ਯਿਰਮਿਯਾਹ
15 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਜੇ ਮੂਸਾ ਤੇ ਸਮੂਏਲ ਵੀ ਮੇਰੇ ਸਾਮ੍ਹਣੇ ਖੜ੍ਹੇ ਹੁੰਦੇ,+ ਤਾਂ ਵੀ ਮੈਂ ਇਨ੍ਹਾਂ ਲੋਕਾਂ ʼਤੇ ਤਰਸ ਨਾ ਖਾਂਦਾ। ਇਨ੍ਹਾਂ ਲੋਕਾਂ ਨੂੰ ਮੇਰੇ ਸਾਮ੍ਹਣਿਓਂ ਭਜਾ ਦੇ। ਇਹ ਇੱਥੋਂ ਚਲੇ ਜਾਣ। 2 ਜੇ ਉਹ ਤੈਨੂੰ ਕਹਿਣ, ‘ਅਸੀਂ ਕਿੱਥੇ ਜਾਈਏ?’ ਤੂੰ ਉਨ੍ਹਾਂ ਨੂੰ ਕਹੀਂ, ‘ਯਹੋਵਾਹ ਕਹਿੰਦਾ ਹੈ:
“ਤੁਹਾਡੇ ਵਿੱਚੋਂ ਕੁਝ ਜਣੇ ਗੰਭੀਰ ਬੀਮਾਰੀਆਂ ਨਾਲ ਮਰਨਗੇ!
ਕੁਝ ਜਣੇ ਤਲਵਾਰ ਨਾਲ ਮਰਨਗੇ!+
ਕੁਝ ਜਣੇ ਕਾਲ਼ ਨਾਲ ਮਰਨਗੇ!
ਅਤੇ ਕੁਝ ਜਣੇ ਬੰਦੀ ਬਣਾ ਕੇ ਲਿਜਾਏ ਜਾਣਗੇ!”’+
3 “‘ਮੈਂ ਉਨ੍ਹਾਂ ʼਤੇ ਚਾਰ ਆਫ਼ਤਾਂ* ਲਿਆਵਾਂਗਾ,’+ ਯਹੋਵਾਹ ਕਹਿੰਦਾ ਹੈ, ‘ਉਨ੍ਹਾਂ ਨੂੰ ਵੱਢਣ ਲਈ ਤਲਵਾਰ, ਉਨ੍ਹਾਂ ਦੀਆਂ ਲਾਸ਼ਾਂ ਨੂੰ ਘਸੀਟਣ ਲਈ ਕੁੱਤੇ ਅਤੇ ਉਨ੍ਹਾਂ ਨੂੰ ਖਾਣ ਤੇ ਖ਼ਤਮ ਕਰਨ ਲਈ ਆਕਾਸ਼ ਦੇ ਪੰਛੀ ਤੇ ਧਰਤੀ ਦੇ ਜਾਨਵਰ।+ 4 ਮੈਂ ਉਨ੍ਹਾਂ ਲੋਕਾਂ ਦਾ ਇੰਨਾ ਬੁਰਾ ਹਸ਼ਰ ਕਰਾਂਗਾ ਕਿ ਧਰਤੀ ਦੇ ਸਾਰੇ ਰਾਜ ਖ਼ੌਫ਼ ਖਾਣਗੇ।+ ਮੈਂ ਯਰੂਸ਼ਲਮ ਵਿਚ ਹਿਜ਼ਕੀਯਾਹ ਦੇ ਪੁੱਤਰ, ਯਹੂਦਾਹ ਦੇ ਰਾਜੇ ਮਨੱਸ਼ਹ ਦੇ ਕੰਮਾਂ ਕਰਕੇ ਇਸ ਤਰ੍ਹਾਂ ਕਰਾਂਗਾ।+
5 ਹੇ ਯਰੂਸ਼ਲਮ, ਕੌਣ ਤੇਰੇ ਉੱਤੇ ਦਇਆ ਕਰੇਗਾ?
ਕੌਣ ਤੇਰੇ ਨਾਲ ਹਮਦਰਦੀ ਜਤਾਏਗਾ?
ਅਤੇ ਕੌਣ ਤੇਰਾ ਹਾਲ-ਚਾਲ ਪੁੱਛਣ ਲਈ ਰੁਕੇਗਾ?’
