ਕੀ ਤੁਸੀਂ ਸਾਡੇ ਨਿਰਪੱਖ ਪਰਮੇਸ਼ੁਰ ਦੀ ਰੀਸ ਕਰ ਰਹੇ ਹੋ?
ਨਿਰਪੱਖਤਾ—ਇਹ ਕਿੱਥੇ ਪਾਈ ਜਾ ਸਕਦੀ ਹੈ? ਅਜਿਹਾ ਇਕ ਵਿਅਕਤੀ ਹੈ ਜੋ ਬਿਲਕੁਲ ਹੀ ਨਿਰਪੱਖ ਹੈ, ਅਰਥਾਤ ਪੂਰਵ-ਧਾਰਣਾ, ਤਰਫ਼ਦਾਰੀ, ਅਤੇ ਵਿਤਕਰੇ ਤੋਂ ਮੁਕਤ ਹੈ। ਉਹ ਹੈ ਯਹੋਵਾਹ ਪਰਮੇਸ਼ੁਰ, ਮਨੁੱਖਜਾਤੀ ਦਾ ਸ੍ਰਿਸ਼ਟੀਕਰਤਾ। ਪਰੰਤੂ, ਮਾਨਵ ਦੇ ਬਾਰੇ, 19ਵੀਂ-ਸਦੀ ਦੇ ਅੰਗ੍ਰੇਜ਼ ਲੇਖਕ ਚਾਰਲਸ ਲੈਮ ਨੇ ਸਾਫ਼-ਸਾਫ਼ ਲਿਖਿਆ: “ਸਰਲ ਸ਼ਬਦਾਂ ਵਿਚ, ਮੈਂ ਤਾਂ ਪੂਰਵ-ਧਾਰਣਾਵਾਂ ਦੀ ਇਕ ਪੋਟਲੀ ਹਾਂ—ਪਸੰਦ ਅਤੇ ਨਾਪਸੰਦ ਨਾਲ ਬਣੀ ਹੋਈ ਪੋਟਲੀ।”
ਜਦੋਂ ਨਿਰਪੱਖਤਾ ਦੀ ਗੱਲ ਆਉਂਦੀ ਹੈ, ਤਾਂ ਮਾਨਵ ਸੰਬੰਧਾਂ ਵਿਚ ਵੱਡੀ ਘਾਟ ਪਾਈ ਜਾਂਦੀ ਹੈ। ਕਈ ਸਦੀਆਂ ਪਹਿਲਾਂ, ਇਸਰਾਏਲ ਦੇ ਬੁੱਧੀਮਾਨ ਰਾਜਾ ਸੁਲੇਮਾਨ ਨੇ ਆਖਿਆ ਕਿ “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” (ਉਪਦੇਸ਼ਕ ਦੀ ਪੋਥੀ 8:9) ਜਾਤੀਗਤ ਨਫ਼ਰਤ, ਕੌਮੀ ਝਗੜੇ, ਅਤੇ ਖ਼ਾਨਦਾਨੀ ਦੁਸ਼ਮਣੀ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਇਸ ਲਈ, ਕੀ ਇਹ ਵਿਸ਼ਵਾਸ ਕਰਨਾ ਯਥਾਰਥਕ ਹੈ ਕਿ ਮਾਨਵ ਆਪਣੇ ਆਪ ਇਕ ਨਿਰਪੱਖ ਸਮਾਜ ਵਿਕਸਿਤ ਕਰ ਸਕਦੇ ਹਨ?
