ਬਹੁਤ ਸਾਰੇ ਨਿਹਚਾਵਾਨ ਹੋਣ ਦਾ ਦਾਅਵਾ ਕਰਦੇ ਹਨ
“ਯਿਸੂ ਮਹਾਨ ਹੈ! ਉਹ ਅਤਿ-ਉੱਤਮ ਹੈ!” ਬ੍ਰਾਜ਼ੀਲ ਦੀ ਇਕ ਧਾਰਮਿਕ ਤੀਵੀਂ ਨੇ ਕਿਹਾ। ਯਿਸੂ ਦੇ ਨਾਂ ਵਿਚ ਸੱਚ-ਮੁੱਚ ਵੱਡੀ ਤਾਕਤ ਹੈ। ਪੂਰੇ ਇਤਿਹਾਸ ਦੇ ਦੌਰਾਨ, ਲੋਕਾਂ ਨੇ ਖ਼ੁਸ਼ੀ-ਖ਼ੁਸ਼ੀ ਉਸ ਦੀ ਖ਼ਾਤਰ ਤਸੀਹੇ ਝੱਲੇ ਹਨ, ਅਤੇ ਉਸ ਲਈ ਆਪਣੀ ਜਾਨ ਦਿੱਤੀ ਹੈ।
ਰਸੂਲ ਪਤਰਸ ਅਤੇ ਯੂਹੰਨਾ ਨੇ ਯਰੂਸ਼ਲਮ ਵਿਚ ‘ਯਿਸੂ ਦੇ ਨਾਮ ਦਾ’ ਪ੍ਰਚਾਰ ਕੀਤਾ। ਇਸੇ ਕਾਰਨ, ਉਨ੍ਹਾਂ ਨੂੰ ਗਿਰਫ਼ਤਾਰ ਕਰ ਕੇ ਮਾਰਿਆ-ਕੁੱਟਿਆ ਗਿਆ। ਫਿਰ ਵੀ “ਓਹ ਇਸ ਗੱਲ ਤੋਂ ਅਨੰਦ ਕਰਦੇ ਹੋਏ ਜੋ ਅਸੀਂ ਉਸ ਨਾਮ ਦੇ ਕਾਰਨ ਬੇਪਤ ਹੋਣ ਦੇ ਜੋਗ ਗਿਣੇ ਗਏ ਮਹਾਂ ਸਭਾ ਦੇ ਸਾਹਮਣਿਓਂ ਚੱਲੇ ਗਏ।”—ਰਸੂਲਾਂ ਦੇ ਕਰਤੱਬ 5:28, 41.
ਪਹਿਲੀ ਸਦੀ ਦੇ ਇਕ ਹੋਰ ਮਸੀਹੀ ਅੰਤਿਪਾਸ ਨੇ ਵੀ ਯਿਸੂ ਦੇ ਨਾਂ ਲਈ ਸ਼ਰਧਾ ਦਿਖਾਈ। ਬਾਈਬਲ ਦੀ ਆਖ਼ਰੀ ਪੁਸਤਕ, ਪਰਕਾਸ਼ ਦੀ ਪੋਥੀ ਵਿਚ ਯਿਸੂ ਉਸ ਨੂੰ “ਮੇਰਾ ਗਵਾਹ ਅਤੇ ਮੇਰਾ ਮਾਤਬਰ ਜਨ” ਸੱਦਦਾ ਹੈ, “ਜਿਹੜਾ ਤੁਹਾਡੇ ਵਿੱਚ ਉੱਥੇ ਮਾਰਿਆ ਗਿਆ ਜਿੱਥੇ ਸ਼ਤਾਨ ਵੱਸਦਾ ਹੈ।” (ਪਰਕਾਸ਼ ਦੀ ਪੋਥੀ 2:13) ਪਰਗਮੁਮ ਵਿਚ ਹੋਰ ਮਸੀਹੀਆਂ ਦੇ ਨਾਲ, ਅੰਤਿਪਾਸ ਨੇ ਮਸੀਹ ਦਾ ਇਨਕਾਰ ਨਹੀਂ ਕੀਤਾ। ਅੰਤਿਪਾਸ ਨੇ ਯਿਸੂ ਦੇ ਨਾਂ ਦੀ ਖ਼ਾਤਰ ਆਪਣੀ ਜਾਨ ਤਕ ਦੇ ਦਿੱਤੀ!
