ਜ਼ਿੰਦਗੀ—ਅਨਮੋਲ ਹੈ ਜਾਂ ਫਾਲਤੂ?
“ਇਨਸਾਨ ਨੂੰ ਰੱਬ ਦੇ ਸਰੂਪ ਤੇ ਬਣਾਇਆ ਗਿਆ ਹੈ। ਇਸ ਲਈ ਕਿਸੇ ਦੀ ਜਾਨ ਲੈਣ ਦਾ ਮਤਲਬ ਹੋਵੇਗਾ ਦੁਨੀਆਂ ਦੀ ਸਭ ਤੋਂ ਕੀਮਤੀ ਅਤੇ ਪਵਿੱਤਰ ਚੀਜ਼ ਨੂੰ ਨਾਸ਼ ਕਰ ਦੇਣਾ।”—ਵਿਲਿਅਮ ਬਾਰਕਲੇ ਦੀ ਕਿਤਾਬ ਦ ਪਲੇਨ ਮੈਨਜ਼ ਗਾਈਡ ਟੂ ਐਥਿਕਸ।
ਜ਼ਿੰਦਗੀ ‘ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼’ ਹੈ। ਕੀ ਤੁਸੀਂ ਇਹ ਮੰਨਦੇ ਹੋ? ਬਹੁਤ ਸਾਰੇ ਲੋਕਾਂ ਦੇ ਕੰਮਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਬਾਰਕਲੇ ਦੀ ਗੱਲ ਨਾਲ ਸਹਿਮਤ ਨਹੀਂ ਹਨ। ਖ਼ੂੰਖਾਰ ਲੋਕ ਹੋਰਨਾਂ ਦੀ ਜ਼ਿੰਦਗੀ ਦਾ ਕੋਈ ਲਿਹਾਜ਼ ਨਹੀਂ ਕਰਦੇ। ਉਨ੍ਹਾਂ ਨੇ ਆਪਣੇ ਮਨੋਰਥਾਂ ਨੂੰ ਪੂਰਾ ਕਰਨ ਲਈ ਬੜੀ ਬੇਰਹਿਮੀ ਨਾਲ ਲੱਖਾਂ ਹੀ ਲੋਕਾਂ ਨੂੰ ਮੌਤ ਦੀ ਨੀਂਦ ਸੁਲਾਇਆ ਹੈ।—ਉਪਦੇਸ਼ਕ ਦੀ ਪੋਥੀ 8:9.
ਲਾਹਾ ਲਓ ਤੇ ਬੇਕਾਰ ਸੰਦ ਦੀ ਤਰ੍ਹਾਂ ਸੁੱਟ ਦਿਓ
ਪਹਿਲੇ ਵਿਸ਼ਵ ਯੁੱਧ ਦੀ ਹੀ ਉਦਾਹਰਣ ਲੈ ਲਓ। ਇਤਿਹਾਸਕਾਰ ਏ. ਜੇ. ਪੀ. ਟੇਲਰ ਕਹਿੰਦਾ ਹੈ ਕਿ ਉਸ ਭਿਆਨਕ ਲੜਾਈ ਵਿਚ ਵਾਰ-ਵਾਰ “ਬਿਨਾਂ ਕਿਸੇ ਮਤਲਬ ਦੇ ਲੋਕਾਂ ਦੀਆਂ ਜਾਨਾਂ ਲਈਆਂ ਗਈਆਂ।” ਵਾਹ-ਵਾਹ ਖੱਟਣ ਦੇ ਭੁੱਖੇ ਮਿਲਟਰੀ ਲੀਡਰਾਂ ਨੇ ਸੈਨਿਕਾਂ ਨੂੰ ਇੱਦਾਂ ਵਰਤਿਆ ਜਿੱਦਾਂ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਦਾ ਕੋਈ ਮੁੱਲ ਹੀ ਨਹੀਂ ਸੀ। ਫਰਾਂਸ ਵਿਚ ਵਰਡਨ ਦੀ ਲੜਾਈ ਵਿਚ ਹੀ ਪੰਜ ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਟੇਲਰ ਲਿਖਦਾ ਹੈ ਕਿ ‘ਇਹ ਲੜਾਈ ਕਿਸੇ ਖ਼ਾਸ ਇਨਾਮ ਨੂੰ ਜਿੱਤਣ ਜਾਂ ਹਾਰਨ ਲਈ ਨਹੀਂ ਲੜੀ ਗਈ, ਬਲਕਿ ਲੋਕਾਂ ਦੀਆਂ ਜਾਨਾਂ ਲੈਣ ਤੇ ਪ੍ਰਸਿੱਧੀ ਖੱਟਣ ਲਈ ਲੜੀ ਗਈ ਸੀ।’—ਪਹਿਲਾ ਵਿਸ਼ਵ ਯੁੱਧ (ਅੰਗ੍ਰੇਜ਼ੀ)।
