ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਤੀਤੁਸ 1:1 - 3:15
  • ਤੀਤੁਸ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੀਤੁਸ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਤੀਤੁਸ

ਤੀਤੁਸ ਨੂੰ ਚਿੱਠੀ

1 ਮੈਂ ਪੌਲੁਸ, ਪਰਮੇਸ਼ੁਰ ਦਾ ਦਾਸ ਅਤੇ ਯਿਸੂ ਮਸੀਹ ਦਾ ਰਸੂਲ ਹਾਂ। ਮੇਰੀ ਨਿਹਚਾ ਅਤੇ ਸੇਵਾ ਪਰਮੇਸ਼ੁਰ ਦੇ ਚੁਣੇ ਹੋਏ ਸੇਵਕਾਂ ਦੀ ਨਿਹਚਾ ਅਤੇ ਸੱਚਾਈ ਦੇ ਸਹੀ ਗਿਆਨ ਮੁਤਾਬਕ ਹੈ ਜਿਸ ਅਨੁਸਾਰ ਪਰਮੇਸ਼ੁਰ ਦੀ ਭਗਤੀ ਕੀਤੀ ਜਾਣੀ ਚਾਹੀਦੀ ਹੈ। 2 ਇਸ ਦਾ ਆਧਾਰ ਹਮੇਸ਼ਾ ਦੀ ਜ਼ਿੰਦਗੀ+ ਦੀ ਉਮੀਦ ਹੈ ਜਿਸ ਦਾ ਵਾਅਦਾ ਬਹੁਤ ਸਮਾਂ ਪਹਿਲਾਂ ਪਰਮੇਸ਼ੁਰ ਨੇ ਕੀਤਾ ਸੀ ਜੋ ਕਦੀ ਝੂਠ ਨਹੀਂ ਬੋਲ ਸਕਦਾ।+ 3 ਉਸ ਨੇ ਆਪਣੇ ਮਿਥੇ ਹੋਏ ਸਮੇਂ ਤੇ ਪ੍ਰਚਾਰ ਦੇ ਕੰਮ ਰਾਹੀਂ ਆਪਣੇ ਬਚਨ ਦਾ ਐਲਾਨ ਕੀਤਾ। ਮੈਨੂੰ ਇਹ ਕੰਮ+ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੇ ਹੁਕਮ ਨਾਲ ਸੌਂਪਿਆ ਗਿਆ ਹੈ। 4 ਮੈਂ ਮਸੀਹੀ ਰਾਹ ਉੱਤੇ ਚੱਲ ਰਹੇ ਆਪਣੇ ਸੱਚੇ ਬੇਟੇ ਤੀਤੁਸ ਨੂੰ ਇਹ ਚਿੱਠੀ ਲਿਖ ਰਿਹਾ ਹਾਂ।

