ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w98 12/1 ਸਫ਼ੇ 4-7
  • ਉਹ ਨਾਂ ਜੋ ਸੱਚੀ ਨਿਹਚਾ ਵੱਲ ਲੈ ਜਾਂਦਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਉਹ ਨਾਂ ਜੋ ਸੱਚੀ ਨਿਹਚਾ ਵੱਲ ਲੈ ਜਾਂਦਾ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਿਸੂ ਦਾ ਨਾਂ ਕੀ ਦਰਸਾਉਂਦਾ ਹੈ
  • ਯਿਸੂ ਵਿਚ ਨਿਹਚਾ ਜਾਂ ਕੈਸਰ ਵਿਚ?
  • ਵਰਤਮਾਨ ਸਮੇਂ ਵਿਚ ਮੁਢਲੇ ਮਸੀਹੀਆਂ ਦੀ ਨਕਲ ਕਰਨਾ
  • ਯਿਸੂ ਦੇ ਨਾਂ ਵਿਚ ਨਿਹਚਾ ਰੱਖਣ ਦਾ ਅਰਥ
  • ਤੁਹਾਡੇ ਲਈ ਯਹੋਵਾਹ ਦਾ ਨਾਂ ਕਿੰਨਾ ਕੁ ਮਾਅਨੇ ਰੱਖਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਰੱਬ ਦਾ ਨਾਮ
    ਜਾਗਰੂਕ ਬਣੋ!—2017
  • ਯਿਸੂ ਲਈ ਯਹੋਵਾਹ ਦਾ ਨਾਂ ਕਿੰਨਾ ਕੁ ਮਾਅਨੇ ਰੱਖਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਯਹੋਵਾਹ ਦੇ ਮਹਾਨ ਨਾਂ ਦੀ ਵਡਿਆਈ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
w98 12/1 ਸਫ਼ੇ 4-7

ਉਹ ਨਾਂ ਜੋ ਸੱਚੀ ਨਿਹਚਾ ਵੱਲ ਲੈ ਜਾਂਦਾ ਹੈ

ਇਕ ਤੀਵੀਂ ਨੇ ਇਕ ਯਹੋਵਾਹ ਦੇ ਗਵਾਹ ਨੂੰ ਕਿਹਾ: “ਤੁਸੀਂ ਯਿਸੂ ਅਤੇ ਉਸ ਦੇ ਮੁਕਤੀ ਦਿਵਾਉਣ ਵਾਲੇ ਲਹੂ ਵਿਚ ਵਿਸ਼ਵਾਸ ਨਹੀਂ ਕਰਦੇ।” ਅਤੇ ਇਕ ਆਦਮੀ ਨੇ ਵੀ ਦ੍ਰਿੜ੍ਹਤਾ ਨਾਲ ਕਿਹਾ: “ਤੁਸੀਂ ਆਪਣੇ ਆਪ ਨੂੰ ਯਹੋਵਾਹ ਦੇ ਗਵਾਹ ਕਹਿੰਦੇ ਹੋ, ਪਰ ਮੈਂ ਯਿਸੂ ਦਾ ਗਵਾਹ ਹਾਂ।”

ਇਹ ਵਿਚਾਰ ਆਮ ਪਾਇਆ ਜਾਂਦਾ ਹੈ ਕਿ ਯਹੋਵਾਹ ਦੇ ਗਵਾਹ ਯਿਸੂ ਵਿਚ ਵਿਸ਼ਵਾਸ ਨਹੀਂ ਕਰਦੇ ਜਾਂ ਕਿ ਉਹ ਉਸ ਨੂੰ ਕੋਈ ਅਹਿਮੀਅਤ ਹੀ ਨਹੀਂ ਦਿੰਦੇ। ਪਰ, ਅਸਲੀਅਤ ਕੀ ਹੈ?

ਇਹ ਸੱਚ ਹੈ ਕਿ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਨਾਂ, ਯਹੋਵਾਹ, ਨੂੰ ਬਹੁਤ ਅਹਿਮੀਅਤ ਦਿੰਦੇ ਹਨ।a ਬ੍ਰਾਜ਼ੀਲ ਦਾ ਇਕ ਗਵਾਹ, ਈਟਾਮਾਰ ਯਾਦ ਕਰਦਾ ਹੈ: “ਮੇਰੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਪਰਿਵਰਤਨ ਉਸ ਵੇਲੇ ਆਇਆ, ਜਦੋਂ ਮੈਂ ਪਰਮੇਸ਼ੁਰ ਦੇ ਨਾਂ ਬਾਰੇ ਜਾਣਿਆ। ਜਦੋਂ ਮੈਂ ਇਸ ਨੂੰ ਪਹਿਲੀ ਵਾਰ ਪੜ੍ਹਿਆ, ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਜਿੱਦਾਂ ਕਿ ਮੈਂ ਇਕ ਡੂੰਘੀ ਨੀਂਦ ਤੋਂ ਜਾਗਿਆ ਹੋਵਾਂ। ਯਹੋਵਾਹ ਨਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ; ਇਸ ਨੇ ਮੇਰੇ ਦਿਲ ਨੂੰ ਛੂਹ ਲਿਆ।” ਫਿਰ ਵੀ ਉਹ ਅੱਗੇ ਕਹਿੰਦਾ ਹੈ: “ਪਰ ਮੈਂ ਯਿਸੂ ਨੂੰ ਵੀ ਦਿਲੋਂ ਪਿਆਰ ਕਰਦਾ ਹਾਂ।”

