ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w13 6/15 ਸਫ਼ੇ 7-11
  • ਯਹੋਵਾਹ ਦੇ ਗੁਣਾਂ ਦੀ ਦਿਲੋਂ ਕਦਰ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਦੇ ਗੁਣਾਂ ਦੀ ਦਿਲੋਂ ਕਦਰ ਕਰੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਾਰੇ ਯਹੋਵਾਹ ਕੋਲ ਆ ਸਕਦੇ ਹਨ
  • ਬਜ਼ੁਰਗਾਂ ਲਈ ਇਕ ਜ਼ਰੂਰੀ ਗੁਣ
  • ਭੈਣਾਂ-ਭਰਾਵਾਂ ਨਾਲ ਗੱਲ ਕਰਨ ਲਈ ਸਮਾਂ ਕੱਢੋ
  • ਯਹੋਵਾਹ ਪੱਖਪਾਤ ਨਹੀਂ ਕਰਦਾ
  • ਅਸੀਂ ਯਹੋਵਾਹ ਦੀ ਰੀਸ ਕਰ ਸਕਦੇ ਹਾਂ
  • ਕੀ ਤੁਸੀਂ ਸਾਡੇ ਨਿਰਪੱਖ ਪਰਮੇਸ਼ੁਰ ਦੀ ਰੀਸ ਕਰ ਰਹੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਭੀੜਾਂ ਦੀਆਂ ਭੀੜਾਂ ਉਸ ਕੋਲ ਆਈਆਂ
    ‘ਆਓ ਮੇਰੇ ਚੇਲੇ ਬਣੋ’
  • ਯਹੋਵਾਹ ਵਾਂਗ ਨਿਰਪੱਖ ਰਹੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਯਹੋਵਾਹ ਦੀ ਨਿਰਪੱਖਤਾ ਦੀ ਰੀਸ ਕਰੋ
    ਸਾਡੀ ਰਾਜ ਸੇਵਕਾਈ—1999
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
w13 6/15 ਸਫ਼ੇ 7-11

ਯਹੋਵਾਹ ਦੇ ਗੁਣਾਂ ਦੀ ਦਿਲੋਂ ਕਦਰ ਕਰੋ

“ਤੁਸੀਂ ਪਰਮੇਸ਼ੁਰ ਦੇ ਪਿਆਰੇ ਬੱਚਿਆਂ ਵਾਂਗ ਉਸ ਦੀ ਰੀਸ ਕਰੋ।”​—ਅਫ਼. 5:1.

ਤੁਸੀਂ ਕੀ ਜਵਾਬ ਦਿਓਗੇ?

  • ਅਸੀਂ ਯਹੋਵਾਹ ਦੇ ਗੁਣਾਂ ਲਈ ਆਪਣੀ ਕਦਰ ਕਿਵੇਂ ਵਧਾ ਸਕਦੇ ਹਾਂ?

  • ਲੋਕ ਕਿਸ ਤਰ੍ਹਾਂ ਦੇ ਇਨਸਾਨ ਕੋਲ ਜਾਣਾ ਪਸੰਦ ਕਰਦੇ ਹਨ?

  • ਅਸੀਂ ਪੱਖਪਾਤ ਨਾ ਕਰਨ ਵਿਚ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?

1. (ੳ) ਅਸੀਂ ਅਕਸਰ ਯਹੋਵਾਹ ਦੇ ਕਿਹੜੇ ਗੁਣਾਂ ਬਾਰੇ ਸੋਚਦੇ ਹਾਂ? (ਅ) ਪਰਮੇਸ਼ੁਰ ਦੇ ਗੁਣਾਂ ਬਾਰੇ ਹੋਰ ਸਿੱਖ ਕੇ ਸਾਨੂੰ ਕੀ ਫ਼ਾਇਦਾ ਹੋਵੇਗਾ?

ਜਦ ਤੁਸੀਂ ਯਹੋਵਾਹ ਬਾਰੇ ਸੋਚਦੇ ਹੋ, ਤਾਂ ਤੁਹਾਡੇ ਮਨ ਵਿਚ ਕਿਹੜੇ ਗੁਣ ਆਉਂਦੇ ਹਨ? ਸ਼ਾਇਦ ਤੁਸੀਂ ਉਸ ਦੇ ਪਿਆਰ, ਇਨਸਾਫ਼, ਬੁੱਧ ਅਤੇ ਤਾਕਤ ਬਾਰੇ ਸੋਚੋ। ਪਰ ਅਸੀਂ ਜਾਣਦੇ ਹਾਂ ਕਿ ਯਹੋਵਾਹ ਹੋਰ ਕਈ ਗੁਣਾਂ ਦਾ ਮਾਲਕ ਹੈ। ਦਰਅਸਲ ਸਾਡੇ ਪ੍ਰਕਾਸ਼ਨਾਂ ਵਿਚ ਯਹੋਵਾਹ ਦੇ 40 ਤੋਂ ਜ਼ਿਆਦਾ ਗੁਣਾਂ ਬਾਰੇ ਦੱਸਿਆ ਗਿਆ ਹੈ। ਜੀ ਹਾਂ, ਪਰਮੇਸ਼ੁਰ ਦਾ ਬਚਨ ਇਕ ਖ਼ਜ਼ਾਨਾ ਹੈ। ਖ਼ੁਦ ਜਾਂ ਆਪਣੇ ਪਰਿਵਾਰ ਨਾਲ ਇਸ ਦੀ ਸਟੱਡੀ ਕਰ ਕੇ ਅਸੀਂ ਯਹੋਵਾਹ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਇੱਦਾਂ ਕਰਨ ਦਾ ਸਾਨੂੰ ਕੀ ਫ਼ਾਇਦਾ ਹੋਵੇਗਾ? ਇਸ ਤਰ੍ਹਾਂ ਯਹੋਵਾਹ ਲਈ ਸਾਡੀ ਕਦਰ ਹੋਰ ਵਧੇਗੀ। ਫਿਰ ਅਸੀਂ ਉਸ ਦੇ ਹੋਰ ਨੇੜੇ ਆਉਣਾ ਅਤੇ ਉਸ ਦੀ ਰੀਸ ਕਰਨੀ ਚਾਹਾਂਗੇ।​—ਯਹੋ. 23:8; ਜ਼ਬੂ. 73:28.