6 ਯਹੋਵਾਹ ਕਹਿੰਦਾ ਹੈ, ‘ਤੁਸੀਂ ਮੈਨੂੰ ਤਿਆਗ ਦਿੱਤਾ ਹੈ।+
ਤੁਸੀਂ ਵਾਰ-ਵਾਰ ਮੈਨੂੰ ਪਿੱਠ ਦਿਖਾਈ ਹੈ।*+
ਇਸ ਲਈ ਮੈਂ ਤੁਹਾਡੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਤੁਹਾਨੂੰ ਨਾਸ਼ ਕਰ ਦਿਆਂਗਾ।+
ਮੈਂ ਤੁਹਾਡੇ ʼਤੇ ਦਇਆ ਕਰਦਾ-ਕਰਦਾ ਥੱਕ ਗਿਆ ਹਾਂ।
7 ਮੈਂ ਉਨ੍ਹਾਂ ਨੂੰ ਦੇਸ਼ ਦੇ ਸ਼ਹਿਰਾਂ* ਵਿਚ ਤੰਗਲੀ ਨਾਲ ਛੱਟਾਂਗਾ।
ਮੈਂ ਉਨ੍ਹਾਂ ਦੇ ਬੱਚਿਆਂ ਨੂੰ ਮਾਰ ਦਿਆਂਗਾ।+
ਮੈਂ ਆਪਣੇ ਲੋਕਾਂ ਨੂੰ ਤਬਾਹ ਕਰ ਦਿਆਂਗਾ
ਕਿਉਂਕਿ ਉਹ ਆਪਣਾ ਰਾਹ ਬਦਲਣ ਤੋਂ ਇਨਕਾਰ ਕਰਦੇ ਹਨ।+
8 ਮੇਰੇ ਸਾਮ੍ਹਣੇ ਉਨ੍ਹਾਂ ਦੀਆਂ ਵਿਧਵਾਵਾਂ ਦੀ ਗਿਣਤੀ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਨਾਲੋਂ ਵੀ ਜ਼ਿਆਦਾ ਹੋਵੇਗੀ।
ਮੈਂ ਇਕ ਨਾਸ਼ ਕਰਨ ਵਾਲੇ ਨੂੰ ਸਿਖਰ ਦੁਪਹਿਰੇ ਮਾਵਾਂ ਅਤੇ ਉਨ੍ਹਾਂ ਦੇ ਪੁੱਤਰਾਂ ਦੇ ਖ਼ਿਲਾਫ਼ ਲਿਆਵਾਂਗਾ।
ਮੈਂ ਅਚਾਨਕ ਉਨ੍ਹਾਂ ਵਿਚ ਹਲਚਲ ਮਚਾ ਦਿਆਂਗਾ ਅਤੇ ਉਨ੍ਹਾਂ ਵਿਚ ਦਹਿਸ਼ਤ ਫੈਲਾ ਦਿਆਂਗਾ।
9 ਸੱਤ ਬੱਚਿਆਂ ਨੂੰ ਜਨਮ ਦੇਣ ਵਾਲੀ ਔਰਤ ਕਮਜ਼ੋਰ ਹੋ ਗਈ ਹੈ;
ਉਹ ਔਖੇ ਸਾਹ ਲੈਂਦੀ ਹੈ।
ਉਸ ਦਾ ਸੂਰਜ ਦਿਨ ਵੇਲੇ ਹੀ ਢਲ਼ ਗਿਆ ਹੈ,
ਉਹ ਸ਼ਰਮਿੰਦੀ ਅਤੇ ਬੇਇੱਜ਼ਤ ਹੋਈ ਹੈ।’*
‘ਅਤੇ ਉਨ੍ਹਾਂ ਵਿੱਚੋਂ ਜਿਹੜੇ ਥੋੜ੍ਹੇ ਕੁ ਬਚ ਗਏ ਹਨ
ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੀ ਤਲਵਾਰ ਦੇ ਹਵਾਲੇ ਕਰ ਦਿਆਂਗਾ,’ ਯਹੋਵਾਹ ਕਹਿੰਦਾ ਹੈ।”+
10 ਹਾਇ ਮੇਰੇ ਉੱਤੇ! ਹੇ ਮੇਰੀਏ ਮਾਏਂ, ਤੂੰ ਮੈਨੂੰ ਜਨਮ ਕਿਉਂ ਦਿੱਤਾ?+
ਦੇਸ਼ ਦੇ ਲੋਕ ਮੇਰੇ ਨਾਲ ਲੜਦੇ-ਝਗੜਦੇ ਹਨ।
ਮੈਂ ਨਾ ਤਾਂ ਕਿਸੇ ਨੂੰ ਉਧਾਰ ਦਿੱਤਾ ਤੇ ਨਾ ਹੀ ਕਿਸੇ ਤੋਂ ਲਿਆ;
ਫਿਰ ਵੀ ਸਾਰੇ ਮੈਨੂੰ ਸਰਾਪ ਦਿੰਦੇ ਹਨ।
11 ਯਹੋਵਾਹ ਨੇ ਕਿਹਾ: “ਮੈਂ ਜ਼ਰੂਰ ਤੇਰੇ ਨਾਲ ਭਲਾਈ ਕਰਾਂਗਾ;
ਮੈਂ ਦੁੱਖ ਦੇ ਸਮੇਂ ਅਤੇ ਬਿਪਤਾ ਦੇ ਵੇਲੇ,
ਤੇਰੇ ਲਈ ਦੁਸ਼ਮਣ ਨਾਲ ਗੱਲ ਕਰਾਂਗਾ।
12 ਕੀ ਕੋਈ ਲੋਹੇ ਦੇ, ਹਾਂ, ਉੱਤਰ ਦੇ ਲੋਹੇ ਦੇ ਟੋਟੇ-ਟੋਟੇ ਕਰ ਸਕਦਾ ਹੈ?