ਜੀ ਹਾਂ, ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਸਦੀਪਕ ਜੀਵਨ ਪ੍ਰਾਪਤ ਕਰਨ ਲਈ, ਉਨ੍ਹਾਂ ਨੂੰ ਯਿਸੂ, “ਪਰਮੇਸ਼ੁਰ ਦੇ ਪੁੱਤ੍ਰ ਦੇ ਨਾਮ ਉੱਤੇ ਨਿਹਚਾ” ਕਰਨੀ ਪਵੇਗੀ। (1 ਯੂਹੰਨਾ 5:13) ਪਰ ‘ਯਿਸੂ ਦੇ ਨਾਮ ਉੱਤੇ’ ਇਸ ਪ੍ਰਗਟਾਵੇ ਦਾ ਕੀ ਮਤਲਬ ਹੈ?

ਯਿਸੂ ਦਾ ਨਾਂ ਕੀ ਦਰਸਾਉਂਦਾ ਹੈ

“ਯਿਸੂ ਦੇ ਨਾਂ ਉੱਤੇ” ਅਤੇ ਇਸ ਤਰ੍ਹਾਂ ਦੇ ਹੋਰ ਪ੍ਰਗਟਾਵੇ ਮਸੀਹੀ ਯੂਨਾਨੀ ਸ਼ਾਸਤਰ ਵਿਚ, ਜਾਂ “ਨਵੇਂ ਨੇਮ” ਵਿਚ ਕਈ ਜਗ੍ਹਾ ਪਾਏ ਜਾਂਦੇ ਹਨ। ਦਰਅਸਲ, ਯਿਸੂ ਦੀ ਭੂਮਿਕਾ ਦੇ ਸੰਬੰਧ ਵਿਚ ਸ਼ਬਦ “ਨਾਮ” 80 ਤੋਂ ਵੀ ਜ਼ਿਆਦਾ ਵਾਰ ਪਾਇਆ ਜਾਂਦਾ ਹੈ, ਅਤੇ ਸਿਰਫ਼ ਰਸੂਲਾਂ ਦੇ ਕਰਤੱਬ ਨਾਮਕ ਕਿਤਾਬ ਵਿਚ ਹੀ ਕੁਝ 30 ਕੁ ਵਾਰੀ ਪਾਇਆ ਜਾਂਦਾ ਹੈ। ਪਹਿਲੀ ਸਦੀ ਦੇ ਮਸੀਹੀਆਂ ਨੇ ਯਿਸੂ ਦੇ ਨਾਂ ਤੇ ਲੋਕਾਂ ਨੂੰ ਬਪਤਿਸਮਾ ਦਿੱਤਾ, ਉਸ ਦੇ ਨਾਂ ਉੱਤੇ ਲੋਕਾਂ ਨੂੰ ਤੰਦਰੁਸਤ ਕੀਤਾ, ਉਸ ਦੇ ਨਾਂ ਤੇ ਸਿੱਖਿਆ ਦਿੱਤੀ, ਉਸ ਦਾ ਨਾਂ ਲਿਆ, ਉਸ ਦੇ ਨਾਂ ਦੇ ਕਾਰਨ ਦੁੱਖ ਝੱਲੇ, ਅਤੇ ਉਸ ਦੇ ਨਾਂ ਦੀ ਵਡਿਆਈ ਕੀਤੀ।—ਰਸੂਲਾਂ ਦੇ ਕਰਤੱਬ 2:38; 3:16; 5:28; 9:14, 16; 19:17.

