ਯਿਰਮਿਯਾਹ
12 ਹੇ ਯਹੋਵਾਹ, ਜਦ ਮੈਂ ਤੈਨੂੰ ਸ਼ਿਕਾਇਤ ਕਰਦਾ ਹਾਂ
ਅਤੇ ਜਦ ਮੈਂ ਤੇਰੇ ਨਾਲ ਨਿਆਂ ਦੇ ਮਾਮਲਿਆਂ ਬਾਰੇ ਗੱਲ ਕਰਦਾ ਹਾਂ,
ਤਾਂ ਤੂੰ ਹਮੇਸ਼ਾ ਸਹੀ ਹੁੰਦਾ ਹੈਂ।+
ਪਰ ਦੁਸ਼ਟ ਆਪਣੇ ਕੰਮਾਂ ਵਿਚ ਸਫ਼ਲ ਕਿਉਂ ਹੁੰਦੇ ਹਨ?+
ਅਤੇ ਧੋਖੇਬਾਜ਼ ਬੇਫ਼ਿਕਰ ਜ਼ਿੰਦਗੀ ਕਿਉਂ ਜੀਉਂਦੇ ਹਨ?
2 ਤੂੰ ਉਨ੍ਹਾਂ ਨੂੰ ਲਾਇਆ ਅਤੇ ਉਨ੍ਹਾਂ ਨੇ ਜੜ੍ਹ ਫੜ ਲਈ।
ਉਹ ਵਧੇ-ਫੁੱਲੇ ਹਨ ਅਤੇ ਫਲ ਦਿੰਦੇ ਹਨ।
3 ਹੇ ਯਹੋਵਾਹ, ਤੂੰ ਮੈਨੂੰ ਚੰਗੀ ਤਰ੍ਹਾਂ ਜਾਣਦਾ ਹੈਂ+ ਅਤੇ ਤੂੰ ਮੈਨੂੰ ਦੇਖਦਾ ਹੈਂ;
ਤੂੰ ਮੇਰੇ ਦਿਲ ਨੂੰ ਜਾਂਚਿਆ ਹੈ ਅਤੇ ਦੇਖਿਆ ਹੈ ਕਿ ਇਹ ਤੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ।+
ਤੂੰ ਉਨ੍ਹਾਂ ਨੂੰ ਵੱਢੇ ਜਾਣ ਦੇ ਦਿਨ ਲਈ ਵੱਖਰਾ ਰੱਖ,
ਜਿਵੇਂ ਭੇਡਾਂ ਨੂੰ ਹਲਾਲ ਕਰਨ ਲਈ ਵੱਖ ਕੀਤਾ ਜਾਂਦਾ ਹੈ।
4 ਕਦੋਂ ਤਕ ਜ਼ਮੀਨ ਸੁੱਕੀ ਰਹੇਗੀ?
ਕਦੋਂ ਤਕ ਮੈਦਾਨ ਦੇ ਪੇੜ-ਪੌਦੇ ਮੁਰਝਾਉਂਦੇ ਰਹਿਣਗੇ?+
ਇਸ ਦੇਸ਼ ਦੇ ਵਾਸੀਆਂ ਦੇ ਬੁਰੇ ਕੰਮਾਂ ਕਰਕੇ
ਜਾਨਵਰਾਂ ਅਤੇ ਪੰਛੀਆਂ ਦਾ ਖ਼ਾਤਮਾ ਹੋ ਗਿਆ ਹੈ।
ਲੋਕਾਂ ਨੇ ਕਿਹਾ ਹੈ: “ਸਾਡੇ ਨਾਲ ਜੋ ਵੀ ਹੋਵੇਗਾ, ਪਰਮੇਸ਼ੁਰ ਉਸ ਨੂੰ ਦੇਖ ਨਹੀਂ ਸਕਦਾ।”
ਤੂੰ ਉਸ ਦੇਸ਼ ਵਿਚ ਸੁਰੱਖਿਅਤ ਮਹਿਸੂਸ ਕਰਦਾ ਹੈਂ ਜਿੱਥੇ ਸ਼ਾਂਤੀ ਹੈ,
ਪਰ ਤੂੰ ਉਦੋਂ ਕੀ ਕਰੇਂਗਾ ਜਦੋਂ ਤੂੰ ਯਰਦਨ ਦਰਿਆ ਦੇ ਕਿਨਾਰੇ ਸੰਘਣੀਆਂ ਝਾੜੀਆਂ ਵਿਚ ਹੋਵੇਂਗਾ?
