ਮੁੱਖ ਪੰਨੇ ਤੋਂ | ਯਿਸੂ ਦੁੱਖ ਝੱਲ ਕੇ ਕਿਉਂ ਮਰਿਆ?
ਕੀ ਸੱਚੀਂ ਇੱਦਾਂ ਹੋਇਆ ਸੀ?
33 ਈਸਵੀ ਦੀ ਬਸੰਤ ਰੁੱਤ ਵਿਚ ਨਾਸਰਤ ਦੇ ਯਿਸੂ ਨੂੰ ਸੂਲ਼ੀ ʼਤੇ ਟੰਗ ਕੇ ਮਾਰ ਦਿੱਤਾ ਗਿਆ। ਉਸ ʼਤੇ ਵਿਦਰੋਹੀ ਹੋਣ ਦਾ ਦੋਸ਼ ਲਾਇਆ ਗਿਆ, ਉਸ ਨੂੰ ਬੁਰੀ ਤਰ੍ਹਾਂ ਮਾਰਿਆ-ਕੁੱਟਿਆ ਗਿਆ ਅਤੇ ਕਿੱਲ ਠੋਕ ਕੇ ਸੂਲ਼ੀ ʼਤੇ ਟੰਗ ਦਿੱਤਾ ਗਿਆ। ਉਹ ਦਰਦਨਾਕ ਮੌਤ ਮਰਿਆ। ਪਰ ਰੱਬ ਨੇ ਯਿਸੂ ਨੂੰ ਦੁਬਾਰਾ ਜੀਉਂਦਾ ਕਰ ਦਿੱਤਾ ਅਤੇ ਉਹ 40 ਦਿਨਾਂ ਬਾਅਦ ਸਵਰਗ ਨੂੰ ਚਲਾ ਗਿਆ।
ਇਨ੍ਹਾਂ ਗੱਲਾਂ ਬਾਰੇ ਮਸੀਹੀ ਯੂਨਾਨੀ ਲਿਖਤਾਂ ਯਾਨੀ ਨਵੇਂ ਨੇਮ ਦੀਆਂ ਚਾਰ ਕਿਤਾਬਾਂ (ਮੱਤੀ, ਮਰਕੁਸ, ਲੂਕਾ ਤੇ ਯੂਹੰਨਾ) ਤੋਂ ਪਤਾ ਲੱਗਦਾ ਹੈ। ਕੀ ਇਹ ਗੱਲਾਂ ਸੱਚ-ਮੁੱਚ ਹੋਈਆਂ ਸਨ? ਇਹ ਬਹੁਤ ਅਹਿਮ ਸਵਾਲ ਹੈ। ਜੇ ਇਹ ਗੱਲਾਂ ਅਸਲ ਵਿਚ ਨਹੀਂ ਹੋਈਆਂ ਸਨ, ਤਾਂ ਮਸੀਹੀਆਂ ਦਾ ਵਿਸ਼ਵਾਸ ਵਿਅਰਥ ਹੈ। ਨਾਲੇ ਭਵਿੱਖ ਵਿਚ ਬਾਗ਼ ਵਰਗੀ ਸੋਹਣੀ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਉਨ੍ਹਾਂ ਦੀ ਆਸ ਇਕ ਸੁਪਨਾ ਹੀ ਹੈ। (1 ਕੁਰਿੰਥੀਆਂ 15:14) ਦੂਜੇ ਪਾਸੇ, ਜੇ ਇਹ ਗੱਲਾਂ ਸੱਚ-ਮੁੱਚ ਹੋਈਆਂ ਸਨ, ਤਾਂ ਇਸ ਦਾ ਮਤਲਬ ਹੈ ਕਿ ਇਨਸਾਨਾਂ ਦਾ ਭਵਿੱਖ ਸੁਨਹਿਰਾ ਬਣਨ ਵਾਲਾ ਹੈ ਤੇ ਤੁਸੀਂ ਵੀ ਇਸ ਭਵਿੱਖ ਦਾ ਮਜ਼ਾ ਲੈ ਸਕਦੇ ਹੋ। ਤਾਂ ਫਿਰ ਕੀ ਮੱਤੀ, ਮਰਕੁਸ, ਲੂਕਾ ਤੇ ਯੂਹੰਨਾ ਵਿਚ ਦੱਸੀਆਂ ਗੱਲਾਂ ਹਕੀਕਤ ਹਨ ਜਾਂ ਕਲਪਨਾ?