ਪਿਤਾ ਪਰਮੇਸ਼ੁਰ ਅਤੇ ਸਾਡਾ ਮੁਕਤੀਦਾਤਾ ਯਿਸੂ ਮਸੀਹ ਤੈਨੂੰ ਅਪਾਰ ਕਿਰਪਾ ਤੇ ਸ਼ਾਂਤੀ ਬਖ਼ਸ਼ਣ।

5 ਮੈਂ ਤੈਨੂੰ ਕ੍ਰੀਟ ਵਿਚ ਇਸ ਲਈ ਛੱਡਿਆ ਸੀ ਕਿ ਤੂੰ ਉੱਥੇ ਵਿਗੜੇ ਮਾਮਲਿਆਂ ਨੂੰ ਨਜਿੱਠੇਂ ਅਤੇ ਸ਼ਹਿਰੋ-ਸ਼ਹਿਰ ਬਜ਼ੁਰਗ ਨਿਯੁਕਤ ਕਰੇਂ, ਜਿਵੇਂ ਮੈਂ ਤੈਨੂੰ ਹਿਦਾਇਤ ਦਿੱਤੀ ਸੀ। 6 ਉਸ ਭਰਾ ਨੂੰ ਬਜ਼ੁਰਗ ਨਿਯੁਕਤ ਕੀਤਾ ਜਾ ਸਕਦਾ ਹੈ ਜਿਹੜਾ ਨਿਰਦੋਸ਼ ਹੋਵੇ, ਇੱਕੋ ਪਤਨੀ ਦਾ ਪਤੀ ਹੋਵੇ, ਜਿਸ ਦੇ ਬੱਚੇ ਨਿਹਚਾਵਾਨ ਹੋਣ ਅਤੇ ਉਨ੍ਹਾਂ ਉੱਤੇ ਅਯਾਸ਼ੀ ਕਰਨ* ਜਾਂ ਬਾਗ਼ੀ ਹੋਣ ਦਾ ਦੋਸ਼ ਨਾ ਲੱਗਾ ਹੋਵੇ+ 7 ਕਿਉਂਕਿ ਪਰਮੇਸ਼ੁਰ ਦਾ ਜ਼ਿੰਮੇਵਾਰ ਸੇਵਕ ਹੋਣ ਦੇ ਨਾਤੇ ਨਿਗਾਹਬਾਨ ਨਿਰਦੋਸ਼ ਹੋਵੇ, ਆਪਣੀ ਮਨ-ਮਰਜ਼ੀ ਨਾ ਕਰੇ+ ਅਤੇ ਨਾ ਹੀ ਉਹ ਗੁੱਸੇਖ਼ੋਰ,+ ਸ਼ਰਾਬੀ, ਮਾਰ-ਕੁਟਾਈ ਕਰਨ ਵਾਲਾ ਅਤੇ ਲਾਲਚ ਵਿਚ ਆ ਕੇ ਸਿਰਫ਼ ਆਪਣਾ ਫ਼ਾਇਦਾ ਸੋਚਦਾ ਹੋਵੇ, 8 ਸਗੋਂ ਉਹ ਪਰਾਹੁਣਚਾਰੀ ਕਰਨ ਵਾਲਾ,+ ਭਲਾਈ ਨਾਲ ਪਿਆਰ ਕਰਨ ਵਾਲਾ, ਸਮਝਦਾਰ,+ ਨੇਕ, ਵਫ਼ਾਦਾਰ+ ਅਤੇ ਆਪਣੇ ਉੱਤੇ ਕਾਬੂ ਰੱਖਣ ਵਾਲਾ* ਹੋਵੇ।+ 9 ਨਾਲੇ ਉਸ ਦੇ ਸਿਖਾਉਣ ਦਾ ਤਰੀਕਾ*+ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਸੱਚੇ ਬਚਨ* ਉੱਤੇ ਆਧਾਰਿਤ ਹੋਵੇ ਤਾਂਕਿ ਉਹ ਸਹੀ* ਸਿੱਖਿਆ+ ਦੇ ਕੇ ਹੱਲਾਸ਼ੇਰੀ* ਦੇਣ ਦੇ ਕਾਬਲ ਹੋਵੇ ਅਤੇ ਇਸ ਸਿੱਖਿਆ ਦੇ ਖ਼ਿਲਾਫ਼ ਬੋਲਣ ਵਾਲੇ ਲੋਕਾਂ ਨੂੰ ਤਾੜਨਾ ਦੇਵੇ।+