6 ਤੇਰੇ ਆਪਣੇ ਭਰਾਵਾਂ, ਹਾਂ, ਤੇਰੇ ਪਿਤਾ ਦੇ ਘਰਾਣੇ ਨੇ ਤੈਨੂੰ ਧੋਖਾ ਦਿੱਤਾ ਹੈ।+
ਉਹ ਤੇਰੇ ਖ਼ਿਲਾਫ਼ ਉੱਚੀ-ਉੱਚੀ ਚਿਲਾਉਂਦੇ ਹਨ।
ਉਨ੍ਹਾਂ ਦੀਆਂ ਗੱਲਾਂ ʼਤੇ ਯਕੀਨ ਨਾ ਕਰ,
ਭਾਵੇਂ ਉਹ ਤੇਰੇ ਨਾਲ ਚੰਗੀਆਂ ਗੱਲਾਂ ਹੀ ਕਿਉਂ ਨਾ ਕਰਨ।
7 “ਮੈਂ ਆਪਣੇ ਘਰ ਨੂੰ ਤਿਆਗ ਦਿੱਤਾ ਹੈ;+ ਮੈਂ ਆਪਣੀ ਵਿਰਾਸਤ ਛੱਡ ਦਿੱਤੀ ਹੈ।+
ਮੈਂ ਆਪਣੇ ਬਹੁਤ ਹੀ ਪਿਆਰੇ ਲੋਕਾਂ ਨੂੰ ਦੁਸ਼ਮਣਾਂ ਦੇ ਹੱਥਾਂ ਵਿਚ ਸੌਂਪ ਦਿੱਤਾ ਹੈ।+
8 ਮੇਰੀ ਵਿਰਾਸਤ ਮੇਰੇ ਲਈ ਜੰਗਲ ਦੇ ਸ਼ੇਰ ਵਾਂਗ ਬਣ ਗਈ ਹੈ।
ਉਹ ਮੇਰੇ ਖ਼ਿਲਾਫ਼ ਦਹਾੜਦੀ ਹੈ।
ਇਸ ਲਈ ਮੈਨੂੰ ਉਸ ਨਾਲ ਨਫ਼ਰਤ ਹੋ ਗਈ ਹੈ।
9 ਮੇਰੀ ਵਿਰਾਸਤ ਮੇਰੇ ਲਈ ਇਕ ਰੰਗ-ਬਰੰਗੇ* ਸ਼ਿਕਾਰੀ ਪੰਛੀ ਵਾਂਗ ਹੈ;
ਹੋਰ ਸ਼ਿਕਾਰੀ ਪੰਛੀ ਉਸ ਨੂੰ ਘੇਰਦੇ ਹਨ ਅਤੇ ਉਸ ʼਤੇ ਹਮਲਾ ਕਰਦੇ ਹਨ।+
ਮੈਦਾਨ ਦੇ ਸਾਰੇ ਜਾਨਵਰੋ, ਇਕੱਠੇ ਹੋਵੋ,
ਤੁਸੀਂ ਸਾਰੇ ਖਾਣ ਲਈ ਆਓ।+
10 ਬਹੁਤ ਸਾਰੇ ਚਰਵਾਹਿਆਂ ਨੇ ਮੇਰਾ ਅੰਗੂਰਾਂ ਦਾ ਬਾਗ਼ ਤਬਾਹ ਕਰ ਦਿੱਤਾ ਹੈ;+
ਉਨ੍ਹਾਂ ਨੇ ਮੇਰੀ ਜ਼ਮੀਨ ਦੇ ਹਿੱਸੇ ਨੂੰ ਪੈਰਾਂ ਹੇਠ ਮਿੱਧਿਆ ਹੈ।+
ਉਨ੍ਹਾਂ ਨੇ ਮੇਰੀ ਜ਼ਮੀਨ ਦੇ ਸੋਹਣੇ ਹਿੱਸੇ ਨੂੰ ਉਜਾੜ ਦਿੱਤਾ ਹੈ।
11 ਇਹ ਜ਼ਮੀਨ ਬੰਜਰ ਹੋ ਗਈ ਹੈ।
ਸਾਰੀ ਜ਼ਮੀਨ ਨੂੰ ਨਸ਼ਟ ਕਰ ਦਿੱਤਾ ਗਿਆ ਹੈ,
ਪਰ ਕੋਈ ਵੀ ਇਸ ਗੱਲ ʼਤੇ ਧਿਆਨ ਨਹੀਂ ਦਿੰਦਾ।+
12 ਉਜਾੜ ਵਿਚਲੇ ਸਾਰੇ ਰਸਤਿਆਂ ਥਾਣੀਂ ਨਾਸ਼ ਕਰਨ ਵਾਲੇ ਆ ਗਏ ਹਨ
ਕਿਉਂਕਿ ਯਹੋਵਾਹ ਦੀ ਤਲਵਾਰ ਦੇਸ਼ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ ਲੋਕਾਂ ਨੂੰ ਨਿਗਲ਼ ਰਹੀ ਹੈ।+