ਹਕੀਕਤਾਂ ਤੋਂ ਕੀ ਪਤਾ ਲੱਗਦਾ ਹੈ?
ਕਾਲਪਨਿਕ ਕਹਾਣੀਆਂ ਦੇ ਉਲਟ, ਨਵੇਂ ਨੇਮ ਦੀਆਂ ਚਾਰ ਕਿਤਾਬਾਂ ਤੋਂ ਪਤਾ ਲੱਗਦਾ ਹੈ ਕਿ ਇਹ ਗੱਲਾਂ ਕਿੰਨੇ ਧਿਆਨ ਨਾਲ ਤੇ ਸਹੀ-ਸਹੀ ਲਿਖੀਆਂ ਗਈਆਂ ਸਨ। ਮਿਸਾਲ ਲਈ, ਇਨ੍ਹਾਂ ਵਿਚ ਉਨ੍ਹਾਂ ਥਾਵਾਂ ਦੇ ਨਾਂ ਲਿਖੇ ਗਏ ਹਨ ਜਿਨ੍ਹਾਂ ਵਿੱਚੋਂ ਕਈ ਥਾਵਾਂ ਨੂੰ ਅੱਜ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਿਚ ਬਹੁਤ ਸਾਰੇ ਲੋਕਾਂ ਬਾਰੇ ਦੱਸਿਆ ਹੈ ਜਿਨ੍ਹਾਂ ਦੀ ਹੋਂਦ ਦਾ ਸਬੂਤ ਦੁਨੀਆਂ ਦੇ ਇਤਿਹਾਸਕਾਰ ਵੀ ਦਿੰਦੇ ਹਨ।—ਲੂਕਾ 3:1, 2, 23.
ਪਹਿਲੀ ਅਤੇ ਦੂਜੀ ਸਦੀ ਦੇ ਲਿਖਾਰੀਆਂ ਨੇ ਯਿਸੂ ਦਾ ਜ਼ਿਕਰ ਕੀਤਾ ਸੀ।a ਨਵੇਂ ਨੇਮ ਦੀਆਂ ਚਾਰ ਕਿਤਾਬਾਂ ਮੁਤਾਬਕ ਯਿਸੂ ਨੂੰ ਜਿਸ ਤਰੀਕੇ ਨਾਲ ਮਾਰਿਆ ਗਿਆ ਸੀ, ਉਹ ਤਰੀਕਾ ਉਸ ਜ਼ਮਾਨੇ ਵਿਚ ਰੋਮ ਦੀ ਸਰਕਾਰ ਵੱਲੋਂ ਮੌਤ ਦੀ ਸਜ਼ਾ ਦੇਣ ਲਈ ਵਰਤੇ ਜਾਂਦੇ ਤੌਰ-ਤਰੀਕਿਆਂ ਨਾਲ ਮਿਲਦਾ-ਜੁਲਦਾ ਹੈ। ਇਸ ਤੋਂ ਇਲਾਵਾ, ਉਸ ਵੇਲੇ ਦੀਆਂ ਘਟਨਾਵਾਂ ਨੂੰ ਬੜੀ ਈਮਾਨਦਾਰੀ ਨਾਲ ਉਸੇ ਤਰ੍ਹਾਂ ਸਹੀ-ਸਹੀ ਲਿਖਿਆ ਗਿਆ ਹੈ ਜਿਸ ਤਰ੍ਹਾਂ ਇਹ ਹੋਈਆਂ ਸਨ। ਇੱਥੋਂ ਤਕ ਕਿ ਯਿਸੂ ਦੇ ਕੁਝ ਚੇਲਿਆਂ ਦੀਆਂ ਕਮੀਆਂ-ਕਮਜ਼ੋਰੀਆਂ ਬਾਰੇ ਵੀ ਖੁੱਲ੍ਹ ਕੇ ਦੱਸਿਆ ਗਿਆ ਹੈ। (ਮੱਤੀ 26:56; ਲੂਕਾ 22:24-26; ਯੂਹੰਨਾ 18:10, 11) ਇਹ ਹਕੀਕਤਾਂ ਪੱਕਾ ਸਬੂਤ ਹਨ ਕਿ ਮੱਤੀ, ਮਰਕੁਸ, ਲੂਕਾ ਤੇ ਯੂਹੰਨਾ ਲਿਖਾਰੀਆਂ ਨੇ ਯਿਸੂ ਬਾਰੇ ਬੜੀ ਈਮਾਨਦਾਰੀ ਨਾਲ ਸਹੀ-ਸਹੀ ਗੱਲਾਂ ਲਿਖੀਆਂ।
ਯਿਸੂ ਦੇ ਦੁਬਾਰਾ ਜੀਉਂਦਾ ਹੋਣ ਬਾਰੇ ਕੀ?