10 ਅਜਿਹੇ ਬਹੁਤ ਸਾਰੇ ਆਦਮੀ ਹਨ ਜਿਹੜੇ ਬਾਗ਼ੀ, ਫ਼ਜ਼ੂਲ ਗੱਲਾਂ ਕਰਨ ਵਾਲੇ ਤੇ ਧੋਖੇਬਾਜ਼ ਹਨ ਜਿਨ੍ਹਾਂ ਵਿੱਚੋਂ ਕਈ ਖ਼ਾਸ ਕਰਕੇ ਸੁੰਨਤ ਦੀ ਰੀਤ ਉੱਤੇ ਚੱਲਦੇ ਹਨ।+ 11 ਇਨ੍ਹਾਂ ਆਦਮੀਆਂ ਦੇ ਮੂੰਹ ਬੰਦ ਕਰਨੇ ਬਹੁਤ ਜ਼ਰੂਰੀ ਹਨ ਕਿਉਂਕਿ ਇਹ ਬੇਈਮਾਨੀ ਨਾਲ ਆਪਣੇ ਫ਼ਾਇਦੇ ਲਈ ਗ਼ਲਤ ਸਿੱਖਿਆਵਾਂ ਦਿੰਦੇ ਹਨ ਅਤੇ ਪੂਰੇ-ਪੂਰੇ ਪਰਿਵਾਰਾਂ ਦੀ ਨਿਹਚਾ ਨੂੰ ਬਰਬਾਦ ਕਰਦੇ ਹਨ। 12 ਕ੍ਰੀਟ ਦੇ ਲੋਕਾਂ ਦੇ ਹੀ ਇਕ ਨਬੀ ਨੇ ਕਿਹਾ ਸੀ: “ਕ੍ਰੀਟ ਦੇ ਲੋਕ ਹਮੇਸ਼ਾ ਝੂਠੇ, ਖ਼ਤਰਨਾਕ ਜੰਗਲੀ ਜਾਨਵਰ, ਆਲਸੀ ਅਤੇ ਪੇਟੂ ਹੁੰਦੇ ਹਨ।”

13 ਇਹ ਗੱਲ ਸੱਚੀ ਹੈ। ਇਸ ਕਰਕੇ ਤੂੰ ਉਨ੍ਹਾਂ ਨੂੰ ਸਖ਼ਤੀ ਨਾਲ ਤਾੜਨਾ ਦਿੰਦਾ ਰਹਿ ਤਾਂਕਿ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਵੇ, 14 ਉਹ ਮਨਘੜਤ ਯਹੂਦੀ ਕਹਾਣੀਆਂ ਅਤੇ ਉਨ੍ਹਾਂ ਇਨਸਾਨਾਂ ਦੇ ਹੁਕਮਾਂ ਵੱਲ ਧਿਆਨ ਨਾ ਦੇਣ ਜਿਨ੍ਹਾਂ ਨੇ ਸੱਚਾਈ ਨੂੰ ਤਿਆਗ ਦਿੱਤਾ ਹੈ। 15 ਸ਼ੁੱਧ ਲੋਕਾਂ ਲਈ ਤਾਂ ਸਾਰੀਆਂ ਚੀਜ਼ਾਂ ਸ਼ੁੱਧ ਹੁੰਦੀਆਂ ਹਨ,+ ਪਰ ਭ੍ਰਿਸ਼ਟ ਅਤੇ ਅਵਿਸ਼ਵਾਸੀ ਲੋਕਾਂ ਲਈ ਕੁਝ ਵੀ ਸ਼ੁੱਧ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੇ ਮਨ ਅਤੇ ਉਨ੍ਹਾਂ ਦੀ ਜ਼ਮੀਰ ਦੋਵੇਂ ਭ੍ਰਿਸ਼ਟ ਹੋ ਚੁੱਕੇ ਹਨ।+ 16 ਉਹ ਸਾਰਿਆਂ ਸਾਮ੍ਹਣੇ ਪਰਮੇਸ਼ੁਰ ਨੂੰ ਜਾਣਨ ਦਾ ਦਾਅਵਾ ਤਾਂ ਕਰਦੇ ਹਨ, ਪਰ ਉਨ੍ਹਾਂ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ ਹੈ+ ਕਿਉਂਕਿ ਉਹ ਨੀਚ ਤੇ ਅਣਆਗਿਆਕਾਰ ਇਨਸਾਨ ਹਨ ਅਤੇ ਉਹ ਕੋਈ ਵੀ ਚੰਗਾ ਕੰਮ ਕਰਨ ਦੇ ਯੋਗ ਨਹੀਂ ਹਨ।