ਆਪਣੇ ਰਵੱਈਏ ਉੱਤੇ ਕਾਬੂ ਪਾਉਣ ਅਤੇ ਕਿਸੇ ਵੀ ਗਹਿਰੀ ਪੂਰਵ-ਧਾਰਣਾ ਨੂੰ ਦੂਰ ਕਰਨ ਦੇ ਲਈ ਸਚੇਤ ਜਤਨ ਦੀ ਲੋੜ ਪੈਂਦੀ ਹੈ। (ਅਫ਼ਸੀਆਂ 4:22-24) ਬਿਨਾਂ ਅਹਿਸਾਸ ਕੀਤੇ ਅਸੀਂ ਸ਼ਾਇਦ ਉਹ ਰਵੱਈਏ ਰੱਖਣ ਦੇ ਵੱਲ ਝੁਕਾਉ ਹੋਈਏ ਜਿਹੜੇ ਕਿ ਸਾਡੇ ਸਮਾਜਕ ਅਤੇ ਸਿੱਖਿਅਕ ਮਾਹੌਲ ਦੁਆਰਾ ਢਾਲੇ ਗਏ ਸਨ ਅਤੇ ਜਿਨ੍ਹਾਂ ਦੀ ਜੜ੍ਹ ਸਾਡੇ ਪਰਿਵਾਰਕ, ਜਾਤੀਗਤ, ਅਤੇ ਕੌਮੀ ਪਿਛੋਕੜਾਂ ਵਿਚ ਸੀ। ਇਹ ਮਾਮੂਲੀ ਜਾਪਦੇ ਝੁਕਾਉ ਅਕਸਰ ਗਹਿਰੇ ਹੁੰਦੇ ਹਨ ਅਤੇ ਅਜਿਹੇ ਰਵੱਈਏ ਨੂੰ ਉਤਸ਼ਾਹਿਤ ਕਰਦੇ ਹਨ ਜੋ ਪੱਖਪਾਤ ਦਾ ਕਾਰਨ ਬਣਦੇ ਹਨ। ਇੱਥੋਂ ਤਕ ਕਿ ਸਕਾਟਲੈਂਡ ਦੇ ਇਕ ਵਿਧੀਵੇਤਾ ਅਤੇ ਸੰਪਾਦਕ ਲਾਰਡ ਫ਼ਰਾਂਸਿਸ ਜੈਫ਼ਰੀ ਨੇ ਕਬੂਲ ਕੀਤਾ: “ਇਕ ਵਿਅਕਤੀ ਹੋਰ ਕਿਸੇ ਵੀ ਚੀਜ਼ ਬਾਰੇ ਇੰਨੀ ਦੇਰ ਤਕ ਅਚੇਤ ਨਹੀਂ ਰਹਿੰਦਾ ਹੈ ਜਿੰਨੀ ਕਿ ਉਹ ਆਪਣੀਆਂ ਪੂਰਵ-ਧਾਰਣਾਵਾਂ ਦੇ ਵਿਸਤਾਰ ਅਤੇ ਬਲ ਬਾਰੇ ਰਹਿੰਦਾ ਹੈ।”
ਲੀਨਾa ਇਕ ਔਰਤ ਹੈ ਜੋ ਕਬੂਲ ਕਰਦੀ ਹੈ ਕਿ ਪੱਖਪਾਤੀ ਹੋਣ ਦੇ ਝੁਕਾਉ ਦੇ ਵਿਰੁੱਧ ਲੜਨ ਲਈ ਸਚੇਤ ਜਤਨ ਦੀ ਲੋੜ ਹੈ। ਉਹ ਕਹਿੰਦੀ ਹੈ ਕਿ ਆਪਣੇ ਅੰਦਰ ਪੂਰਵ-ਧਾਰਣਾ ਦੀ ਭਾਵਨਾ ਨੂੰ ਦਬਾਉਣ ਦੇ ਲਈ, “ਸਖ਼ਤ ਜਤਨ ਦੀ ਲੋੜ ਪੈਂਦੀ ਹੈ ਕਿਉਂਕਿ ਪ੍ਰਾਰੰਭਿਕ ਸਿੱਖਿਆ ਇਕ ਬਹੁਤ ਹੀ ਜ਼ੋਰਦਾਰ ਪ੍ਰਭਾਵ ਹੈ।” ਲੀਨਾ ਇਹ ਵੀ ਸਵੀਕਾਰ ਕਰਦੀ ਹੈ ਕਿ ਲਗਾਤਾਰ ਯਾਦ-ਦਹਾਨੀਆਂ ਦੀ ਲੋੜ ਪੈਂਦੀ ਹੈ।
ਯਹੋਵਾਹ ਦੀ ਨਿਰਪੱਖਤਾ ਦਾ ਰਿਕਾਰਡ
ਯਹੋਵਾਹ ਨਿਰਪੱਖਤਾ ਦੀ ਇਕ ਸੰਪੂਰਣ ਮਿਸਾਲ ਹੈ। ਬਾਈਬਲ ਦਿਆਂ ਆਰੰਭਕ ਪੰਨਿਆਂ ਤੋਂ ਹੀ ਅਸੀਂ ਪੜ੍ਹਦੇ ਹਾਂ ਕਿ ਉਸ ਨੇ ਕਿਵੇਂ ਮਾਨਵ ਦੇ ਨਾਲ ਆਪਣੇ ਵਰਤਾਉ ਵਿਚ ਆਪਣੀ ਨਿਰਪੱਖਤਾ ਜ਼ਾਹਰ ਕੀਤੀ। ਅਸੀਂ ਇਨ੍ਹਾਂ ਉੱਤਮ ਮਿਸਾਲਾਂ ਅਤੇ ਯਾਦ-ਦਹਾਨੀਆਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।