ਇਹ ਆਮ ਮੰਨਿਆ ਜਾਂਦਾ ਹੈ ਕਿ ਯਿਸੂ ਧਰਤੀ ʼਤੇ ਆਇਆ ਤੇ ਉਸ ਦੀ ਮੌਤ ਹੋਈ ਸੀ, ਪਰ ਕੁਝ ਸ਼ੱਕ ਕਰਦੇ ਹਨ ਕਿ ਉਹ ਦੁਬਾਰਾ ਜੀਉਂਦਾ ਹੋਇਆ ਸੀ। ਉਸ ਦੇ ਰਸੂਲਾਂ ਨੇ ਵੀ ਪਹਿਲਾਂ-ਪਹਿਲ ਇਹ ਖ਼ਬਰ ਸੁਣ ਕੇ ਯਕੀਨ ਨਹੀਂ ਸੀ ਕੀਤਾ ਕਿ ਉਸ ਨੂੰ ਜੀਉਂਦਾ ਕਰ ਦਿੱਤਾ ਗਿਆ ਸੀ। (ਲੂਕਾ 24:11) ਪਰ ਉਨ੍ਹਾਂ ਦਾ ਸਾਰਾ ਸ਼ੱਕ ਦੂਰ ਹੋ ਗਿਆ ਜਦੋਂ ਉਨ੍ਹਾਂ ਰਸੂਲਾਂ ਨੇ ਅਤੇ ਹੋਰ ਚੇਲਿਆਂ ਨੇ ਅਲੱਗ-ਅਲੱਗ ਮੌਕਿਆਂ ਤੇ ਯਿਸੂ ਨੂੰ ਦੁਬਾਰਾ ਜੀਉਂਦਾ ਹੋਇਆ ਦੇਖਿਆ। ਅਸਲ ਵਿਚ ਇਕ ਮੌਕੇ ਤੇ 500 ਤੋਂ ਜ਼ਿਆਦਾ ਜਣਿਆਂ ਨੇ ਜੀਉਂਦੇ ਹੋ ਚੁੱਕੇ ਯਿਸੂ ਨੂੰ ਦੇਖਿਆ ਸੀ।—1 ਕੁਰਿੰਥੀਆਂ 15:6.