ਇਕ ਬਾਈਬਲ ਸ਼ਬਦ-ਕੋਸ਼ ਦੇ ਮੁਤਾਬਕ, ਬਾਈਬਲ ਵਿਚ “ਨਾਮ” ਲਈ ਯੂਨਾਨੀ ਸ਼ਬਦ ਨੂੰ ਅਕਸਰ “ਉਨ੍ਹਾਂ ਸਾਰੀਆਂ ਚੀਜ਼ਾਂ” ਲਈ ਵਰਤਿਆ ਜਾਂਦਾ ਹੈ “ਜਿਨ੍ਹਾਂ ਨੂੰ ਇਕ ਨਾਂ ਦਰਸਾਉਂਦਾ ਹੈ, ਅਰਥਾਤ ਇਖ਼ਤਿਆਰ, ਸ਼ਖ਼ਸੀਅਤ, ਪਦਵੀ, ਰਾਜ-ਸੱਤਾ, ਤਾਕਤ, ਖੂਬੀ ਆਦਿ।” ਇਸ ਕਰਕੇ, ਯਿਸੂ ਦਾ ਨਾਂ, ਉਸ ਦੇ ਸ਼ਾਹੀ ਅਤੇ ਵੱਡੇ ਪ੍ਰਬੰਧਕੀ ਇਖ਼ਤਿਆਰ ਨੂੰ ਦਰਸਾਉਂਦਾ ਹੈ, ਜੋ ਯਹੋਵਾਹ ਪਰਮੇਸ਼ੁਰ ਨੇ ਉਸ ਨੂੰ ਸੌਂਪਿਆ ਹੈ। ਯਿਸੂ ਨੇ ਖ਼ੁਦ ਕਿਹਾ: “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।” (ਮੱਤੀ 28:18) ਪਤਰਸ ਅਤੇ ਯੂਹੰਨਾ ਦੁਆਰਾ ਇਕ ਲੰਙੇ ਆਦਮੀ ਨੂੰ ਚੰਗਾ ਕਰਨ ਤੋਂ ਬਾਅਦ, ਯਹੂਦੀ ਆਗੂਆਂ ਨੇ ਆਕੜ ਕੇ ਪੁੱਛਿਆ: “ਤੁਸਾਂ ਕਿਹੜੀ ਸ਼ਕਤੀ ਯਾ ਕਿਹੜੇ ਨਾਮ ਨਾਲ ਇਹ ਕੀਤਾ?” ਪਤਰਸ ਨੇ ਤਦ ਦਲੇਰੀ ਨਾਲ ਯਿਸੂ ਦੇ ਨਾਂ ਦੇ ਇਖ਼ਤਿਆਰ ਅਤੇ ਤਾਕਤ ਵਿਚ ਨਿਹਚਾ ਪ੍ਰਗਟ ਕੀਤੀ, ਜਦੋਂ ਉਸ ਨੇ ਦੱਸਿਆ ਕਿ “ਯਿਸੂ ਮਸੀਹ ਨਾਸਰੀ ਦੇ ਨਾਮ ਨਾਲ, . . . ਇਹ ਮਨੁੱਖ ਤੁਹਾਡੇ ਸਾਹਮਣੇ ਚੰਗਾ ਭਲਾ ਖੜਾ ਹੈ।”—ਰਸੂਲਾਂ ਦੇ ਕਰਤੱਬ 3:1-10; 4:5-10.

ਯਿਸੂ ਵਿਚ ਨਿਹਚਾ ਜਾਂ ਕੈਸਰ ਵਿਚ?

ਪਰੰਤੂ, ਯਿਸੂ ਦੇ ਨਾਂ ਵਿਚ ਅਜਿਹੀ ਨਿਹਚਾ ਦਿਖਾਉਣੀ ਆਸਾਨ ਨਹੀਂ ਹੋਵੇਗੀ। ਜਿਸ ਤਰ੍ਹਾਂ ਯਿਸੂ ਨੇ ਪਹਿਲਾਂ ਹੀ ਕਿਹਾ ਸੀ, ‘ਉਸ ਦੇ ਨਾਮ ਦੇ ਕਾਰਨ ਸਾਰੀਆਂ ਕੌਮਾਂ’ ਉਸ ਦੇ ਚੇਲਿਆਂ ਨਾਲ “ਵੈਰ ਰੱਖਣਗੀਆਂ।” (ਮੱਤੀ 24:9) ਕਿਉਂ? ਕਿਉਂਕਿ ਯਿਸੂ ਦਾ ਨਾਂ ਉਸ ਦੀ ਪਦਵੀ ਨੂੰ ਦਰਸਾਉਂਦਾ ਹੈ। ਉਹ ਪਰਮੇਸ਼ੁਰ ਦਾ ਨਿਯੁਕਤ ਕੀਤਾ ਹੋਇਆ ਸ਼ਾਸਕ, ਰਾਜਿਆਂ ਦਾ ਰਾਜਾ ਹੈ, ਜਿਸ ਦੇ ਅੱਗੇ ਸਾਰੀਆਂ ਕੌਮਾਂ ਨੂੰ ਸਿਰ ਨਿਵਾਉਣਾ ਚਾਹੀਦਾ ਹੈ, ਪਰ ਕੌਮਾਂ ਅਜਿਹਾ ਕਰਨ ਨੂੰ ਤਿਆਰ ਨਹੀਂ ਹਨ।—ਜ਼ਬੂਰ 2:1-7.

ਯਿਸੂ ਦੇ ਦਿਨਾਂ ਵਿਚ ਵੀ ਧਾਰਮਿਕ ਆਗੂ, ਯਿਸੂ ਦੇ ਅੱਗੇ ਸਿਰ ਨਹੀਂ ਨਿਵਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ: “ਕੈਸਰ ਬਿਨਾ ਸਾਡਾ ਕੋਈ ਪਾਤਸ਼ਾਹ ਨਹੀਂ ਹੈ,” ਫਲਸਰੂਪ ਉਨ੍ਹਾਂ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਰੱਦ ਕਰ ਦਿੱਤਾ। (ਯੂਹੰਨਾ 19:13-15) ਇਸ ਦੀ ਬਜਾਇ, ਉਨ੍ਹਾਂ ਨੇ ਕੈਸਰ ਦੇ ਨਾਂ—ਤਾਕਤ ਅਤੇ ਅਧਿਕਾਰ—ਅਤੇ ਉਸ ਦੀ ਸਾਮਰਾਜੀ ਸਰਕਾਰ ਵਿਚ ਨਿਹਚਾ ਰੱਖੀ। ਉਨ੍ਹਾਂ ਨੇ ਤਾਂ ਇਹ ਵੀ ਫ਼ੈਸਲਾ ਕੀਤਾ ਕਿ ਯਿਸੂ ਨੂੰ ਮਰ ਜਾਣਾ ਚਾਹੀਦਾ ਹੈ ਤਾਂਕਿ ਉਹ ਆਪਣੀ ਪਦਵੀ ਅਤੇ ਰੁਤਬੇ ਨੂੰ ਬਣਾਈ ਰੱਖ ਸਕਣ।—ਯੂਹੰਨਾ 11:47-53.