2. (ੳ) ਮਿਸਾਲ ਦੇ ਕੇ ਸਮਝਾਓ ਕਿ ਅਸੀਂ ਯਹੋਵਾਹ ਦੇ ਗੁਣਾਂ ਲਈ ਆਪਣੀ ਕਦਰ ਕਿਵੇਂ ਵਧਾ ਸਕਦੇ ਹਾਂ। (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

2 ਅਸੀਂ ਕਿਸੇ ਚੀਜ਼ ਲਈ ਆਪਣੀ ਕਦਰ ਕਿਵੇਂ ਵਧਾ ਸਕਦੇ ਹਾਂ? ਇਕ ਮਿਸਾਲ ʼਤੇ ਗੌਰ ਕਰੋ। ਕਿਸੇ ਨਵੇਂ ਖਾਣੇ ਲਈ ਸਾਡੀ ਕਦਰ ਉਦੋਂ ਵਧਦੀ ਹੈ ਜਦੋਂ ਪਹਿਲਾਂ ਅਸੀਂ ਉਸ ਦੀ ਖ਼ੁਸ਼ਬੂ ਲੈਂਦੇ ਹਾਂ, ਫਿਰ ਅਸੀਂ ਉਸ ਦੇ ਸੁਆਦ ਦਾ ਮਜ਼ਾ ਲੈਂਦੇ ਹਾਂ ਅਤੇ ਅਖ਼ੀਰ ਵਿਚ ਅਸੀਂ ਉਸ ਨੂੰ ਆਪ ਬਣਾਉਂਦੇ ਹਾਂ। ਇਸੇ ਤਰ੍ਹਾਂ ਯਹੋਵਾਹ ਦੇ ਵੀ ਕੁਝ ਗੁਣ ਹਨ ਜਿਨ੍ਹਾਂ ਬਾਰੇ ਸ਼ਾਇਦ ਅਸੀਂ ਘੱਟ ਜਾਣਦੇ ਹਾਂ। ਅਸੀਂ ਇਨ੍ਹਾਂ ਲਈ ਆਪਣੀ ਕਦਰ ਕਿਵੇਂ ਵਧਾ ਸਕਦੇ ਹਾਂ? ਪਹਿਲਾਂ ਸਾਨੂੰ ਕਿਸੇ ਗੁਣ ਬਾਰੇ ਸਿੱਖਣ, ਫਿਰ ਇਸ ਉੱਤੇ ਸੋਚ-ਵਿਚਾਰ ਕਰਨ ਅਤੇ ਅਖ਼ੀਰ ਵਿਚ ਯਹੋਵਾਹ ਦੀ ਰੀਸ ਕਰ ਕੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਜ਼ਾਹਰ ਕਰਨ ਦੀ ਲੋੜ ਹੈ। (ਅਫ਼. 5:1) ਇਸ ਲੇਖ ਅਤੇ ਅਗਲੇ ਦੋ ਲੇਖਾਂ ਵਿਚ ਅਸੀਂ ਪਰਮੇਸ਼ੁਰ ਦੇ ਕੁਝ ਅਜਿਹੇ ਗੁਣਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਬਾਰੇ ਅਸੀਂ ਸ਼ਾਇਦ ਘੱਟ ਸੋਚਦੇ ਹਾਂ। ਅਸੀਂ ਦੇਖਾਂਗੇ ਕਿ ਇਹ ਗੁਣ ਦਿਖਾਉਣ ਵਿਚ ਕੀ ਸ਼ਾਮਲ ਹੈ, ਯਹੋਵਾਹ ਇਹ ਗੁਣ ਕਿਵੇਂ ਦਿਖਾਉਂਦਾ ਹੈ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ।

ਸਾਰੇ ਯਹੋਵਾਹ ਕੋਲ ਆ ਸਕਦੇ ਹਨ

3, 4. (ੳ) ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਕੋਲ ਜਾਣਾ ਪਸੰਦ ਕਰਦੇ ਹੋ? (ਅ) ਯਹੋਵਾਹ ਕਿਵੇਂ ਸਾਨੂੰ ਯਕੀਨ ਦਿਵਾਉਂਦਾ ਹੈ ਕਿ ਸਾਰੇ ਉਸ ਕੋਲ ਆ ਸਕਦੇ ਹਨ?

3 ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਕੋਲ ਜਾਣਾ ਪਸੰਦ ਕਰਦੇ ਹੋ? ਉਹੀ ਜੋ ਦੂਜਿਆਂ ਨਾਲ ਪਿਆਰ ਨਾਲ ਪੇਸ਼ ਆਉਂਦਾ ਹੈ, ਜੋ ਦੂਜਿਆਂ ਲਈ ਸਮਾਂ ਕੱਢਦਾ ਹੈ ਤੇ ਜਿਸ ਨਾਲ ਗੱਲ ਕਰਨੀ ਆਸਾਨ ਹੁੰਦੀ ਹੈ। ਉਸ ਦੇ ਸੁਭਾਅ, ਹਾਵ-ਭਾਵ, ਚਿਹਰੇ ਜਾਂ ਉਸ ਦੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਦੂਸਰਿਆਂ ਦੀ ਸੁਣਨ ਤੇ ਮਦਦ ਕਰਨ ਲਈ ਤਿਆਰ ਹੈ।

4 ਯਹੋਵਾਹ ਕਿਵੇਂ ਦਿਖਾਉਂਦਾ ਹੈ ਕਿ ਸਾਰੇ ਉਸ ਕੋਲ ਆ ਸਕਦੇ ਹਨ? ਭਾਵੇਂ ਉਹ ਸਰਬਸ਼ਕਤੀਮਾਨ ਹੈ ਅਤੇ ਪੂਰੀ ਕਾਇਨਾਤ ਦਾ ਮਾਲਕ ਹੈ, ਫਿਰ ਵੀ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਖ਼ੁਸ਼ੀ-ਖ਼ੁਸ਼ੀ ਸੁਣਨ ਅਤੇ ਇਨ੍ਹਾਂ ਦਾ ਜਵਾਬ ਦੇਣ ਲਈ ਤਿਆਰ ਹੈ। (ਜ਼ਬੂਰਾਂ ਦੀ ਪੋਥੀ 145:18; ਯਸਾਯਾਹ 30:18, 19 ਪੜ੍ਹੋ।) ਅਸੀਂ ਕਦੀ ਵੀ ਅਤੇ ਕਿਤੇ ਵੀ ਉਸ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਭਾਵੇਂ ਅਸੀਂ ਉਸ ਨੂੰ ਵਾਰ-ਵਾਰ ਪ੍ਰਾਰਥਨਾ ਕਰੀਏ, ਫਿਰ ਵੀ ਉਹ ਸਾਡੇ ਨਾਲ ਗੁੱਸੇ ਨਹੀਂ ਹੁੰਦਾ। (ਜ਼ਬੂ. 65:2; ਯਾਕੂ. 1:5) ਯਹੋਵਾਹ ਬਾਈਬਲ ਵਿਚ ਆਪਣੇ ਬਾਰੇ ਅਜਿਹੀਆਂ ਗੱਲਾਂ ਦੱਸਦਾ ਹੈ ਜਿਨ੍ਹਾਂ ਕਰਕੇ ਅਸੀਂ ਉਸ ਵੱਲ ਖਿੱਚੇ ਆਉਂਦੇ ਹਾਂ। ਮਿਸਾਲ ਲਈ, ਦਾਊਦ ਨੇ ਲਿਖਿਆ ਕਿ “ਯਹੋਵਾਹ ਦੀਆਂ ਅੱਖੀਆਂ” ਸਾਡੇ ਉੱਤੇ ਹਨ ਅਤੇ ਉਸ ਦਾ ‘ਸੱਜਾ ਹੱਥ ਸਾਨੂੰ ਸੰਭਾਲਦਾ’ ਹੈ। (ਜ਼ਬੂ. 34:15; 63:8) ਯਸਾਯਾਹ ਨਬੀ ਨੇ ਯਹੋਵਾਹ ਦੀ ਤੁਲਨਾ ਇਕ ਚਰਵਾਹੇ ਨਾਲ ਕੀਤੀ ਤੇ ਕਿਹਾ: “ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ।” (ਯਸਾ. 40:11) ਜ਼ਰਾ ਸੋਚੇ ਕਿ ਜਿਸ ਤਰ੍ਹਾਂ ਇਕ ਚਰਵਾਹਾ ਇਕ ਲੇਲੇ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਾਉਂਦਾ ਹੈ, ਉਸੇ ਤਰ੍ਹਾਂ ਯਹੋਵਾਹ ਸਾਨੂੰ ਆਪਣੇ ਸੀਨੇ ਨਾਲ ਲਾਉਂਦਾ ਹੈ! ਕੀ ਇਹ ਗੱਲ ਸਾਡੇ ਦਿਲ ਨੂੰ ਨਹੀਂ ਛੂਹ ਜਾਂਦੀ? ਪਰ ਅਸੀਂ ਯਹੋਵਾਹ ਵਾਂਗ ਇਹ ਗੁਣ ਕਿਵੇਂ ਦਿਖਾ ਸਕਦੇ ਹਾਂ?

