ਵਧਦੀ ਮਹਿੰਗਾਈ ਕਿਵੇਂ ਕਰੀਏ ਗੁਜ਼ਾਰਾ?
ਸੋਚ-ਸਮਝ ਕੇ ਪੈਸੇ ਖ਼ਰਚੋ
ਮਹਿੰਗਾਈ ਵਧਣ ਤੇ ਅਸੀਂ ਸਾਰੇ ਪਰੇਸ਼ਾਨ ਹੋ ਜਾਂਦੇ ਹਾਂ। ਪਰ ਇਹ ਨਾ ਸੋਚੋ ਕਿ ਤੁਸੀਂ ਕੁਝ ਕਰ ਹੀ ਨਹੀਂ ਸਕਦੇ। ਤੁਸੀਂ ਆਪਣੇ ਹਾਲਾਤ ਸੁਧਾਰਨ ਲਈ ਕੁਝ ਕਦਮ ਚੁੱਕ ਸਕਦੇ ਹੋ।
ਇੱਦਾਂ ਕਰਨਾ ਕਿਉਂ ਜ਼ਰੂਰੀ ਹੈ?
ਜੇ ਤੁਸੀਂ ਸੋਚ-ਸਮਝ ਕੇ ਪੈਸੇ ਨਹੀਂ ਖ਼ਰਚੋਗੇ, ਤਾਂ ਤੁਹਾਨੂੰ ਹੋਰ ਵੀ ਪੈਸਿਆਂ ਦੀ ਤੰਗੀ ਹੋ ਜਾਵੇਗੀ ਤੇ ਤੁਹਾਡੀ ਚਿੰਤਾ ਵਧ ਜਾਵੇਗੀ। ਭਾਵੇਂ ਤੁਹਾਡੇ ਕੋਲ ਥੋੜ੍ਹੇ ਪੈਸੇ ਹਨ, ਫਿਰ ਵੀ ਤੁਸੀਂ ਇਨ੍ਹਾਂ ਪੈਸਿਆਂ ਨੂੰ ਸਹੀ ਢੰਗ ਨਾਲ ਵਰਤਣ ਲਈ ਕਾਫ਼ੀ ਕੁਝ ਕਰ ਸਕਦੇ ਹੋ।
ਤੁਸੀਂ ਇੱਦਾਂ ਕਿਵੇਂ ਕਰ ਸਕਦੇ ਹੋ?
ਚਾਦਰ ਦੇਖ ਕੇ ਪੈਰ ਪਸਾਰੋ। ਜੇ ਤੁਸੀਂ ਆਪਣੀ ਕਮਾਈ ਦੇ ਹਿਸਾਬ ਨਾਲ ਪੈਸੇ ਖ਼ਰਚੋਗੇ, ਤਾਂ ਤੁਹਾਡੀ ਚਿੰਤਾ ਘਟੇਗੀ। ਤੁਹਾਡੇ ਕੋਲ ਕੁਝ ਪੈਸੇ ਵੀ ਬਚਣਗੇ ਜੋ ਭਵਿੱਖ ਵਿਚ ਅਚਾਨਕ ਕੋਈ ਖ਼ਰਚਾ ਆਉਣ ਤੇ ਤੁਹਾਡੇ ਕੰਮ ਆਉਣਗੇ।
ਇਸ ਤਰ੍ਹਾਂ ਕਰਨ ਲਈ ਬਜਟ ਬਣਾਓ। ਕਹਿਣ ਦਾ ਮਤਲਬ ਕਿ ਦੇਖੋ ਤੁਸੀਂ ਕਿੰਨੇ ਪੈਸੇ ਕਮਾਉਂਦੇ ਹੋ ਅਤੇ ਫਿਰ ਸੋਚੋ ਕਿ ਤੁਸੀਂ ਕਿੰਨੇ ਪੈਸੇ ਖ਼ਰਚੋਗੇ। ਬਜਟ ਬਣਾਉਂਦਿਆਂ ਧਿਆਨ ਦਿਓ ਕਿ ਕਿਸੇ ਚੀਜ਼ ਦੀ ਤੁਹਾਨੂੰ ਸੱਚ-ਮੁੱਚ ਲੋੜ ਹੈ ਜਾਂ ਨਹੀਂ। ਬਜਟ ਬਣਾਉਣ ਤੋਂ ਬਾਅਦ ਫਿਰ ਉਸੇ ਹਿਸਾਬ ਨਾਲ ਪੈਸੇ ਖ਼ਰਚੋ। ਨਾਲੇ ਜਦੋਂ ਚੀਜ਼ਾਂ ਦੇ ਭਾਅ ਬਦਲ ਜਾਂਦੇ ਹਨ ਜਾਂ ਤੁਹਾਡੀ ਆਮਦਨ ਵਿਚ ਕੋਈ ਬਦਲਾਅ ਆਉਂਦਾ ਹੈ, ਤਾਂ ਆਪਣੇ ਬਜਟ ਵਿਚ ਫੇਰ-ਬਦਲ ਕਰੋ। ਜੇ ਤੁਹਾਡਾ ਵਿਆਹ ਹੋਇਆ ਹੈ, ਤਾਂ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਇਸ ਬਾਰੇ ਆਪਣੇ ਜੀਵਨ ਸਾਥੀ ਨਾਲ ਗੱਲ ਕਰੋ।
ਇੱਦਾਂ ਕਰ ਕੇ ਦੇਖੋ: ਕ੍ਰੈਡਿਟ ਕਾਰਡ ਨਾਲ ਜਾਂ ਉਧਾਰ ਚੀਜ਼ਾਂ ਖ਼ਰੀਦਣ ਦੀ ਬਜਾਇ ਹੋ ਸਕੇ ਤਾਂ ਉਸੇ ਸਮੇਂ ਪੈਸੇ ਦੇ ਕੇ ਚੀਜ਼ਾਂ ਖ਼ਰੀਦੋ। ਕੁਝ ਲੋਕਾਂ ਨੇ ਦੇਖਿਆ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਬਜਟ ਮੁਤਾਬਕ ਪੈਸੇ ਖ਼ਰਚਦੇ ਹਨ ਅਤੇ ਕਰਜ਼ੇ ਥੱਲੇ ਆਉਣ ਤੋਂ ਵੀ ਬਚੇ ਰਹਿੰਦੇ ਹਨ। ਇਸ ਤੋਂ ਇਲਾਵਾ, ਸਮਾਂ ਕੱਢ ਕੇ ਆਪਣੀ ਬੈਂਕ ਸਟੇਟਮੈਂਟ ਦੇਖੋ ਜਾਂ ਕਾਪੀ ʼਤੇ ਲਿਖ ਲਓ ਕਿ ਹਰ ਦਿਨ ਜਾਂ ਹਰ ਮਹੀਨੇ ਤੁਹਾਡੇ ਕੋਲ ਕਿੰਨੇ ਪੈਸੇ ਆਏ ਤੇ ਤੁਸੀਂ ਕਿੰਨੇ ਖ਼ਰਚੇ ਹਨ। ਇਸ ਤਰ੍ਹਾਂ ਤੁਹਾਨੂੰ ਪਤਾ ਹੋਵੇਗਾ ਕਿ ਤੁਹਾਡੇ ਕੋਲ ਕਿੰਨੇ ਪੈਸੇ ਬਚੇ ਹਨ ਤੇ ਫਿਰ ਤੁਸੀਂ ਜ਼ਿਆਦਾ ਪਰੇਸ਼ਾਨ ਨਹੀਂ ਹੋਵੋਗੇ।
ਘੱਟ ਪੈਸਿਆਂ ਨਾਲ ਗੁਜ਼ਾਰਾ ਕਰਨਾ ਸ਼ਾਇਦ ਔਖਾ ਲੱਗੇ। ਪਰ ਜੇ ਤੁਸੀਂ ਸੋਚ-ਸਮਝ ਕੇ ਇਕ ਚੰਗਾ ਬਜਟ ਬਣਾਓਗੇ, ਤਾਂ ਤੁਹਾਡੀ ਕਾਫ਼ੀ ਮਦਦ ਹੋ ਸਕਦੀ ਹੈ। ਇੱਦਾਂ ਪੈਸਿਆਂ ਕਰਕੇ ਤੁਸੀਂ ਜ਼ਿਆਦਾ ਚਿੰਤਾ ਨਹੀਂ ਕਰੋਗੇ।