ਯਿਸੂ ਦੀ ਮੌਤ ਤੋਂ ਬਾਅਦ ਦੀਆਂ ਸਦੀਆਂ ਦੇ ਦੌਰਾਨ, ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਵਿੱਚੋਂ ਬਹੁਤ ਸਾਰਿਆਂ ਨੇ ਯਹੂਦੀ ਆਗੂਆਂ ਵਰਗਾ ਰਵੱਈਆ ਅਪਣਾਇਆ। ਇਨ੍ਹਾਂ ਅਖਾਉਤੀ ਮਸੀਹੀਆਂ ਨੇ ਆਪਣੀ ਨਿਹਚਾ ਸਰਕਾਰ ਦੀ ਤਾਕਤ ਅਤੇ ਅਧਿਕਾਰ ਉੱਤੇ ਰੱਖੀ ਅਤੇ ਇਸ ਦੇ ਵਿਵਾਦਾਂ ਵਿਚ ਹਿੱਸਾ ਲੈਣ ਲੱਗ ਪਏ। ਮਿਸਾਲ ਲਈ, 11ਵੀਂ ਸਦੀ ਵਿਚ, ਗਿਰਜੇ ਨੇ ਵਿਹਲੇ ਯੋਧਿਆਂ ਨੂੰ ਮੀਲੀਟਿਆ ਕ੍ਰਿਸਟੀ, ਜਾਂ ਕ੍ਰਿਸਚੀਅਨ ਨਾਈਟ ਬਣਾ ਦਿੱਤਾ, ਜਿਸ ਮਗਰੋਂ “ਗਿਰਜੇ ਨੇ ਧਾਰਮਿਕ ਯੁੱਧ ਲੜਨ ਦੀ ਜ਼ਿੰਮੇਵਾਰੀ ਨੂੰ ਈਸਾਈ-ਜਗਤ ਦੇ ਸਰਕਾਰੀ ਅਧਿਕਾਰੀਆਂ ਤੋਂ ਖੋਹ ਕੇ ਇਨ੍ਹਾਂ ਕ੍ਰਿਸਚੀਅਨ ਨਾਈਟਾਂ ਦੇ ਜ਼ਰੀਏ ਆਪਣੇ ਹੱਥਾਂ ਵਿਚ ਲੈ ਲਈ।” (ਦੀ ਆਕਸਫ਼ੋਰਡ ਹਿਸਟਰੀ ਆਫ਼ ਕ੍ਰਿਸਚਿਏਨੀਟੀ) ਲੇਖ ਦੱਸਦਾ ਹੈ ਕਿ ਪੋਪ ਦੇ ਕਈ ਐਲਾਨਾਂ ਨੇ ਜ਼ਿਆਦਾਤਰ ਧਾਰਮਿਕ ਯੋਧਿਆਂ ਨੂੰ ਵਿਸ਼ਵਾਸ ਦਿਲਾਇਆ ਕਿ ਧਰਮ-ਯੁੱਧ ਵਿਚ ਹਿੱਸਾ ਲੈਣ ਦੁਆਰਾ, “ਉਨ੍ਹਾਂ ਨੇ ਪਰਮੇਸ਼ੁਰ ਨਾਲ ਸੌਦਾ ਕਰ ਲਿਆ ਸੀ ਅਤੇ ਪਰਾਦੀਸ ਵਿਚ ਉਨ੍ਹਾਂ ਦੀ ਥਾਂ ਯਕੀਨੀ ਸੀ।”

ਕੁਝ ਸ਼ਾਇਦ ਇਹ ਤਰਕ ਕਰਨ ਕਿ ਯਿਸੂ ਦੇ ਪ੍ਰਤੀ ਵਫ਼ਾਦਾਰ ਰਹਿੰਦੇ ਹੋਏ ਵੀ ਰਾਜਨੀਤਿਕ ਮਾਮਲਿਆਂ ਵਿਚ, ਨਾਲੋ-ਨਾਲ ਕੌਮਾਂ ਦੀਆਂ ਲੜਾਈਆਂ ਵਿਚ ਹਿੱਸਾ ਲਿਆ ਜਾ ਸਕਦਾ ਹੈ। ਉਹ ਸ਼ਾਇਦ ਮਹਿਸੂਸ ਕਰਨ ਕਿ ਜਿੱਥੇ ਕਿਤੇ ਵੀ ਬੁਰਾਈ ਮਿਲੇ ਉਸ ਦਾ ਵਿਰੋਧ ਕਰਨਾ ਇਕ ਮਸੀਹੀ ਦਾ ਫ਼ਰਜ਼ ਹੈ, ਅਤੇ ਜੇਕਰ ਜ਼ਰੂਰੀ ਹੋਵੇ ਤਾਂ ਲੜਾਈ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ। ਪਰ ਕੀ ਮੁਢਲੇ ਮਸੀਹੀਆਂ ਦਾ ਵੀ ਇਹੋ ਵਿਚਾਰ ਸੀ?

ਦ ਕ੍ਰਿਸ਼ਚਨ ਸੈਂਚੁਅਰੀ ਨਾਮਕ ਰਸਾਲੇ ਦਾ ਇਕ ਲੇਖ ਕਹਿੰਦਾ ਹੈ: “ਮੁਢਲੇ ਈਸਾਈਆਂ ਨੇ ਸੈਨਾ ਵਿਚ ਸੇਵਾ ਨਹੀਂ ਕੀਤੀ।” ਇਹ ਵਿਆਖਿਆ ਕਰਦਾ ਹੈ ਕਿ 170-180 ਸਾ.ਯੁ. ਦੇ ਦਹਾਕੇ ਤੋਂ ਪਹਿਲਾਂ ਈਸਾਈਆਂ ਦੇ ਸੈਨਾ ਵਿਚ ਸੇਵਾ ਕਰਨ ਦਾ ਕੋਈ ਸਬੂਤ ਨਹੀਂ ਮਿਲਦਾ ਹੈ। ਲੇਖ ਅੱਗੇ ਕਹਿੰਦਾ ਹੈ: “ਹੌਲੀ-ਹੌਲੀ ਈਸਾਈਆਂ ਨੇ ਸੈਨਾ ਵਿਚ ਸੇਵਾ ਕਰਨ ਬਾਰੇ ਇਤਰਾਜ਼ ਕਰਨਾ ਛੱਡ ਦਿੱਤਾ।”

ਨਤੀਜੇ ਕੀ ਨਿਕਲੇ? ਦ ਕ੍ਰਿਸ਼ਚਨ ਸੈਂਚੁਅਰੀ ਦੇ ਲੇਖ ਨੇ ਟਿੱਪਣੀ ਦਿੱਤੀ: “ਈਸਾਈ ਮੱਤ ਨੇ ਯੁੱਧ ਦੇ ਮਾਮਲੇ ਵਿਚ ਗ਼ੈਰ-ਈਸਾਈਆਂ ਵਰਗੀ ਹੀ ਸਥਿਤੀ ਅਪਣਾਈ, ਅਤੇ ਇਸ ਸਥਿਤੀ ਕਾਰਨ ਹੀ ਈਸਾਈ ਮੱਤ ਦੀ ਸਭ ਤੋਂ ਜ਼ਿਆਦਾ ਬਦਨਾਮੀ ਹੋਈ ਹੈ। ਇਸ ਹਕੀਕਤ ਨੇ ਈਸਾਈ ਮੱਤ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ ਕਿ ਇਕ ਪਾਸੇ ਤਾਂ ਈਸਾਈ ਆਪਣੇ ਸ਼ੀਲ ਸੁਭਾਅ ਵਾਲੇ ਮੁਕਤੀਦਾਤਾ ਦੇ ਮੱਤ ਦੀ ਹਿਮਾਇਤ ਕਰਦੇ ਹਨ, ਪਰ ਦੂਜੇ ਪਾਸੇ ਉਹ ਧਾਰਮਿਕ ਜਾਂ ਰਾਸ਼ਟਰਵਾਦੀ ਯੁੱਧਾਂ ਦਾ ਗਰਮਜੋਸ਼ੀ ਨਾਲ ਸਮਰਥਨ ਕਰਦੇ ਹਨ।”

ਵਰਤਮਾਨ ਸਮੇਂ ਵਿਚ ਮੁਢਲੇ ਮਸੀਹੀਆਂ ਦੀ ਨਕਲ ਕਰਨਾ

ਕੀ ਅੱਜ ਮਸੀਹੀਆਂ ਲਈ ਮੁਢਲੇ ਮਸੀਹੀਆਂ ਦੀ ਉੱਤਮ ਉਦਾਹਰਣ ਦੀ ਨਕਲ ਕਰਨਾ ਸੰਭਵ ਹੈ? ਇਸ ਸਦੀ ਵਿਚ ਯਹੋਵਾਹ ਦੇ ਗਵਾਹਾਂ ਨੇ ਦਿਖਾਇਆ ਹੈ ਕਿ ਇਹ ਸੰਭਵ ਹੈ। ਹਾਲੋਕਾਸਟ ਐਡਿਉਕੇਸ਼ਨਲ ਡਾਈਜੈੱਸਟ ਦੇ ਸੰਪਾਦਕ ਨੇ ਉਨ੍ਹਾਂ ਬਾਰੇ ਕਿਹਾ: “ਕੋਈ ਵੀ ਯਹੋਵਾਹ ਦਾ ਗਵਾਹ ਕਦੇ ਵੀ ਲੜਾਈ ਵਿਚ ਨਹੀਂ ਜਾਵੇਗਾ। . . . ਜੇਕਰ ਸੰਸਾਰ ਦੇ ਸਾਰੇ ਸਰਕਾਰੀ ਅਧਿਕਾਰੀ ਇਸ ਧਰਮ ਨੂੰ ਮੰਨਣ ਵਾਲੇ ਹੁੰਦੇ, ਤਾਂ [ਵਿਸ਼ਵ ਯੁੱਧ II] ਕਦੀ ਨਾ ਲੜਿਆ ਜਾਂਦਾ।”

