ਗਿਣਤੀ
14 ਫਿਰ ਸਾਰੀ ਮੰਡਲੀ ਨੇ ਚੀਕ-ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਲੋਕ ਸਾਰੀ ਰਾਤ ਰੋਂਦੇ ਰਹੇ।+ 2 ਸਾਰੇ ਇਜ਼ਰਾਈਲੀ ਮੂਸਾ ਅਤੇ ਹਾਰੂਨ ਦੇ ਖ਼ਿਲਾਫ਼ ਬੁੜਬੁੜਾਉਣ ਲੱਗੇ+ ਅਤੇ ਸਾਰੀ ਮੰਡਲੀ ਉਨ੍ਹਾਂ ਦੇ ਖ਼ਿਲਾਫ਼ ਕਹਿਣ ਲੱਗੀ: “ਚੰਗਾ ਹੁੰਦਾ ਜੇ ਅਸੀਂ ਮਿਸਰ ਵਿਚ ਹੀ ਮਰ ਜਾਂਦੇ ਜਾਂ ਫਿਰ ਇਸ ਉਜਾੜ ਵਿਚ ਮਰ ਜਾਂਦੇ! 3 ਯਹੋਵਾਹ ਸਾਨੂੰ ਉਸ ਦੇਸ਼ ਵਿਚ ਤਲਵਾਰ ਨਾਲ ਮਰਨ ਲਈ ਕਿਉਂ ਲਿਜਾ ਰਿਹਾ ਹੈ?+ ਸਾਡੀਆਂ ਪਤਨੀਆਂ ਅਤੇ ਬੱਚਿਆਂ ਨੂੰ ਖੋਹ ਲਿਆ ਜਾਵੇਗਾ।+ ਕੀ ਸਾਡੇ ਲਈ ਮਿਸਰ ਮੁੜ ਜਾਣਾ ਚੰਗਾ ਨਹੀਂ ਹੋਵੇਗਾ?”+ 4 ਉਹ ਇਕ-ਦੂਜੇ ਨੂੰ ਇਹ ਵੀ ਕਹਿੰਦੇ ਰਹੇ: “ਆਓ ਆਪਾਂ ਇਕ ਆਗੂ ਨਿਯੁਕਤ ਕਰੀਏ ਤੇ ਮਿਸਰ ਵਾਪਸ ਮੁੜ ਜਾਈਏ!”+
5 ਇਹ ਸੁਣ ਕੇ ਮੂਸਾ ਤੇ ਹਾਰੂਨ ਨੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਦੀ ਮੌਜੂਦਗੀ ਵਿਚ ਜ਼ਮੀਨ ʼਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ। 6 ਨੂਨ ਦੇ ਪੁੱਤਰ ਯਹੋਸ਼ੁਆ+ ਅਤੇ ਯਫੁੰਨਾਹ ਦੇ ਪੁੱਤਰ ਕਾਲੇਬ+ ਨੇ ਦੁੱਖ ਦੇ ਮਾਰੇ ਆਪਣੇ ਕੱਪੜੇ ਪਾੜੇ ਜਿਹੜੇ ਹੋਰ ਆਦਮੀਆਂ ਨਾਲ ਕਨਾਨ ਦੇਸ਼ ਦੀ ਜਾਸੂਸੀ ਕਰਨ ਗਏ ਸਨ। 7 ਉਨ੍ਹਾਂ ਨੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੂੰ ਕਿਹਾ: “ਅਸੀਂ ਜਿਸ ਦੇਸ਼ ਦੀ ਜਾਸੂਸੀ ਕਰ ਕੇ ਆਏ ਹਾਂ, ਉਹ ਬਹੁਤ ਹੀ ਵਧੀਆ ਦੇਸ਼ ਹੈ।