ਸਾਨੂੰ ਆਪਣੇ ਪਰਮੇਸ਼ੁਰ ਦੇ ਘਰ ਦੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਹੈ
1 “ਪਰਜਾ ਨੂੰ ਇਕੱਠਾ ਕਰੋ, ਮਨੁੱਖਾਂ, ਤੀਵੀਆਂ ਅਤੇ ਨਿਆਣਿਆਂ ਨੂੰ ਅਤੇ ਆਪਣੇ ਪਰਦੇਸੀ ਨੂੰ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਤਾਂ ਜੋ ਓਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ।” (ਬਿਵ. 31:12) ਪ੍ਰਾਚੀਨ ਇਸਰਾਏਲ ਕੌਮ ਨੂੰ ਦਿੱਤਾ ਗਿਆ ਇਹ ਉਪਦੇਸ਼, ਅੱਜ ਵੀ ਯਹੋਵਾਹ ਦੇ ਸਾਰੇ ਸੱਚੇ ਉਪਾਸਕਾਂ ਉੱਤੇ ਲਾਗੂ ਹੁੰਦਾ ਹੈ, ਕਿਉਂਕਿ ਪੌਲੁਸ ਨੇ ਇਬਰਾਨੀਆਂ 10:25 ਵਿਚ ਮਸੀਹੀਆਂ ਨੂੰ ਨਿਯਮਿਤ ਤੌਰ ਤੇ ਇਕੱਠੇ ਮਿਲਣ ਦੀ ਨਸੀਹਤ ਦਿੱਤੀ ਸੀ। ਇਸ ਤਰ੍ਹਾਂ ਸਭਾਵਾਂ ਸਾਡੀ ਉਪਾਸਨਾ ਦਾ ਇਕ ਅਤਿ-ਆਵੱਸ਼ਕ ਭਾਗ ਹਨ। ਸਪੱਸ਼ਟ ਤੌਰ ਤੇ, ਇੰਜ ਇਕੱਠੇ ਹੋਣ ਦਾ ਮਕਸਦ ਹੈ ਸੁਣਨਾ ਅਤੇ ਸਿੱਖਣਾ ਅਤੇ ਯਹੋਵਾਹ ਵੱਲੋਂ ਸਿਖਾਏ ਜਾਣਾ। (ਯਸਾ. 54:13) ਅਜਿਹੀਆਂ ਸਭਾਵਾਂ ਖ਼ੁਸ਼ੀ-ਭਰੇ ਅਵਸਰ ਹੁੰਦੀਆਂ ਹਨ, ਜਿਵੇਂ ਕਿ ਪ੍ਰਾਚੀਨ ਇਸਰਾਏਲ ਵਿਚ ਹੁੰਦੀਆਂ ਸਨ, ਜੋ ਸਾਡੇ ਅੰਦਰ ਦਾਊਦ ਵਰਗੀ ਪ੍ਰਤਿਕ੍ਰਿਆ ਉਤਪੰਨ ਕਰਦੇ ਹਨ, ਜਿਸ ਨੇ ਲਿਖਿਆ: “ਮੈਂ ਖੁਸ਼ ਹੋਇਆ ਜਦ ਓਹ ਮੈਨੂੰ ਆਖਣ ਲੱਗੇ, ਭਈ ਯਹੋਵਾਹ ਦੇ ਘਰ ਨੂੰ ਚੱਲੀਏ।” (ਜ਼ਬੂ. 122:1) ਯਹੋਵਾਹ ਦੇ ਘਰ ਲਈ ਜੋਸ਼ ਦੇ ਕਾਰਨ ਨਹਮਯਾਹ ਨੇ ਕਿਹਾ: “ਸਾਨੂੰ ਆਪਣੇ ਪਰਮੇਸ਼ੁਰ ਦੇ ਘਰ ਦੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਹੈ।”—ਨਹ. 10:39, ਨਿ ਵ.
2 ਮਸੀਹੀ-ਜਗਤ ਦੇ ਗਿਰਜਿਆਂ ਤੋਂ ਭਿੰਨ, ਜੋ ਕਿ ਕਦੇ-ਕਦੇ ਨਿਰਮਾਣ ਕਲਾ ਪੱਖੋਂ ਬਹੁਤ ਹੀ ਪ੍ਰਭਾਵਸ਼ਾਲੀ ਹੁੰਦੇ ਹਨ, ਯਹੋਵਾਹ ਦੇ ਗਵਾਹ ਜਿਨ੍ਹਾਂ ਥਾਵਾਂ ਵਿਚ ਉਪਾਸਨਾ ਲਈ ਇਕੱਠੇ ਹੁੰਦੇ ਹਨ, ਉਹ ਸਾਧਾਰਣ ਪਰ ਫਿਰ ਵੀ ਰੌਣਕੀ ਅਤੇ ਨਿੱਘ-ਭਰੀਆਂ ਥਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਰਾਜ ਗ੍ਰਹਿਆਂ ਵਜੋਂ ਜਾਣਿਆ ਜਾਂਦਾ ਹੈ। ਇਹ ਨਾਂ ਜ਼ਾਹਰਾ ਤੌਰ ਤੇ ਪਹਿਲੀ ਵਾਰ 1935 ਵਿਚ ਸੰਸਥਾ ਦੇ ਉਸ ਸਮੇਂ ਦੇ ਪ੍ਰਧਾਨ, ਜੇ. ਐੱਫ਼. ਰਦਰਫ਼ਰਡ ਨੇ ਇਸਤੇਮਾਲ ਕੀਤਾ, ਜਦੋਂ ਉਸ ਨੇ ਹਵਾਈ ਟਾਪੂ ਦਾ ਦੌਰਾ ਕੀਤਾ ਅਤੇ ਉੱਥੇ ਸਭਾ ਸਥਾਨ ਦੀ ਉਸਾਰੀ ਲਈ ਪ੍ਰਬੰਧ ਕੀਤਾ। ਉਦੋਂ ਤੋਂ ਅੱਜ ਤਕ ਇਹ ਨਾਂ ਪੂਰੀ ਧਰਤੀ ਵਿਚ ਵਰਤਿਆ ਜਾਂਦਾ ਹੈ। 1961 ਵੈਬਸਟਰਸ ਅਣਅਬ੍ਰੀਜਡ ਡਿਕਸ਼ਨਰੀ ਰਾਜ ਗ੍ਰਹਿ ਦੀ ਪਰਿਭਾਸ਼ਾ ਇੰਜ ਦਿੰਦੀ ਹੈ, “ਯਹੋਵਾਹ ਦੇ ਗਵਾਹਾਂ ਦਾ ਸਥਾਨਕ ਸਭਾ ਸਥਾਨ ਜਿੱਥੇ ਧਾਰਮਿਕ ਸਭਾਵਾਂ ਕੀਤੀਆਂ ਜਾਂਦੀਆਂ ਹਨ।” ਉਪਾਸਨਾ ਦੇ ਸਥਾਨ ਵਜੋਂ, ਰਾਜ ਗ੍ਰਹਿ ਨੂੰ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਬਣਾਈ ਗਈ ਇਕ ਅਡੰਬਰੀ ਇਮਾਰਤ ਨਹੀਂ ਹੋਣੀ ਚਾਹੀਦੀ ਹੈ। ਜਦ ਕਿ ਇਸ ਦੀ ਨਿਰਮਾਣ ਕਲਾ ਅਲੱਗ-ਅਲੱਗ ਥਾਵਾਂ ਵਿਚ ਭਿੰਨ ਹੋ ਸਕਦੀ ਹੈ, ਇਸ ਦਾ ਮਕਸਦ ਕਾਰਜਾਤਮਕ ਹੈ।—ਰਸੂ. 17:24.