2 ਪਰ ਤੂੰ ਉਹੀ ਗੱਲਾਂ ਦੱਸ ਜਿਹੜੀਆਂ ਸਹੀ* ਸਿੱਖਿਆ ਦੇ ਮੁਤਾਬਕ ਹਨ।+ 2 ਸਿਆਣੀ ਉਮਰ ਦੇ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਹਰ ਗੱਲ ਵਿਚ ਸੰਜਮ ਰੱਖਣ, ਗੰਭੀਰ ਹੋਣ, ਸਮਝਦਾਰ ਬਣਨ, ਆਪਣੀ ਨਿਹਚਾ ਮਜ਼ਬੂਤ ਰੱਖਣ, ਗੂੜ੍ਹਾ ਪਿਆਰ ਕਰਨ ਵਾਲੇ ਅਤੇ ਧੀਰਜਵਾਨ ਹੋਣ। 3 ਇਸੇ ਤਰ੍ਹਾਂ, ਸਿਆਣੀ ਉਮਰ ਦੀਆਂ ਭੈਣਾਂ ਦਾ ਰਵੱਈਆ ਅਜਿਹਾ ਹੋਵੇ ਜੋ ਭਗਤੀ ਕਰਨ ਵਾਲੇ ਲੋਕਾਂ ਨੂੰ ਸ਼ੋਭਾ ਦਿੰਦਾ ਹੈ ਅਤੇ ਉਹ ਦੂਸਰਿਆਂ ਨੂੰ ਬਦਨਾਮ ਨਾ ਕਰਨ, ਹੱਦੋਂ ਵੱਧ ਦਾਖਰਸ ਪੀਣ ਦੀਆਂ ਆਦੀ ਨਾ ਹੋਣ ਅਤੇ ਦੂਜਿਆਂ ਨੂੰ ਚੰਗੀਆਂ ਗੱਲਾਂ ਸਿਖਾਉਣ 4 ਤਾਂਕਿ ਉਹ ਜਵਾਨ ਭੈਣਾਂ ਨੂੰ ਚੰਗੀ ਮੱਤ ਦੇਣ* ਕਿ ਉਹ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਪਿਆਰ ਕਰਨ, 5 ਸਮਝਦਾਰ, ਸ਼ੁੱਧ, ਨੇਕ ਅਤੇ ਘਰ-ਬਾਰ ਸੰਭਾਲਣ ਵਾਲੀਆਂ ਹੋਣ ਅਤੇ ਆਪਣੇ ਪਤੀਆਂ ਦੇ ਅਧੀਨ ਰਹਿਣ+ ਤਾਂਕਿ ਪਰਮੇਸ਼ੁਰ ਦੇ ਬਚਨ ਦੀ ਨਿੰਦਿਆ ਨਾ ਹੋਵੇ।