+ 8 ਜੇ ਯਹੋਵਾਹ ਸਾਡੇ ਤੋਂ ਖ਼ੁਸ਼ ਹੈ, ਤਾਂ ਉਹ ਸਾਨੂੰ ਜ਼ਰੂਰ ਉਸ ਦੇਸ਼ ਵਿਚ ਲੈ ਜਾਵੇਗਾ ਅਤੇ ਉਹ ਦੇਸ਼ ਸਾਨੂੰ ਦੇਵੇਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।+ 9 ਪਰ ਤੁਸੀਂ ਯਹੋਵਾਹ ਦੇ ਖ਼ਿਲਾਫ਼ ਨਾ ਜਾਓ ਅਤੇ ਨਾ ਹੀ ਉਸ ਦੇਸ਼ ਦੇ ਲੋਕਾਂ ਤੋਂ ਖ਼ੌਫ਼ ਖਾਓ।+ ਅਸੀਂ ਉਨ੍ਹਾਂ ਨੂੰ ਹਰਾ ਦਿਆਂਗੇ।* ਉਨ੍ਹਾਂ ਦੀ ਰਾਖੀ ਕਰਨ ਵਾਲਾ ਕੋਈ ਨਹੀਂ ਹੈ, ਪਰ ਸਾਡੇ ਨਾਲ ਯਹੋਵਾਹ ਹੈ।+ ਸਾਨੂੰ ਉਨ੍ਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ।”
10 ਪਰ ਸਾਰੀ ਮੰਡਲੀ ਕਹਿਣ ਲੱਗੀ ਕਿ ਇਨ੍ਹਾਂ ਨੂੰ ਪੱਥਰਾਂ ਨਾਲ ਮਾਰ ਦਿੱਤਾ ਜਾਵੇ।+ ਉਸ ਵੇਲੇ ਸਾਰੇ ਇਜ਼ਰਾਈਲੀਆਂ ਸਾਮ੍ਹਣੇ ਯਹੋਵਾਹ ਦੀ ਮਹਿਮਾ ਮੰਡਲੀ ਦੇ ਤੰਬੂ ਉੱਤੇ ਪ੍ਰਗਟ ਹੋਈ।+
11 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇਹ ਲੋਕ ਕਦ ਤਕ ਮੇਰਾ ਅਪਮਾਨ ਕਰਦੇ ਰਹਿਣਗੇ+ ਅਤੇ ਕਦ ਤਕ ਇਹ ਮੇਰੇ ʼਤੇ ਨਿਹਚਾ ਨਹੀਂ ਕਰਨਗੇ ਭਾਵੇਂ ਮੈਂ ਇਨ੍ਹਾਂ ਵਿਚ ਕਈ ਕਰਾਮਾਤਾਂ ਕੀਤੀਆਂ ਹਨ?+ 12 ਮੈਂ ਇਨ੍ਹਾਂ ʼਤੇ ਮਹਾਂਮਾਰੀ ਲਿਆ ਕੇ ਇਨ੍ਹਾਂ ਨੂੰ ਮਾਰ ਦਿਆਂਗਾ। ਮੈਂ ਤੇਰੇ ਤੋਂ ਇਕ ਕੌਮ ਬਣਾਵਾਂਗਾ ਜੋ ਇਨ੍ਹਾਂ ਨਾਲੋਂ ਵੱਡੀ ਤੇ ਤਾਕਤਵਰ ਹੋਵੇਗੀ।”+