ਯਹੋਵਾਹ ਨੇ ਨਿਰਪੱਖਤਾ ਪ੍ਰਦਰਸ਼ਿਤ ਕੀਤੀ ਜਦੋਂ ਉਸ ਨੇ ਇਸ ਤਰੀਕੇ ਨਾਲ ਮਾਮਲੇ ਨੂੰ ਘੁਮਾਇਆ ਕਿ ਯਹੂਦੀ ਰਸੂਲ ਪਤਰਸ ਨੇ 36 ਸਾ.ਯੁ. ਵਿਚ ਕੁਰਨੇਲਿਯੁਸ ਅਤੇ ਦੂਜੇ ਗ਼ੈਰ-ਯਹੂਦੀਆਂ ਨੂੰ ਖ਼ੁਸ਼ ਖ਼ਬਰੀ ਦਾ ਐਲਾਨ ਕੀਤਾ। ਉਸ ਵੇਲੇ ਪਤਰਸ ਨੇ ਕਿਹਾ: “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ। ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਉਸ ਤੋਂ ਡਰਦਾ ਅਤੇ ਧਰਮ ਦੇ ਕੰਮ ਕਰਦਾ ਹੈ ਸੋ ਉਹ ਨੂੰ ਭਾਉਂਦਾ ਹੈ।”—ਰਸੂਲਾਂ ਦੇ ਕਰਤੱਬ 10:34, 35.
ਮਾਨਵ ਪਰਿਵਾਰ ਦੇ ਨਾਲ ਆਪਣੇ ਸਮੁੱਚੇ ਵਰਤਾਉ ਵਿਚ, ਯਹੋਵਾਹ ਨੇ ਨਿਯਮਿਤ ਤੌਰ ਤੇ ਆਪਣੀ ਨਿਰਪੱਖਤਾ ਪ੍ਰਦਰਸ਼ਿਤ ਕੀਤੀ ਹੈ। ਮਸੀਹ ਯਿਸੂ ਨੇ ਆਪਣੇ ਪਿਤਾ ਬਾਰੇ ਕਿਹਾ: “ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” (ਮੱਤੀ 5:45) ਯਹੋਵਾਹ ਨੂੰ ਇਕ ਨਿਰਪੱਖ ਪਰਮੇਸ਼ੁਰ ਵਜੋਂ ਹੋਰ ਵਡਿਆਉਂਦੇ ਹੋਏ, ਪਤਰਸ ਨੇ ਗਵਾਹੀ ਦਿੱਤੀ: “ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।”—2 ਪਤਰਸ 3:9.
ਨੂਹ ਦੇ ਦਿਨਾਂ ਵਿਚ, ਜਦੋਂ ‘ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ ਅਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਸੀ,’ ਤਾਂ ਯਹੋਵਾਹ ਨੇ ਮਨੁੱਖਜਾਤੀ ਦੇ ਉਸ ਸੰਸਾਰ ਦੇ ਵਿਨਾਸ਼ ਦਾ ਫ਼ਰਮਾਨ ਜਾਰੀ ਕੀਤਾ। (ਉਤਪਤ 6:5-7, 11, 12) ਪਰੰਤੂ, ਪਰਮੇਸ਼ੁਰ ਦੇ ਹੁਕਮ ਤੇ ਅਤੇ ਆਪਣੇ ਸਮਕਾਲੀਆਂ ਦੇ ਦੇਖਦਿਆਂ, ਨੂਹ ਨੇ ਇਕ ਕਿਸ਼ਤੀ ਬਣਾਈ। ਜਿਸ ਸਮੇਂ ਨੂਹ ਆਪਣੇ ਪੁੱਤਰਾਂ ਦੇ ਨਾਲ ਕਿਸ਼ਤੀ ਉਸਾਰ ਰਿਹਾ ਸੀ, ਉਹ ਇਕ “ਧਰਮ ਦਾ ਪਰਚਾਰਕ” ਵੀ ਸੀ। (2 ਪਤਰਸ 2:5) ਉਸ ਪੀੜ੍ਹੀ ਦੇ ਦਿਲ ਦੇ ਦੁਸ਼ਟ ਝੁਕਾਉ ਨੂੰ ਜਾਣਦੇ ਹੋਏ ਵੀ, ਯਹੋਵਾਹ ਨੇ ਨਿਰਪੱਖਤਾ ਨਾਲ ਉਨ੍ਹਾਂ ਨੂੰ ਇਕ ਸਪੱਸ਼ਟ ਸੰਦੇਸ਼ ਘੱਲਿਆ। ਉਸ ਨੇ ਨੂਹ ਦੁਆਰਾ ਉਸਾਰੀ ਅਤੇ ਪ੍ਰਚਾਰ ਕਰਵਾਉਣ ਦੇ ਦੁਆਰਾ ਉਨ੍ਹਾਂ ਦੇ ਮਨਾਂ ਅਤੇ ਦਿਲਾਂ ਨੂੰ ਉਕਸਾਇਆ। ਉਨ੍ਹਾਂ ਕੋਲ ਪ੍ਰਤਿਕਰਮ ਦਿਖਾਉਣ ਦਾ ਹਰ ਮੌਕਾ ਸੀ, ਲੇਕਿਨ ਇਸ ਦੀ ਬਜਾਇ ਉਨ੍ਹਾਂ ਨੇ “ਕੋਈ ਧਿਆਨ ਨਹੀਂ ਦਿੱਤਾ ਜਦ ਤਕ ਪਰਲੋ ਆ ਕੇ ਉਨ੍ਹਾਂ ਸਭਨਾਂ ਨੂੰ ਰੁੜ੍ਹਾ ਕੇ ਨਾ ਲੈ ਗਈ।”—ਮੱਤੀ 24:39, ਨਿ ਵ.
