ਜਦੋਂ ਕੁਦਰਤੀ ਆਫ਼ਤ ਟੁੱਟ ਪਵੇ
ਜੇ ਤੁਸੀਂ ਵੀ ਕਦੇ ਕਿਸੇ ਕੁਦਰਤੀ ਆਫ਼ਤ ਦਾ ਸਾਮ੍ਹਣਾ ਕੀਤਾ ਹੈ, ਤਾਂ ਤੁਸੀਂ ਸਮਝ ਸਕਦੇ ਹੋ ਕਿ ਉਸ ਵੇਲੇ ਸਦਮਾ ਲੱਗਣਾ, ਪਰੇਸ਼ਾਨ ਹੋਣਾ, ਬੇਚੈਨ ਹੋਣਾ, ਵਾਪਰੀ ਘਟਨਾ ਨੂੰ ਕਬੂਲ ਨਾ ਕਰ ਪਾਉਣਾ ਅਤੇ ਡਰਾਉਣੇ ਸੁਪਨੇ ਆਉਣਾ ਆਮ ਗੱਲ ਹੈ। ਇਨ੍ਹਾਂ ਬਿਪਤਾਵਾਂ ਵਿੱਚੋਂ ਬਚਣ ਵਾਲੇ ਲੋਕ ਇੰਨੇ ਜ਼ਿਆਦਾ ਨਿਰਾਸ਼ ਹੋ ਜਾਂਦੇ ਹਨ ਜਾਂ ਥੱਕ ਜਾਂਦੇ ਹਨ ਕਿ ਉਨ੍ਹਾਂ ਵਿਚ ਜ਼ਿੰਦਗੀ ਨੂੰ ਨਵੇਂ ਸਿਰਿਓਂ ਜੀਣ ਦੀ ਇੱਛਾ ਹੀ ਖ਼ਤਮ ਹੋ ਜਾਂਦੀ ਹੈ।
ਜੇ ਕਿਸੇ ਕੁਦਰਤੀ ਆਫ਼ਤ ਕਰਕੇ ਤੁਹਾਡਾ ਵੀ ਸਭ ਕੁਝ ਤਬਾਹ ਹੋ ਗਿਆ ਹੈ, ਤਾਂ ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਡਾ ਦੁੱਖ ਹੁਣ ਬਰਦਾਸ਼ਤ ਤੋਂ ਬਾਹਰ ਹੈ। ਸ਼ਾਇਦ ਤੁਸੀਂ ਹਾਰ ਮੰਨ ਲਵੋ ਅਤੇ ਸੋਚਣ ਲੱਗ ਪਵੋ ਕਿ ਹੁਣ ਜੀਉਣ ਦਾ ਕੋਈ ਫ਼ਾਇਦਾ ਨਹੀਂ। ਪਰ ਬਾਈਬਲ ਦੱਸਦੀ ਹੈ ਕਿ ਹਾਰ ਨਾ ਮੰਨੋ ਅਤੇ ਇਸ ਤੋਂ ਸਾਨੂੰ ਵਧੀਆ ਭਵਿੱਖ ਦੀ ਪੱਕੀ ਉਮੀਦ ਮਿਲ ਸਕਦੀ ਹੈ।
ਬਾਈਬਲ ਦੀ ਸੱਚਾਈ ਸਾਨੂੰ ਉਮੀਦ ਦਿੰਦੀ ਹੈ
ਉਪਦੇਸ਼ਕ 7:8 (CL) ਵਿਚ ਲਿਖਿਆ: “ਕਿਸੇ ਚੀਜ਼ ਦਾ ਅੰਤ ਉਸ ਦੇ ਅਰੰਭ ਨਾਲੋਂ ਚੰਗਾ ਹੈ।” ਬਿਪਤਾ ਵਿੱਚੋਂ ਨਿਕਲਣ ਤੋਂ ਤੁਰੰਤ ਬਾਅਦ ਸ਼ਾਇਦ ਤੁਹਾਨੂੰ ਕੋਈ ਉਮੀਦ ਨਜ਼ਰ ਨਾ ਆਵੇ। ਪਰ ਜਦੋਂ ਤੁਸੀਂ ਧੀਰਜ ਰੱਖਦਿਆਂ ਕੋਸ਼ਿਸ਼ ਕਰਦੇ ਰਹਿੰਦੇ ਹੋ, ਤਾਂ ਹੌਲੀ-ਹੌਲੀ ਸਾਰਾ ਕੁਝ ਠੀਕ ਹੋਣ ਲੱਗ ਪੈਂਦਾ ਹੈ।
ਬਾਈਬਲ ਉਸ ਸਮੇਂ ਬਾਰੇ ਦੱਸਦੀ ਹੈ ਜਦੋਂ “ਨਾ ਰੋਣ ਦੀ ਅਵਾਜ਼, ਨਾ ਦੁਹਾਈ ਦੀ ਆਵਾਜ਼ ਸੁਣਾਈ ਦੇਵੇਗੀ।” (ਯਸਾਯਾਹ 65:19) ਇਹ ਸਾਰਾ ਕੁਝ ਰੱਬ ਦੇ ਰਾਜ ਵਿਚ ਹੋਵੇਗਾ ਜਦੋਂ ਧਰਤੀ ਨੂੰ ਬਾਗ਼ ਵਰਗੀ ਬਣਾਇਆ ਜਾਵੇਗਾ। (ਜ਼ਬੂਰਾਂ ਦੀ ਪੋਥੀ 37:11, 29) ਉਦੋਂ ਕਿਸੇ ʼਤੇ ਵੀ ਕੋਈ ਆਫ਼ਤ ਨਹੀਂ ਆਵੇਗੀ। ਆਫ਼ਤਾਂ ਦੀਆਂ ਕੌੜੀਆਂ ਯਾਦਾਂ ਅਤੇ ਇਨ੍ਹਾਂ ਕਰਕੇ ਸਰੀਰ ਅਤੇ ਭਾਵਨਾਵਾਂ ʼਤੇ ਪਏ ਬੁਰੇ ਅਸਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। ਰੱਬ ਵਾਅਦਾ ਕਰਦਾ ਹੈ: “ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ।”—ਯਸਾਯਾਹ 65:17.