6 ਇਸੇ ਤਰ੍ਹਾਂ ਤੂੰ ਨੌਜਵਾਨ ਭਰਾਵਾਂ ਨੂੰ ਤਾਕੀਦ ਕਰਦਾ ਰਹਿ ਕਿ ਉਹ ਸਮਝਦਾਰ ਬਣਨ।+ 7 ਤੂੰ ਹਰ ਤਰ੍ਹਾਂ ਦੇ ਚੰਗੇ ਕੰਮਾਂ ਵਿਚ ਮਿਸਾਲ ਬਣ। ਪੂਰੀ ਗੰਭੀਰਤਾ ਨਾਲ ਸ਼ੁੱਧ ਗੱਲਾਂ* ਸਿਖਾ+ 8 ਅਤੇ ਸਿਖਾਉਂਦੇ ਵੇਲੇ ਆਦਰਯੋਗ* ਬੋਲੀ ਵਰਤ ਜਿਸ ਵਿਚ ਕੋਈ ਨੁਕਸ ਨਾ ਕੱਢ ਸਕੇ+ ਤਾਂਕਿ ਵਿਰੋਧੀ ਸ਼ਰਮਿੰਦੇ ਹੋਣ ਅਤੇ ਉਨ੍ਹਾਂ ਨੂੰ ਸਾਡੇ ਬਾਰੇ ਬੁਰੀਆਂ ਗੱਲਾਂ ਕਹਿਣ ਦਾ ਮੌਕਾ ਨਾ ਮਿਲੇ।+ 9 ਗ਼ੁਲਾਮ ਸਾਰੀਆਂ ਗੱਲਾਂ ਵਿਚ ਆਪਣੇ ਮਾਲਕਾਂ ਦੇ ਅਧੀਨ ਰਹਿਣ,+ ਉਨ੍ਹਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਨ, ਬਦਤਮੀਜ਼ੀ ਨਾਲ ਜਵਾਬ ਨਾ ਦੇਣ 10 ਅਤੇ ਨਾ ਹੀ ਉਹ ਆਪਣੇ ਮਾਲਕਾਂ ਦੀ ਕੋਈ ਚੀਜ਼ ਚੋਰੀ ਕਰਨ,+ ਪਰ ਆਪਣੇ ਆਪ ਨੂੰ ਪੂਰੇ ਭਰੋਸੇ ਦੇ ਲਾਇਕ ਸਾਬਤ ਕਰਨ ਤਾਂਕਿ ਉਹ ਹਰ ਗੱਲ ਵਿਚ ਸਾਡੇ ਮੁਕਤੀਦਾਤੇ ਪਰਮੇਸ਼ੁਰ ਦੀ ਸਿੱਖਿਆ ਦੀ ਸ਼ੋਭਾ ਵਧਾਉਣ।+

11 ਪਰਮੇਸ਼ੁਰ ਨੇ ਆਪਣੀ ਅਪਾਰ ਕਿਰਪਾ ਜ਼ਾਹਰ ਕੀਤੀ ਹੈ ਜਿਸ ਰਾਹੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਮੁਕਤੀ ਮਿਲਦੀ ਹੈ।+ 12 ਇਹ ਅਪਾਰ ਕਿਰਪਾ ਸਾਨੂੰ ਬੁਰਾਈ ਅਤੇ ਦੁਨਿਆਵੀ ਇੱਛਾਵਾਂ ਨੂੰ ਤਿਆਗਣਾ+ ਅਤੇ ਇਸ ਦੁਨੀਆਂ* ਵਿਚ ਸਮਝਦਾਰੀ, ਨੇਕੀ ਅਤੇ ਭਗਤੀ ਨਾਲ ਜੀਵਨ ਗੁਜ਼ਾਰਨਾ ਸਿਖਾਉਂਦੀ ਹੈ।+ 13 ਇਸ ਦੇ ਨਾਲ-ਨਾਲ ਆਓ ਆਪਾਂ ਉਸ ਸਮੇਂ ਦੀ ਉਡੀਕ ਕਰੀਏ ਜਦੋਂ ਸਾਡੀ ਸ਼ਾਨਦਾਰ ਉਮੀਦ ਪੂਰੀ ਹੋਵੇਗੀ+ ਅਤੇ ਮਹਾਨ ਪਰਮੇਸ਼ੁਰ ਅਤੇ ਸਾਡੇ ਮੁਕਤੀਦਾਤੇ ਯਿਸੂ ਮਸੀਹ ਦੀ ਮਹਿਮਾ ਪ੍ਰਗਟ ਹੋਵੇਗੀ। 14 ਯਿਸੂ ਮਸੀਹ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ+ ਤਾਂਕਿ ਉਹ ਸਾਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਆਜ਼ਾਦ ਕਰੇ*+ ਅਤੇ ਸਾਨੂੰ ਸ਼ੁੱਧ ਕਰ ਕੇ ਆਪਣੇ ਖ਼ਾਸ ਲੋਕ ਬਣਾਵੇ ਜਿਹੜੇ ਜੋਸ਼ ਨਾਲ ਚੰਗੇ ਕੰਮ ਕਰਨ।+