ਹਾਲ ਹੀ ਦੇ ਘਰੇਲੂ ਯੁੱਧਾਂ ਬਾਰੇ ਵੀ ਇਹੋ ਹੀ ਕਿਹਾ ਜਾ ਸਕਦਾ ਹੈ। ਇਸ ਦੀ ਇਕ ਮਿਸਾਲ ਉੱਤਰੀ ਆਇਰਲੈਂਡ ਵਿਚ ਹੋ ਰਿਹਾ ਯੁੱਧ ਹੈ। ਕੁਝ ਸਾਲ ਪਹਿਲਾਂ, ਇਕ ਯਹੋਵਾਹ ਦਾ ਗਵਾਹ ਬੇਲਫ਼ਾਸਟ ਸ਼ਹਿਰ ਦੇ ਪ੍ਰੋਟੈਸਟੈਂਟ ਇਲਾਕੇ ਵਿਚ ਘਰ-ਘਰ ਪ੍ਰਚਾਰ ਕਰ ਰਿਹਾ ਸੀ। ਜਦੋਂ ਇਕ ਘਰ-ਸੁਆਮੀ ਨੂੰ ਪਤਾ ਲੱਗਾ ਕਿ ਇਹ ਗਵਾਹ ਪਹਿਲਾਂ ਕੈਥੋਲਿਕ ਮੱਤ ਦਾ ਸੀ, ਤਾਂ ਉਸ ਨੇ ਪੁੱਛਿਆ: “ਜਦੋਂ ਤੂੰ ਇਕ ਕੈਥੋਲਿਕ ਸੀ, ਤਾਂ ਕੀ ਤੂੰ ਆਈ.ਆਰ.ਏ. [ਆਇਰਿਸ਼ ਰਿਪਬਲੀਕਨ ਆਰਮੀ] ਦਾ ਸਮਰਥਨ ਕਰਦਾ ਸੀ?” ਇਹ ਆਦਮੀ ਇਕ ਕੈਥੋਲਿਕ ਦਾ ਕਤਲ ਕਰਨ ਜਾ ਹੀ ਰਿਹਾ ਸੀ, ਕਿ ਉਹ ਰਾਹ ਵਿਚ ਹੀ ਬੰਦੂਕ ਸਣੇ ਫੜਿਆ ਗਿਆ, ਅਤੇ ਉਹ ਹੁਣੇ ਹੀ ਜੇਲ੍ਹ ਤੋਂ ਰਿਹਾ ਹੋਇਆ ਸੀ। ਇਸ ਲਈ ਗਵਾਹ ਨੂੰ ਪਤਾ ਸੀ ਕਿ ਇਹ ਹਿੰਸਕ ਹੋ ਸਕਦਾ ਸੀ। ਸੋ ਗਵਾਹ ਨੇ ਜਵਾਬ ਦਿੱਤਾ: “ਮੈਂ ਹੁਣ ਇਕ ਕੈਥੋਲਿਕ ਨਹੀਂ ਹਾਂ। ਮੈਂ ਯਹੋਵਾਹ ਦਾ ਗਵਾਹ ਹਾਂ। ਇਕ ਸੱਚੇ ਮਸੀਹੀ ਵਜੋਂ, ਮੈਂ ਕਿਸੇ ਨੂੰ ਵੀ ਕਿਸੇ ਸਰਕਾਰ ਜਾਂ ਆਦਮੀ ਦੀ ਖ਼ਾਤਰ ਕਦੀ ਨਹੀਂ ਮਾਰਾਂਗਾ।” ਇਹ ਸੁਣ ਕੇ ਘਰ-ਸੁਆਮੀ ਨੇ ਉਸ ਨਾਲ ਹੱਥ ਮਿਲਾਇਆ ਅਤੇ ਕਿਹਾ: “ਹੱਤਿਆ ਕਰਨਾ ਗ਼ਲਤ ਹੈ। ਤੁਸੀਂ ਲੋਕ ਚੰਗਾ ਕੰਮ ਕਰ ਰਹੇ ਹੋ। ਇਸੇ ਤਰ੍ਹਾਂ ਹੀ ਕਰਦੇ ਰਹੋ।”