ਬਜ਼ੁਰਗਾਂ ਲਈ ਇਕ ਜ਼ਰੂਰੀ ਗੁਣ

5. ਬਜ਼ੁਰਗਾਂ ਲਈ ਕਿਹੜਾ ਗੁਣ ਜ਼ਰੂਰੀ ਹੈ ਅਤੇ ਕਿਉਂ?

5 ਹਾਲ ਹੀ ਵਿਚ ਦੁਨੀਆਂ ਦੇ ਕਈ ਦੇਸ਼ਾਂ ਦੇ ਜੋਸ਼ੀਲੇ ਭੈਣਾਂ-ਭਰਾਵਾਂ ਨੂੰ ਇਹ ਸਵਾਲ ਪੁੱਛਿਆ ਗਿਆ ਸੀ: “ਬਜ਼ੁਰਗਾਂ ਵਿਚ ਕਿਹੜਾ ਗੁਣ ਤੁਹਾਨੂੰ ਜ਼ਿਆਦਾ ਚੰਗਾ ਲੱਗਦਾ ਹੈ?” ਜ਼ਿਆਦਾਤਰ ਭੈਣਾਂ-ਭਰਾਵਾਂ ਨੇ ਇਹੀ ਕਿਹਾ ਕਿ ਉਨ੍ਹਾਂ ਨੂੰ ਉਹ ਬਜ਼ੁਰਗ ਚੰਗੇ ਲੱਗਦੇ ਹਨ ਜਿਨ੍ਹਾਂ ਨਾਲ ਉਹ ਬਿਨਾਂ ਝਿਜਕੇ ਗੱਲ ਕਰ ਸਕਦੇ ਹਨ। ਇਹ ਸੱਚ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਗੁਣ ਪੈਦਾ ਕਰਨ ਦੀ ਲੋੜ ਹੈ, ਪਰ ਖ਼ਾਸ ਕਰਕੇ ਬਜ਼ੁਰਗਾਂ ਵਿਚ ਇਹ ਗੁਣ ਹੋਣਾ ਜ਼ਰੂਰੀ ਹੈ। (ਯਸਾ. 32:1, 2) ਇਕ ਭੈਣ ਨੇ ਇਸ ਦਾ ਇਕ ਕਾਰਨ ਦੱਸਿਆ: “ਇਕ ਬਜ਼ੁਰਗ ਜਿੰਨਾ ਮਰਜ਼ੀ ਕਾਬਲ ਹੋਵੇ, ਪਰ ਉਹ ਸਾਡੀ ਤਾਂ ਹੀ ਮਦਦ ਕਰ ਸਕੇਗਾ ਜੇ ਸਾਨੂੰ ਉਸ ਨਾਲ ਗੱਲ ਕਰਨ ਤੋਂ ਡਰ ਨਹੀਂ ਲੱਗਦਾ।” ਕੀ ਇਹ ਗੱਲ ਸੋਲਾਂ ਆਨੇ ਸੱਚ ਨਹੀਂ ਹੈ? ਪਰ ਜੇ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੇ ਕੋਲ ਆਉਣ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?

6. ਜੇ ਅਸੀਂ ਚਾਹੁੰਦੇ ਹਾਂ ਕਿ ਲੋਕ ਸਾਡੇ ਕੋਲ ਆਉਣ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?

6 ਜੇ ਅਸੀਂ ਲੋਕਾਂ ਦੀ ਦਿਲੋਂ ਕਦਰ ਕਰਦੇ ਹਾਂ, ਤਾਂ ਉਹ ਸਾਡੇ ਕੋਲ ਜ਼ਰੂਰ ਆਉਣਗੇ। ਜੇ ਇਕ ਬਜ਼ੁਰਗ ਨੂੰ ਦੂਜਿਆਂ ਦਾ ਫ਼ਿਕਰ ਹੈ ਤੇ ਉਹ ਭੈਣਾਂ-ਭਰਾਵਾਂ ਦੀ ਖ਼ੁਸ਼ੀ-ਖ਼ੁਸ਼ੀ ਮਦਦ ਕਰਨ ਲਈ ਰਾਜ਼ੀ ਹੈ, ਤਾਂ ਨਿਆਣੇ-ਸਿਆਣੇ ਸਾਰਿਆਂ ਨੂੰ ਉਸ ਦੇ ਪਿਆਰ ਦਾ ਅਹਿਸਾਸ ਹੋਵੇਗਾ। (ਮਰ. 10:13-16) ਬਾਰਾਂ ਸਾਲਾਂ ਦਾ ਕਾਰਲੋਸ ਕਹਿੰਦਾ ਹੈ: “ਮੈਨੂੰ ਬਹੁਤ ਵਧੀਆ ਲੱਗਦਾ ਹੈ ਜਦ ਮੈਂ ਮੀਟਿੰਗਾਂ ਵਿਚ ਦੇਖਦਾ ਹਾਂ ਕਿ ਬਜ਼ੁਰਗ ਸਾਰਿਆਂ ਨੂੰ ਪਿਆਰ ਨਾਲ ਹੱਸ ਕੇ ਬੁਲਾਉਂਦੇ ਹਨ।” ਪਰ ਇਕ ਬਜ਼ੁਰਗ ਲਈ ਸਿਰਫ਼ ਇਹ ਕਹਿਣਾ ਕਿ ਕੋਈ ਵੀ ਉਸ ਕੋਲ ਆ ਸਕਦਾ ਹੈ ਕਾਫ਼ੀ ਨਹੀਂ, ਸਗੋਂ ਉਸ ਨੂੰ ਆਪਣੇ ਕੰਮਾਂ ਰਾਹੀਂ ਇਸ ਗੱਲ ਦਾ ਸਬੂਤ ਦੇਣਾ ਚਾਹੀਦਾ ਹੈ। (1 ਯੂਹੰ. 3:18) ਉਹ ਇੱਦਾਂ ਕਿਵੇਂ ਕਰ ਸਕਦਾ ਹੈ?