ਗਿਰਫ਼ਤਾਰ ਕੀਤੇ ਜਾਣ ਅਤੇ ਮਾਰੇ ਜਾਣ ਦੇ ਖ਼ਤਰੇ ਦੇ ਬਾਵਜੂਦ, ਚੇਲਿਆਂ ਨੇ ਦਲੇਰੀ ਨਾਲ ਸਾਰੇ ਲੋਕਾਂ ਨੂੰ, ਇੱਥੋਂ ਤਕ ਕਿ ਯਿਸੂ ਨੂੰ ਸੂਲ਼ੀ ਉੱਤੇ ਟੰਗ ਕੇ ਮਾਰਨ ਵਾਲਿਆਂ ਨੂੰ ਵੀ ਪ੍ਰਚਾਰ ਕੀਤਾ ਕਿ ਉਸ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ। (ਰਸੂਲਾਂ ਦੇ ਕੰਮ 4:1-3, 10, 19, 20; 5:27-32) ਕੀ ਇੰਨੇ ਸਾਰੇ ਚੇਲੇ ਇੰਨੀ ਦਲੇਰੀ ਨਾਲ ਦੱਸਦੇ ਜੇ ਉਨ੍ਹਾਂ ਨੂੰ ਪੂਰਾ ਯਕੀਨ ਨਾ ਹੁੰਦਾ ਕਿ ਯਿਸੂ ਨੂੰ ਸੱਚੀਂ ਦੁਬਾਰਾ ਜੀਉਂਦਾ ਕੀਤਾ ਗਿਆ ਸੀ? ਸੱਚ ਤਾਂ ਇਹ ਹੈ ਕਿ ਯਿਸੂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ ਤੇ ਇਸ ਪੱਕੇ ਸਬੂਤ ਦਾ ਜਿੰਨਾ ਅਸਰ ਉਸ ਜ਼ਮਾਨੇ ਵਿਚ ਦੁਨੀਆਂ ਭਰ ਦੇ ਮਸੀਹੀਆਂ ਉੱਤੇ ਪਿਆ ਸੀ, ਉੱਨਾ ਹੀ ਅੱਜ ਮਸੀਹੀਆਂ ਉੱਤੇ ਪੈਂਦਾ ਹੈ।
ਨਵੇਂ ਨੇਮ ਦੀਆਂ ਚਾਰ ਕਿਤਾਬਾਂ ਵਿਚ ਯਿਸੂ ਦੀ ਮੌਤ ਅਤੇ ਉਸ ਦੇ ਦੁਬਾਰਾ ਜੀਉਂਦੇ ਹੋਣ ਬਾਰੇ ਜੋ ਕੁਝ ਦੱਸਿਆ ਗਿਆ ਹੈ, ਉਹ ਪੱਕਾ ਸਬੂਤ ਹੈ ਕਿ ਇਹ ਇਤਿਹਾਸਕ ਜਾਣਕਾਰੀ ਪੂਰੀ ਤਰ੍ਹਾਂ ਸਹੀ ਹੈ। ਇਨ੍ਹਾਂ ਕਿਤਾਬਾਂ ਨੂੰ ਧਿਆਨ ਨਾਲ ਪੜ੍ਹ ਕੇ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਇਹ ਗੱਲਾਂ ਸੱਚ-ਮੁੱਚ ਹੋਈਆਂ ਸਨ। ਤੁਹਾਡਾ ਯਕੀਨ ਹੋਰ ਵੀ ਪੱਕਾ ਹੋਵੇਗਾ ਜਦੋਂ ਤੁਸੀਂ ਸਮਝ ਜਾਓਗੇ ਕਿ ਇਹ ਘਟਨਾਵਾਂ ਕਿਉਂ ਹੋਈਆਂ ਸਨ। ਅਗਲਾ ਲੇਖ ਇਸ ਬਾਰੇ ਦੱਸੇਗਾ। (w16-E No. 2)
a 55 ਈਸਵੀ ਵਿਚ ਪੈਦਾ ਹੋਏ ਟੈਸੀਟਸ ਨੇ ਲਿਖਿਆ ਕਿ “ਖ੍ਰਿਸਤੁਸ [ਮਸੀਹ], ਜਿਸ ਦੇ ਨਾਂ ਤੋਂ [ਮਸੀਹੀ] ਜਾਣੇ ਜਾਂਦੇ ਹਨ, ਨੂੰ ਤਾਈਬੀਰੀਅਸ ਦੇ ਰਾਜ ਦੌਰਾਨ ਸਾਡੇ ਇਕ ਰਾਜਪਾਲ ਪੁੰਤੀਅਸ ਪਿਲਾਤੁਸ ਨੇ ਸਖ਼ਤ ਸਜ਼ਾ ਦਿੱਤੀ।” ਸੁਟੋਨਿਅਸ (ਪਹਿਲੀ ਸਦੀ); ਯਹੂਦੀ ਇਤਿਹਾਸਕਾਰ ਜੋਸੀਫ਼ਸ (ਪਹਿਲੀ ਸਦੀ) ਅਤੇ (ਦੂਜੀ ਸਦੀ ਦੇ ਸ਼ੁਰੂ ਵਿਚ) ਬਿਥੁਨੀਆ ਦੇ ਹਾਕਮ ਪਲੀਨੀ ਛੋਟੇ ਨੇ ਵੀ ਯਿਸੂ ਦਾ ਜ਼ਿਕਰ ਕੀਤਾ ਸੀ।