ਯਹੋਵਾਹ ਦੀ ਨਿਰਪੱਖਤਾ ਦੀ ਕਿੰਨੀ ਉੱਤਮ ਮਿਸਾਲ! ਇਨ੍ਹਾਂ ਅੰਤ ਦਿਆਂ ਕਠਿਨ ਦਿਨਾਂ ਵਿਚ, ਇਹ ਪਰਮੇਸ਼ੁਰ ਦੇ ਸੇਵਕਾਂ ਨੂੰ ਸਮਾਨ ਨਿਰਪੱਖਤਾ ਦੇ ਨਾਲ ਰਾਜ ਦੀ ਖ਼ੁਸ਼ ਖ਼ਬਰੀ ਐਲਾਨ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ। ਇਸ ਤੋਂ ਇਲਾਵਾ, ਉਹ ਯਹੋਵਾਹ ਦੇ ਬਦਲਾ ਲੈਣ ਦੇ ਦਿਨ ਨੂੰ ਘੋਸ਼ਿਤ ਕਰਨ ਤੋਂ ਨਹੀਂ ਹਿਚਕਿਚਾਉਂਦੇ ਹਨ। ਸਾਰੇ ਲੋਕਾਂ ਦੇ ਸਾਮ੍ਹਣੇ, ਉਹ ਯਹੋਵਾਹ ਦਾ ਸੰਦੇਸ਼ ਬਿਨਾਂ ਪੱਖਪਾਤ ਦੇ ਸਾਰਿਆਂ ਦੇ ਸੁਣਨ ਲਈ ਪੇਸ਼ ਕਰਦੇ ਹਨ।—ਯਸਾਯਾਹ 61:1, 2.
ਕੁਲ-ਪਿਤਾਵਾਂ ਅਬਰਾਹਾਮ, ਇਸਹਾਕ, ਅਤੇ ਯਾਕੂਬ ਨੂੰ ਦਿੱਤੇ ਗਏ ਯਹੋਵਾਹ ਦੇ ਵਾਅਦੇ ਨੇ ਸਪੱਸ਼ਟ ਕੀਤਾ ਕਿ ਉਹ ਇਕ ਨਿਰਪੱਖ ਪਰਮੇਸ਼ੁਰ ਹੈ। ਉਨ੍ਹਾਂ ਦੀ ਵਿਸ਼ਿਸ਼ਟ ਵੰਸ਼ਾਵਲੀ ਤੋਂ ਉਹ ਨਿਯੁਕਤ ਵਿਅਕਤੀ ਆਉਂਦਾ, ਜਿਸ ਦੁਆਰਾ ‘ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਂਦੀਆਂ।’ (ਉਤਪਤ 22:18; 26:4; 28:14) ਮਸੀਹ ਯਿਸੂ ਉਹ ਨਿਯੁਕਤ ਵਿਅਕਤੀ ਸਾਬਤ ਹੋਇਆ। ਯਿਸੂ ਦੀ ਮੌਤ ਅਤੇ ਪੁਨਰ-ਉਥਾਨ ਦੇ ਦੁਆਰਾ, ਯਹੋਵਾਹ ਨੇ ਸਾਰੀ ਆਗਿਆਕਾਰ ਮਨੁੱਖਜਾਤੀ ਦੇ ਲਈ ਮੁਕਤੀ ਦਾ ਰਾਹ ਮੁਹੱਈਆ ਕੀਤਾ। ਜੀ ਹਾਂ, ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੇ ਲਾਭ ਬਿਨਾਂ ਪੱਖਪਾਤ ਦੇ ਉਪਲਬਧ ਹਨ।