ਅੱਜ ਵੀ ਦੁਨੀਆਂ ਵਿਚ ਜ਼ਿੰਦਗੀ ਦੀ ਕੋਈ ਕਦਰ ਨਹੀਂ ਕੀਤੀ ਜਾਂਦੀ। ਵਿਦਵਾਨ ਕੇਵਨ ਬੇਲਜ਼ ਕਹਿੰਦਾ ਹੈ ਕਿ ਹਾਲ ਹੀ ਵਿਚ “ਜਨ-ਸੰਖਿਆ ਵਿਚ ਇੰਨੀ ਤੇਜ਼ੀ ਨਾਲ ਵਾਧਾ ਹੋਇਆ ਕਿ ਦੁਨੀਆਂ ਦੀਆਂ ਮਜ਼ਦੂਰ ਮੰਡੀਆਂ ਵਿਚ ਲੱਖਾਂ ਹੀ ਗ਼ਰੀਬ ਤੇ ਲਾਚਾਰ ਲੋਕਾਂ ਦਾ ਹੜ੍ਹ ਆ ਗਿਆ ਹੈ।” ਜੀਉਂਦੇ ਰਹਿਣ ਲਈ ਉਹ ਵਪਾਰ ਦੀ ਜ਼ਾਲਮਾਨਾ ਦੁਨੀਆਂ ਵਿਚ ਜ਼ਿੰਦਗੀ ਭਰ ਸੰਘਰਸ਼ ਕਰਦੇ ਹਨ ਜਿੱਥੇ “ਜ਼ਿੰਦਗੀ ਦੀ ਕੋਈ ਕੀਮਤ ਹੀ ਨਹੀਂ ਹੈ।” ਬੇਲਜ਼ ਕਹਿੰਦਾ ਕਿ “ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲੇ ਲੋਕ ਉਨ੍ਹਾਂ ਨਾਲ ਗ਼ੁਲਾਮਾਂ ਵਰਗਾ ਸਲੂਕ ਕਰਦੇ ਹਨ, ਜਿੱਦਾਂ ਕਿ ਉਹ ਪੈਸਾ ਕਮਾਉਣ ਲਈ ਵਰਤਿਆ ਜਾਂਦਾ ਸੰਦ ਹੋਣ ਜਿਸ ਨੂੰ ਚੰਗੀ ਤਰ੍ਹਾਂ ਵਰਤ ਕੇ ਸੁੱਟ ਦਿੱਤਾ ਜਾਂਦਾ ਹੈ।”—ਫਾਲਤੂ ਲੋਕ (ਅੰਗ੍ਰੇਜ਼ੀ)।
“ਹਵਾ ਦਾ ਫੱਕਣਾ”
ਹੋਰ ਵੀ ਕਈ ਕਾਰਨਾਂ ਕਰਕੇ ਲੱਖਾਂ ਲੋਕ ਆਪਣੇ ਆਪ ਨੂੰ ਬੇਕਾਰ ਸਮਝਦੇ ਹਨ ਤੇ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਜਾਂਦੇ ਹਨ। ਉਹ ਸੋਚਦੇ ਹਨ ਕਿ ਕੋਈ ਵੀ ਉਨ੍ਹਾਂ ਦੀ ਪਰਵਾਹ ਨਹੀਂ ਕਰਦਾ, ਭਾਵੇਂ ਉਹ ਜੀਣ ਜਾਂ ਮਰਨ। ਮਨੁੱਖਜਾਤੀ ਯੁੱਧ ਅਤੇ ਅਨਿਆਂ ਤੋਂ ਇਲਾਵਾ ਸੋਕੇ, ਕਾਲ, ਬੀਮਾਰੀਆਂ, ਆਪਣੇ ਅਜ਼ੀਜ਼ਾਂ ਦੀ ਮੌਤ ਦੇ ਗਮ ਅਤੇ ਹੋਰ ਅਨੇਕ ਗੱਲਾਂ ਕਾਰਨ ਦੁੱਖਾਂ ਦੀ ਮਾਰ ਝੱਲ ਰਹੀ ਹੈ। ਇਸ ਲਈ ਲੋਕ ਸੋਚਣ ਤੇ ਮਜਬੂਰ ਹੋ ਜਾਂਦੇ ਹਨ ਕਿ ਉਨ੍ਹਾਂ ਦੇ ਜੀਣ ਦਾ ਕੋਈ ਫ਼ਾਇਦਾ ਹੈ ਕਿ ਨਹੀਂ।—ਉਪਦੇਸ਼ਕ ਦੀ ਪੋਥੀ 1:8, 14.