13 ਪਰ ਮੂਸਾ ਨੇ ਯਹੋਵਾਹ ਨੂੰ ਕਿਹਾ: “ਜੇ ਤੂੰ ਇਸ ਤਰ੍ਹਾਂ ਕੀਤਾ, ਤਾਂ ਇਹ ਖ਼ਬਰ ਮਿਸਰੀਆਂ ਨੂੰ ਪਤਾ ਲੱਗ ਜਾਵੇਗੀ ਜਿਨ੍ਹਾਂ ਦੇ ਵਿੱਚੋਂ ਤੂੰ ਇਨ੍ਹਾਂ ਲੋਕਾਂ ਨੂੰ ਆਪਣੀ ਤਾਕਤ ਨਾਲ ਕੱਢ ਲਿਆਇਆ ਸੀ।+ 14 ਫਿਰ ਉਹ ਇਸ ਦੇਸ਼ ਦੇ ਵਾਸੀਆਂ ਨੂੰ ਇਸ ਬਾਰੇ ਦੱਸਣਗੇ। ਉਨ੍ਹਾਂ ਨੇ ਵੀ ਸੁਣਿਆ ਹੈ ਕਿ ਤੂੰ ਯਹੋਵਾਹ, ਆਪਣੇ ਲੋਕਾਂ ਵਿਚਕਾਰ ਰਹਿੰਦਾ ਹੈਂ+ ਅਤੇ ਉਨ੍ਹਾਂ ਦੇ ਸਾਮ੍ਹਣੇ ਪ੍ਰਗਟ ਹੁੰਦਾ ਹੈਂ।+ ਤੂੰ ਯਹੋਵਾਹ ਹੈਂ ਅਤੇ ਤੇਰਾ ਬੱਦਲ ਉਨ੍ਹਾਂ ਉੱਤੇ ਰਹਿੰਦਾ ਹੈ। ਤੂੰ ਦਿਨੇ ਬੱਦਲ ਦੇ ਥੰਮ੍ਹ ਵਿਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿਚ ਉਨ੍ਹਾਂ ਦੇ ਅੱਗੇ-ਅੱਗੇ ਜਾਂਦਾ ਹੈਂ।+ 15 ਜੇ ਤੂੰ ਇਨ੍ਹਾਂ ਲੋਕਾਂ ਨੂੰ ਇੱਕੋ ਵਾਰ ਵਿਚ ਮਾਰ ਮੁਕਾਇਆ, ਤਾਂ ਜਿਨ੍ਹਾਂ ਕੌਮਾਂ ਨੇ ਤੇਰੀ ਮਹਿਮਾ ਸੁਣੀ ਹੈ, ਉਹ ਕਹਿਣਗੀਆਂ: 16 ‘ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਇਹ ਦੇਸ਼ ਦੇਣ ਦੀ ਸਹੁੰ ਖਾਧੀ ਸੀ, ਪਰ ਉਹ ਇਨ੍ਹਾਂ ਨੂੰ ਇੱਥੇ ਨਹੀਂ ਲਿਆ ਸਕਿਆ, ਇਸ ਲਈ ਉਨ੍ਹਾਂ ਨੂੰ ਉਜਾੜ ਵਿਚ ਹੀ ਮਾਰ ਮੁਕਾਇਆ।’+ 17 ਹੁਣ ਹੇ ਯਹੋਵਾਹ, ਕਿਰਪਾ ਕਰ ਕੇ ਆਪਣੀ ਵੱਡੀ ਤਾਕਤ ਦਿਖਾ ਜਿਵੇਂ ਤੂੰ ਵਾਅਦਾ ਕਰਦੇ ਹੋਏ ਕਿਹਾ ਸੀ: 18 ‘ਯਹੋਵਾਹ ਪਰਮੇਸ਼ੁਰ ਛੇਤੀ ਗੁੱਸਾ ਨਹੀਂ ਕਰਦਾ ਅਤੇ ਉਹ ਅਟੱਲ ਪਿਆਰ ਨਾਲ ਭਰਪੂਰ ਹੈ,+ ਗ਼ਲਤੀਆਂ ਤੇ ਅਪਰਾਧ ਮਾਫ਼ ਕਰਦਾ ਹੈ, ਪਰ ਉਹ ਦੋਸ਼ੀ ਨੂੰ ਸਜ਼ਾ ਦਿੱਤੇ ਬਿਨਾਂ ਨਹੀਂ ਛੱਡੇਗਾ ਅਤੇ ਪਿਤਾ ਦੀਆਂ ਗ਼ਲਤੀਆਂ ਦੀ ਸਜ਼ਾ ਉਸ ਦੇ ਪੁੱਤਰਾਂ ਨੂੰ ਅਤੇ ਉਸ ਦੀ ਤੀਜੀ ਅਤੇ ਚੌਥੀ ਪੀੜ੍ਹੀ ਨੂੰ ਦੇਵੇਗਾ।’+ 19 ਕਿਰਪਾ ਕਰ ਕੇ ਆਪਣੇ ਬੇਹੱਦ ਅਟੱਲ ਪਿਆਰ ਕਰਕੇ ਇਨ੍ਹਾਂ ਲੋਕਾਂ ਦੀ ਗ਼ਲਤੀ ਮਾਫ਼ ਕਰ ਦੇ, ਜਿਵੇਂ ਤੂੰ ਮਿਸਰ ਤੋਂ ਲੈ ਕੇ ਹੁਣ ਤਕ ਇਨ੍ਹਾਂ ਦੀਆਂ ਗ਼ਲਤੀਆਂ ਮਾਫ਼ ਕਰਦਾ ਆਇਆ ਹੈਂ।”+