ਕੀ ਹਰੇਕ ਕਲੀਸਿਯਾ ਕੋਲ ਆਪਣੇ ਖ਼ੁਦ ਦਾ ਰਾਜ ਗ੍ਰਹਿ ਹੋਣਾ ਚਾਹੀਦਾ ਹੈ?
3 ਸੰਸਥਾ ਇਹ ਫ਼ੈਸਲਾ ਨਹੀਂ ਕਰਦੀ ਹੈ ਕਿ ਸਥਾਨਕ ਕਲੀਸਿਯਾ ਦੇ ਕੋਲ ਆਪਣੇ ਖ਼ੁਦ ਦਾ ਰਾਜ ਗ੍ਰਹਿ ਹੋਣਾ ਚਾਹੀਦਾ ਹੈ ਜਾਂ ਨਹੀਂ। ਇਹ ਅਜਿਹਾ ਮਾਮਲਾ ਹੈ ਜਿਸ ਦਾ ਫ਼ੈਸਲਾ ਸਥਾਨਕ ਕਲੀਸਿਯਾ ਨੂੰ ਕਰਨਾ ਚਾਹੀਦਾ ਹੈ। ਕਈਆਂ ਨੇ ਆਪਣੇ ਖ਼ੁਦ ਦੇ ਰਾਜ ਗ੍ਰਹਿ ਉਸਾਰੇ ਹਨ; ਹੋਰਨਾਂ ਨੇ ਆਪਣੀਆਂ ਸਭਾਵਾਂ ਲਈ ਮਕਾਨ ਕਿਰਾਏ ਤੇ ਲਏ ਹਨ। ਜੋ ਵੀ ਹੋਵੇ, ਇਹ ਲਾਜ਼ਮੀ ਹੈ ਕਿ ਸਭਾ ਸਥਾਨ ਮੁਨਾਸਬ ਅਤੇ ਸਾਫ਼-ਸੁਥਰਾ ਹੋਵੇ, ਅਤੇ ਯਹੋਵਾਹ ਦੀ ਉਪਾਸਨਾ ਦੇ ਉੱਚੇ ਮਿਆਰਾਂ ਨੂੰ ਪ੍ਰਤਿਬਿੰਬਤ ਕਰਦਾ ਹੋਵੇ। ਜਦੋਂ ਵਰਤੋਂ ਵਿਚ ਹੋਵੇ, ਉਦੋਂ ਉੱਥੇ ਇਕ ਦੋਸਤਾਨਾ ਮਾਹੌਲ ਨਜ਼ਰ ਆਉਣਾ ਚਾਹੀਦਾ ਹੈ। ਇਕ ਯੂਨੀਅਨ ਮੈਥੋਡਿਸਟ ਪਾਦਰੀ ਯਹੋਵਾਹ ਦੇ ਗਵਾਹਾਂ ਦੇ ਇਕ ਰਾਜ ਗ੍ਰਹਿ ਵਿਚ ਸਭਾ ਲਈ ਹਾਜ਼ਰ ਹੋਇਆ ਅਤੇ ਉਸ ਨੇ ਕਿਹਾ, “ਅਸੀਂ ਸੋਚਿਆ ਵੀ ਨਹੀਂ ਸੀ ਕਿ ਅਸੀਂ ਇਨ੍ਹਾਂ ਲੋਕਾਂ ਤੋਂ ਅਜਿਹੀ ਪਰਵਾਹ ਅਨੁਭਵ ਕਰਾਂਗੇ ਜੋ ਸਾਡੇ ਅਨੁਸਾਰ ਸੱਚੀ ਪਰਵਾਹ ਸੀ। ਪਰੰਤੂ, ਅਸੀਂ ਕਿਸੇ ਵੀ ਵੇਲੇ ਉਨ੍ਹਾਂ ਵੱਲੋਂ ਕੋਈ ਦਬਾਊ ਮਹਿਸੂਸ ਨਹੀਂ ਕੀਤਾ, ਬਲਕਿ ਅਸੀਂ ਛੁੱਟੀਆਂ ਦੌਰਾਨ ਜਿਨ੍ਹਾਂ 20 ਕਲੀਸਿਯਾਵਾਂ ਦਾ ਦੌਰਾ ਕੀਤਾ, ਉਨ੍ਹਾਂ ਤੋਂ ਵੱਧ ਸੱਚਾ ਸੁਆਗਤ ਸਾਨੂੰ ਇਨ੍ਹਾਂ ਵੱਲੋਂ ਮਿਲਿਆ। ਇੱਥੇ ਸੀ ਨਿੱਘ ਨਾਲ ਮੁਸਕਰਾਉਂਦੇ, ਅਜਿਹੇ ਤਣਾਉ-ਮੁਕਤ ਲੋਕਾਂ ਦੀ ਇਕ ਕਲੀਸਿਯਾ ਜਿਨ੍ਹਾਂ ਨੂੰ ਸਪੱਸ਼ਟ ਤੌਰ ਤੇ ਇਕ ਦੂਜੇ ਦੀ ਅਤੇ ਅਜਨਬੀ ਦੀ ਦਿਲੋਂ ਪਰਵਾਹ ਸੀ, ਠੀਕ ਜਿਵੇਂ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਨੂੰ ਸਮਝਣ ਬਾਰੇ ਤੀਬਰ ਪਰਵਾਹ ਸੀ।”
4 ਇਹ ਮੰਨਣਾ ਪਵੇਗਾ ਕਿ ਅਨੇਕ ਕਲੀਸਿਯਾਵਾਂ ਦੀ ਮਾਲੀ ਹਾਲਤ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੰਦੀ ਹੈ ਕਿ ਇਸ ਸਮੇਂ ਉਹ ਆਪਣੇ ਖ਼ੁਦ ਦੇ ਰਾਜ ਗ੍ਰਹਿ ਬਣਾਉਣ ਦੇ ਬਾਰੇ ਵਿਚਾਰ ਕਰਨ। ਇਸ ਤੋਂ ਇਲਾਵਾ, ਕੁਝ ਇਲਾਕਿਆਂ ਵਿਚ ਇਕ ਰਾਜ ਗ੍ਰਹਿ ਨੂੰ ਖ਼ਰੀਦਣ ਜਾਂ ਬਣਾਉਣ ਨਾਲੋਂ ਇਸ ਨੂੰ ਕਿਰਾਏ ਤੇ ਲੈਣਾ ਜ਼ਿਆਦਾ ਉਪਯੁਕਤ ਹੁੰਦਾ ਹੈ। ਪਰੰਤੂ, ਕਾਫ਼ੀ ਕਲੀਸਿਯਾਵਾਂ ਨੇ ਜ਼ਮੀਨ ਖ਼ਰੀਦਣ ਅਤੇ ਆਪਣੀਆਂ ਲੋੜਾਂ ਅਨੁਸਾਰ ਆਪਣੇ ਖ਼ੁਦ ਦੇ ਰਾਜ ਗ੍ਰਹਿ ਉਸਾਰਨ ਦੀ ਚੋਣ ਕੀਤੀ ਹੈ। ਜਾਂ ਉਨ੍ਹਾਂ ਨੇ ਬਣੀ-ਬਣਾਈ ਇਮਾਰਤ ਖ਼ਰੀਦ ਕੇ ਉਸ ਦੀ ਮੁਰੰਮਤ ਕੀਤੀ ਹੈ। ਹਰੇਕ ਕਲੀਸਿਯਾ ਦੇ ਕੋਲ ਆਪਣਾ ਰਾਜ ਗ੍ਰਹਿ ਹੋਣ ਦੇ ਨਿਸ਼ਚਿਤ ਲਾਭ ਹਨ। ਮਿਸਾਲ ਲਈ, ਕੇਰਲਾ ਦਾ ਇਕ ਸਰਕਟ ਨਿਗਾਹਬਾਨ ਰਿਪੋਰਟ ਕਰਦਾ ਹੈ ਕਿ ਦੋ ਕਲੀਸਿਯਾਵਾਂ ਨੇ ਆਪਣੇ ਖ਼ੁਦ ਦੇ ਰਾਜ ਗ੍ਰਹਿ ਉਸਾਰੇ ਅਤੇ ਪਹਿਲੇ ਸਾਲ ਦੇ ਅੰਦਰ ਹੀ ਹਾਜ਼ਰੀ ਇੰਨੀ ਵੱਧ ਗਈ ਕਿ ਕਲੀਸਿਯਾਵਾਂ ਨੂੰ ਵੱਖਰੇ-ਵੱਖਰੇ ਸਮੇਂ ਤੇ ਦੋ-ਦੋ ਵਾਰੀ ਸਭਾਵਾਂ ਕਰਨ ਦੀ ਜ਼ਰੂਰਤ ਪਈ। ਗਵਾਹਾਂ ਨੂੰ ਰਾਜ ਗ੍ਰਹਿ ਪ੍ਰਾਜੈਕਟ ਨੂੰ ਨਾ ਕੇਵਲ ਮਾਲੀ ਤੌਰ ਤੇ ਸਮਰਥਨ ਦੇਣ ਨੂੰ ਵਿਸ਼ੇਸ਼-ਸਨਮਾਨ ਸਮਝਣਾ ਚਾਹੀਦਾ ਹੈ, ਬਲਕਿ ਇਸ ਦੀ ਉਸਾਰੀ ਲਈ, ਅਤੇ ਫਿਰ ਇਸ ਦੀ ਦੇਖਭਾਲ—ਇਸ ਨੂੰ ਸਾਫ਼-ਸੁਥਰਾ, ਦੇਖਣਯੋਗ, ਅਤੇ ਚੰਗੀ ਹਾਲਤ ਵਿਚ ਰੱਖਣ—ਲਈ ਆਪਣੀਆਂ ਸੇਵਾਵਾਂ ਪੇਸ਼ ਕਰਨ ਨੂੰ ਵੀ ਵਿਸ਼ੇਸ਼-ਸਨਮਾਨ ਵਿਚਾਰਨਾ ਚਾਹੀਦਾ ਹੈ। ਰਾਜ ਗ੍ਰਹਿ ਨੂੰ ਅੰਦਰੋਂ ਅਤੇ ਬਾਹਰੋਂ, ਯਹੋਵਾਹ ਅਤੇ ਉਸ ਦੇ ਸੰਗਠਨ ਦੀ ਉਚਿਤ ਰੂਪ ਵਿਚ ਪ੍ਰਤਿਨਿਧਤਾ ਕਰਨੀ ਚਾਹੀਦੀ ਹੈ।
5 ਉਦੋਂ ਕੀ ਜੇਕਰ ਇਕ ਕਲੀਸਿਯਾ ਮਹਿਸੂਸ ਕਰਦੀ ਹੈ ਕਿ ਉਹ ਆਪਣੇ ਖ਼ੁਦ ਦਾ ਰਾਜ ਗ੍ਰਹਿ ਬਣਾ ਸਕਦੀ ਹੈ? ਇਸ ਮਾਮਲੇ ਦਾ ਫ਼ੈਸਲਾ ਸਥਾਨਕ ਭਰਾਵਾਂ ਨੂੰ ਕਰਨਾ ਚਾਹੀਦਾ ਹੈ। ਸੰਸਥਾ ਨੇ ਕਈ ਕਾਰਜਵਿਧੀਆਂ ਉਲੀਕੀਆਂ ਹਨ, ਅਤੇ ਜ਼ਮੀਨ ਖ਼ਰੀਦਣ, ਯੋਜਨਾ ਬਣਾਉਣ, ਅਤੇ ਰਾਜ ਗ੍ਰਹਿ ਨੂੰ ਉਸਾਰਨ ਵੇਲੇ ਇਨ੍ਹਾਂ ਦੀ ਸੁਵਿਵਸਥਿਤ ਰੂਪ ਵਿਚ ਪੈਰਵੀ ਕੀਤੀ ਜਾਣੀ ਚਾਹੀਦੀ ਹੈ। ਪਹਿਲਾ ਕਦਮ ਹੈ ਕਿ ਕਲੀਸਿਯਾ ਇਸ ਕਾਰਵਾਈ ਦੀ ਪ੍ਰਵਾਨਗੀ ਲਈ ਪ੍ਰਸਤਾਵ ਪੇਸ਼ ਕਰੇ ਅਤੇ ਫਿਰ ਅਤਿਰਿਕਤ ਮਾਰਗ-ਦਰਸ਼ਨ ਦੇ ਲਈ ਸੰਸਥਾ ਦੇ ਰਾਜ ਗ੍ਰਹਿ ਵਿਭਾਗ ਨਾਲ ਸੰਪਰਕ ਕਰੇ। ਜ਼ਮੀਨ ਖ਼ਰੀਦਣ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ, ਕਲੀਸਿਯਾ ਨੂੰ ਕਈ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ। ਖੇਤਰੀ ਵਿਨਿਯਮ, ਉਸਾਰੀ ਕੋਡ, ਅਤੇ ਧਾਰਮਿਕ ਮਕਸਦਾਂ ਲਈ ਉਸਾਰੀ ਵਾਸਤੇ ਇਜਾਜ਼ਤ, ਕੁਝ ਮੁਢਲੇ ਮਾਮਲੇ ਹਨ ਜਿਨ੍ਹਾਂ ਦੀ ਜਾਂਚ ਕਰਨ ਦੀ ਲੋੜ ਹੈ।
ਪ੍ਰਾਦੇਸ਼ਕ ਨਿਰਮਾਣ ਸਮਿਤੀ ਦੀ ਭੂਮਿਕਾ