ਮੂਸਾ ਦੇ ਦਿਨਾਂ ਵਿਚ, ਯਹੋਵਾਹ ਦੀ ਨਿਰਪੱਖਤਾ ਸਲਾਫ਼ਹਾਦ ਦੀਆਂ ਧੀਆਂ ਦੇ ਸੰਬੰਧ ਵਿਚ ਇਕ ਅਤਿ ਦਿਲਚਸਪ ਤਰੀਕੇ ਵਿਚ ਪ੍ਰਗਟ ਹੋਈ। ਇਹ ਪੰਜ ਔਰਤਾਂ ਵਾਅਦਾ ਕੀਤੇ ਹੋਏ ਦੇਸ਼ ਵਿਚ ਆਪਣੇ ਪਿਤਾ ਦੀ ਵਿਰਾਸਤ ਦੇ ਸੰਬੰਧ ਵਿਚ ਦੁਬਿਧਾ ਵਿਚ ਪਈਆਂ ਹੋਈਆਂ ਸਨ। ਇਹ ਇਸ ਲਈ ਸੀ ਕਿਉਂਕਿ ਇਸਰਾਏਲ ਵਿਚ ਇਹ ਰਿਵਾਜੀ ਸੀ ਕਿ ਜ਼ਮੀਨ ਦੀ ਵਿਰਾਸਤ ਇਕ ਆਦਮੀ ਦੇ ਪੁੱਤਰਾਂ ਰਾਹੀਂ ਜਾਰੀ ਰਹਿਣੀ ਸੀ। ਪਰੰਤੂ, ਸਲਾਫ਼ਹਾਦ ਇਕ ਪੁੱਤਰ ਪੈਦਾ ਕੀਤੇ ਬਿਨਾਂ ਹੀ ਮਰ ਗਿਆ ਜੋ ਵਿਰਾਸਤ ਹਾਸਲ ਕਰਦਾ। ਇਸ ਲਈ ਸਲਾਫ਼ਹਾਦ ਦੀਆਂ ਪੰਜ ਧੀਆਂ ਨੇ ਮੂਸਾ ਅੱਗੇ ਨਿਰਪੱਖ ਵਰਤਾਉ ਦੇ ਲਈ ਬੇਨਤੀ ਕਰਦੇ ਹੋਏ ਕਿਹਾ: “ਸਾਡੇ ਪਿਤਾ ਦਾ ਨਾਉਂ ਉਸ ਦੇ ਟੱਬਰ ਵਿੱਚੋਂ ਪੁੱਤ੍ਰ ਨਾ ਹੋਣ ਦੇ ਕਾਰਨ ਕਿਉਂ ਮਿਟਾਇਆ ਜਾਵੇ? ਸਾਨੂੰ ਵੀ ਸਾਡੇ ਪਿਤਾ ਦੇ ਭਰਾਵਾਂ ਨਾਲ ਮਿਲਖ ਦਿਓ।” ਯਹੋਵਾਹ ਨੇ ਉਨ੍ਹਾਂ ਦੀਆਂ ਫ਼ਰਿਆਦਾਂ ਸੁਣੀਆਂ ਅਤੇ ਮੂਸਾ ਨੂੰ ਹਿਦਾਇਤ ਦਿੱਤੀ: “ਜੋ ਕੋਈ ਮਨੁੱਖ ਮਰ ਜਾਵੇ ਅਤੇ ਉਸ ਦਾ ਪੁੱਤ੍ਰ ਨਾ ਹੋਵੇ ਤਾਂ ਉਸ ਦੀ ਮਿਲਖ ਉਸ ਦੀ ਧੀ ਤੀਕ ਪਹੁੰਚਾਓ।”—ਗਿਣਤੀ 27:1-11.
ਕਿੰਨਾ ਹੀ ਪ੍ਰੇਮਮਈ ਨਿਰਪੱਖ ਪੂਰਵਉਦਾਹਰਣ! ਇਹ ਨਿਸ਼ਚਿਤ ਕਰਨ ਲਈ ਕਿ ਧੀਆਂ ਦੇ ਵਿਆਹ ਹੋਣ ਤੇ ਗੋਤ ਦੀ ਵਿਰਾਸਤ ਇਕ ਗੋਤ ਤੋਂ ਦੂਜੀ ਗੋਤ ਵਿਚ ਨਾ ਚਲੀ ਜਾਵੇ, ਉਨ੍ਹਾਂ ਤੋਂ ਮੰਗ ਕੀਤੀ ਜਾਂਦੀ ਸੀ ਕਿ ਉਹ ਕੇਵਲ “ਆਪਣੇ ਪਿਉ ਦਾਦਿਆਂ ਦੇ ਗੋਤ ਦੇ ਟੱਬਰਾਂ” ਵਿਚ ਹੀ ਵਿਆਹ ਕਰਨ।—ਗਿਣਤੀ 36:5-12.