20 ਫਿਰ ਯਹੋਵਾਹ ਨੇ ਕਿਹਾ: “ਮੈਂ ਤੇਰੇ ਕਹਿਣ ਕਰਕੇ ਇਨ੍ਹਾਂ ਨੂੰ ਮਾਫ਼ ਕਰਦਾ ਹਾਂ।+ 21 ਪਰ ਮੈਨੂੰ ਆਪਣੀ ਜਾਨ ਦੀ ਸਹੁੰ, ਸਾਰੀ ਧਰਤੀ ਯਹੋਵਾਹ ਦੀ ਮਹਿਮਾ ਨਾਲ ਭਰ ਜਾਵੇਗੀ।+ 22 ਮਿਸਰ ਅਤੇ ਉਜਾੜ ਵਿਚ ਮੇਰੀ ਮਹਿਮਾ ਅਤੇ ਮੇਰੀਆਂ ਕਰਾਮਾਤਾਂ+ ਦੇਖਣ ਦੇ ਬਾਵਜੂਦ ਵੀ ਜਿਨ੍ਹਾਂ ਨੇ ਮੈਨੂੰ ਦਸ ਵਾਰ ਪਰਖਿਆ+ ਤੇ ਮੇਰੀ ਗੱਲ ਨਹੀਂ ਸੁਣੀ,+ 23 ਉਨ੍ਹਾਂ ਵਿੱਚੋਂ ਇਕ ਵੀ ਜਣਾ ਉਸ ਦੇਸ਼ ਨੂੰ ਕਦੀ ਨਹੀਂ ਦੇਖੇਗਾ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ। ਹਾਂ, ਜਿਨ੍ਹਾਂ ਨੇ ਮੇਰਾ ਅਪਮਾਨ ਕੀਤਾ, ਉਹ ਇਹ ਦੇਸ਼ ਨਹੀਂ ਦੇਖਣਗੇ।+ 24 ਪਰ ਮੇਰੇ ਸੇਵਕ ਕਾਲੇਬ+ ਦੇ ਮਨ ਦਾ ਸੁਭਾਅ ਬਿਲਕੁਲ ਵੱਖਰਾ ਹੈ ਅਤੇ ਉਹ ਪੂਰੇ ਦਿਲ ਨਾਲ ਮੇਰੇ ਦੱਸੇ ਰਾਹ ʼਤੇ ਚੱਲਦਾ ਹੈ, ਮੈਂ ਜ਼ਰੂਰ ਉਸ ਨੂੰ ਉਸ ਦੇਸ਼ ਵਿਚ ਲੈ ਜਾਵਾਂਗਾ ਜਿੱਥੇ ਉਹ ਪਹਿਲਾਂ ਗਿਆ ਸੀ ਅਤੇ ਉਸ ਦੀ ਸੰਤਾਨ ਉਸ ਦੇਸ਼ ʼਤੇ ਕਬਜ਼ਾ ਕਰੇਗੀ।+ 25 ਅਮਾਲੇਕੀ ਤੇ ਕਨਾਨੀ+ ਘਾਟੀ ਵਿਚ ਵੱਸਦੇ ਹਨ, ਇਸ ਲਈ ਤੁਸੀਂ ਕੱਲ੍ਹ ਨੂੰ ਵਾਪਸ ਮੁੜ ਜਾਓ ਅਤੇ ਲਾਲ ਸਮੁੰਦਰ ਦੇ ਰਸਤੇ ਥਾਣੀਂ ਉਜਾੜ ਵਿਚ ਚਲੇ ਜਾਓ।”+
