸਾਂਝੀ ਸੁਰੱਖਿਆ
ਮਕਸਦ: ਦੇਸ਼ ਸੰਧੀ ਕਰਦੇ ਹਨ ਕਿ ਜੇ ਕਿਸੇ ਇਕ ਦੇਸ਼ ʼਤੇ ਹਮਲਾ ਹੋ ਜਾਵੇ, ਤਾਂ ਬਾਕੀ ਦੇਸ਼ ਉਸ ਦੇਸ਼ ਦੀ ਮਦਦ ਕਰਨ ਲਈ ਅੱਗੇ ਆਉਣਗੇ। ਅਸਲ ਵਿਚ ਕੋਈ ਇਕ ਦੁਸ਼ਮਣ ਦੇਸ਼ ਕਿਸੇ ਦੂਜੇ ਦੇਸ਼ ʼਤੇ ਹਮਲਾ ਨਹੀਂ ਕਰੇਗਾ ਕਿਉਂਕਿ ਜੇ ਉਹ ਕਰਦਾ ਹੈ, ਤਾਂ ਉਸ ਨੂੰ ਦੂਜੇ ਸਾਰੇ ਦੇਸ਼ਾਂ ਨਾਲ ਲੜਨਾ ਪਵੇਗਾ ਜਿਨ੍ਹਾਂ ਨੇ ਆਪਸ ਵਿਚ ਸੰਧੀ ਕੀਤੀ ਹੋਈ ਹੈ।
ਰੁਕਾਵਟ: ਸਾਂਝੀ ਸੁਰੱਖਿਆ ਸੰਧੀ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਹਮੇਸ਼ਾ ਸ਼ਾਂਤੀ ਰਹੇਗੀ। ਜਿਨ੍ਹਾਂ ਦੇਸ਼ਾਂ ਨੇ ਇਹ ਸੰਧੀ ਕੀਤੀ ਹੈ, ਉਹ ਹਮੇਸ਼ਾ ਆਪਣੇ ਵਾਅਦੇ ਨਹੀਂ ਨਿਭਾਉਂਦੇ ਅਤੇ ਨਾ ਹੀ ਉਹ ਇਸ ਗੱਲ ʼਤੇ ਸਹਿਮਤ ਹੁੰਦੇ ਹਨ ਕਿ ਉਹ ਕਿਵੇਂ ਤੇ ਕਦੋਂ ਦੁਸ਼ਮਣ ਦੇਸ਼ਾਂ ʼਤੇ ਹਮਲਾ ਕਰਨਗੇ।
“ਭਾਵੇਂ ਰਾਸ਼ਟਰ-ਸੰਘ ਅਤੇ ਸੰਯੁਕਤ ਰਾਸ਼ਟਰ-ਸੰਘ ਨੇ ਦੇਸ਼ਾਂ ਵਿਚਕਾਰ ਸੰਧੀਆਂ ਕਰਾਉਣ ਲਈ ਬਹੁਤ ਮਿਹਨਤ ਕੀਤੀ ਹੈ, ਫਿਰ ਵੀ ਇਹ ਸੰਧੀਆਂ ਦੇਸ਼ਾਂ ਵਿਚਕਾਰ ਹੋ ਰਹੇ ਯੁੱਧਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕੀਆਂ।”—“ਐਨਸਾਈਕਲੋਪੀਡੀਆ ਬ੍ਰਿਟੈਨਿਕਾ।”
ਬਾਈਬਲ ਕੀ ਕਹਿੰਦੀ ਹੈ? ਜਦੋਂ ਜ਼ਿਆਦਾ ਲੋਕ ਮਿਲ ਕੇ ਕੰਮ ਕਰਦੇ ਹਨ, ਤਾਂ ਵਧੀਆ ਰਹਿੰਦਾ ਹੈ। (ਉਪਦੇਸ਼ਕ ਦੀ ਕਿਤਾਬ 4:12) ਪਰ ਇਨਸਾਨੀ ਸਰਕਾਰਾਂ ਅਤੇ ਸੰਸਥਾਵਾਂ ਹਮੇਸ਼ਾ ਲਈ ਸ਼ਾਂਤੀ ਤੇ ਸੁਰੱਖਿਆ ਕਾਇਮ ਨਹੀਂ ਕਰ ਸਕਦੀਆਂ। ਇਸ ਲਈ “ਹਾਕਮਾਂ ਉੱਤੇ ਭਰੋਸਾ ਨਾ ਰੱਖੋ ਅਤੇ ਨਾ ਹੀ ਮਨੁੱਖ ਦੇ ਕਿਸੇ ਪੁੱਤਰ ਉੱਤੇ ਜੋ ਮੁਕਤੀ ਨਹੀਂ ਦਿਵਾ ਸਕਦਾ। ਉਸ ਦਾ ਸਾਹ ਨਿਕਲ ਜਾਂਦਾ ਹੈ ਅਤੇ ਉਹ ਮਿੱਟੀ ਵਿਚ ਮੁੜ ਜਾਂਦਾ ਹੈ; ਉਸੇ ਦਿਨ ਉਸ ਦੇ ਵਿਚਾਰ ਖ਼ਤਮ ਹੋ ਜਾਂਦੇ ਹਨ।”—ਜ਼ਬੂਰ 146:3, 4.
ਭਾਵੇਂ ਬਹੁਤ ਸਾਰੇ ਦੇਸ਼ਾਂ ਨੇ ਸ਼ਾਂਤੀ ਕਾਇਮ ਕਰਨ ਦੀਆਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਹਨ, ਫਿਰ ਵੀ ਅੱਜ ਯੁੱਧ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ।