ਯਿਰਮਿਯਾਹ
41 ਸੱਤਵੇਂ ਮਹੀਨੇ ਵਿਚ ਨਥਨਯਾਹ ਦਾ ਪੁੱਤਰ ਅਤੇ ਅਲੀਸ਼ਾਮਾ ਦਾ ਪੋਤਾ ਇਸਮਾਏਲ+ ਜੋ ਸ਼ਾਹੀ ਘਰਾਣੇ ਵਿੱਚੋਂ* ਅਤੇ ਰਾਜੇ ਦੇ ਮੁੱਖ ਅਧਿਕਾਰੀਆਂ ਵਿੱਚੋਂ ਸੀ, ਦਸ ਹੋਰ ਆਦਮੀਆਂ ਨਾਲ ਮਿਸਪਾਹ ਵਿਚ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆਇਆ।+ ਜਦੋਂ ਉਹ ਸਾਰੇ ਜਣੇ ਮਿਸਪਾਹ ਵਿਚ ਰੋਟੀ ਖਾ ਰਹੇ ਸਨ, 2 ਤਾਂ ਨਥਨਯਾਹ ਦੇ ਪੁੱਤਰ ਇਸਮਾਏਲ ਅਤੇ ਉਸ ਦੇ ਨਾਲ ਆਏ ਦਸ ਆਦਮੀਆਂ ਨੇ ਉੱਠ ਕੇ ਸ਼ਾਫਾਨ ਦੇ ਪੋਤੇ, ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਤਲਵਾਰ ਨਾਲ ਮਾਰ ਦਿੱਤਾ। ਇਸਮਾਏਲ ਨੇ ਉਸ ਆਦਮੀ ਨੂੰ ਜਾਨੋਂ ਮਾਰ ਦਿੱਤਾ ਜਿਸ ਨੂੰ ਬਾਬਲ ਦੇ ਰਾਜੇ ਨੇ ਦੇਸ਼ ਉੱਤੇ ਅਧਿਕਾਰੀ ਨਿਯੁਕਤ ਕੀਤਾ ਸੀ। 3 ਇਸਮਾਏਲ ਨੇ ਉਨ੍ਹਾਂ ਸਾਰੇ ਯਹੂਦੀਆਂ ਨੂੰ ਵੀ ਜਾਨੋਂ ਮਾਰ ਦਿੱਤਾ ਜਿਹੜੇ ਮਿਸਪਾਹ ਵਿਚ ਗਦਲਯਾਹ ਕੋਲ ਸਨ। ਨਾਲੇ ਉਸ ਨੇ ਉੱਥੇ ਮੌਜੂਦ ਕਸਦੀ ਫ਼ੌਜੀਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ।
4 ਗਦਲਯਾਹ ਦੇ ਕਤਲ ਤੋਂ ਦੂਜੇ ਦਿਨ ਜਦੋਂ ਅਜੇ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਲੱਗਾ ਸੀ, 5 ਸ਼ਕਮ,+ ਸ਼ੀਲੋਹ+ ਅਤੇ ਸਾਮਰਿਯਾ+ ਤੋਂ 80 ਆਦਮੀ ਆਏ। ਉਨ੍ਹਾਂ ਨੇ ਆਪਣੀ ਦਾੜ੍ਹੀ ਮੁੰਨੀ ਹੋਈ ਸੀ ਅਤੇ ਕੱਪੜੇ ਪਾੜੇ ਹੋਏ ਸਨ ਅਤੇ ਆਪਣੇ ਸਰੀਰ ਨੂੰ ਕੱਟਿਆ-ਵੱਢਿਆ ਹੋਇਆ ਸੀ।+ ਉਨ੍ਹਾਂ ਦੇ ਹੱਥਾਂ ਵਿਚ ਅਨਾਜ ਦਾ ਚੜ੍ਹਾਵਾ ਅਤੇ ਲੋਬਾਨ ਸੀ+ ਜੋ ਉਹ ਯਹੋਵਾਹ ਦੇ ਘਰ ਵਿਚ ਚੜ੍ਹਾਉਣ ਲਈ ਲਿਆਏ ਸਨ। 6 ਇਸ ਲਈ ਨਥਨਯਾਹ ਦਾ ਪੁੱਤਰ ਇਸਮਾਏਲ ਮਿਸਪਾਹ ਤੋਂ ਉਨ੍ਹਾਂ ਨੂੰ ਮਿਲਣ ਲਈ ਤੁਰ ਪਿਆ। ਉਹ ਤੁਰਿਆ ਜਾਂਦਾ ਰੋਂਦਾ ਸੀ। ਜਦੋਂ ਉਹ ਉਨ੍ਹਾਂ ਆਦਮੀਆਂ ਨੂੰ ਮਿਲਿਆ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਆ ਜਾਓ।” 