ਲਗਭਗ ਅੱਧੀ ਸਦੀ ਬਾਅਦ, 155 ਸਾ.ਯੁ. ਵਿਚ ਪੋਲੀਕਾਰਪ ਨਾਂ ਦੇ ਇਕ ਮਸੀਹੀ ਨੇ ਇਸੇ ਤਰ੍ਹਾਂ ਦੀ ਪਰੀਖਿਆ ਦਾ ਸਾਮ੍ਹਣਾ ਕੀਤਾ। ਜਦੋਂ ਉਸ ਨੂੰ ਹੁਕਮ ਦਿੱਤਾ ਗਿਆ ਕਿ ਉਹ ਮਸੀਹ ਦੀ ਨਿੰਦਿਆ ਕਰੇ, ਤਾਂ ਉਸ ਨੇ ਉੱਤਰ ਦਿੱਤਾ: “ਮੈਂ ਛਿਆਸੀ ਸਾਲਾਂ ਤਕ ਉਸ ਦੀ ਸੇਵਾ ਕੀਤੀ ਹੈ ਅਤੇ ਉਸ ਨੇ ਮੇਰੇ ਨਾਲ ਕੁਝ ਵੀ ਬੁਰਾ ਨਹੀਂ ਕੀਤਾ। ਮੈਂ ਉਸ ਰਾਜੇ ਦੀ ਕਿਸ ਤਰ੍ਹਾਂ ਨਿੰਦਿਆ ਕਰ ਸਕਦਾ ਹਾਂ ਜਿਸ ਨੇ ਮੈਨੂੰ ਬਚਾਇਆ ਹੈ?” ਮਸੀਹ ਦਾ ਇਨਕਾਰ ਨਾ ਕਰਨ ਕਰਕੇ ਪੋਲੀਕਾਰਪ ਨੂੰ ਸੂਲੀ ਤੇ ਲਟਕਾ ਕੇ ਸਾੜ ਦਿੱਤਾ ਗਿਆ।
ਸਾਰੇ ਰਸੂਲ, ਅੰਤਿਪਾਸ, ਅਤੇ ਦੂਸਰੇ ਲੋਕ ਮਸੀਹ ਬਾਰੇ ਆਪਣੀ ਗਵਾਹੀ ਨੂੰ ਪ੍ਰਮਾਣਿਤ ਕਰਨ ਲਈ ਆਪਣੀ ਜਾਨ ਤਕ ਦੇਣ ਲਈ ਤਿਆਰ ਸਨ! ਅੱਜ ਦੇ ਲੋਕਾਂ ਬਾਰੇ ਕੀ?
ਅੱਜ ਯਿਸੂ ਦਾ ਨਾਮ
ਯਿਸੂ ਦਾ ਨਾਂ ਅੱਜ ਵੀ ਲੋਕਾਂ ਵਿਚ ਪ੍ਰਬਲ ਭਾਵਨਾਵਾਂ ਜਗਾਉਂਦਾ ਹੈ। ਹਾਲ ਹੀ ਦੇ ਦਹਾਕਿਆਂ ਵਿਚ, ਲਾਤੀਨੀ ਅਮਰੀਕਾ ਵਿਚ ਯਿਸੂ ਨੂੰ ਮੰਨਣ ਦਾ ਦਾਅਵਾ ਕਰਨ ਵਾਲੇ ਗਿਰਜੇ ਬਹੁਤ ਵੱਧ ਗਏ ਹਨ। ਛੋਟੇ ਤੋਂ ਛੋਟੇ ਪਿੰਡਾਂ ਵਿਚ ਵੀ ਪੈਂਟਕਾਸਟਲ ਗਿਰਜੇ ਹਨ। ਪਰੰਤੂ, ਇਨ੍ਹਾਂ ਗਿਰਜਿਆਂ ਦਾ ਰਾਜਨੀਤਿਕ ਪ੍ਰਭਾਵ ਵੀ ਵੱਧ ਰਿਹਾ ਹੈ। ਉਦਾਹਰਣ ਵਜੋਂ, ਬ੍ਰਾਜ਼ੀਲ ਦੀ ਕਾਂਗਰਸ ਅਤੇ ਵਿਧਾਨ ਸਭਾ ਵਿਚ ਇਨ੍ਹਾਂ ਗਿਰਜਿਆਂ ਦੇ ਮੈਂਬਰਾਂ ਦੀਆਂ 31 ਸੀਟਾਂ ਹਨ।