6 ਸੰਸਥਾ ਨੇ ਅਧਿਆਤਮਿਕ ਤੌਰ ਤੇ ਪ੍ਰੌੜ੍ਹ ਬਜ਼ੁਰਗਾਂ ਦੀ ਇਕ ਪ੍ਰਾਦੇਸ਼ਕ ਨਿਰਮਾਣ ਸਮਿਤੀ (ਪ੍ਰਾ.ਨਿ.ਸ.) ਕਾਇਮ ਕੀਤੀ ਹੈ ਜੋ ਰਾਜ ਗ੍ਰਹਿਆਂ ਦੀ ਉਸਾਰੀ ਨਾਲ ਸੰਬੰਧਿਤ ਮਾਮਲਿਆਂ ਵਿਚ ਮਦਦ ਅਤੇ ਨਿਰਦੇਸ਼ਨ ਦੇਣ ਲਈ ਸਮਰੱਥ ਹੈ। ਪੰਜ ਮੈਂਬਰਾਂ ਦੀ ਇਹ ਸਮਿਤੀ ਕਲੀਸਿਯਾ ਦੇ ਮਾਲੀ ਸਾਧਨ ਨੂੰ ਅਤੇ ਰਾਜ ਗ੍ਰਹਿ ਦੇ ਲੋੜੀਂਦੇ ਸਾਈਜ਼ ਨੂੰ ਧਿਆਨ ਵਿਚ ਰੱਖਦੇ ਹੋਏ, ਤੁਹਾਡੇ ਇਲਾਕੇ ਲਈ ਢੁਕਵੇਂ ਰਾਜ ਗ੍ਰਹਿਆਂ ਦੀ ਖ਼ਰੀਦਾਰੀ ਜਾਂ ਉਸਾਰੀ ਉੱਤੇ ਮਾਰਗ-ਦਰਸ਼ਨ ਦੇਵੇਗੀ। ਪ੍ਰਾਦੇਸ਼ਕ ਨਿਰਮਾਣ ਸਮਿਤੀ, ਸਥਾਨਕ ਰਾਜ ਗ੍ਰਹਿ ਉਸਾਰੀ ਸਮਿਤੀ ਦੀ ਥਾਂ ਨਹੀਂ ਲਵੇਗੀ, ਬਲਕਿ ਉਸਾਰੀ ਕਾਰਜਕ੍ਰਮ ਵਿਚ ਸਹਾਇਤਾ ਕਰੇਗੀ। ਇਹ ਮੁਨਾਸਬ ਹੈ ਕਿ ਜ਼ਮੀਨ ਖ਼ਰੀਦਣ ਤੋਂ ਵੀ ਪਹਿਲਾਂ, ਸਥਾਨਕ ਨਿਰਮਾਣ ਸਮਿਤੀ ਸੁਝਾਵਾਂ ਲਈ ਪ੍ਰਾ.ਨਿ.ਸ. ਨਾਲ ਮਸ਼ਵਰਾ ਕਰੇ। ਕਿਉਂ ਜੋ ਪ੍ਰਾ.ਨਿ.ਸ. ਅਜਿਹੇ ਯੋਗ ਮਨੁੱਖਾਂ ਦੀ ਬਣੀ ਹੈ ਜਿਨ੍ਹਾਂ ਨੂੰ ਲਾਗਤ ਅਤੇ ਉਸਾਰੀ ਦੇ ਵਿਭਿੰਨ ਪਹਿਲੂਆਂ ਵਿਚ ਮਹਾਰਤ ਹਾਸਲ ਹੈ, ਅਜਿਹੇ ਕੰਮਾਂ ਵਿਚ ਉਨ੍ਹਾਂ ਦੀ ਮਦਦ ਬਹੁਮੁੱਲੀ ਹੋਵੇਗੀ।
7 ਇਕ ਮਹੱਤਵਪੂਰਣ ਪਹਿਲੂ ਜੋ ਚੰਗੀ ਪੂਰਵ ਯੋਜਨਾ ਦੀ ਮੰਗ ਕਰਦਾ ਹੈ, ਉਹ ਹੈ ਰਾਜ ਗ੍ਰਹਿ ਦਾ ਸਾਈਜ਼—ਇਸ ਦਾ ਨਕਸ਼ਾ ਅਤੇ ਥਾਂ-ਸਮਰੱਥਾ। ਇਕ ਸਰਲ ਪਰੰਤੂ ਵਿਵਹਾਰਕ ਨਕਸ਼ਾ ਸਭ ਤੋਂ ਚੰਗਾ ਹੁੰਦਾ ਹੈ। ਪ੍ਰਾ.ਨਿ.ਸ. ਕੋਲ ਅਜਿਹੇ ਅਨੇਕ ਨਕਸ਼ੇ ਹਨ ਪਰੰਤੂ ਇਹ ਬੁਨਿਆਦੀ ਤੌਰ ਤੇ ਤਿੰਨ ਕਿਸਮ ਦੇ ਸੀਟਾਂ ਦੇ ਪ੍ਰਬੰਧ ਦੀ ਲੋੜ ਪੂਰੀ ਕਰਦੇ ਹਨ: 100, 150, ਅਤੇ 250 ਲੋਕਾਂ ਲਈ। ਰਾਜ ਗ੍ਰਹਿ ਦੇ ਫ਼ਰਸ਼ੀ ਖੇਤਰਫਲ ਦਾ ਹਿਸਾਬ ਇਕ ਫ਼ਾਰਮੂਲੇ ਦੇ ਆਧਾਰ ਉੱਤੇ ਲਾਇਆ ਜਾਂਦਾ ਹੈ, ਅਰਥਾਤ ਬੈਠਣ ਵਾਲੇ ਲੋਕਾਂ ਦੀ ਗਿਣਤੀ ਨੂੰ 1.8 ਵਰਗ ਮੀਟਰ ਨਾਲ ਗੁਣਾ ਕਰਨਾ। ਮਿਸਾਲ ਲਈ, ਜੇਕਰ 100 ਵਿਅਕਤੀਆਂ ਦੀ ਸਮਰੱਥਾ ਵਾਲਾ ਰਾਜ ਗ੍ਰਹਿ ਚਾਹੀਦਾ ਹੈ, ਤਾਂ 180 ਵਰਗ ਮੀਟਰ ਦੀ ਲੋੜ ਹੋਵੇਗੀ। ਇਸ ਵਿਚ ਦੂਜੀਆਂ ਲੋੜਾਂ ਲਈ ਵੀ ਜਗ੍ਹਾ ਸ਼ਾਮਲ ਹੋਵੇਗੀ, ਜਿਵੇਂ ਕਿ ਪਖਾਨਾ, ਰਸਾਲੇ ਅਤੇ ਸਾਹਿੱਤ ਕਾਊਂਟਰਾਂ, ਦੂਜਾ ਸਕੂਲ, ਆਦਿ। ਅਜਿਹਾ ਹਿਸਾਬ ਅਤੇ ਯੋਜਨਾਬੰਦੀ ਰਾਜ ਗ੍ਰਹਿ ਨੂੰ ਆਰਾਮਦਾਇਕ ਬਣਾਉਣਗੇ ਅਤੇ ਜਗ੍ਹਾ ਦੀ ਤੰਗੀ ਨਹੀਂ ਹੋਵੇਗੀ। ਪ੍ਰਾਦੇਸ਼ਕ ਨਿਰਮਾਣ ਸਮਿਤੀ ਇਕ ਢੁਕਵੇਂ ਮੰਚ, ਧੁਨੀ ਵਿਵਸਥਾ ਦੀ ਜਗ੍ਹਾ, ਬੱਤੀਆਂ ਅਤੇ ਪੱਖਿਆਂ ਦੀਆਂ ਥਾਵਾਂ ਅਤੇ ਦੂਜੇ ਬਿਜਲਈ ਵੇਰਵੇ, ਜੈਨਰੇਟਰ ਕਮਰੇ ਅਤੇ ਨਲਸਾਜ਼ੀ ਤੇ ਮਲ ਵਿਵਸਥਾ ਨਾਲ ਸੰਬੰਧਿਤ ਸੁਝਾਉ ਦੇਣ ਲਈ ਵੀ ਸਮਰੱਥ ਹੈ।