ਜ਼ਰਾ ਸੋਚੋ: ਸ੍ਰਿਸ਼ਟੀਕਰਤਾ ਨੇ ਤੁਹਾਡੇ ਲਈ “ਸੁਨਹਿਰੇ ਭਵਿੱਖ ਦੀ ਯੋਜਨਾ” ਬਣਾਈ ਹੈ ਯਾਨੀ ਪਰਮੇਸ਼ੁਰ ਦੇ ਰਾਜ ਅਧੀਨ ਸਾਡੀ ਜ਼ਿੰਦਗੀ ਵਿਚ ਸੁੱਖ-ਚੈਨ ਹੋਵੇਗਾ। (ਯਿਰਮਿਯਾਹ 29:11, CL) ਕੀ ਇਹ ਸੱਚਾਈ ਜਾਣ ਕੇ ਤੁਹਾਨੂੰ ਜ਼ਿੰਦਗੀ ਵਿਚ ਅੱਗੇ ਵਧਣ ਵਿਚ ਮਦਦ ਨਹੀਂ ਮਿਲਦੀ? ਸੈਲੀ, ਜਿਸ ਦਾ ਜ਼ਿਕਰ ਪਹਿਲੇ ਲੇਖ ਵਿਚ ਕੀਤਾ ਗਿਆ ਸੀ, ਕਹਿੰਦੀ ਹੈ: “ਪਰਮੇਸ਼ੁਰ ਦਾ ਰਾਜ ਸਾਡੇ ਲਈ ਜਿਹੜੇ ਸ਼ਾਨਦਾਰ ਕੰਮ ਕਰਨ ਵਾਲਾ ਹੈ, ਉਨ੍ਹਾਂ ਬਾਰੇ ਸੋਚ ਕੇ ਸਾਡਾ ਧਿਆਨ ਬੀਤੇ ਸਮੇਂ ਦੀਆਂ ਮਾੜੀਆਂ ਯਾਦਾਂ ਤੋਂ ਹਟ ਜਾਂਦਾ ਹੈ ਅਤੇ ਸਾਨੂੰ ਅੱਜ ਵੀ ਸਭ ਕੁਝ ਸਹਿਣ ਦੀ ਤਾਕਤ ਮਿਲਦੀ ਹੈ।”
ਕਿਉਂ ਨਾ ਤੁਸੀਂ ਜਾਣੋ ਕਿ ਪਰਮੇਸ਼ੁਰ ਦਾ ਰਾਜ ਛੇਤੀ ਹੀ ਇਨਸਾਨਾਂ ਲਈ ਕੀ ਕਰਨ ਵਾਲਾ ਹੈ। ਇਹ ਜਾਣਨ ਨਾਲ ਤੁਹਾਨੂੰ ਇਸ ਗੱਲ ਦਾ ਭਰੋਸਾ ਹੋਵੇਗਾ ਕਿ ਤੁਸੀਂ ਆਪਣੀ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕਰ ਸਕਦੇ ਹੋ। ਭਾਵੇਂ ਤੁਸੀਂ ਕਿਸੇ ਆਫ਼ਤ ਕਰਕੇ ਬਹੁਤ ਕੁਝ ਸਿਹਾ ਹੈ, ਪਰ ਉਸ ਭਵਿੱਖ ਦਾ ਇੰਤਜ਼ਾਰ ਕਰੋ ਜਦੋਂ ਕੁਦਰਤੀ ਆਫ਼ਤਾਂ ਦਾ ਨਾਮੋ-ਨਿਸ਼ਾਨ ਖ਼ਤਮ ਹੋ ਜਾਵੇਗਾ। ਪਰ ਅੱਜ ਵੀ ਬਾਈਬਲ ਦੀ ਸਲਾਹ ਲਾਗੂ ਕਰਨ ਨਾਲ ਤੁਸੀਂ ਕੁਦਰਤੀ ਆਫ਼ਤ ਦੀ ਮਾਰ ਝੱਲ ਸਕਦੇ ਹੋ। ਆਓ ਆਪਾਂ ਕੁਝ ਮਿਸਾਲਾਂ ʼਤੇ ਗੌਰ ਕਰੀਏ।