7. ਲੋਕ ਅਕਸਰ ਸਾਡਾ ਬੈਜ ਕਾਰਡ ਦੇਖ ਕੇ ਸਾਡੇ ਨਾਲ ਗੱਲਬਾਤ ਕਿਉਂ ਕਰਨ ਲੱਗਦੇ ਹਨ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?

7 ਜ਼ਰਾ ਇਸ ਬਾਰੇ ਸੋਚੋ: ਇਕ ਭਰਾ ਜ਼ਿਲ੍ਹਾ ਸੰਮੇਲਨ ਲਈ ਕਿਸੇ ਹੋਰ ਦੇਸ਼ ਨੂੰ ਗਿਆ ਅਤੇ ਹਵਾਈ ਜਹਾਜ਼ ਵਿਚ ਵਾਪਸ ਆਉਂਦਿਆਂ ਉਸ ਨੇ ਆਪਣਾ ਬੈਜ ਕਾਰਡ ਲਾਇਆ ਹੋਇਆ ਸੀ। ਜਹਾਜ਼ ਵਿਚ ਕੰਮ ਕਰਦੇ ਇਕ ਸੇਵਾਦਾਰ ਨੇ ਸੰਮੇਲਨ ਦਾ ਨਾਂ “ਪਰਮੇਸ਼ੁਰ ਦਾ ਰਾਜ ਆਵੇ!” ਬੈਜ ਤੋਂ ਪੜ੍ਹਿਆ ਅਤੇ ਕਿਹਾ: “ਹਾਂ, ਮੈਂ ਵੀ ਚਾਹੁੰਦਾ ਹਾਂ ਕਿ ਪਰਮੇਸ਼ੁਰ ਦਾ ਰਾਜ ਜ਼ਰੂਰ ਆਵੇ। ਕੀ ਅਸੀਂ ਇਸ ਬਾਰੇ ਹੋਰ ਗੱਲ ਕਰ ਸਕਦੇ ਹਾਂ?” ਬਾਅਦ ਵਿਚ ਭਰਾ ਨੇ ਇਸ ਆਦਮੀ ਨਾਲ ਗੱਲ ਕੀਤੀ ਅਤੇ ਉਸ ਨੇ ਖ਼ੁਸ਼ੀ-ਖ਼ੁਸ਼ੀ ਭਰਾ ਤੋਂ ਰਸਾਲੇ ਲਏ। ਸ਼ਾਇਦ ਸਾਡੇ ਨਾਲ ਵੀ ਇੱਦਾਂ ਹੋਇਆ ਹੋਵੇ। ਲੋਕ ਸਾਡਾ ਬੈਜ ਕਾਰਡ ਦੇਖ ਕੇ ਅਕਸਰ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਨ। ਕਿਉਂ? ਕਿਉਂਕਿ ਇਸ ਨੂੰ ਦੇਖ ਕੇ ਉਹ ਜਾਣਨਾ ਚਾਹੁੰਦੇ ਹਨ ਕਿ ਅਸੀਂ ਕਿੱਥੇ ਜਾ ਰਹੇ ਹਾਂ। ਇਕ ਤਰ੍ਹਾਂ ਨਾਲ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰਨ ਲਈ ਤਿਆਰ ਹਾਂ। ਇਸੇ ਤਰ੍ਹਾਂ ਬਜ਼ੁਰਗ ਵੀ ਦਿਖਾ ਸਕਦੇ ਹਨ ਕਿ ਉਹ ਭੈਣਾਂ-ਭਰਾਵਾਂ ਨਾਲ ਗੱਲ ਕਰਨ ਲਈ ਤਿਆਰ ਹਨ। ਉਹ ਇਹ ਕਿਵੇਂ ਦਿਖਾ ਸਕਦੇ ਹਨ?

8. ਬਜ਼ੁਰਗ ਭੈਣਾਂ-ਭਰਾਵਾਂ ਨੂੰ ਕਿਵੇਂ ਦਿਖਾ ਸਕਦੇ ਹਨ ਕਿ ਉਹ ਉਨ੍ਹਾਂ ਦੀ ਦਿਲੋਂ ਕਦਰ ਕਰਦੇ ਹਨ ਅਤੇ ਇਹ ਦੇਖ ਕੇ ਭੈਣਾਂ-ਭਰਾਵਾਂ ਨੂੰ ਕਿੱਦਾਂ ਲੱਗਦਾ ਹੈ?