8 ਕਈ ਵਾਰ, ਇਕ ਤੋਂ ਵੱਧ ਕਲੀਸਿਯਾਵਾਂ ਇੱਕੋ ਹੀ ਰਾਜ ਗ੍ਰਹਿ ਨੂੰ ਇਸਤੇਮਾਲ ਕਰ ਸਕਦੀਆਂ ਹਨ, ਜਿਸ ਕਰਕੇ ਸਹੂਲਤਾਂ ਦਾ ਜ਼ਿਆਦਾ ਲਾਭ ਉਠਾਇਆ ਜਾਂਦਾ ਹੈ ਅਤੇ ਅਧਿਕ ਵਿਅਕਤੀਆਂ ਦੇ ਵਿਚ ਮਾਲੀ ਭਾਰ ਵੰਡਿਆ ਜਾਂਦਾ ਹੈ। ਦੋ ਜਾਂ ਵੱਧ ਕਲੀਸਿਯਾਵਾਂ ਵਿਚਕਾਰ ਅਜਿਹਾ ਸਹਿਯੋਗ ਉਸਾਰੀ ਕਾਰਜਕ੍ਰਮ ਦੀ ਮਾਲੀ ਯੋਗਤਾ ਨੂੰ ਕਾਫ਼ੀ ਹੱਦ ਤਕ ਵਧਾਵੇਗਾ। ਪਰੰਤੂ, ਜਿੱਥੇ ਤਕ ਅਡਵਾਂਸ ਅਤੇ ਦੂਜੇ ਪ੍ਰਬੰਧਾਂ ਦੀ ਗੱਲ ਆਉਂਦੀ ਹੈ, ਸੰਸਥਾ ਕੇਵਲ ਇੱਕੋ ਹੀ ਕਲੀਸਿਯਾ ਨਾਲ ਵਿਹਾਰ ਕਰਦੀ ਹੈ। ਕਲੀਸਿਯਾਵਾਂ ਆਪਣੀਆਂ ਸਭਾਵਾਂ ਕਦੋਂ ਰੱਖਣਗੀਆਂ, ਬਾਰੇ ਵੇਰਵਿਆਂ ਦਾ ਫ਼ੈਸਲਾ ਸਾਂਝੀਦਾਰ ਕਲੀਸਿਯਾਵਾਂ ਦੇ ਬਜ਼ੁਰਗਾਂ ਦੀ ਨਿਕਾਇ ਨੂੰ ਮਿਲ ਕੇ ਕਰਨਾ ਚਾਹੀਦਾ ਹੈ।
ਰਾਜ ਗ੍ਰਹਿ ਲਈ ਮਾਲੀ-ਪ੍ਰਬੰਧ
9 ਇਸ ਉੱਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਸੰਸਥਾ ਰਾਜ ਗ੍ਰਹਿ ਦੇ ਲਈ ਜ਼ਮੀਨ ਵਾਸਤੇ ਪੈਸੇ ਨਹੀਂ ਦਿੰਦੀ ਹੈ, ਹਾਲਾਂਕਿ, ਵਿਰਲੇ ਮਾਮਲਿਆਂ ਵਿਚ ਉਨ੍ਹਾਂ ਸ਼ਹਿਰਾਂ ਵਿਚ ਜਿੱਥੇ ਕੰਮ ਚੰਗੀ ਤਰ੍ਹਾਂ ਨਾਲ ਤਰੱਕੀ ਕਰ ਰਿਹਾ ਹੈ, ਅਤੇ ਜਿੱਥੇ ਦੋ ਜਾਂ ਤਿੰਨ ਕਲੀਸਿਯਾਵਾਂ ਇਕ ਰਾਜ ਗ੍ਰਹਿ ਨੂੰ ਇਸਤੇਮਾਲ ਕਰ ਸਕਦੀਆਂ ਹਨ, ਸੰਸਥਾ ਨੇ ਜ਼ਮੀਨ ਖ਼ਰੀਦਣ ਲਈ ਮਾਲੀ-ਪ੍ਰਬੰਧ ਵਿਚ ਮਦਦ ਕੀਤੀ ਹੈ। ਯਹੋਵਾਹ ਦੇ ਆਧੁਨਿਕ ਦਿਨ ਦੇ ਸੇਵਕ ਉਹੀ ਮਨੋਬਿਰਤੀ ਦਿਖਾਉਣੀ ਜਾਰੀ ਰੱਖਣਗੇ ਜੋ ਪੌਲੁਸ ਦੁਆਰਾ 2 ਕੁਰਿੰਥੀਆਂ 8:13-15 ਵਿਚ ਉਤਸ਼ਾਹਿਤ ਕੀਤੀ ਗਈ ਸੀ: “ਕਿਉਂ ਜੋ ਮੈਂ ਇਹ ਇਸ ਲਈ ਨਹੀਂ ਆਖਦਾ ਭਈ ਹੋਰਨਾਂ ਨੂੰ ਸੌਖ ਅਤੇ ਤੁਹਾਨੂੰ ਔਖ ਹੋਵੇ। ਸਗੋਂ ਬਰਾਬਰੀ ਹੋਵੇ ਭਈ ਐਤਕੀਂ ਤੁਹਾਡਾ ਵਾਧਾ ਓਹਨਾਂ ਦੇ ਘਾਟੇ ਨੂੰ ਪੂਰਾ ਕਰੇ ਤਾਂ ਜੋ ਓਹਨਾਂ ਦਾ ਵਾਧਾ ਭੀ ਤੁਹਾਡੇ ਘਾਟੇ ਨੂੰ ਪੂਰਾ ਕਰੇ ਤਾਂ ਜੋ ਬਰਾਬਰੀ ਰਹੇ। ਜਿਵੇਂ ਲਿਖਿਆ ਹੋਇਆ ਹੈ—ਜਿਸ ਨੇ ਵੱਧ ਲਿਆ ਸੀ ਉਸ ਦਾ ਵੱਧ ਨਾ ਨਿਕੱਲਿਆ ਅਤੇ ਜਿਸ ਨੇ ਘੱਟ ਲਿਆ ਸੀ ਉਸ ਦਾ ਘੱਟ ਨਾ ਨਿਕੱਲਿਆ।” ਨਵੇਂ ਰਾਜ ਗ੍ਰਹਿ ਉਸਾਰਨ ਵਿਚ ਸਹਾਇਤਾ ਕਰਨ ਲਈ ਆਪਣਾ ਸਮਾਂ ਅਤੇ ਸਾਧਨ ਦੇਣਾ ਯਹੋਵਾਹ ਦਾ ਆਦਰ ਕਰਨ ਦਾ ਇਕ ਉੱਤਮ ਤਰੀਕਾ ਹੈ।—ਕਹਾ. 3:9.