ਯਿਸੂ ਦੇ ਨਾਂ ਵਿਚ ਨਿਹਚਾ ਰੱਖਣ ਦਾ ਅਰਥ

ਫਿਰ ਵੀ, ਯਿਸੂ ਦੇ ਨਾਂ ਵਿਚ ਨਿਹਚਾ ਰੱਖਣਾ, ਯੁੱਧ ਵਿਚ ਹਿੱਸਾ ਨਾ ਲੈਣ ਤੋਂ ਜ਼ਿਆਦਾ ਅਰਥ ਰੱਖਦਾ ਹੈ। ਇਸ ਦਾ ਅਰਥ ਹੈ, ਮਸੀਹ ਦੇ ਸਾਰੇ ਹੁਕਮਾਂ ਦਾ ਪਾਲਣ ਕਰਨਾ। ਯਿਸੂ ਨੇ ਕਿਹਾ ਸੀ: “ਜੇ ਤੁਸੀਂ ਓਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤ੍ਰ ਹੋ,” ਅਤੇ ਉਸ ਦੇ ਹੁਕਮਾਂ ਵਿੱਚੋਂ ਇਕ ਇਹ ਹੈ ਕਿ ਅਸੀਂ ‘ਇੱਕ ਦੂਏ ਨਾਲ ਪਿਆਰ ਕਰੀਏ।’ (ਯੂਹੰਨਾ 15:14, 17) ਪ੍ਰੇਮ ਹਮੇਸ਼ਾ ਦੂਜਿਆਂ ਦੀ ਭਲਾਈ ਚਾਹੁੰਦਾ ਹੈ। ਇਹ ਸਾਰੇ ਜਾਤੀਗਤ, ਧਾਰਮਿਕ, ਅਤੇ ਸਮਾਜਕ ਭੇਦ-ਭਾਵ ਨੂੰ ਖ਼ਤਮ ਕਰ ਦਿੰਦਾ ਹੈ। ਯਿਸੂ ਨੇ ਦਿਖਾਇਆ ਕਿ ਕਿਸ ਤਰ੍ਹਾਂ।

ਯਿਸੂ ਦੇ ਦਿਨਾਂ ਵਿਚ ਯਹੂਦੀ ਲੋਕ ਸਾਮਰੀ ਲੋਕਾਂ ਨਾਲ ਨਫ਼ਰਤ ਕਰਦੇ ਸਨ। ਇਸ ਦੇ ਉਲਟ, ਯਿਸੂ ਨੇ ਇਕ ਸਾਮਰੀ ਤੀਵੀਂ ਨਾਲ ਗੱਲ ਕੀਤੀ ਅਤੇ ਨਤੀਜੇ ਵਜੋਂ, ਉਸ ਨੇ ਅਤੇ ਬਹੁਤ ਸਾਰੇ ਦੂਸਰੇ ਸਾਮਰੀਆਂ ਨੇ ਉਸ ਦੇ ਨਾਂ ਵਿਚ ਨਿਹਚਾ ਦਿਖਾਈ। (ਯੂਹੰਨਾ 4:39) ਯਿਸੂ ਨੇ ਇਹ ਵੀ ਦੱਸਿਆ ਕਿ ਉਸ ਦੇ ਚੇਲੇ “ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ” ਉਸ ਦੇ ਗਵਾਹ ਹੋਣਗੇ। (ਰਸੂਲਾਂ ਦੇ ਕਰਤੱਬ 1:8) ਉਸ ਦਾ ਜੀਵਨਦਾਇਕ ਸੰਦੇਸ਼ ਸਿਰਫ਼ ਯਹੂਦੀਆਂ ਲਈ ਹੀ ਨਹੀਂ ਸੀ। ਇਸੇ ਤਰ੍ਹਾਂ, ਪਤਰਸ ਨੂੰ ਰੋਮੀ ਸੰਤੂਰੀਅਨ ਕੁਰਨੇਲਿਯੁਸ ਕੋਲ ਜਾਣ ਦੀ ਹਿਦਾਇਤ ਦਿੱਤੀ ਗਈ ਸੀ। ਹਾਲਾਂਕਿ ਇਕ ਯਹੂਦੀ ਲਈ ਕਿਸੇ ਹੋਰ ਜਾਤੀ ਦੇ ਬੰਦੇ ਦੇ ਘਰ ਜਾਣਾ ਗ਼ੈਰ-ਕਾਨੂੰਨੀ ਸੀ, ਪਰਮੇਸ਼ੁਰ ਨੇ ਪਤਰਸ ਨੂੰ ਪ੍ਰਗਟ ਕੀਤਾ ਕਿ ਉਹ ‘ਕਿਸੇ ਮਨੁੱਖ ਨੂੰ ਅਸ਼ੁੱਧ ਯਾ ਭਰਿਸ਼ਟ ਨਾ ਕਹੇ।’—ਰਸੂਲਾਂ ਦੇ ਕਰਤੱਬ 10:28.