ਨਿਆਈ ਅਤੇ ਨਬੀ ਸਮੂਏਲ ਦੇ ਦਿਨਾਂ ਵਿਚ ਯਹੋਵਾਹ ਦੀ ਨਿਰਪੱਖਤਾ ਦੀ ਹੋਰ ਅੰਤਰਦ੍ਰਿਸ਼ਟੀ ਦੇਖਣ ਵਿਚ ਆਉਂਦੀ ਹੈ। ਯਹੋਵਾਹ ਨੇ ਉਸ ਨੂੰ ਬੈਤਲਹਮੀ ਯੱਸੀ ਦੇ ਪਰਿਵਾਰ ਵਿਚ ਯਹੂਦਾਹ ਦੇ ਗੋਤ ਤੋਂ ਇਕ ਨਵਾਂ ਰਾਜਾ ਮਸਹ ਕਰਨ ਦੇ ਲਈ ਨਿਯੁਕਤ ਕੀਤਾ। ਲੇਕਿਨ ਯੱਸੀ ਦੇ ਅੱਠ ਪੁੱਤਰ ਸਨ। ਕੌਣ ਰਾਜੇ ਵਜੋਂ ਮਸਹ ਕੀਤਾ ਜਾਂਦਾ? ਅਲੀਆਬ ਦੇ ਸਰੀਰਕ ਡੀਲਡੌਲ ਤੋਂ ਸਮੂਏਲ ਪ੍ਰਭਾਵਿਤ ਹੋਇਆ। ਲੇਕਿਨ, ਯਹੋਵਾਹ ਬਾਹਰੀ ਦਿੱਖ ਦੁਆਰਾ ਪ੍ਰਭਾਵਿਤ ਨਹੀਂ ਹੁੰਦਾ ਹੈ। ਉਸ ਨੇ ਸਮੂਏਲ ਨੂੰ ਕਿਹਾ: “ਉਹ ਦੇ ਮੂੰਹ ਉੱਤੇ ਅਤੇ ਉਹ ਦੀ ਲੰਮਾਣ ਵੱਲ ਨਾ ਵੇਖ ਕਿਉਂ ਜੋ . . . ਯਹੋਵਾਹ . . . ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।” ਯੱਸੀ ਦਾ ਸਭ ਤੋਂ ਛੋਟਾ ਪੁੱਤਰ, ਦਾਊਦ ਚੁਣਿਆ ਗਿਆ ਸੀ।—1 ਸਮੂਏਲ 16:1, 6-13.
ਯਹੋਵਾਹ ਦੀ ਨਿਰਪੱਖਤਾ ਤੋਂ ਸਿੱਖਣਾ
ਮਸੀਹੀ ਬਜ਼ੁਰਗ ਇਕ ਸੰਗੀ ਵਿਸ਼ਵਾਸੀ ਦਿਆਂ ਅਧਿਆਤਮਿਕ ਗੁਣਾਂ ਵੱਲ ਧਿਆਨ ਦੇਣ ਦੇ ਦੁਆਰਾ ਯਹੋਵਾਹ ਦੀ ਰੀਸ ਕਰਨ ਵਿਚ ਚੰਗਾ ਕਰਦੇ ਹਨ। ਆਪਣੀਆਂ ਨਿੱਜੀ ਭਾਵਨਾਵਾਂ ਨੂੰ ਆਪਣੀ ਸਮਝ ਉੱਤੇ ਹਾਵੀ ਹੋਣ ਦਿੰਦੇ ਹੋਏ, ਆਪਣੇ ਹੀ ਮਿਆਰਾਂ ਅਨੁਸਾਰ ਇਕ ਵਿਅਕਤੀ ਬਾਰੇ ਰਾਇ ਕਾਇਮ ਕਰਨਾ ਸੌਖਾ ਹੈ। ਜਿਵੇਂ ਕਿ ਇਕ ਬਜ਼ੁਰਗ ਕਹਿੰਦਾ ਹੈ, “ਮੈਂ ਦੂਜਿਆਂ ਦੇ ਨਾਲ ਅਜਿਹੇ ਤਰੀਕੇ ਵਿਚ ਵਰਤਾਉ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜੋ ਯਹੋਵਾਹ ਨੂੰ ਪ੍ਰਸੰਨ ਕਰਦਾ ਹੈ, ਨਾ ਕਿ ਮੇਰੇ ਆਪਣੇ ਪੂਰਵ-ਨਿਰਧਾਰਿਤ ਵਿਚਾਰਾਂ ਉੱਤੇ ਆਧਾਰਿਤ ਹੁੰਦਾ ਹੈ।” ਯਹੋਵਾਹ ਦੇ ਸਾਰੇ ਸੇਵਕਾਂ ਦੇ ਲਈ ਉਸ ਦੇ ਬਚਨ ਨੂੰ ਆਪਣੇ ਮਾਪਦੰਡ ਵਜੋਂ ਇਸਤੇਮਾਲ ਕਰਨਾ ਕਿੰਨਾ ਹੀ ਲਾਭਕਾਰੀ ਹੈ!