ਆਪਣਾ ਕੰਮ ਜਾਂ ਨੌਕਰੀ ਹੱਥੋਂ ਨਾ ਜਾਣ ਦਿਓ। ਇਸ ਵਾਸਤੇ ਤੁਸੀਂ ਕੀ ਕਰ ਸਕਦੇ ਹੋ? ਤੁਸੀਂ ਇਹ ਕੁਝ ਕਦਮ ਉਠਾ ਸਕਦੇ ਹੋ: ਕੰਮ ʼਤੇ ਸਮੇਂ ਸਿਰ ਪਹੁੰਚੋ। ਆਪਣੇ ਕੰਮ ਬਾਰੇ ਸਹੀ ਨਜ਼ਰੀਆ ਰੱਖੋ। ਦੂਜਿਆਂ ਦੀ ਮਦਦ ਕਰਨ ਵਿਚ ਪਹਿਲ ਕਰੋ ਤੇ ਮਿਹਨਤੀ ਬਣੋ। ਦੂਜਿਆਂ ਦੀ ਇੱਜ਼ਤ ਕਰੋ। ਕਾਇਦੇ-ਕਾਨੂੰਨਾਂ ʼਤੇ ਚੱਲੋ ਅਤੇ ਆਪਣੇ ਹੁਨਰਾਂ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦੇ ਰਹੋ।
ਫ਼ਜ਼ੂਲ ਪੈਸੇ ਨਾ ਖ਼ਰਚੋ। ਆਪਣੇ ਆਪ ਤੋਂ ਪੁੱਛੋ, ‘ਕੀ ਮੈਂ ਅਕਸਰ ਜ਼ਿਆਦਾ ਪੈਸੇ ਗ਼ੈਰ-ਜ਼ਰੂਰੀ ਚੀਜ਼ਾਂ ਜਾਂ ਬੁਰੀਆਂ ਆਦਤਾਂ ʼਤੇ ਉਡਾ ਦਿੰਦਾ ਹਾਂ?’ ਮਿਸਾਲ ਲਈ, ਬਹੁਤ ਸਾਰੇ ਲੋਕ ਆਪਣੀ ਮਿਹਨਤ ਦੀ ਕਮਾਈ ਨੂੰ ਨਸ਼ੇ ਕਰਨ, ਜੂਆ ਖੇਡਣ, ਸਿਗਰਟ ਪੀਣ ਜਾਂ ਬਹੁਤ ਜ਼ਿਆਦਾ ਸ਼ਰਾਬ ਪੀਣ ਤੇ ਬਰਬਾਦ ਕਰ ਦਿੰਦੇ ਹਨ। ਇਨ੍ਹਾਂ ਬੁਰੀਆਂ ਆਦਤਾਂ ਕਰਕੇ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਜਾਂਦੀ ਹੈ ਤੇ ਕੰਮ ਜਾਂ ਨੌਕਰੀ ਵੀ ਹੱਥੋਂ ਜਾਂਦੀ ਲੱਗਦੀ ਹੈ।
ਮੁਸ਼ਕਲ ਘੜੀ ਲਈ ਪੈਸੇ ਬਚਾ ਕੇ ਰੱਖੋ। ਹੋ ਸਕੇ ਤਾਂ ਕੁਝ ਪੈਸੇ ਬਚਾ ਕੇ ਰੱਖੋ ਤਾਂਕਿ ਅਚਾਨਕ ਕੋਈ ਵੱਡਾ ਖ਼ਰਚਾ ਆਉਣ ਜਾਂ ਕੋਈ ਮੁਸ਼ਕਲ ਖੜ੍ਹੀ ਹੋਣ ਤੇ ਇਹ ਪੈਸਾ ਤੁਹਾਡੇ ਕੰਮ ਆ ਸਕੇ। ਮਿਸਾਲ ਲਈ, ਹੋ ਸਕਦਾ ਹੈ ਕਿ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਅਚਾਨਕ ਬੀਮਾਰ ਹੋ ਜਾਵੇ, ਤੁਹਾਡੀ ਨੌਕਰੀ ਛੁੱਟ ਜਾਵੇ ਜਾਂ ਅਚਾਨਕ ਕੋਈ ਘਟਨਾ ਵਾਪਰ ਜਾਵੇ। ਉਸ ਵੇਲੇ ਜੇ ਤੁਹਾਡੇ ਕੋਲ ਕੁਝ ਪੈਸੇ ਹੋਣਗੇ, ਤਾਂ ਤੁਹਾਨੂੰ ਬਹੁਤੀ ਚਿੰਤਾ ਨਹੀਂ ਹੋਵੇਗੀ।