ਯਿਸੂ ਦੀ ਰੀਸ ਕਰਦੇ ਹੋਏ, ਯਹੋਵਾਹ ਦੇ ਗਵਾਹ ਉਸ ਦੇ ਨਾਂ ਦੁਆਰਾ ਮਿਲਣ ਵਾਲੀ ਮੁਕਤੀ ਬਾਰੇ ਸਿੱਖਣ ਵਿਚ ਸਾਰੇ ਲੋਕਾਂ ਦੀ ਖ਼ੁਸ਼ੀ ਨਾਲ ਮਦਦ ਕਰਦੇ ਹਨ—ਚਾਹੇ ਉਨ੍ਹਾਂ ਦਾ ਜੋ ਵੀ ਜਾਤੀਗਤ, ਧਾਰਮਿਕ, ਜਾਂ ਆਰਥਿਕ ਪਿਛੋਕੜ ਹੋਵੇ। ਯਿਸੂ ਦੇ ਨਾਂ ਵਿਚ ਨਿਹਚਾ ਉਨ੍ਹਾਂ ਨੂੰ ‘ਪ੍ਰਭੁ ਯਿਸੂ ਦਾ ਇਕਰਾਰ ਕਰਨ’ ਲਈ ਪ੍ਰੇਰਿਤ ਕਰਦੀ ਹੈ। (ਰੋਮੀਆਂ 10:8, 9) ਅਸੀਂ ਤੁਹਾਨੂੰ ਉਨ੍ਹਾਂ ਦੀ ਮਦਦ ਲੈਣ ਲਈ ਪ੍ਰੇਰਿਤ ਕਰਦੇ ਹਾਂ ਤਾਂਕਿ ਤੁਸੀਂ ਵੀ ਯਿਸੂ ਦੇ ਨਾਂ ਵਿਚ ਨਿਹਚਾ ਰੱਖਣ ਬਾਰੇ ਸਿੱਖ ਸਕੋ।

ਯਿਸੂ ਦੇ ਨਾਂ ਨੂੰ ਮਾਣ, ਸਨਮਾਨ, ਅਤੇ ਆਗਿਆਕਾਰੀ ਦੀਆਂ ਭਾਵਨਾਵਾਂ ਨੂੰ ਉਭਾਰਨਾ ਚਾਹੀਦਾ ਹੈ। ਪੌਲੁਸ ਰਸੂਲ ਨੇ ਦੱਸਿਆ: “ਯਿਸੂ ਦਾ ਨਾਮ ਲੈ ਕੇ ਅਕਾਸ਼ ਉਤਲਿਆਂ ਅਤੇ ਧਰਤੀ ਉਤਲਿਆਂ ਅਤੇ ਧਰਤੀ ਦੇ ਹੇਠਲਿਆਂ ਵਿੱਚੋਂ ਹਰ ਗੋਡਾ ਨਿਵਾਇਆ ਜਾਵੇ ਅਤੇ ਹਰ ਜ਼ਬਾਨ ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਵੇ ਜੋ ਯਿਸੂ ਮਸੀਹ ਪ੍ਰਭੁ ਹੈ!” (ਫ਼ਿਲਿੱਪੀਆਂ 2:10, 11) ਭਾਵੇਂ ਧਰਤੀ ਦੇ ਜ਼ਿਆਦਾਤਰ ਲੋਕ ਯਿਸੂ ਦੇ ਸ਼ਾਸਨ ਦੇ ਅਧੀਨ ਹੋਣ ਲਈ ਤਿਆਰ ਨਹੀਂ ਹਨ, ਪਰ ਬਾਈਬਲ ਦਿਖਾਉਂਦੀ ਹੈ ਕਿ ਉਹ ਸਮਾਂ ਨੇੜੇ ਹੈ, ਜਦੋਂ ਸਾਰੇ ਲੋਕਾਂ ਨੂੰ ਉਸ ਦੇ ਅਧੀਨ ਹੋਣਾ ਹੀ ਪਵੇਗਾ, ਨਹੀਂ ਤਾਂ ਉਹ ਮਾਰੇ ਜਾਣਗੇ। (2 ਥੱਸਲੁਨੀਕੀਆਂ 1:6-9) ਇਸ ਲਈ, ਹੁਣ ਹੀ ਸਮਾਂ ਹੈ ਕਿ ਅਸੀਂ ਯਿਸੂ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਨ ਦੁਆਰਾ ਉਸ ਦੇ ਨਾਂ ਵਿਚ ਨਿਹਚਾ ਰੱਖੀਏ।

[ਫੁਟਨੋਟ]

a ਹੋਰ ਜਾਣਕਾਰੀ ਲਈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਬ੍ਰੋਸ਼ਰ ਈਸ਼ਵਰੀ ਨਾਂ ਜੋ ਸਦਾ ਦੇ ਲਈ ਕਾਇਮ ਰਹੇਗਾ (ਅੰਗ੍ਰੇਜ਼ੀ), ਸਫ਼ੇ 28-31 ਦੇਖੋ।

[ਸਫ਼ੇ 6 ਉੱਤੇ ਤਸਵੀਰ]

ਯਿਸੂ ਦੇ ਨਾਂ ਤੇ ਲੱਖਾਂ ਲੋਕ ਮਾਰੇ ਗਏ ਹਨ

[ਸਫ਼ੇ 7 ਉੱਤੇ ਤਸਵੀਰ]

ਯਿਸੂ ਨੇ ਕਦੀ ਭੇਦ-ਭਾਵ ਨਹੀਂ ਕੀਤਾ। ਕੀ ਤੁਸੀਂ ਕਰਦੇ ਹੋ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