8 ਭਾਵੇਂ ਲੋਕ ਇਕ-ਦੂਜੇ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਮਿਲਦੇ-ਗਿਲ਼ਦੇ ਹਨ, ਪਰ ਜਦ ਅਸੀਂ ਭੈਣਾਂ-ਭਰਾਵਾਂ ਨੂੰ ਮੁਸਕਰਾ ਕੇ ਮਿਲਦੇ ਹਾਂ, ਉਨ੍ਹਾਂ ਨਾਲ ਹੱਥ ਮਿਲਾਉਂਦੇ ਹਾਂ ਅਤੇ ਉਨ੍ਹਾਂ ਦਾ ਨਿੱਘਾ ਸੁਆਗਤ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਉਨ੍ਹਾਂ ਦੀ ਦਿਲੋਂ ਕਦਰ ਹੈ। ਇੱਦਾਂ ਕਰਨ ਵਿਚ ਕਿਨ੍ਹਾਂ ਨੂੰ ਪਹਿਲ ਕਰਨੀ ਚਾਹੀਦੀ ਹੈ? ਯਿਸੂ ਦੀ ਮਿਸਾਲ ʼਤੇ ਗੌਰ ਕਰੋ। ਮੱਤੀ ਦੱਸਦਾ ਹੈ ਕਿ ਯਿਸੂ ‘ਆਪਣੇ ਚੇਲਿਆਂ ਕੋਲ ਆਇਆ’ ਤੇ ਉਸ ਨੇ ਉਨ੍ਹਾਂ ਨਾਲ ਗੱਲ ਕੀਤੀ। (ਮੱਤੀ 28:18) ਇਸੇ ਤਰ੍ਹਾਂ ਬਜ਼ੁਰਗਾਂ ਨੂੰ ਭੈਣਾਂ-ਭਰਾਵਾਂ ਕੋਲ ਜਾ ਕੇ ਗੱਲ ਕਰਨੀ ਚਾਹੀਦੀ ਹੈ। ਇਹ ਦੇਖ ਕੇ ਭੈਣਾਂ-ਭਰਾਵਾਂ ਨੂੰ ਕਿੱਦਾਂ ਲੱਗਦਾ ਹੈ? ਇਕ 88 ਸਾਲਾਂ ਦੀ ਪਾਇਨੀਅਰ ਭੈਣ ਨੇ ਕਿਹਾ: “ਜਦੋਂ ਬਜ਼ੁਰਗ ਕਿੰਗਡਮ ਹਾਲ ਵਿਚ ਮੈਨੂੰ ਖਿੜੇ ਮੱਥੇ ਮਿਲਦੇ ਹਨ ਅਤੇ ਆਪਣੀਆਂ ਗੱਲਾਂ ਰਾਹੀਂ ਮੇਰਾ ਹੌਸਲਾ ਵਧਾਉਂਦੇ ਹਨ, ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ।” ਇਕ ਹੋਰ ਵਫ਼ਾਦਾਰ ਭੈਣ ਨੇ ਕਿਹਾ: “ਇਹ ਸ਼ਾਇਦ ਛੋਟੀ ਜਿਹੀ ਗੱਲ ਲੱਗੇ, ਪਰ ਜਦ ਇਕ ਬਜ਼ੁਰਗ ਮੀਟਿੰਗ ਵਿਚ ਮੈਨੂੰ ਹੱਸ ਕੇ ਮਿਲਦਾ ਹੈ, ਤਾਂ ਮੈਂ ਮਨ ਹੀ ਮਨ ਬਹੁਤ ਖ਼ੁਸ਼ ਹੁੰਦੀ ਹਾਂ।”

ਭੈਣਾਂ-ਭਰਾਵਾਂ ਨਾਲ ਗੱਲ ਕਰਨ ਲਈ ਸਮਾਂ ਕੱਢੋ

9, 10. (ੳ) ਯਹੋਵਾਹ ਨੇ ਸਾਡੇ ਲਈ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ ਹੈ? (ਅ) ਭੈਣਾਂ-ਭਰਾਵਾਂ ਲਈ ਬਜ਼ੁਰਗ ਸਮਾਂ ਕਿਵੇਂ ਕੱਢ ਸਕਦੇ ਹਨ?

9 ਭੈਣ-ਭਰਾ ਸਾਡੇ ਕੋਲ ਤਾਂ ਹੀ ਆ ਸਕਦੇ ਹਨ ਜੇ ਅਸੀਂ ਉਨ੍ਹਾਂ ਲਈ ਸਮਾਂ ਕੱਢੀਏ। ਇੱਦਾਂ ਕਰਨ ਵਿਚ ਯਹੋਵਾਹ ਦੀ ਮਿਸਾਲ ਵਧੀਆ ਹੈ। ਬਾਈਬਲ ਕਹਿੰਦੀ ਹੈ: “ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।” (ਰਸੂ. 17:27) ਬਜ਼ੁਰਗ ਮੀਟਿੰਗਾਂ ਤੋਂ ਪਹਿਲਾਂ ਅਤੇ ਇਨ੍ਹਾਂ ਤੋਂ ਬਾਅਦ ਨਿਆਣੇ-ਸਿਆਣੇ ਸਾਰਿਆਂ ਲਈ ਸਮਾਂ ਕੱਢ ਸਕਦੇ ਹਨ। ਇਕ ਪਾਇਨੀਅਰ ਭਰਾ ਨੇ ਕਿਹਾ: “ਜਦ ਇਕ ਬਜ਼ੁਰਗ ਮੇਰਾ ਹਾਲ-ਚਾਲ ਪੁੱਛਦਾ ਹੈ ਅਤੇ ਧਿਆਨ ਨਾਲ ਮੇਰੀ ਗੱਲ ਸੁਣਦਾ ਹੈ, ਤਾਂ ਮੈਂ ਦੇਖ ਸਕਦਾ ਹਾਂ ਕਿ ਉਸ ਨੂੰ ਮੇਰਾ ਕਿੰਨਾ ਖ਼ਿਆਲ ਹੈ।” ਇਕ ਭੈਣ, ਜੋ 50 ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੀ ਹੈ, ਕਹਿੰਦੀ ਹੈ: “ਜਦ ਬਜ਼ੁਰਗ ਮੀਟਿੰਗਾਂ ਤੋਂ ਬਾਅਦ ਮੇਰੇ ਨਾਲ ਗੱਲ ਕਰਨ ਲਈ ਸਮਾਂ ਕੱਢਦੇ ਹਨ, ਤਾਂ ਮੈਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਮੇਰਾ ਫ਼ਿਕਰ ਹੈ।”

10 ਇਹ ਸੱਚ ਹੈ ਕਿ ਬਜ਼ੁਰਗਾਂ ਨੂੰ ਮੰਡਲੀ ਵਿਚ ਹੋਰ ਵੀ ਕਈ ਕੰਮ ਕਰਨੇ ਪੈਂਦੇ ਹਨ, ਪਰ ਪਹਿਲਾਂ ਉਨ੍ਹਾਂ ਨੂੰ ਭੈਣਾਂ-ਭਰਾਵਾਂ ਨਾਲ ਗੱਲ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ।

ਯਹੋਵਾਹ ਪੱਖਪਾਤ ਨਹੀਂ ਕਰਦਾ

11, 12. (ੳ) ਕੋਈ ਕਿਵੇਂ ਦਿਖਾ ਸਕਦਾ ਹੈ ਕਿ ਉਹ ਪੱਖਪਾਤ ਨਹੀਂ ਕਰਦਾ? (ਅ) ਯਹੋਵਾਹ ਨੇ ਪੱਖਪਾਤ ਨਾ ਕਰਨ ਵਿਚ ਸਾਡੇ ਲਈ ਕਿਹੜੀ ਮਿਸਾਲ ਕਾਇਮ ਕੀਤੀ ਹੈ?