26 ਫਿਰ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ: 27 “ਇਹ ਦੁਸ਼ਟ ਮੰਡਲੀ ਕਦੋਂ ਤਕ ਮੇਰੇ ਖ਼ਿਲਾਫ਼ ਬੁੜ-ਬੁੜ ਕਰਦੀ ਰਹੇਗੀ?+ ਮੈਂ ਇਜ਼ਰਾਈਲੀਆਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਜਿਹੜੀਆਂ ਇਨ੍ਹਾਂ ਨੇ ਮੇਰੇ ਖ਼ਿਲਾਫ਼ ਬੁੜ-ਬੁੜ ਕਰਦੇ ਹੋਏ ਕਹੀਆਂ ਹਨ।+ 28 ਇਨ੍ਹਾਂ ਨੂੰ ਕਹਿ, ‘ਯਹੋਵਾਹ ਕਹਿੰਦਾ ਹੈ, “ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਤੁਹਾਡੇ ਨਾਲ ਉਹੀ ਕਰਾਂਗਾ ਜੋ ਮੈਂ ਤੁਹਾਡੇ ਮੂੰਹੋਂ ਸੁਣਿਆ ਹੈ!+ 29 ਮੇਰੇ ਖ਼ਿਲਾਫ਼ ਬੁੜਬੁੜਾਉਣ ਕਰਕੇ ਇਸ ਉਜਾੜ ਵਿਚ ਤੁਹਾਡੀਆਂ ਲਾਸ਼ਾਂ, ਹਾਂ, ਮੰਡਲੀ ਦੇ ਉਨ੍ਹਾਂ ਸਾਰੇ ਲੋਕਾਂ ਦੀਆਂ ਲਾਸ਼ਾਂ ਡਿਗਣਗੀਆਂ+ ਜਿਨ੍ਹਾਂ ਦੀ ਉਮਰ 20 ਸਾਲ ਅਤੇ ਇਸ ਤੋਂ ਉੱਪਰ ਹੈ ਅਤੇ ਜਿਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਹਨ।+ 30 ਯਫੁੰਨਾਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਤੋਂ ਇਲਾਵਾ+ ਕੋਈ ਵੀ ਉਸ ਦੇਸ਼ ਵਿਚ ਕਦਮ ਨਹੀਂ ਰੱਖ ਸਕੇਗਾ ਜੋ ਦੇਸ਼ ਮੈਂ ਤੁਹਾਨੂੰ ਦੇਣ ਦੀ ਸਹੁੰ* ਖਾਧੀ ਸੀ।+
31 “‘“ਅਤੇ ਤੁਹਾਡੇ ਬੱਚੇ ਉਹ ਦੇਸ਼ ਦੇਖਣਗੇ ਜਿਨ੍ਹਾਂ ਬਾਰੇ ਤੁਸੀਂ ਕਹਿੰਦੇ ਸੀ ਕਿ ਉਨ੍ਹਾਂ ਨੂੰ ਤੁਹਾਡੇ ਤੋਂ ਖੋਹ ਲਿਆ ਜਾਵੇਗਾ।+ ਜਿਸ ਦੇਸ਼ ਨੂੰ ਤੁਸੀਂ ਠੁਕਰਾ ਦਿੱਤਾ ਸੀ,+ ਉਹ ਦੇਸ਼ ਤੁਹਾਡੇ ਬੱਚੇ ਦੇਖਣਗੇ। 32 ਪਰ ਤੁਹਾਡੀਆਂ ਆਪਣੀਆਂ ਹੀ ਲਾਸ਼ਾਂ ਉਜਾੜ ਵਿਚ ਡਿਗਣਗੀਆਂ। 33 ਤੁਹਾਡੇ ਪੁੱਤਰ 40 ਸਾਲ ਉਜਾੜ ਵਿਚ ਭੇਡਾਂ-ਬੱਕਰੀਆਂ ਚਾਰਨਗੇ।