7 ਪਰ ਜਦੋਂ ਉਹ ਸ਼ਹਿਰ ਵਿਚ ਆਏ, ਤਾਂ ਨਥਨਯਾਹ ਦੇ ਪੁੱਤਰ ਇਸਮਾਏਲ ਅਤੇ ਉਸ ਦੇ ਆਦਮੀਆਂ ਨੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਪਾਣੀ ਦੇ ਕੁੰਡ ਵਿਚ ਸੁੱਟ ਦਿੱਤੀਆਂ।
8 ਪਰ ਉਨ੍ਹਾਂ ਵਿੱਚੋਂ ਦਸ ਆਦਮੀਆਂ ਨੇ ਇਸਮਾਏਲ ਨੂੰ ਕਿਹਾ: “ਸਾਨੂੰ ਜਾਨੋਂ ਨਾ ਮਾਰ ਕਿਉਂਕਿ ਅਸੀਂ ਖੇਤਾਂ ਵਿਚ ਕਣਕ, ਜੌਂ, ਤੇਲ ਅਤੇ ਸ਼ਹਿਦ ਦੇ ਭੰਡਾਰ ਲੁਕਾ ਕੇ ਰੱਖੇ ਹਨ।” ਇਸ ਲਈ ਉਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਦੇ ਭਰਾਵਾਂ ਦੇ ਨਾਲ ਉਨ੍ਹਾਂ ਨੂੰ ਜਾਨੋਂ ਨਹੀਂ ਮਾਰਿਆ। 9 ਇਸਮਾਏਲ ਨੇ ਜਿਨ੍ਹਾਂ ਆਦਮੀਆਂ ਨੂੰ ਮਾਰਿਆ ਸੀ, ਉਨ੍ਹਾਂ ਦੀਆਂ ਲਾਸ਼ਾਂ ਪਾਣੀ ਦੇ ਇਕ ਵੱਡੇ ਕੁੰਡ ਵਿਚ ਸੁੱਟ ਦਿੱਤੀਆਂ। ਇਹ ਕੁੰਡ ਰਾਜਾ ਆਸਾ ਨੇ ਉਦੋਂ ਬਣਵਾਇਆ ਸੀ ਜਦੋਂ ਇਜ਼ਰਾਈਲ ਦਾ ਰਾਜਾ ਬਾਸ਼ਾ ਉਸ ਨਾਲ ਯੁੱਧ ਕਰ ਰਿਹਾ ਸੀ।+ ਇਸੇ ਕੁੰਡ ਨੂੰ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਉਨ੍ਹਾਂ ਸਾਰੇ ਆਦਮੀਆਂ ਦੀਆਂ ਲਾਸ਼ਾਂ ਨਾਲ ਭਰ ਦਿੱਤਾ।
10 ਇਸਮਾਏਲ ਨੇ ਮਿਸਪਾਹ+ ਵਿਚ ਬਾਕੀ ਬਚੇ ਸਾਰੇ ਲੋਕਾਂ ਨੂੰ ਜਿਨ੍ਹਾਂ ਵਿਚ ਰਾਜੇ ਦੀਆਂ ਧੀਆਂ ਵੀ ਸਨ, ਅਤੇ ਮਿਸਪਾਹ ਦੇ ਹੋਰ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ। ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਇਨ੍ਹਾਂ ਸਾਰਿਆਂ ਨੂੰ ਅਹੀਕਾਮ ਦੇ ਪੁੱਤਰ ਗਦਲਯਾਹ ਦੇ ਹਵਾਲੇ ਕਰ ਕੇ ਗਿਆ ਸੀ।+ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਅਤੇ ਉਸ ਪਾਰ ਅੰਮੋਨੀਆਂ ਕੋਲ ਜਾਣ ਲਈ ਤੁਰ ਪਿਆ।+