11 ਅਸੀਂ ਯਹੋਵਾਹ ਦੇ ਨੇੜੇ ਇਸ ਲਈ ਵੀ ਆਉਂਦੇ ਹਾਂ ਕਿਉਂਕਿ ਉਹ ਪੱਖਪਾਤ ਨਹੀਂ ਕਰਦਾ। ਕੋਈ ਕਿਵੇਂ ਦਿਖਾ ਸਕਦਾ ਹੈ ਕਿ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ? ਉਹ ਸਾਰਿਆਂ ਨੂੰ ਇਕ ਹੀ ਨਜ਼ਰ ਨਾਲ ਦੇਖਦਾ ਹੈ ਅਤੇ ਕਿਸੇ ਦੀ ਤਰਫ਼ਦਾਰੀ ਨਹੀਂ ਕਰਦਾ। ਇਹ ਉਸ ਦੇ ਰਵੱਈਏ ਅਤੇ ਲੋਕਾਂ ਨਾਲ ਉਸ ਦੇ ਸਲੂਕ ਤੋਂ ਦੇਖਿਆ ਜਾ ਸਕਦਾ ਹੈ। ਪਹਿਲਾਂ ਸਾਨੂੰ ਇਹ ਦਿਲੋਂ ਮੰਨਣ ਦੀ ਲੋੜ ਹੈ ਕਿ ਸਾਨੂੰ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕਰਨਾ ਚਾਹੀਦਾ ਹੈ, ਫਿਰ ਹੀ ਅਸੀਂ ਸਾਰੇ ਲੋਕਾਂ ਨਾਲ ਬਿਨਾਂ ਪੱਖਪਾਤ ਕੀਤੇ ਪੇਸ਼ ਆਵਾਂਗੇ। ਜਿਹੜਾ ਇਨਸਾਨ ਪੱਖਪਾਤ ਨਹੀਂ ਕਰਦਾ ਉਹ ਕਿਸੇ ਦਾ ਬਾਹਰੀ ਰੂਪ ਜਾਂ ਹੈਸੀਅਤ ਨਹੀਂ ਦੇਖਦਾ, ਪਰ ਇਹ ਦੇਖਦਾ ਹੈ ਕਿ ਉਹ ਇਨਸਾਨ ਅੰਦਰੋਂ ਕਿਹੋ ਜਿਹਾ ਹੈ।

12 ਪੱਖਪਾਤ ਨਾ ਕਰਨ ਵਿਚ ਯਹੋਵਾਹ ਨੇ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਹੈ। ਉਸ ਦਾ ਬਚਨ ਦੱਸਦਾ ਹੈ ਕਿ ਉਹ “ਕਿਸੇ ਨਾਲ ਪੱਖਪਾਤ ਨਹੀਂ ਕਰਦਾ।” (ਰਸੂਲਾਂ ਦੇ ਕੰਮ 10:34, 35; ਬਿਵਸਥਾ ਸਾਰ 10:17 ਪੜ੍ਹੋ।) ਅਸੀਂ ਇਸ ਗੱਲ ਦਾ ਸਬੂਤ ਮੂਸਾ ਦੇ ਜ਼ਮਾਨੇ ਵਿਚ ਵਾਪਰੀ ਇਕ ਘਟਨਾ ਤੋਂ ਦੇਖ ਸਕਦੇ ਹਾਂ।

ਸਲਾਫ਼ਹਾਦ ਦੀਆਂ ਧੀਆਂ ਨੇ ਇਸ ਗੱਲ ਦੀ ਬੜੀ ਕਦਰ ਕੀਤੀ ਕਿ ਪਰਮੇਸ਼ੁਰ ਪੱਖਪਾਤ ਨਹੀਂ ਕਰਦਾ (ਪੈਰੇ 13, 14 ਦੇਖੋ)

13, 14. (ੳ) ਸਲਾਫ਼ਹਾਦ ਦੀਆਂ ਪੰਜ ਧੀਆਂ ਕਿਸ ਮੁਸ਼ਕਲ ਵਿਚ ਪੈ ਗਈਆਂ ਸਨ? (ਅ) ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਹ ਪੱਖਪਾਤ ਕਰਨ ਵਾਲਾ ਪਰਮੇਸ਼ੁਰ ਨਹੀਂ ਹੈ?

13 ਜਦ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਵਾਲੇ ਸਨ, ਤਾਂ ਪੰਜ ਕੁਆਰੀਆਂ ਭੈਣਾਂ ਇਕ ਮੁਸ਼ਕਲ ਵਿਚ ਪੈ ਗਈਆਂ। ਯਹੋਵਾਹ ਨੇ ਸਾਰੇ ਪਰਿਵਾਰਾਂ ਨੂੰ ਜ਼ਮੀਨ ਦੇਣ ਦਾ ਵਾਅਦਾ ਕੀਤਾ ਸੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਜ਼ਮੀਨ ਮਿਲਣੀ ਸੀ। (ਗਿਣ. 26:52-55) ਪਰ ਉਨ੍ਹਾਂ ਦੇ ਪਿਤਾ ਸਲਾਫ਼ਹਾਦ ਦੀ ਮੌਤ ਹੋ ਚੁੱਕੀ ਸੀ ਜੋ ਮਨੱਸ਼ਹ ਦੇ ਗੋਤ ਵਿੱਚੋਂ ਸੀ। ਕਾਨੂੰਨ ਮੁਤਾਬਕ ਉਸ ਦੀ ਜ਼ਮੀਨ-ਜਾਇਦਾਦ ਉਸ ਦੇ ਪੁੱਤਰਾਂ ਨੂੰ ਮਿਲਣੀ ਸੀ, ਪਰ ਉਸ ਦਾ ਕੋਈ ਪੁੱਤਰ ਨਹੀਂ ਸੀ। (ਗਿਣ. 26:33) ਤਾਂ ਫਿਰ ਕੀ ਸਲਾਫ਼ਹਾਦ ਦੀ ਜ਼ਮੀਨ ਉਸ ਦੀਆਂ ਧੀਆਂ ਦੀ ਬਜਾਇ ਹੋਰ ਰਿਸ਼ਤੇਦਾਰਾਂ ਨੂੰ ਦਿੱਤੀ ਜਾਣੀ ਸੀ? ਉਸ ਦੀਆਂ ਧੀਆਂ ਕੀ ਕਰ ਸਕਦੀਆਂ ਸਨ?