ਕਿਸੇ ਲਈ ਵੀ ਸ਼ਾਂਤੀ ਨਹੀਂ।
13 ਉਨ੍ਹਾਂ ਨੇ ਕਣਕ ਬੀਜੀ, ਪਰ ਉਨ੍ਹਾਂ ਨੇ ਕੰਡਿਆਂ ਦੀ ਵਾਢੀ ਕੀਤੀ।+
ਉਹ ਮਿਹਨਤ ਕਰਦੇ ਹੋਏ ਥੱਕ ਕੇ ਚੂਰ ਹੋ ਗਏ, ਪਰ ਕੋਈ ਫ਼ਾਇਦਾ ਨਾ ਹੋਇਆ।
ਉਹ ਆਪਣੀ ਪੈਦਾਵਾਰ ਕਾਰਨ ਸ਼ਰਮਿੰਦੇ ਹੋਣਗੇ
ਕਿਉਂਕਿ ਯਹੋਵਾਹ ਦੇ ਗੁੱਸੇ ਦੀ ਅੱਗ ਉਨ੍ਹਾਂ ʼਤੇ ਭੜਕ ਉੱਠੀ ਹੈ।”
14 ਯਹੋਵਾਹ ਨੇ ਕਿਹਾ ਹੈ: “ਮੇਰੇ ਸਾਰੇ ਦੁਸ਼ਟ ਗੁਆਂਢੀ ਮੇਰੀ ਵਿਰਾਸਤ ਨੂੰ ਹੱਥ ਪਾਉਂਦੇ ਹਨ ਜੋ ਮੈਂ ਆਪਣੇ ਇਜ਼ਰਾਈਲੀ ਲੋਕਾਂ ਦੇ ਕਬਜ਼ੇ ਹੇਠ ਕੀਤੀ ਸੀ।+ ਇਸ ਲਈ ਮੈਂ ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੇ ਦੇਸ਼ ਵਿੱਚੋਂ ਕੱਢ ਦਿਆਂਗਾ।+ ਨਾਲੇ ਮੈਂ ਯਹੂਦਾਹ ਦੇ ਘਰਾਣੇ ਨੂੰ ਉਨ੍ਹਾਂ ਦੇ ਵਿੱਚੋਂ ਕੱਢ ਦਿਆਂਗਾ। 15 ਪਰ ਉਨ੍ਹਾਂ ਨੂੰ ਕੱਢਣ ਤੋਂ ਬਾਅਦ ਮੈਂ ਉਨ੍ਹਾਂ ʼਤੇ ਦੁਬਾਰਾ ਦਇਆ ਕਰਾਂਗਾ ਅਤੇ ਉਨ੍ਹਾਂ ਵਿੱਚੋਂ ਹਰ ਕਿਸੇ ਨੂੰ ਉਸ ਦੀ ਵਿਰਾਸਤ ਅਤੇ ਜ਼ਮੀਨ ʼਤੇ ਵਾਪਸ ਲੈ ਆਵਾਂਗਾ।”
16 “ਪਰ ਜੇ ਉਹ ਮੇਰੇ ਲੋਕਾਂ ਦੇ ਰਾਹਾਂ ʼਤੇ ਚੱਲਣਾ ਸਿੱਖਣਗੇ ਅਤੇ ਮੇਰੇ ਨਾਂ ʼਤੇ ਇਹ ਸਹੁੰ ਖਾਣਗੇ, ‘ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ,’ ਠੀਕ ਜਿਵੇਂ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਬਆਲ ਦੇ ਨਾਂ ʼਤੇ ਸਹੁੰ ਖਾਣੀ ਸਿਖਾਈ ਸੀ, ਤਾਂ ਮੈਂ ਆਪਣੇ ਲੋਕਾਂ ਦੇ ਨਾਲ-ਨਾਲ ਉਨ੍ਹਾਂ ਨੂੰ ਖ਼ੁਸ਼ਹਾਲ ਬਣਾਵਾਂਗਾ। 17 ਪਰ ਜੇ ਉਹ ਮੇਰਾ ਕਹਿਣਾ ਮੰਨਣ ਤੋਂ ਇਨਕਾਰ ਕਰਨਗੇ, ਤਾਂ ਮੈਂ ਉਨ੍ਹਾਂ ਨੂੰ ਜੜ੍ਹੋਂ ਉਖਾੜ ਕੇ ਨਾਸ਼ ਕਰ ਦਿਆਂਗਾ,” ਯਹੋਵਾਹ ਕਹਿੰਦਾ ਹੈ।+