10 ਕੁਝ 3,500 ਸਾਲ ਪਹਿਲਾਂ ਦੀ ਸਥਿਤੀ ਬਾਰੇ ਵਿਚਾਰ ਕਰੋ ਜਦੋਂ ਉਦਾਰ-ਚਿੱਤ ਚੰਦੇ ਦੀ ਲੋੜ ਪਈ ਸੀ। ਯਹੋਵਾਹ ਨੇ ਮੂਸਾ ਨੂੰ ਹਿਦਾਇਤ ਦਿੱਤੀ ਸੀ ਕਿ ਉਸ ਦੀ ਉਪਾਸਨਾ ਵਿਚ ਇਸਤੇਮਾਲ ਕੀਤੇ ਜਾਣ ਦੇ ਲਈ ਉਹ ਇਕ ਡੇਹਰਾ, ਜਾਂ ‘ਮੰਡਲੀ ਦਾ ਤੰਬੂ’ ਉਸਾਰੇ। ਈਸ਼ਵਰੀ ਤੌਰ ਤੇ ਦਿੱਤਾ ਗਿਆ ਡੀਜ਼ਾਈਨ ਵਿਭਿੰਨ ਕੀਮਤੀ ਚੀਜ਼ਾਂ ਦੀ ਮੰਗ ਕਰਦਾ ਸੀ। ਯਹੋਵਾਹ ਨੇ ਹੁਕਮ ਦਿੱਤਾ: “ਤੁਸੀਂ ਆਪਣਿਆਂ ਵਿੱਚੋਂ ਯਹੋਵਾਹ ਲਈ ਭੇਟ ਲਿਓ। ਜਿਹ ਦੇ ਮਨ ਦੀ ਭਾਉਣੀ ਹੋਵੇ ਉਹ ਯਹੋਵਾਹ ਲਈ ਭੇਟ ਲਿਆਵੇ।” (ਕੂਚ 35:4-9) ਲੋਕਾਂ ਨੇ ਕਿਵੇਂ ਪ੍ਰਤਿਕ੍ਰਿਆ ਦਿਖਾਈ? ਬਿਰਤਾਂਤ ਸਾਨੂੰ ਦੱਸਦਾ ਹੈ ਕਿ “ਸਾਰੇ ਮਨੁੱਖ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਆਏ ਅਤੇ ਜਿਨ੍ਹਾਂ ਦੇ ਆਤਮਾਂ ਨੇ ਉਸ ਦੀ ਭਾਉਣੀ ਕੀਤੀ ਓਹ ਯਹੋਵਾਹ ਲਈ ਭੇਟਾਂ ਮੰਡਲੀ ਦੇ ਤੰਬੂ ਦੇ ਬਣਾਉਣ ਲਈ ਅਤੇ ਉਸ ਦੀ ਸਾਰੀ ਉਪਾਸਨਾ ਲਈ ਅਤੇ ਪਵਿੱਤ੍ਰ ਬਸਤ੍ਰਾਂ ਲਈ ਲਿਆਏ।” ਇਹ ਸਵੈ-ਇੱਛਿਤ ਭੇਟ ਹੌਲੀ-ਹੌਲੀ ਇੰਨੀ ਜ਼ਿਆਦਾ ਹੋ ਗਈ ਕਿ ਇਹ ਯਹੋਵਾਹ ਵੱਲੋਂ ਹੁਕਮ ਕੀਤੇ ਗਏ ਕੰਮ ਲਈ ਲੋੜੀਂਦੀਆਂ ਚੀਜ਼ਾਂ ਤੋਂ ਵੀ “ਵਾਫਰ” ਸੀ। (ਕੂਚ 35:21-29; 36:3-5) ਲੋਕਾਂ ਨੇ ਕਿੰਨੀ ਹੀ ਸੁਆਰਥਹੀਣ, ਉਦਾਰ-ਚਿੱਤ ਮਨੋਬਿਰਤੀ ਦਿਖਾਈ!
11 ਕੁਝ 500 ਸਾਲ ਬਾਅਦ ਇਸਰਾਏਲੀਆਂ ਵੱਲੋਂ ਉਦਾਰ-ਚਿੱਤ ਚੰਦੇ ਲਈ ਇਕ ਸਮਾਨ ਸੱਦਾ ਦਿੱਤਾ ਗਿਆ। ਯਰੂਸ਼ਲਮ ਵਿਚ ਯਹੋਵਾਹ ਲਈ ਇਕ ਸਥਾਈ ਘਰ ਬਣਾਉਣ ਦੀ ਰਾਜਾ ਦਾਊਦ ਦੀ ਇੱਛਾ ਉਸ ਦੇ ਪੁੱਤਰ ਸੁਲੇਮਾਨ ਦੁਆਰਾ ਪੂਰੀ ਹੋਣੀ ਸੀ। ਦਾਊਦ ਨੇ ਖ਼ੁਦ ਲੋੜੀਂਦੀਆਂ ਚੀਜ਼ਾਂ ਦਾ ਇਕ ਵੱਡਾ ਭਾਗ ਇਕੱਠਾ ਕੀਤਾ ਅਤੇ ਚੰਦੇ ਵਜੋਂ ਦਿੱਤਾ। ਜਦੋਂ ਦਾਊਦ ਨੇ ‘ਯਹੋਵਾਹ ਦੇ ਲਈ ਭੇਟ’ ਲਿਆਉਣ ਦਾ ਸੱਦਾ ਦਿੱਤਾ, ਤਾਂ ਦੂਜੇ ਲੋਕ ਵੀ ਇਸ ਵਿਚ ਸ਼ਾਮਲ ਹੋ ਗਏ। ਨਤੀਜਾ? “ਲੋਕਾਂ ਨੇ ਵੱਡਾ ਅਨੰਦ ਕੀਤਾ ਇਸ ਕਾਰਨ ਜੋ ਉਨ੍ਹਾਂ ਨੇ ਮਨ ਦੇ ਪ੍ਰੇਮ ਨਾਲ ਭੇਟਾਂ ਦਿੱਤੀਆਂ ਸਨ ਕਿਉਂ ਜੋ ਸਿੱਧ ਮਨ ਨਾਲ ਉਨ੍ਹਾਂ ਨੇ ਯਹੋਵਾਹ ਦੇ ਲਈ ਭੇਟਾਂ ਚੜ੍ਹਾਈਆਂ ਸਨ ਅਰ ਦਾਊਦ ਪਾਤਸ਼ਾਹ ਨੇ ਵੀ ਬੜਾ ਅਨੰਦ ਕੀਤਾ।” (1 ਇਤ. 22:14; 29:3-9) ਕੇਵਲ ਚਾਂਦੀ ਅਤੇ ਸੋਨੇ ਦਾ ਹੀ ਮੁੱਲ ਵਰਤਮਾਨ ਮੁੱਲ ਦੇ ਅਨੁਸਾਰ ਲਗਭਗ 2 ਕਰੋੜ ਖਰਬ ਰੁਪਏ ਹੁੰਦਾ!—2 ਇਤ. 5:1.