14 ਇਨ੍ਹਾਂ ਪੰਜ ਭੈਣਾਂ ਨੇ ਮੂਸਾ ਨੂੰ ਜਾ ਕੇ ਪੁੱਛਿਆ: “ਸਾਡੇ ਪਿਤਾ ਦਾ ਨਾਉਂ ਉਸ ਦੇ ਟੱਬਰ ਵਿੱਚੋਂ ਪੁੱਤ੍ਰ ਨਾ ਹੋਣ ਦੇ ਕਾਰਨ ਕਿਉਂ ਮਿਟਾਇਆ ਜਾਵੇ?” ਉਨ੍ਹਾਂ ਨੇ ਉਸ ਨੂੰ ਬੇਨਤੀ ਕੀਤੀ: “ਸਾਨੂੰ ਵੀ ਸਾਡੇ ਪਿਤਾ ਦੇ ਭਰਾਵਾਂ ਨਾਲ ਮਿਲਖ ਦਿਓ।” ਕੀ ਮੂਸਾ ਨੇ ਇਹ ਜਵਾਬ ਦਿੱਤਾ, ‘ਇਹ ਕਾਨੂੰਨ ਪੱਥਰ ʼਤੇ ਲਕੀਰ ਹੈ, ਇਸ ਨੂੰ ਬਦਲਿਆ ਨਹੀਂ ਜਾ ਸਕਦਾ’? ਨਹੀਂ, ਉਹ “ਉਨ੍ਹਾਂ ਦੇ ਨਿਆਉਂ ਨੂੰ ਯਹੋਵਾਹ ਅੱਗੇ ਲੈ ਗਿਆ।” (ਗਿਣ. 27:2-5) ਯਹੋਵਾਹ ਨੇ ਕੀ ਕੀਤਾ? ਉਸ ਨੇ ਮੂਸਾ ਨੂੰ ਦੱਸਿਆ: “ਸਲਾਫ਼ਹਾਦ ਦੀਆਂ ਧੀਆਂ ਠੀਕ ਬੋਲਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਨਾਲ ਜਰੂਰ ਮਿਲਕੱਯਤ ਦੇਹ ਅਰਥਾਤ ਉਨ੍ਹਾਂ ਤੀਕ ਉਨ੍ਹਾਂ ਦੇ ਪਿਤਾ ਦੀ ਮਿਲਖ ਪਹੁੰਚਾ ਦੇਹ।” ਇੰਨਾ ਹੀ ਨਹੀਂ ਯਹੋਵਾਹ ਨੇ ਤਾਂ ਇਕ ਨਵਾਂ ਹੁਕਮ ਬਣਾਇਆ ਅਤੇ ਮੂਸਾ ਨੂੰ ਕਿਹਾ: “ਜੋ ਕੋਈ ਮਨੁੱਖ ਮਰ ਜਾਵੇ ਅਤੇ ਉਸ ਦਾ ਪੁੱਤ੍ਰ ਨਾ ਹੋਵੇ ਤਾਂ ਉਸ ਦੀ ਮਿਲਖ ਉਸ ਦੀ ਧੀ ਤੀਕ ਪਹੁੰਚਾਓ।” (ਗਿਣ. 27:6-8; ਯਹੋ. 17:1-6) ਸੋ ਜੇ ਕਦੇ ਦੁਬਾਰਾ ਇੱਦਾਂ ਦੀ ਮੁਸ਼ਕਲ ਖੜ੍ਹੀ ਹੁੰਦੀ, ਤਾਂ ਇਜ਼ਰਾਈਲੀ ਤੀਵੀਆਂ ਨੂੰ ਉਨ੍ਹਾਂ ਦੇ ਪਿਤਾ ਦੀ ਜ਼ਮੀਨ ਮਿਲ ਸਕਦੀ ਸੀ।

15. (ੳ) ਯਹੋਵਾਹ ਆਪਣੇ ਲੋਕਾਂ ਨਾਲ, ਖ਼ਾਸ ਕਰਕੇ ਬੇਸਹਾਰਾ ਲੋਕਾਂ ਨਾਲ ਕਿਵੇਂ ਪੇਸ਼ ਆਉਂਦਾ ਹੈ? (ਅ) ਬਾਈਬਲ ਵਿਚ ਹੋਰ ਕਿਹੜੀਆਂ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਪੱਖਪਾਤ ਨਹੀਂ ਕਰਦਾ?

15 ਯਹੋਵਾਹ ਨੇ ਕਿੰਨੀ ਦਇਆ ਨਾਲ ਇਨ੍ਹਾਂ ਕੁੜੀਆਂ ਦਾ ਇਨਸਾਫ਼ ਕੀਤਾ! ਇਨ੍ਹਾਂ ਬੇਚਾਰੀਆਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ, ਪਰ ਯਹੋਵਾਹ ਉਨ੍ਹਾਂ ਦੇ ਪੱਖ ਵਿਚ ਖੜ੍ਹਾ ਹੋਇਆ। ਜੀ ਹਾਂ, ਉਹ ਉਨ੍ਹਾਂ ਨਾਲ ਇੱਜ਼ਤ ਨਾਲ ਪੇਸ਼ ਆਇਆ ਜਿਵੇਂ ਉਹ ਸਾਰੇ ਇਜ਼ਰਾਈਲੀਆਂ ਨਾਲ ਪੇਸ਼ ਆਉਂਦਾ ਸੀ। (ਜ਼ਬੂ. 68:5) ਬਾਈਬਲ ਵਿਚ ਅਜਿਹੀਆਂ ਕਈ ਘਟਨਾਵਾਂ ਹਨ ਜੋ ਦਿਖਾਉਂਦੀਆਂ ਹਨ ਕਿ ਯਹੋਵਾਹ ਆਪਣੇ ਕਿਸੇ ਵੀ ਸੇਵਕ ਨਾਲ ਪੱਖਪਾਤ ਨਹੀਂ ਕਰਦਾ।​—1 ਸਮੂ. 16:1-13; ਰਸੂ. 10:30-35, 44-48.

ਅਸੀਂ ਯਹੋਵਾਹ ਦੀ ਰੀਸ ਕਰ ਸਕਦੇ ਹਾਂ

16. ਅਸੀਂ ਪੱਖਪਾਤ ਨਾ ਕਰਨ ਵਿਚ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?