11 ਜਦੋਂ ਕਾਰੇਆਹ ਦੇ ਪੁੱਤਰ ਯੋਹਾਨਾਨ+ ਅਤੇ ਉਸ ਦੇ ਨਾਲ ਫ਼ੌਜ ਦੇ ਹੋਰ ਸਾਰੇ ਮੁਖੀਆਂ ਨੇ ਨਥਨਯਾਹ ਦੇ ਪੁੱਤਰ ਇਸਮਾਏਲ ਦੇ ਇਸ ਦੁਸ਼ਟ ਕੰਮ ਬਾਰੇ ਸੁਣਿਆ, 12 ਤਾਂ ਉਨ੍ਹਾਂ ਨੇ ਸਾਰੇ ਆਦਮੀਆਂ ਨੂੰ ਆਪਣੇ ਨਾਲ ਲਿਆ ਅਤੇ ਉਹ ਨਥਨਯਾਹ ਦੇ ਪੁੱਤਰ ਇਸਮਾਏਲ ਨਾਲ ਲੜਨ ਲਈ ਤੁਰ ਪਏ। ਉਨ੍ਹਾਂ ਨੇ ਉਸ ਨੂੰ ਗਿਬਓਨ ਵਿਚ ਉਸ ਜਗ੍ਹਾ ਘੇਰ ਲਿਆ ਜਿੱਥੇ ਬਹੁਤ ਸਾਰਾ ਪਾਣੀ ਸੀ।*
13 ਜਦੋਂ ਇਸਮਾਏਲ ਦੇ ਨਾਲ ਗਏ ਲੋਕਾਂ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਫ਼ੌਜ ਦੇ ਸਾਰੇ ਮੁਖੀਆਂ ਨੂੰ ਦੇਖਿਆ, ਤਾਂ ਉਹ ਬਹੁਤ ਖ਼ੁਸ਼ ਹੋਏ। 14 ਫਿਰ ਸਾਰੇ ਲੋਕ ਜਿਨ੍ਹਾਂ ਨੂੰ ਇਸਮਾਏਲ ਨੇ ਮਿਸਪਾਹ ਵਿਚ ਬੰਦੀ ਬਣਾ ਲਿਆ ਸੀ,+ ਮੁੜੇ ਅਤੇ ਕਾਰੇਆਹ ਦੇ ਪੁੱਤਰ ਯੋਹਾਨਾਨ ਕੋਲ ਵਾਪਸ ਚਲੇ ਗਏ। 15 ਪਰ ਨਥਨਯਾਹ ਦਾ ਪੁੱਤਰ ਇਸਮਾਏਲ ਅਤੇ ਉਸ ਦੇ ਅੱਠ ਆਦਮੀ ਯੋਹਾਨਾਨ ਦੇ ਹੱਥੋਂ ਬਚ ਕੇ ਭੱਜ ਗਏ ਅਤੇ ਅੰਮੋਨੀਆਂ ਕੋਲ ਚਲੇ ਗਏ।
16 ਜਿਨ੍ਹਾਂ ਲੋਕਾਂ ਨੂੰ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਮਿਸਪਾਹ ਵਿਚ ਅਹੀਕਾਮ ਦੇ ਪੁੱਤਰ ਗਦਲਯਾਹ ਦਾ ਕਤਲ ਕਰਨ ਤੋਂ ਬਾਅਦ+ ਬੰਦੀ ਬਣਾ ਲਿਆ ਸੀ, ਉਨ੍ਹਾਂ ਸਾਰਿਆਂ ਨੂੰ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਫ਼ੌਜ ਦੇ ਮੁਖੀਆਂ ਨੇ ਛੁਡਾ ਲਿਆ। ਉਹ ਉਨ੍ਹਾਂ ਆਦਮੀਆਂ, ਫ਼ੌਜੀਆਂ, ਔਰਤਾਂ, ਬੱਚਿਆਂ ਅਤੇ ਦਰਬਾਰੀਆਂ ਨੂੰ ਗਿਬਓਨ ਤੋਂ ਵਾਪਸ ਲੈ ਆਏ। 17 ਇਸ ਲਈ ਉਹ ਚਲੇ ਗਏ ਅਤੇ ਬੈਤਲਹਮ+ ਨੇੜੇ ਕਿਮਹਾਮ ਦੇ ਮੁਸਾਫ਼ਰਖ਼ਾਨੇ ਵਿਚ ਰਹੇ। ਉਨ੍ਹਾਂ ਨੇ ਮਿਸਰ ਜਾਣ ਦਾ ਮਨ ਬਣਾਇਆ ਹੋਇਆ ਸੀ+ 18 ਕਿਉਂਕਿ ਉਹ ਕਸਦੀਆਂ ਤੋਂ ਡਰੇ ਹੋਏ ਸਨ। ਉਹ ਇਸ ਲਈ ਡਰ ਗਏ ਸਨ ਕਿਉਂਕਿ ਨਥਨਯਾਹ ਦੇ ਪੁੱਤਰ ਇਸਮਾਏਲ ਨੇ ਅਹੀਕਾਮ ਦੇ ਪੁੱਤਰ ਗਦਲਯਾਹ ਦਾ ਕਤਲ ਕਰ ਦਿੱਤਾ ਸੀ ਜਿਸ ਨੂੰ ਬਾਬਲ ਦੇ ਰਾਜੇ ਨੇ ਦੇਸ਼ ਉੱਤੇ ਅਧਿਕਾਰੀ ਨਿਯੁਕਤ ਕੀਤਾ ਸੀ।+