15 ਤੂੰ ਪੂਰੇ ਅਧਿਕਾਰ ਨਾਲ ਇਹ ਗੱਲਾਂ ਸਿਖਾਉਂਦਾ ਰਹਿ, ਨਸੀਹਤਾਂ* ਦਿੰਦਾ ਰਹਿ ਅਤੇ ਤਾੜਨਾ ਦਿੰਦਾ ਰਹਿ।+ ਧਿਆਨ ਰੱਖ ਕਿ ਕੋਈ ਤੈਨੂੰ ਐਵੇਂ ਨਾ ਸਮਝੇ।

3 ਉਨ੍ਹਾਂ ਨੂੰ ਯਾਦ ਕਰਾਉਂਦਾ ਰਹਿ ਕਿ ਉਹ ਸਰਕਾਰਾਂ ਅਤੇ ਅਧਿਕਾਰੀਆਂ ਦੇ ਅਧੀਨ ਰਹਿਣ ਅਤੇ ਉਨ੍ਹਾਂ ਦਾ ਕਹਿਣਾ ਮੰਨਣ,+ ਹਰ ਚੰਗੇ ਕੰਮ ਲਈ ਤਿਆਰ ਰਹਿਣ, 2 ਕਿਸੇ ਬਾਰੇ ਬੁਰਾ-ਭਲਾ ਨਾ ਕਹਿਣ, ਲੜਾਈ-ਝਗੜੇ ਨਾ ਕਰਨ, ਅੜਬ ਨਾ ਹੋਣ+ ਅਤੇ ਸਾਰਿਆਂ ਨਾਲ ਹਮੇਸ਼ਾ ਨਰਮਾਈ ਨਾਲ ਪੇਸ਼ ਆਉਣ।+ 3 ਪਹਿਲਾਂ ਅਸੀਂ ਵੀ ਨਾਸਮਝ, ਅਣਆਗਿਆਕਾਰ ਅਤੇ ਭਟਕੇ ਹੋਏ ਸੀ, ਕਈ ਤਰ੍ਹਾਂ ਦੀਆਂ ਇੱਛਾਵਾਂ ਅਤੇ ਐਸ਼ਪਰਸਤੀ ਦੇ ਗ਼ੁਲਾਮ ਸੀ, ਬੁਰਾਈ ਅਤੇ ਈਰਖਾ ਕਰਦੇ ਸੀ, ਨੀਚ ਇਨਸਾਨ ਸੀ ਅਤੇ ਇਕ-ਦੂਜੇ ਨਾਲ ਨਫ਼ਰਤ ਕਰਦੇ ਸੀ।

4 ਪਰ ਜਦੋਂ ਸਾਡੇ ਮੁਕਤੀਦਾਤੇ ਪਰਮੇਸ਼ੁਰ ਨੇ ਇਨਸਾਨਾਂ ਲਈ ਆਪਣੀ ਦਇਆ+ ਅਤੇ ਪਿਆਰ ਜ਼ਾਹਰ ਕੀਤਾ, 5 ਤਾਂ ਉਸ ਨੇ ਸਾਨੂੰ ਸ਼ੁੱਧ ਕਰ ਕੇ* ਨਵੀਂ ਜ਼ਿੰਦਗੀ ਦਿੱਤੀ+ ਅਤੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਨੂੰ ਨਵਾਂ ਬਣਾਇਆ।+ ਇਸ ਤਰ੍ਹਾਂ ਉਸ ਨੇ ਸਾਨੂੰ ਬਚਾਇਆ। ਉਸ ਨੇ ਇਹ ਸਾਡੇ ਨੇਕ ਕੰਮਾਂ ਕਰਕੇ ਨਹੀਂ,+ ਸਗੋਂ ਆਪਣੀ ਰਹਿਮਦਿਲੀ ਕਰਕੇ ਕੀਤਾ।+ 6 ਉਸ ਨੇ ਸਾਡੇ ਮੁਕਤੀਦਾਤਾ ਯਿਸੂ ਮਸੀਹ ਰਾਹੀਂ ਦਿਲ ਖੋਲ੍ਹ ਕੇ ਸਾਨੂੰ ਇਹ ਸ਼ਕਤੀ ਦਿੱਤੀ ਹੈ+ 7 ਤਾਂਕਿ ਉਸ ਦੀ ਅਪਾਰ ਕਿਰਪਾ ਕਰਕੇ ਧਰਮੀ ਠਹਿਰਾਏ ਜਾਣ+ ਤੋਂ ਬਾਅਦ ਅਸੀਂ ਆਪਣੀ ਉਮੀਦ ਅਨੁਸਾਰ ਹਮੇਸ਼ਾ ਦੀ ਜ਼ਿੰਦਗੀ+ ਦੇ ਵਾਰਸ ਬਣੀਏ।+