16 ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ? ਯਾਦ ਰੱਖੋ ਕਿ ਜੇ ਅਸੀਂ ਦਿਲੋਂ ਸਾਰੇ ਲੋਕਾਂ ਨੂੰ ਬਰਾਬਰ ਸਮਝਾਂਗੇ, ਤਾਂ ਹੀ ਅਸੀਂ ਉਨ੍ਹਾਂ ਨਾਲ ਪੱਖਪਾਤ ਕਰਨ ਤੋਂ ਬਚਾਂਗੇ। ਸ਼ਾਇਦ ਸਾਨੂੰ ਲੱਗੇ ਕਿ ਅਸੀਂ ਪੱਖਪਾਤ ਨਹੀਂ ਕਰਦੇ, ਪਰ ਅਸੀਂ ਕਿੱਦਾਂ ਪਤਾ ਕਰ ਸਕਦੇ ਹਾਂ ਕਿ ਇਹ ਗੱਲ ਸਾਡੇ ਬਾਰੇ ਸੱਚ ਹੈ ਜਾਂ ਨਹੀਂ? ਜਦ ਯਿਸੂ ਜਾਣਨਾ ਚਾਹੁੰਦਾ ਸੀ ਕਿ ਲੋਕ ਉਸ ਬਾਰੇ ਕੀ ਕਹਿ ਰਹੇ ਸਨ, ਤਾਂ ਉਸ ਨੇ ਆਪਣੇ ਦੋਸਤਾਂ ਨੂੰ ਪੁੱਛਿਆ: “ਲੋਕਾਂ ਮੁਤਾਬਕ ਮਨੁੱਖ ਦਾ ਪੁੱਤਰ ਕੌਣ ਹੈ?” (ਮੱਤੀ 16:13, 14) ਅਸੀਂ ਵੀ ਆਪਣੇ ਅਜਿਹੇ ਕਿਸੇ ਦੋਸਤ ਨਾਲ ਗੱਲ ਕਰ ਸਕਦੇ ਹਾਂ ਜੋ ਸਾਨੂੰ ਸੱਚ-ਸੱਚ ਦੱਸੇਗਾ। ਉਸ ਨੂੰ ਪੁੱਛੋ: ‘ਤੁਸੀਂ ਕੀ ਸੋਚਦੇ ਹੋ, ਕੀ ਮੈਂ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕਰਦਾ ਹਾਂ? ਇਸ ਮਾਮਲੇ ਵਿਚ ਦੂਜੇ ਮੇਰੇ ਬਾਰੇ ਕੀ ਸੋਚਦੇ ਹਨ?’ ਸ਼ਾਇਦ ਉਹ ਤੁਹਾਨੂੰ ਦੱਸੇ ਕਿ ਤੁਸੀਂ ਲੋਕਾਂ ਵਿਚ ਫ਼ਰਕ ਕਰਦੇ ਹੋ ਅਤੇ ਇਕ ਕੌਮ ਦੇ ਲੋਕਾਂ ਨੂੰ ਕਿਸੇ ਹੋਰ ਕੌਮ ਦੇ ਲੋਕਾਂ ਨਾਲੋਂ ਬਿਹਤਰ ਸਮਝਦੇ ਹੋ। ਜਾਂ ਉਹ ਕਹੇ ਕਿ ਤੁਸੀਂ ਅਮੀਰ ਜਾਂ ਪੜ੍ਹੇ-ਲਿਖੇ ਲੋਕਾਂ ਦੀ ਜ਼ਿਆਦਾ ਇੱਜ਼ਤ ਕਰਦੇ ਹੋ। ਫਿਰ ਤੁਸੀਂ ਕੀ ਕਰੋਗੇ? ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰੋ। ਉਸ ਨੂੰ ਬੇਨਤੀ ਕਰੋ ਕਿ ਉਹ ਤੁਹਾਡੀ ਮਦਦ ਕਰੇ ਤਾਂਕਿ ਤੁਸੀਂ ਆਪਣਾ ਰਵੱਈਆ ਬਦਲ ਸਕੋ ਅਤੇ ਉਸ ਦੀ ਰੀਸ ਕਰਦੇ ਹੋਏ ਪੱਖਪਾਤ ਕਰਨ ਤੋਂ ਬਚ ਸਕੋ।​—ਮੱਤੀ 7:7; ਕੁਲੁ. 3:10, 11.

17. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪੱਖਪਾਤ ਨਹੀਂ ਕਰਦੇ?

17 ਮੰਡਲੀ ਵਿਚ ਸਾਰੇ ਭੈਣਾਂ-ਭਰਾਵਾਂ ਨਾਲ ਪਿਆਰ ਤੇ ਇੱਜ਼ਤ ਨਾਲ ਪੇਸ਼ ਆ ਕੇ ਅਸੀਂ ਦਿਖਾਵਾਂਗੇ ਕਿ ਅਸੀਂ ਯਹੋਵਾਹ ਵਾਂਗ ਪੱਖਪਾਤ ਨਹੀਂ ਕਰਦੇ। ਮਿਸਾਲ ਲਈ, ਅਸੀਂ ਸਾਰਿਆਂ ਨੂੰ ਪਰਾਹੁਣਚਾਰੀ ਦਿਖਾਉਣੀ ਚਾਹੁੰਦੇ ਹਾਂ, ਉਨ੍ਹਾਂ ਨੂੰ ਵੀ ਜਿਨ੍ਹਾਂ ਦਾ ਪਿਛੋਕੜ ਸਾਡੇ ਤੋਂ ਵੱਖਰਾ ਹੈ। ਅਸੀਂ ਉਨ੍ਹਾਂ ਨੂੰ ਵੀ ਆਪਣੇ ਘਰ ਬੁਲਾ ਸਕਦੇ ਹਾਂ ਜਿਨ੍ਹਾਂ ਦੇ ਜੀਵਨ ਸਾਥੀ ਗੁਜ਼ਰ ਗਏ ਹਨ ਅਤੇ ਜਿਹੜੇ ਗ਼ਰੀਬ ਜਾਂ ਯਤੀਮ ਹਨ। (ਗਲਾਤੀਆਂ 2:10; ਯਾਕੂਬ 1:27 ਪੜ੍ਹੋ।) ਨਾਲੇ ਅਸੀਂ ਹਰ ਤਰ੍ਹਾਂ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ, ਚਾਹੇ ਉਹ ਕਿਸੇ ਵੀ ਦੇਸ਼ ਦੇ ਕਿਉਂ ਨਾ ਹੋਣ। ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ ਤਕਰੀਬਨ 600 ਭਾਸ਼ਾਵਾਂ ਵਿਚ ਪ੍ਰਕਾਸ਼ਨ ਹਨ। ਆਓ ਆਪਾਂ ਇਨ੍ਹਾਂ ਨੂੰ ਵਰਤ ਕੇ ਦਿਖਾਈਏ ਕਿ ਅਸੀਂ ਕਿਸੇ ਦੀ ਤਰਫ਼ਦਾਰੀ ਨਹੀਂ ਕਰਦੇ!

18. ਜਿਵੇਂ ਇਸ ਲੇਖ ਵਿਚ ਦੱਸਿਆ ਗਿਆ ਹੈ, ਅਸੀਂ ਯਹੋਵਾਹ ਵਰਗੇ ਗੁਣ ਕਿਵੇਂ ਦਿਖਾ ਸਕਦੇ ਹਾਂ?

18 ਜਦ ਅਸੀਂ ਇਸ ਬਾਰੇ ਸੋਚਦੇ ਹਾਂ ਕਿ ਸਾਰੇ ਯਹੋਵਾਹ ਕੋਲ ਆ ਸਕਦੇ ਹਨ ਅਤੇ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਤਾਂ ਉਸ ਲਈ ਸਾਡੀ ਕਦਰ ਹੋਰ ਵੀ ਵਧਦੀ ਹੈ। ਇਸ ਕਰਕੇ ਅਸੀਂ ਭੈਣਾਂ-ਭਰਾਵਾਂ ਨਾਲ ਪੇਸ਼ ਆਉਂਦਿਆਂ ਤੇ ਪ੍ਰਚਾਰ ਵਿਚ ਲੋਕਾਂ ਨੂੰ ਮਿਲਦਿਆਂ ਯਹੋਵਾਹ ਵਰਗੇ ਗੁਣ ਦਿਖਾਵਾਂਗੇ।

“ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ।”​—ਜ਼ਬੂ. 145:18 (ਪੈਰਾ 9 ਦੇਖੋ)

“ਯਹੋਵਾਹ ਤੁਹਾਡਾ ਪਰਮੇਸ਼ੁਰ . . . ਕਿਸੇ ਦਾ ਪੱਖ ਨਹੀਂ ਕਰਦਾ।”​—ਬਿਵ. 10:17 (ਪੈਰਾ 17 ਦੇਖੋ)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