ਪੂਰਵ-ਵਰਣਿਤ ਬਾਈਬਲੀ ਮਿਸਾਲਾਂ ਸਾਨੂੰ ਜਾਤੀਗਤ ਜਾਂ ਰਾਸ਼ਟਰਵਾਦੀ ਪੂਰਵ-ਧਾਰਣਾ ਦੀਆਂ ਚਿਰੋਕਣੀਆਂ ਭਾਵਨਾਵਾਂ ਨਾਲ ਸੰਘਰਸ਼ ਕਰਨ ਲਈ ਮਦਦ ਕਰਦੀਆਂ ਹਨ। ਯਹੋਵਾਹ ਦੀ ਨਿਰਪੱਖਤਾ ਦੀ ਰੀਸ ਕਰਨ ਦੁਆਰਾ, ਅਸੀਂ ਮਸੀਹੀ ਕਲੀਸਿਯਾ ਨੂੰ ਪੂਰਵ-ਧਾਰਣਾ, ਵਿਤਕਰੇ, ਅਤੇ ਤਰਫ਼ਦਾਰੀ ਤੋਂ ਬਚਾਈ ਰੱਖਦੇ ਹਾਂ।
ਰਸੂਲ ਪਤਰਸ ਨੇ ਜਾਣਿਆ ਕਿ “ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ।” (ਰਸੂਲਾਂ ਦੇ ਕਰਤੱਬ 10:34) ਤਰਫ਼ਦਾਰੀ ਨਿਰਪੱਖਤਾ ਦੀ ਵੈਰਨ ਹੈ ਅਤੇ ਪ੍ਰੇਮ ਤੇ ਏਕਤਾ ਦੇ ਸਿਧਾਂਤਾਂ ਦੀ ਉਲੰਘਣਾ ਕਰਦੀ ਹੈ। ਯਿਸੂ ਨੇ ਗ਼ਰੀਬਾਂ, ਕਮਜ਼ੋਰਾਂ, ਅਤੇ ਨਿਮਾਣਿਆਂ ਨੂੰ ਆਕਰਸ਼ਿਤ ਕੀਤਾ, ਅਤੇ ਉਸ ਨੇ ਉਨ੍ਹਾਂ ਦੇ ਭਾਰ ਨੂੰ ਹਲਕਾ ਕੀਤਾ। (ਮੱਤੀ 11:28-30) ਉਹ ਉਨ੍ਹਾਂ ਯਹੂਦੀ ਧਾਰਮਿਕ ਆਗੂਆਂ ਤੋਂ ਉੱਘੜਵੇਂ ਢੰਗ ਨਾਲ ਵੱਖਰਾ ਸੀ, ਜੋ ਲੋਕਾਂ ਉੱਤੇ ਅਸੂਲਾਂ ਦਾ ਵੱਡਾ ਭਾਰ ਲੱਦਦੇ ਹੋਏ, ਉਨ੍ਹਾਂ ਉੱਤੇ ਹੁਕਮ ਚਲਾਉਂਦੇ ਸਨ। (ਲੂਕਾ 11:45, 46) ਇੰਜ ਕਰਨਾ ਅਤੇ ਧਨਵਾਨਾਂ ਤੇ ਉੱਘੇ ਵਿਅਕਤੀਆਂ ਦੇ ਪ੍ਰਤੀ ਤਰਫ਼ਦਾਰੀ ਦਿਖਾਉਣਾ ਨਿਸ਼ਚੇ ਹੀ ਮਸੀਹ ਦੀਆਂ ਸਿੱਖਿਆਵਾਂ ਨਾਲ ਮੇਲ ਨਹੀਂ ਖਾਂਦਾ ਸੀ।—ਯਾਕੂਬ 2:1-4, 9.