12 ਆਧੁਨਿਕ ਸਮਿਆਂ ਵਿਚ ਵੀ ਧਰਤੀ ਦੇ ਵੱਖਰੇ-ਵੱਖਰੇ ਭਾਗਾਂ ਵਿਚ ਸਾਡੇ ਭਰਾ ਅਜਿਹੀ ਹੀ ਮਨੋਬਿਰਤੀ ਦਿਖਾਉਂਦੇ ਹਨ। ਇਹ ਜਾਣਨਾ ਕਿੰਨਾ ਹੀ ਹੌਸਲਾ-ਵਧਾਉ ਹੈ ਕਿ ਸਾਡੇ ਸਰਬਸੱਤਾਵਾਨ ਪ੍ਰਭੂ, ਯਹੋਵਾਹ ਦੀ ਉਪਾਸਨਾ ਲਈ ਇਕ ਜਗ੍ਹਾ ਉਸਾਰਨ ਦੀ ਇੱਛਾ ਸਪੱਸ਼ਟ ਰਹੀ ਹੈ, ਅਤੇ ਰੁਮਾਂਚਕ ਤਜਰਬੇ ਹਾਸਲ ਹੋਏ ਹਨ, ਜੋ ਸਾਡੇ ਭਰਾਵਾਂ ਦੇ ‘ਸਿੱਧ ਅਤੇ ਤਿਆਰ ਮਨ’ ਦਿਖਾਉਂਦੇ ਹਨ। ਮਿਸਾਲ ਲਈ, ਪੋਲੈਂਡ ਦੇ ਕੁਝ ਹਿੱਸਿਆਂ ਵਿਚ, ਭਰਾ ਲੋਕ ਖੇਤ ਕਿਰਾਏ ਤੇ ਲੈਂਦੇ, ਫ਼ਸਲ ਉਗਾਉਂਦੇ, ਅਤੇ ਉਪਜ ਨੂੰ ਵੇਚਦੇ ਹਨ ਜਾਂ ਰਸਭਰੀਆਂ ਚੁਗਦੇ ਹਨ ਤਾਂਕਿ ਉਹ ਪੈਸੇ ਇਕੱਠਾ ਕਰ ਸਕਣ ਅਤੇ ਸਮੇਂ ਆਉਣ ਤੇ ਇਕ ਰਾਜ ਗ੍ਰਹਿ ਬਣਾ ਸਕਣ। ਅਜਿਹੇ ਪ੍ਰਾਜੈਕਟਾਂ ਦੀ ਖਾਤਰ ਕਈਆਂ ਨੇ ਪੈਸੇ, ਦੂਜਿਆਂ ਨੇ ਗਹਿਣੇ ਅਤੇ ਸੰਪਤੀ ਦਿੱਤੀ ਹੈ। ਅਨੇਕ ਬੱਚਿਆਂ ਨੇ ਸੰਸਥਾ ਨੂੰ ਇਕ-ਦੋ ਰੁਪਏ ਭੇਜਣ ਦੁਆਰਾ ਉਸਾਰੀ ਪ੍ਰਾਜੈਕਟਾਂ ਲਈ ਕਦਰ ਵਿਅਕਤ ਕੀਤੀ ਹੈ—ਰਕਮ ਜੋ ਸੰਸਾਰੀ ਮੁੱਲ ਅਨੁਸਾਰ ਬਹੁਤ ਥੋੜ੍ਹੀ, ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ ਹੀ ਵੱਡੀ ਹੈ।
13 ਮਾਲੀ ਸਮਰਥਨ ਦੇਣਾ ਸ਼ਾਸਤਰ ਦੇ ਅਨੁਸਾਰ ਹੈ। “ਚੰਦਾ” ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਦਾ ਅਰਥ ਹੈ “ਪਵਿੱਤਰ ਭਾਗ।” (ਕੂਚ 25:2, ਨਿਊ ਵਰਲਡ ਰੈਫ਼ਰੈਂਸ ਬਾਈਬਲ, ਫੁਟਨੋਟ।) ਮਸੀਹੀ ਉਚਿਤ ਤੌਰ ਤੇ ਰਾਜ ਹਿਤਾਂ ਦੀ ਪ੍ਰਗਤੀ ਲਈ ਆਪਣਾ ਸਮਾਂ, ਸ਼ਕਤੀ ਅਤੇ ਭੌਤਿਕ ਸੰਪਤੀ ਦਾਨ ਦੇਣ ਦੀ ਇੱਛਾ ਰੱਖਦੇ ਹਨ। ਜਦੋਂ ਇਕ ਕਲੀਸਿਯਾ ਰਾਜ ਗ੍ਰਹਿ ਉਸਾਰਨ ਦੀ ਯੋਜਨਾ ਬਣਾਉਂਦੀ ਹੈ, ਤਾਂ ਕੁਝ ਲੋਕ ਸ਼ਾਇਦ ਨਿੱਜੀ ਤੌਰ ਤੇ ਪਾਉਣ ਕਿ ਉਹ ਪ੍ਰਾਜੈਕਟ ਲਈ ਤੁਰੰਤ ਦਾਨ ਦੇ ਸਕਦੇ ਹਨ ਜਾਂ ਉਹ ਪੈਸਾ ਉਧਾਰ ਦੇ ਸਕਦੇ ਹਨ ਜਿਸ ਦੀ ਉਨ੍ਹਾਂ ਨੂੰ ਅਜੇ ਲੋੜ ਨਹੀਂ ਹੈ। ਇਸ ਤੋਂ ਇਲਾਵਾ, ਸਾਰੇ ਨਿਸ਼ਚਿਤ ਕਰ ਸਕਦੇ ਹਨ ਕਿ ਉਹ ਹਰ ਮਹੀਨੇ ਨਿਯਮਿਤ ਤੌਰ ਤੇ ਕਿੰਨਾ ਕੁ ਪੈਸਾ ਦਾਨ ਕਰ ਸਕਦੇ ਹਨ। ਹਾਲਾਂਕਿ ਇਹ ਦਸਵੰਧ ਜਾਂ ਇਕ ਮੰਗ ਨਹੀਂ ਹੈ, ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਸਵੈ-ਇੱਛਿਤ ਹੈ, ਬਜ਼ੁਰਗ ਇਹ ਜਾਣਕਾਰੀ ਕਲੀਸਿਯਾਵਾਂ ਦੇ ਸਦੱਸਾਂ ਤੋਂ ਭਾਲ ਸਕਦੇ ਹਨ, ਤਾਂਕਿ ਉਨ੍ਹਾਂ ਨੂੰ ਯੋਜਨਾ ਬਣਾਉਣ ਵਿਚ ਮਦਦ ਮਿਲ ਸਕੇ। ਬਿਨਾਂ ਦਸਤਖਤ ਕੀਤੇ ਕਾਗਜ਼ਾਂ ਉੱਤੇ ਰਕਮ ਲਿਖ ਦੇਣੀ, ਇਹ ਅਨੁਮਾਨ ਲਗਾਉਣ ਲਈ ਕਾਫ਼ੀ ਹੈ।