+ ਅਤੇ ਤੁਹਾਡੇ ਵਿਸ਼ਵਾਸਘਾਤ* ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਵੇਗਾ, ਜਦ ਤਕ ਤੁਸੀਂ ਸਾਰੇ ਉਜਾੜ ਵਿਚ ਮਰ ਨਹੀਂ ਜਾਂਦੇ।+ 34 ਤੁਸੀਂ 40 ਦਿਨ+ ਉਸ ਦੇਸ਼ ਦੀ ਜਾਸੂਸੀ ਕੀਤੀ, ਇਸ ਲਈ ਇਨ੍ਹਾਂ 40 ਦਿਨਾਂ ਦੇ ਹਿਸਾਬ ਨਾਲ ਤੁਹਾਨੂੰ 40 ਸਾਲ+ ਆਪਣੀਆਂ ਗ਼ਲਤੀਆਂ ਦਾ ਲੇਖਾ ਦੇਣਾ ਪਵੇਗਾ, ਯਾਨੀ ਇਕ ਦਿਨ ਬਦਲੇ ਇਕ ਸਾਲ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੇਰਾ ਵਿਰੋਧ ਕਰਨ* ਦਾ ਕੀ ਅੰਜਾਮ ਹੁੰਦਾ ਹੈ।
35 “‘“ਮੈਂ ਯਹੋਵਾਹ ਹਾਂ ਅਤੇ ਮੈਂ ਆਪ ਇਹ ਗੱਲ ਕਹੀ ਹੈ। ਮੇਰੇ ਖ਼ਿਲਾਫ਼ ਇਕੱਠੀ ਹੋਈ ਇਸ ਦੁਸ਼ਟ ਮੰਡਲੀ ਦਾ ਮੈਂ ਇਹ ਹਾਲ ਕਰਾਂਗਾ: ਇਹ ਉਜਾੜ ਵਿਚ ਮਰ ਜਾਣਗੇ ਅਤੇ ਇਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ।+ 36 ਜਿਨ੍ਹਾਂ ਆਦਮੀਆਂ ਨੂੰ ਮੂਸਾ ਨੇ ਉਸ ਦੇਸ਼ ਦੀ ਜਾਸੂਸੀ ਕਰਨ ਲਈ ਘੱਲਿਆ ਸੀ ਅਤੇ ਜਿਨ੍ਹਾਂ ਤੋਂ ਬੁਰੀ ਖ਼ਬਰ+ ਸੁਣ ਕੇ ਪੂਰੀ ਮੰਡਲੀ ਉਸ ਦੇ ਖ਼ਿਲਾਫ਼ ਬੁੜਬੁੜਾਉਣ ਲੱਗ ਪਈ, 37 ਹਾਂ, ਜਿਨ੍ਹਾਂ ਆਦਮੀਆਂ ਨੇ ਉਸ ਦੇਸ਼ ਬਾਰੇ ਬੁਰੀ ਖ਼ਬਰ ਦਿੱਤੀ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਉਹ ਯਹੋਵਾਹ ਸਾਮ੍ਹਣੇ ਮਾਰੇ ਜਾਣਗੇ।+ 38 ਪਰ ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫੁੰਨਾਹ ਦਾ ਪੁੱਤਰ ਕਾਲੇਬ ਹੀ ਉਨ੍ਹਾਂ ਵਿੱਚੋਂ ਜੀਉਂਦੇ ਬਚਣਗੇ ਜਿਹੜੇ ਉਸ ਦੇਸ਼ ਦੀ ਜਾਸੂਸੀ ਕਰਨ ਗਏ ਸਨ।”’”+
39 ਜਦੋਂ ਮੂਸਾ ਨੇ ਇਜ਼ਰਾਈਲੀਆਂ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ, ਤਾਂ ਲੋਕ ਉੱਚੀ-ਉੱਚੀ ਰੋਣ-ਕੁਰਲਾਉਣ ਲੱਗ ਪਏ। 40 ਇਸ ਲਈ ਉਹ ਸਵੇਰੇ ਛੇਤੀ ਉੱਠੇ ਅਤੇ ਪਹਾੜ ਦੀ ਚੋਟੀ ʼਤੇ ਚੜ੍ਹਨ ਲੱਗ ਪਏ ਅਤੇ ਕਹਿਣ ਲੱਗੇ: “ਅਸੀਂ ਵਾਕਈ ਪਾਪ ਕੀਤਾ ਹੈ। ਪਰ ਹੁਣ ਅਸੀਂ ਉਸ ਦੇਸ਼ ਵਿਚ ਜਾਣ ਲਈ ਤਿਆਰ ਹਾਂ ਜਿਸ ਬਾਰੇ ਯਹੋਵਾਹ ਨੇ ਸਾਨੂੰ ਦੱਸਿਆ ਸੀ।”+ 41 ਪਰ ਮੂਸਾ ਨੇ ਕਿਹਾ: “ਤੁਸੀਂ ਯਹੋਵਾਹ ਦੇ ਹੁਕਮ ਦੇ ਖ਼ਿਲਾਫ਼ ਕਿਉਂ ਜਾਣਾ ਚਾਹੁੰਦੇ ਹੋ? ਤੁਹਾਡੇ ਹੱਥ ਨਿਰਾਸ਼ਾ ਹੀ ਲੱਗੇਗੀ। 42 ਤੁਸੀਂ ਉੱਥੇ ਨਾ ਜਾਓ ਕਿਉਂਕਿ ਯਹੋਵਾਹ ਤੁਹਾਡੇ ਨਾਲ ਨਹੀਂ ਹੈ। ਤੁਸੀਂ ਆਪਣੇ ਦੁਸ਼ਮਣਾਂ ਦੇ ਹੱਥੋਂ ਹਾਰ ਜਾਓਗੇ।+ 43 ਉੱਥੇ ਤੁਹਾਨੂੰ ਅਮਾਲੇਕੀਆਂ ਅਤੇ ਕਨਾਨੀਆਂ ਦਾ ਸਾਮ੍ਹਣਾ ਕਰਨਾ ਪਵੇਗਾ+ ਅਤੇ ਤੁਹਾਨੂੰ ਤਲਵਾਰ ਨਾਲ ਮਾਰ ਦਿੱਤਾ ਜਾਵੇਗਾ। ਹੁਣ ਯਹੋਵਾਹ ਤੁਹਾਡਾ ਸਾਥ ਨਹੀਂ ਦੇਵੇਗਾ ਕਿਉਂਕਿ ਤੁਸੀਂ ਯਹੋਵਾਹ ਪਿੱਛੇ ਚੱਲਣਾ ਛੱਡ ਦਿੱਤਾ।”+
44 ਪਰ ਉਨ੍ਹਾਂ ਨੇ ਗੁਸਤਾਖ਼ੀ ਕੀਤੀ ਅਤੇ ਉਹ ਪਹਾੜ ʼਤੇ ਚੜ੍ਹ ਗਏ।+ ਪਰ ਯਹੋਵਾਹ ਦੇ ਇਕਰਾਰ ਦਾ ਸੰਦੂਕ ਅਤੇ ਮੂਸਾ ਛਾਉਣੀ ਦੇ ਵਿਚ ਹੀ ਰਹੇ।+ 45 ਅਮਾਲੇਕੀ ਅਤੇ ਕਨਾਨੀ ਜਿਹੜੇ ਪਹਾੜ ਉੱਤੇ ਰਹਿੰਦੇ ਸਨ, ਥੱਲੇ ਆਏ ਅਤੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਹਾਰਮਾਹ ਤਕ ਖਿੰਡਾ ਦਿੱਤਾ।+