ਕੀ ਕੋਈ ਤਾਂਬੇ ਦੇ ਟੁਕੜੇ-ਟੁਕੜੇ ਕਰ ਸਕਦਾ ਹੈ?
13 ਤੂੰ ਆਪਣੇ ਸਾਰੇ ਇਲਾਕਿਆਂ ਵਿਚ ਬਹੁਤ ਸਾਰੇ ਪਾਪ ਕੀਤੇ ਹਨ
ਜਿਸ ਕਰਕੇ ਮੈਂ ਤੇਰੀ ਧਨ-ਦੌਲਤ ਅਤੇ ਖ਼ਜ਼ਾਨੇ ਲੁੱਟ ਦੇ ਮਾਲ ਵਜੋਂ ਦੇ ਦਿਆਂਗਾ।+
ਉਹ ਵੀ ਬਿਨਾਂ ਕਿਸੇ ਕੀਮਤ ਦੇ।
14 ਮੈਂ ਇਹ ਸਭ ਚੀਜ਼ਾਂ ਤੇਰੇ ਦੁਸ਼ਮਣਾਂ ਦੇ ਹਵਾਲੇ ਕਰ ਦਿਆਂਗਾ
ਅਤੇ ਉਹ ਇਨ੍ਹਾਂ ਨੂੰ ਉਸ ਦੇਸ਼ ਵਿਚ ਲੈ ਜਾਣਗੇ ਜਿਸ ਨੂੰ ਤੁਸੀਂ ਨਹੀਂ ਜਾਣਦੇ+
ਕਿਉਂਕਿ ਮੇਰੇ ਗੁੱਸੇ ਦੀ ਅੱਗ ਭੜਕ ਉੱਠੀ ਹੈ
ਅਤੇ ਇਹ ਤੁਹਾਡੇ ਖ਼ਿਲਾਫ਼ ਬਲ਼ ਰਹੀ ਹੈ।”+
15 ਹੇ ਯਹੋਵਾਹ, ਤੂੰ ਮੇਰੇ ਦੁੱਖ ਨੂੰ ਜਾਣਦਾ ਹੈਂ,
ਯਾਦ ਕਰ ਅਤੇ ਮੇਰੇ ਵੱਲ ਧਿਆਨ ਦੇ।
ਮੇਰੇ ਅਤਿਆਚਾਰੀਆਂ ਤੋਂ ਮੇਰਾ ਬਦਲਾ ਲੈ।+
ਤੂੰ ਉਨ੍ਹਾਂ ਨਾਲ ਧੀਰਜ ਨਾਲ ਪੇਸ਼ ਨਾ ਆ, ਕਿਤੇ ਉਹ ਮੈਨੂੰ ਖ਼ਤਮ ਨਾ ਕਰ ਦੇਣ।
ਜਾਣ ਲੈ ਕਿ ਮੈਂ ਤੇਰੇ ਕਾਰਨ ਬੇਇੱਜ਼ਤੀ ਸਹਾਰ ਰਿਹਾ ਹਾਂ।+
16 ਮੈਨੂੰ ਤੇਰਾ ਸੰਦੇਸ਼ ਮਿਲਿਆ ਅਤੇ ਮੈਂ ਉਸ ਨੂੰ ਖਾ ਲਿਆ;+
ਤੇਰੇ ਸੰਦੇਸ਼ ਨੇ ਮੈਨੂੰ ਖ਼ੁਸ਼ੀ ਦਿੱਤੀ ਅਤੇ ਮੇਰਾ ਦਿਲ ਬਾਗ਼-ਬਾਗ਼ ਹੋ ਗਿਆ
ਕਿਉਂਕਿ ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਮੈਂ ਤੇਰੇ ਨਾਂ ਤੋਂ ਜਾਣਿਆ ਜਾਂਦਾ ਹਾਂ।
17 ਮੈਂ ਰੰਗਰਲੀਆਂ ਮਨਾਉਣ ਵਾਲਿਆਂ ਨਾਲ ਬੈਠ ਕੇ ਮੌਜ-ਮਸਤੀ ਨਹੀਂ ਕਰਦਾ+
ਕਿਉਂਕਿ ਤੇਰਾ ਹੱਥ ਮੇਰੇ ਉੱਤੇ ਹੈ, ਇਸ ਲਈ ਮੈਂ ਇਕੱਲਾ ਬੈਠਦਾ ਹਾਂ,
18 ਮੇਰਾ ਦੁੱਖ ਸਹਿਣ ਤੋਂ ਬਾਹਰ ਕਿਉਂ ਹੈ?
