ਵਧਦੀ ਮਹਿੰਗਾਈ ਕਿਵੇਂ ਕਰੀਏ ਗੁਜ਼ਾਰਾ?
ਹਕੀਕਤ ਸਵੀਕਾਰ ਕਰੋ
ਜਦੋਂ ਚੀਜ਼ਾਂ ਦੇ ਭਾਅ ਹੌਲੀ-ਹੌਲੀ ਵਧਦੇ ਹਨ ਤੇ ਸਾਡੀ ਕਮਾਈ ਵੀ ਵਧਦੀ ਹੈ, ਤਾਂ ਸਾਨੂੰ ਸ਼ਾਇਦ ਬਹੁਤਾ ਫ਼ਰਕ ਨਾ ਪਵੇ। ਪਰ ਜੇ ਕੀਮਤਾਂ ਇਕਦਮ ਵਧ ਜਾਂਦੀਆਂ ਹਨ ਅਤੇ ਸਾਡੀ ਤਨਖ਼ਾਹ ਪਹਿਲਾਂ ਜਿੰਨੀ ਰਹਿੰਦੀ ਹੈ, ਤਾਂ ਸਾਨੂੰ ਚਿੰਤਾ ਹੋਣ ਲੱਗ ਜਾਂਦੀ ਹੈ। ਖ਼ਾਸ ਕਰਕੇ ਜੇ ਪਰਿਵਾਰ ਦਾ ਗੁਜ਼ਾਰਾ ਤੋਰਨ ਦੀ ਜ਼ਿੰਮੇਵਾਰੀ ਸਾਡੇ ਉੱਤੇ ਹੈ, ਤਾਂ ਸਾਡੀ ਪਰੇਸ਼ਾਨੀ ਹੋਰ ਵੀ ਵਧ ਜਾਂਦੀ ਹੈ।
ਅਸੀਂ ਵਧਦੀਆਂ ਕੀਮਤਾਂ ਨੂੰ ਰੋਕ ਨਹੀਂ ਸਕਦੇ। ਪਰ ਇਸ ਹਕੀਕਤ ਨੂੰ ਸਵੀਕਾਰ ਕਰਨ ਨਾਲ ਸਾਡਾ ਹੀ ਭਲਾ ਹੋਵੇਗਾ।
ਇੱਦਾਂ ਕਰਨਾ ਕਿਉਂ ਜ਼ਰੂਰੀ ਹੈ?
ਜਿਹੜੇ ਲੋਕ ਮੰਨਦੇ ਹਨ ਕਿ ਮਹਿੰਗਾਈ ਨੂੰ ਰੋਕਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ, ਉਹ . . .
ਸ਼ਾਂਤ ਰਹਿੰਦੇ ਹਨ। ਜਦੋਂ ਅਸੀਂ ਸ਼ਾਂਤ ਰਹਿੰਦੇ ਹਾਂ, ਉਦੋਂ ਅਸੀਂ ਚੰਗੀ ਤਰ੍ਹਾਂ ਸੋਚ ਪਾਉਂਦੇ ਹਾਂ ਤੇ ਵਧੀਆ ਫ਼ੈਸਲੇ ਕਰਦੇ ਹਾਂ।
ਸਮਝਦਾਰੀ ਤੋਂ ਕੰਮ ਲੈਂਦੇ ਹਨ। ਮਿਸਾਲ ਲਈ, ਜੇ ਅਸੀਂ ਆਪਣੇ ਬਿਲ ਨਹੀਂ ਦੇਵਾਂਗੇ ਜਾਂ ਫ਼ਜ਼ੂਲ ਦੀਆਂ ਚੀਜ਼ਾਂ ʼਤੇ ਪੈਸੇ ਖ਼ਰਚਾਂਗੇ, ਤਾਂ ਇਹ ਬੇਵਕੂਫ਼ੀ ਹੋਵੇਗੀ।
ਪੈਸਿਆਂ ਨੂੰ ਲੈ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਝਗੜਾ ਨਹੀਂ ਕਰਦੇ।
ਮਹਿੰਗਾਈ ਨਾਲ ਸਿੱਝਣ ਵਾਸਤੇ ਵੱਖੋ-ਵੱਖਰੇ ਤਰੀਕੇ ਲੱਭਦੇ ਹਨ, ਜਿਵੇਂ ਆਪਣੇ ਖ਼ਰਚੇ ਘਟਾਉਣੇ ਅਤੇ ਉਹੀ ਚੀਜ਼ਾਂ ਖ਼ਰੀਦਣੀਆਂ ਜੋ ਜ਼ਰੂਰੀ ਹਨ।
ਤੁਸੀਂ ਇੱਦਾਂ ਕਿਵੇਂ ਕਰ ਸਕਦੇ ਹੋ?
ਫੇਰ-ਬਦਲ ਕਰਨ ਲਈ ਤਿਆਰ ਰਹੋ। ਜਦੋਂ ਮਹਿੰਗਾਈ ਵਧਦੀ ਹੈ, ਤਾਂ ਸਮਝਦਾਰੀ ਇਸੇ ਵਿਚ ਹੋਵੇਗੀ ਕਿ ਅਸੀਂ ਆਪਣੇ ਖ਼ਰਚੇ ਘਟਾ ਦੇਈਏ। ਕੁਝ ਲੋਕ ਪੈਸੇ ਨਾ ਹੋਣ ਦੇ ਬਾਵਜੂਦ ਵੀ ਠਾਠ-ਬਾਠ ਨਾਲ ਜੀਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਇੱਦਾਂ ਹੈ ਜਿਵੇਂ ਕਿ ਉਹ ਨਦੀ ਦੇ ਤੇਜ਼ ਵਹਾਅ ਦੇ ਉਲਟ ਤੈਰਨ ਦੀ ਕੋਸ਼ਿਸ਼ ਰਹੇ ਹੋਣ! ਨਤੀਜੇ ਵਜੋਂ, ਉਹ ਥੱਕ ਕੇ ਚੂਰ ਹੋ ਜਾਂਦੇ ਹਨ। ਜੇ ਤੁਹਾਡਾ ਪਰਿਵਾਰ ਹੈ, ਤਾਂ ਤੁਹਾਨੂੰ ਸ਼ਾਇਦ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਚਿੰਤਾ ਹੋਵੇ ਤੇ ਇਹ ਚਿੰਤਾ ਕਰਨੀ ਜਾਇਜ਼ ਵੀ ਹੈ। ਪਰ ਯਾਦ ਰੱਖੋ: ਤੁਹਾਡੇ ਪਰਿਵਾਰ ਦੇ ਮੈਂਬਰਾਂ ਨੂੰ ਤੁਹਾਡਾ ਪਿਆਰ ਅਤੇ ਸਮਾਂ ਚਾਹੀਦਾ ਹੈ ਤੇ ਉਹ ਚਾਹੁੰਦੇ ਕਿ ਤੁਸੀਂ ਉਨ੍ਹਾਂ ਵੱਲ ਧਿਆਨ ਦਿਓ।
ਆਪਣੀ ਹੈਸੀਅਤ ਤੋਂ ਬਾਹਰ ਠਾਠ-ਬਾਠ ਨਾਲ ਜੀਉਣ ਦੀ ਕੋਸ਼ਿਸ਼ ਕਰਨਾ ਇੱਦਾਂ ਹੈ ਜਿਵੇਂ ਨਦੀ ਦੇ ਤੇਜ਼ ਵਹਾਅ ਦੇ ਉਲਟ ਤੈਰਨ ਦੀ ਕੋਸ਼ਿਸ਼ ਕਰਨਾ