8 ਇਨ੍ਹਾਂ ਗੱਲਾਂ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਇਨ੍ਹਾਂ ਮਾਮਲਿਆਂ ਉੱਤੇ ਜ਼ੋਰ ਦਿੰਦਾ ਰਹੇਂ ਤਾਂਕਿ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਵਾਲੇ ਇਨਸਾਨ ਆਪਣਾ ਧਿਆਨ ਚੰਗੇ ਕੰਮ ਕਰਨ ਉੱਤੇ ਲਾਈ ਰੱਖਣ। ਇਹ ਗੱਲਾਂ ਚੰਗੀਆਂ ਅਤੇ ਇਨਸਾਨਾਂ ਲਈ ਫ਼ਾਇਦੇਮੰਦ ਹਨ।

9 ਪਰ ਮੂਰਖਤਾ ਭਰੀ ਬਹਿਸਬਾਜ਼ੀ, ਵੰਸ਼ਾਵਲੀਆਂ, ਲੜਾਈ-ਝਗੜਿਆਂ ਅਤੇ ਮੂਸਾ ਦੇ ਕਾਨੂੰਨ ਬਾਰੇ ਵਾਦ-ਵਿਵਾਦ ਵਿਚ ਪੈਣ ਤੋਂ ਦੂਰ ਰਹਿ। ਇਨ੍ਹਾਂ ਤੋਂ ਕੋਈ ਫ਼ਾਇਦਾ ਨਹੀਂ ਹੁੰਦਾ ਅਤੇ ਇਹ ਵਿਅਰਥ ਹਨ।+ 10 ਕਿਸੇ ਹੋਰ ਪੰਥ+ ਦੀ ਸਿੱਖਿਆ ਦੇਣ ਵਾਲੇ ਨੂੰ ਦੋ ਵਾਰ ਚੇਤਾਵਨੀ* ਦੇ+ ਅਤੇ ਉਸ ਤੋਂ ਬਾਅਦ ਉਸ ਨਾਲ ਮਿਲਣਾ-ਗਿਲਣਾ ਛੱਡ ਦੇ+ 11 ਕਿਉਂਕਿ ਅਜਿਹੇ ਇਨਸਾਨ ਨੇ ਸਹੀ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ ਅਤੇ ਉਹ ਪਾਪ ਕਰ ਕੇ ਆਪਣੇ ਆਪ ਨੂੰ ਦੋਸ਼ੀ ਬਣਾਉਂਦਾ ਹੈ।