ਸੰਯੁਕਤ ਰਾਜ ਅਮਰੀਕਾ ਵਿਚ ਯਿਸੂ ਦੇ ਨਾਂ ਤੇ ਇਕ ਨਵਾਂ ਧਾਰਮਿਕ ਸੰਗਠਨ ਸ਼ੁਰੂ ਹੋਇਆ ਹੈ। ਇਸ ਦੇ ਪੈਰੋਕਾਰ ਆਪਣੇ ਆਪ ਨੂੰ ਵਾਅਦਾ ਨਿਭਾਉਣ ਵਾਲੇ (Promise Keepers) ਕਹਿੰਦੇ ਹਨ। ਟਾਈਮ ਰਸਾਲੇ ਨੇ 1997 ਵਿਚ ਰਿਪੋਰਟ ਕੀਤੀ ਕਿ ਉਨ੍ਹਾਂ ਦੀਆਂ ਸਭਾਵਾਂ ਵਿਚ ਹਾਜ਼ਰੀ ਦੀ ਸੰਖਿਆ 1991 ਵਿਚ 4,200 ਤੋਂ ਲੈ ਕੇ 1996 ਵਿਚ 11 ਲੱਖ ਤਕ ਵੱਧ ਗਈ। ਉਨ੍ਹਾਂ ਦਾ ਇਕ ਭਜਨ ਕਹਿੰਦਾ ਹੈ: “ਓ ਮੇਰੇ ਸਦੀਪਕਾਲ ਦੇ ਮੁਕਤੀਦਾਤਾ, ਯਿਸੂ ਰਾਹੀਂ ਜਿੱਤ।”
ਪਰੰਤੂ, ਯਿਸੂ ਦਾ ਨਾਂ ਹਮੇਸ਼ਾ ਚੰਗੀਆਂ ਭਾਵਨਾਵਾਂ ਨਹੀਂ ਜਗਾਉਂਦਾ। ਅਕਸਰ ਯਿਸੂ ਦੇ ਨਾਂ ਤੇ ਲੜਾਈਆਂ ਹੋਈਆਂ ਹਨ। ਯਹੂਦੀ ਜਾਨੋਂ ਮਾਰੇ ਗਏ, ਗ਼ੈਰ-ਈਸਾਈਆਂ ਦਾ ਕਤਲ ਕੀਤਾ ਗਿਆ, ਗਿਰਜੇ ਦੇ ਵਿਰੋਧੀਆਂ ਨੂੰ ਤਸੀਹੇ ਦਿੱਤੇ ਗਏ, ਉਨ੍ਹਾਂ ਨੂੰ ਅਪਾਹਜ ਬਣਾਇਆ ਗਿਆ ਅਤੇ ਸੂਲੀ ਤੇ ਲਟਕਾ ਕੇ ਸਾੜ ਦਿੱਤਾ ਗਿਆ—ਸਭ ਕੁਝ ਯਿਸੂ ਦੇ ਨਾਂ ਤੇ ਕੀਤਾ ਗਿਆ। ਹਾਲ ਹੀ ਦੇ ਸਾਲਾਂ ਵਿਚ, ਧਰਮ-ਪ੍ਰਚਾਰ ਰਾਹੀਂ ਮੁਨਾਫ਼ਾ ਕਮਾਉਣ ਕਰਕੇ ਗਿਰਜਿਆਂ ਦੀ ਕਾਫ਼ੀ ਬਦਨਾਮੀ ਹੋਈ ਹੈ। ਇਹ ਸਭ ਕੁਝ ਯਿਸੂ ਦੇ ਨਾਂ ਦੀ ਅਤੇ ਉਨ੍ਹਾਂ ਸਾਰੀਆਂ ਗੱਲਾਂ ਦੀ ਘਿਣਾਉਣੀ ਅਤੇ ਗ਼ਲਤ ਵਰਤੋਂ ਹੈ, ਜਿਨ੍ਹਾਂ ਗੱਲਾਂ ਨੂੰ ਇਹ ਨਾਂ ਦਰਸਾਉਂਦਾ ਹੈ!
ਇਸ ਤੋਂ ਇਲਾਵਾ, ਕੁਝ ਢੁਕਵੇਂ ਸਵਾਲ ਪੈਦਾ ਹੁੰਦੇ ਹਨ: ਯਿਸੂ ਦੇ ਨਾਂ ਵਿਚ ਨਿਹਚਾ ਰੱਖਣ ਵਿਚ ਕੀ ਕੁਝ ਸ਼ਾਮਲ ਹੈ? ਅਤੇ ਯਹੋਵਾਹ ਦੇ ਗਵਾਹਾਂ ਦਾ ਇਸ ਵਿਸ਼ੇ ਬਾਰੇ ਕੀ ਦ੍ਰਿਸ਼ਟੀਕੋਣ ਹੈ? ਅਗਲਾ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।