ਇਹ ਸੱਚ ਹੈ ਕਿ ਹਰ ਕੋਈ ਆਪਣੀ ਜ਼ਿੰਦਗੀ ਵਿਚ ਅੰਤਾਂ ਦੀ ਤੰਗੀ ਤੇ ਦੁੱਖ ਨਹੀਂ ਝੱਲਦਾ। ਪਰ ਜੋ ਘੋਰ ਦੁੱਖਾਂ ਵਿੱਚੋਂ ਨਹੀਂ ਵੀ ਗੁਜ਼ਰਦੇ, ਉਹ ਵੀ ਪ੍ਰਾਚੀਨ ਇਸਰਾਏਲ ਦੇ ਰਾਜਾ ਸੁਲੇਮਾਨ ਦੇ ਸ਼ਬਦਾਂ ਨਾਲ ਸਹਿਮਤ ਹੁੰਦੇ ਹਨ ਜਿਸ ਨੇ ਪੁੱਛਿਆ ਸੀ: “ਭਲਾ, ਆਦਮੀ ਨੂੰ ਆਪਣੇ ਸਾਰੇ ਧੰਦੇ ਅਤੇ ਮਨ ਦੇ ਕਸ਼ਟ ਤੋਂ ਜੋ ਉਹ ਨੇ ਸੂਰਜ ਦੇ ਹੇਠ ਕੀਤਾ ਸੀ ਕੀ ਲਾਭ ਹੁੰਦਾ ਹੈ?” ਆਪਣੇ ਕੰਮ-ਧੰਦਿਆਂ ਤੇ ਸੋਚ-ਵਿਚਾਰ ਕਰਨ ਤੋਂ ਬਾਅਦ ਕਈਆਂ ਨੂੰ ਅਹਿਸਾਸ ਹੋਇਆ ਹੈ ਕਿ ਉਨ੍ਹਾਂ ਦੇ ਜ਼ਿਆਦਾਤਰ ਕੰਮ ਤਾਂ “ਵਿਅਰਥ ਅਤੇ ਹਵਾ ਦਾ ਫੱਕਣਾ” ਹੀ ਸਾਬਤ ਹੋਏ ਹਨ।—ਉਪਦੇਸ਼ਕ ਦੀ ਪੋਥੀ 2:22, 26.
ਕਈ ਆਪਣੀ ਬੀਤੀ ਜ਼ਿੰਦਗੀ ਨੂੰ ਚੇਤੇ ਕਰਦਿਆਂ ਪੁੱਛਦੇ ਹਨ ਕਿ “ਕੀ ਇਹੀ ਜ਼ਿੰਦਗੀ ਹੈ?” ਦਰਅਸਲ, ਕਿੰਨੇ ਕੁ ਜਣੇ ਪੁਰਾਣੇ ਸਮੇਂ ਦੇ ਅਬਰਾਹਾਮ ਵਾਂਗ ‘ਸੰਤੁਸ਼ਟ ਜ਼ਿੰਦਗੀ’ ਭੋਗ ਕੇ ਮਰਦੇ ਹਨ? (ਉਤਪਤ 25:8, ਈਜ਼ੀ ਟੂ ਰੀਡ ਵਰਯਨ) ਜ਼ਿਆਦਾਤਰ ਲੋਕ ਤਾਂ ਆਪਣੀ ਜ਼ਿੰਦਗੀ ਨੂੰ ਵਿਅਰਥ ਹੀ ਸਮਝਦੇ ਹਨ। ਪਰ ਜ਼ਿੰਦਗੀ ਵਿਅਰਥ ਨਹੀਂ ਹੈ। ਪਰਮੇਸ਼ੁਰ ਹਰ ਇਨਸਾਨ ਦੀ ਜ਼ਿੰਦਗੀ ਨੂੰ ਅਨਮੋਲ ਸਮਝਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਸਾਰੇ ਚੰਗੀ ਤੇ ਸੰਤੁਸ਼ਟ ਜ਼ਿੰਦਗੀ ਦਾ ਮਜ਼ਾ ਲਈਏ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਧਿਆਨ ਦਿਓ ਕਿ ਅਗਲਾ ਲੇਖ ਇਸ ਬਾਰੇ ਕੀ ਕਹਿੰਦਾ ਹੈ।