ਅੱਜ, ਮਸੀਹੀ ਬਜ਼ੁਰਗ ਮਸੀਹ ਦੀ ਸਰਦਾਰੀ ਦੇ ਅਧੀਨ ਰਹਿੰਦੇ ਹਨ ਅਤੇ ਯਹੋਵਾਹ ਦੇ ਸਾਰੇ ਸਮਰਪਿਤ ਲੋਕਾਂ ਦੇ ਪ੍ਰਤੀ ਨਿਰਪੱਖਤਾ ਦਿਖਾਉਂਦੇ ਹਨ। ਜਿਉਂ-ਜਿਉਂ ਉਹ ‘ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਉਨ੍ਹਾਂ ਦੇ ਵਿੱਚ ਹੈ ਚਰਵਾਹੀ ਕਰਦੇ ਹਨ,’ ਉਹ ਮਾਲੀ ਹੈਸੀਅਤ, ਸ਼ਖ਼ਸੀਅਤੀ ਅਸੰਮਤੀਆਂ, ਜਾਂ ਪਰਿਵਾਰਕ ਸੰਬੰਧਾਂ ਦੇ ਕਾਰਨ ਤਰਫ਼ਦਾਰੀ ਦਿਖਾਉਣ ਤੋਂ ਪਰਹੇਜ਼ ਕਰਦੇ ਹਨ। (1 ਪਤਰਸ 5:2) ਨਿਰਪੱਖ ਪਰਮੇਸ਼ੁਰ ਦੀ ਰੀਸ ਕਰਨ ਦੁਆਰਾ ਅਤੇ ਤਰਫ਼ਦਾਰੀ ਦੀਆਂ ਕ੍ਰਿਆਵਾਂ ਵਿਰੁੱਧ ਉਸ ਦੀ ਚੇਤਾਵਨੀ ਉੱਤੇ ਅਮਲ ਕਰਨ ਦੁਆਰਾ, ਮਸੀਹੀ ਬਜ਼ੁਰਗ ਕਲੀਸਿਯਾ ਵਿਚ ਨਿਰਪੱਖਤਾ ਦੀ ਭਾਵਨਾ ਉਤਸ਼ਾਹਿਤ ਕਰਦੇ ਹਨ।
ਯਹੋਵਾਹ ਦੇ ਗਵਾਹਾਂ ਦੀ ਮਸੀਹੀ ਕਲੀਸਿਯਾ ਇਕ ਕੌਮਾਂਤਰੀ ਭਾਈਚਾਰਾ ਹੈ। ਇਹ ਜਿਉਂਦਾ-ਜਾਗਦਾ ਸਬੂਤ ਹੈ ਕਿ ਯਿਸੂ ਮਸੀਹ ਦੇ ਨਿਰਦੇਸ਼ਨ ਹੇਠ ਇਕ ਪੂਰਵ-ਧਾਰਣਾ ਰਹਿਤ, ਨਿਰਪੱਖ ਸਮਾਜ ਇਕ ਹਕੀਕਤ ਹੋ ਸਕਦਾ ਹੈ। ਗਵਾਹਾਂ ਨੇ ‘ਨਵੀਂ ਇਨਸਾਨੀਅਤ ਨੂੰ ਪਹਿਨ ਲਿਆ ਹੈ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।’ (ਅਫ਼ਸੀਆਂ 4:24) ਜੀ ਹਾਂ, ਉਹ ਨਿਰਪੱਖ ਪਰਮੇਸ਼ੁਰ, ਯਹੋਵਾਹ ਦੀ ਸੰਪੂਰਣ ਮਿਸਾਲ ਤੋਂ ਸਿੱਖ ਰਹੇ ਹਨ, ਅਤੇ ਉਨ੍ਹਾਂ ਕੋਲ ਸਭ ਪੱਖਪਾਤ ਤੋਂ ਮੁਕਤ ਨਵੇਂ ਸੰਸਾਰ ਵਿਚ ਸਦੀਪਕ ਜੀਵਨ ਦੀ ਸੰਭਾਵਨਾ ਹੈ।—2 ਪਤਰਸ 3:13.
[ਫੁਟਨੋਟ]
a ਇਕ ਬਦਲਵਾਂ ਨਾਂ।
[ਸਫ਼ੇ 29 ਉੱਤੇ ਤਸਵੀਰ]
ਰਸੂਲ ਪਤਰਸ ਨੇ ਜਾਣਿਆ ਕਿ ਪਰਮੇਸ਼ੁਰ ਕਿਸੇ ਦਾ ਪੱਖ ਨਹੀਂ ਕਰਦਾ