ਮੇਰਾ ਜ਼ਖ਼ਮ ਲਾਇਲਾਜ ਕਿਉਂ ਹੈ?
ਇਹ ਠੀਕ ਹੋਣ ਦਾ ਨਾਂ ਹੀ ਨਹੀਂ ਲੈਂਦਾ।
ਕੀ ਤੂੰ ਮੇਰੇ ਲਈ ਅਜਿਹੇ ਪਾਣੀ ਦੇ ਚਸ਼ਮੇ ਵਰਗਾ ਹੈਂ ਜੋ ਧੋਖਾ ਦੇਵੇਗਾ
ਅਤੇ ਜਿਸ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ?
19 ਇਸ ਲਈ ਯਹੋਵਾਹ ਕਹਿੰਦਾ ਹੈ:
“ਜੇ ਤੂੰ ਮੇਰੇ ਵੱਲ ਮੁੜੇਂਗਾ, ਤਾਂ ਮੈਂ ਤੇਰੇ ʼਤੇ ਦੁਬਾਰਾ ਮਿਹਰ ਕਰਾਂਗਾ
ਅਤੇ ਤੂੰ ਮੇਰੇ ਸਾਮ੍ਹਣੇ ਖੜ੍ਹਾ ਹੋਵੇਂਗਾ।
ਜੇ ਤੂੰ ਬੇਕਾਰ ਚੀਜ਼ਾਂ ਵਿੱਚੋਂ ਕੀਮਤੀ ਚੀਜ਼ਾਂ ਵੱਖਰੀਆਂ ਕਰੇਂਗਾ,
ਤਾਂ ਤੂੰ ਮੇਰੇ ਵੱਲੋਂ ਗੱਲ ਕਰੇਂਗਾ।*
ਉਨ੍ਹਾਂ ਨੂੰ ਤੇਰੇ ਕੋਲ ਵਾਪਸ ਆਉਣਾ ਹੀ ਪਵੇਗਾ,
ਪਰ ਤੂੰ ਉਨ੍ਹਾਂ ਕੋਲ ਵਾਪਸ ਨਹੀਂ ਜਾਵੇਂਗਾ।”
20 “ਮੈਂ ਤੈਨੂੰ ਇਨ੍ਹਾਂ ਲੋਕਾਂ ਸਾਮ੍ਹਣੇ ਤਾਂਬੇ ਦੀ ਮਜ਼ਬੂਤ ਕੰਧ ਬਣਾਵਾਂਗਾ।+
ਉਹ ਜ਼ਰੂਰ ਤੇਰੇ ਨਾਲ ਲੜਨਗੇ,
ਕਿਉਂਕਿ ਮੈਂ ਤੈਨੂੰ ਬਚਾਉਣ ਲਈ ਅਤੇ ਤੈਨੂੰ ਛੁਡਾਉਣ ਲਈ ਤੇਰੇ ਨਾਲ ਹਾਂ,” ਯਹੋਵਾਹ ਕਹਿੰਦਾ ਹੈ।
21 “ਮੈਂ ਤੈਨੂੰ ਦੁਸ਼ਟਾਂ ਦੇ ਹੱਥੋਂ ਛੁਡਾਵਾਂਗਾ
ਅਤੇ ਜ਼ਾਲਮਾਂ ਦੇ ਪੰਜੇ ਵਿੱਚੋਂ ਬਾਹਰ ਕੱਢਾਂਗਾ।”