12 ਜਦੋਂ ਮੈਂ ਅਰਤਿਮਾਸ ਜਾਂ ਤੁਖੀਕੁਸ+ ਨੂੰ ਤੇਰੇ ਕੋਲ ਘੱਲਾਂ, ਤਾਂ ਤੂੰ ਮੇਰੇ ਕੋਲ ਨਿਕੁਪੁਲਿਸ ਵਿਚ ਆਉਣ ਦੀ ਪੂਰੀ ਕੋਸ਼ਿਸ਼ ਕਰੀਂ ਕਿਉਂਕਿ ਮੈਂ ਸਰਦੀਆਂ ਉੱਥੇ ਕੱਟਣ ਦਾ ਫ਼ੈਸਲਾ ਕੀਤਾ ਹੈ। 13 ਧਿਆਨ ਰੱਖੀਂ ਕਿ ਮੂਸਾ ਦੇ ਕਾਨੂੰਨ ਦੇ ਮਾਹਰ ਜ਼ੇਨਸ ਨੂੰ ਅਤੇ ਅਪੁੱਲੋਸ ਨੂੰ ਸਫ਼ਰ ਵਾਸਤੇ ਉਹ ਸਾਰੀਆਂ ਚੀਜ਼ਾਂ ਦਿੱਤੀਆਂ ਜਾਣ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ।+ 14 ਪਰ ਸਾਡੇ ਭਰਾ ਵੀ ਚੰਗੇ ਕੰਮਾਂ ਵਿਚ ਲੱਗੇ ਰਹਿਣਾ ਸਿੱਖਣ ਤਾਂਕਿ ਉਹ ਲੋੜ ਵੇਲੇ ਮਦਦ ਕਰ ਸਕਣ+ ਅਤੇ ਆਪਣੀ ਸੇਵਾ ਵਿਚ ਅਸਫ਼ਲ ਨਾ ਹੋਣ।+

15 ਮੇਰੇ ਨਾਲ ਜਿਹੜੇ ਵੀ ਭੈਣ-ਭਰਾ ਹਨ, ਉਨ੍ਹਾਂ ਸਾਰਿਆਂ ਵੱਲੋਂ ਤੈਨੂੰ ਨਮਸਕਾਰ। ਮੇਰੇ ਵੱਲੋਂ ਉਨ੍ਹਾਂ ਸਾਰੇ ਮਸੀਹੀ ਭੈਣਾਂ-ਭਰਾਵਾਂ ਨੂੰ ਨਮਸਕਾਰ ਜਿਹੜੇ ਸਾਡੇ ਨਾਲ ਪਿਆਰ ਕਰਦੇ ਹਨ।

ਤੁਹਾਡੇ ਸਾਰਿਆਂ ਉੱਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਹੋਵੇ।

ਜਾਂ, “ਬੇਕਾਬੂ ਰਵੱਈਏ।”

ਜਾਂ, “ਸੰਜਮੀ।”

ਜਾਂ, “ਦੀ ਕਲਾ।”

ਜਾਂ, “ਭਰੋਸੇਯੋਗ ਸੰਦੇਸ਼।”

ਜਾਂ, “ਗੁਣਕਾਰੀ; ਫ਼ਾਇਦੇਮੰਦ।”

ਜਾਂ, “ਨਸੀਹਤ।”

ਜਾਂ, “ਗੁਣਕਾਰੀ; ਫ਼ਾਇਦੇਮੰਦ।”

ਜਾਂ, “ਸਿਖਾਉਣ।”

ਜਾਂ ਸੰਭਵ ਹੈ, “ਸ਼ੁੱਧ ਤਰੀਕੇ ਨਾਲ।”

ਜਾਂ, “ਗੁਣਕਾਰੀ; ਫ਼ਾਇਦੇਮੰਦ।”

ਜਾਂ, “ਯੁਗ।” ਸ਼ਬਦਾਵਲੀ ਦੇਖੋ।

ਯੂਨਾ, “ਸਾਡੇ ਵਾਸਤੇ ਰਿਹਾਈ ਦੀ ਕੀਮਤ ਦੇਵੇ; ਸਾਨੂੰ ਛੁਡਾਵੇ।”

ਜਾਂ, “ਹੱਲਾਸ਼ੇਰੀ।”

ਯੂਨਾ, “ਇਸ਼ਨਾਨ ਕਰਾ ਕੇ।”

ਜਾਂ, “ਸਖ਼ਤੀ ਨਾਲ ਸਮਝਾ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