14 ਰਾਜ ਗ੍ਰਹਿ ਉਸਾਰੀ ਲਈ ਫ਼ੰਡ ਇਕੱਠੇ ਕਰਨ ਦਾ ਇਕ ਵਿਵਹਾਰਕ ਤਰੀਕਾ ਹੈ ਰਾਜ ਗ੍ਰਹਿ ਵਿਖੇ ‘ਉਸਾਰੀ ਫ਼ੰਡ’ ਲਿਖਿਆ ਹੋਇਆ ਇਕ ਚੰਦੇ ਦਾ ਡੱਬਾ ਰੱਖਣਾ ਅਤੇ ਭਰਾਵਾਂ ਨੂੰ ਇਸ ਉਦੇਸ਼ ਲਈ ਚੰਦਾ ਦੇਣ ਲਈ ਉਤਸ਼ਾਹਿਤ ਕਰਨਾ। ਅਗਸਤ 1995 ਵਿਚ, ਸੰਸਥਾ ਨੇ ਭਾਰਤ ਦੀਆਂ ਸਾਰੀਆਂ ਕਲੀਸਿਯਾਵਾਂ ਨੂੰ ਅਜਿਹਾ ਇਕ ਡੱਬਾ ਰੱਖਣ ਲਈ ਕਿਹਾ। ਜਿਨ੍ਹਾਂ ਕਲੀਸਿਯਾਵਾਂ ਕੋਲ ਪਹਿਲਾਂ ਤੋਂ ਹੀ ਆਪਣੇ ਖ਼ੁਦ ਦਾ ਰਾਜ ਗ੍ਰਹਿ ਹੈ ਅਤੇ ਉਹ ਪੈਸਾ ਅਦਾ ਕਰ ਚੁੱਕੀਆਂ ਹਨ, ਜਾਂ ਜਿਹੜੀਆਂ ਕਲੀਸਿਯਾਵਾਂ ਇਸ ਸਮੇਂ ਆਪਣੇ ਖ਼ੁਦ ਦੇ ਰਾਜ ਗ੍ਰਹਿ ਉਸਾਰੀ ਪ੍ਰਾਜੈਕਟ ਵਿਚ ਨਹੀਂ ਲੱਗੀਆਂ ਹੋਈਆਂ ਹਨ ਅਤੇ ਤਤਕਾਲ ਭਵਿੱਖ ਵਿਚ ਅਜਿਹੇ ਪ੍ਰਾਜੈਕਟ ਬਾਰੇ ਨਹੀਂ ਸੋਚ ਰਹੀਆਂ ਹਨ, ਉਨ੍ਹਾਂ ਨੂੰ ਇਸ ਡੱਬੇ ਵਿਚ ਪ੍ਰਾਪਤ ਸਾਰੇ ਫ਼ੰਡ ਨੂੰ ਹਰ ਮਹੀਨੇ ਸੰਸਥਾ ਨੂੰ ਭੇਜ ਦੇਣਾ ਚਾਹੀਦਾ ਹੈ। ਇਸ ਭਿਜਵਾਈ ਨੂੰ ‘ਰਾਸ਼ਟਰੀ ਰਾਜ ਗ੍ਰਹਿ ਫ਼ੰਡ’ ਲਈ ਅਲੱਗ ਰੱਖਿਆ ਜਾਂਦਾ ਹੈ। ਇਹ ਰਾ.ਰਾ.ਗ੍ਰ.ਫ਼ੰ. ‘ਆਵਰਤੀ ਫ਼ੰਡ’ ਹੈ ਜਿਸ ਵਿੱਚੋਂ ਦੇਸ਼ ਭਰ ਦੀਆਂ ਕਲੀਸਿਯਾਵਾਂ ਦੀ ਸਹਾਇਤਾ ਕਰਨ ਲਈ ਅਡਵਾਂਸ ਦਿੱਤੇ ਜਾਂਦੇ ਹਨ, ਤਾਂਕਿ ਉਹ ਆਪਣੇ ਰਾਜ ਗ੍ਰਹਿ ਪ੍ਰਾਜੈਕਟਾਂ ਵਾਸਤੇ ਮਾਲੀ-ਪ੍ਰਬੰਧ ਕਰ ਸਕਣ। ਇਹ ਮੋੜਵੇਂ ਅਡਵਾਂਸ ਹਨ ਜਿਨ੍ਹਾਂ ਨੂੰ ਲੈਣ-ਦੇਣ ਦੀ ਲਾਗਤ ਪੂਰੀ ਕਰਨ ਦੇ ਲਈ ਅਤੇ ਦੂਜੇ ਰਾਜ ਗ੍ਰਹਿਆਂ ਵਾਸਤੇ ਮਾਲੀ-ਪ੍ਰਬੰਧ ਕਰਨ ਦੇ ਯੋਗ ਹੋਣ ਦੇ ਲਈ ਨਾਂ-ਮਾਤਰ ਤਿੰਨ ਫੀ ਸਦੀ ਅਧਿਖ਼ਰਚੇ ਸਹਿਤ ਵਾਪਸ ਕੀਤਾ ਜਾਣਾ ਚਾਹੀਦਾ ਹੈ। ਸਾਰਿਆਂ ਨੂੰ ਉਤਸ਼ਾਹ ਦਿੱਤਾ ਜਾ ਸਕਦਾ ਹੈ ਕਿ ਸਥਾਨਕ ਕਲੀਸਿਯਾ ਦੇ ਖ਼ਰਚ ਲਈ ਆਪਣੇ ਆਮ ਚੰਦੇ ਦੇ ਨਾਲ-ਨਾਲ ਉਹ ਨਿਯਮਿਤ ਤੌਰ ਤੇ ਆਪਣੀ ਯੋਗਤਾ ਅਤੇ ਇੱਛਾ ਦੇ ਅਨੁਸਾਰ ਇਸ ਫ਼ੰਡ ਲਈ ਵੀ ਕੁਝ ਪੈਸਾ ਅਲੱਗ ਰੱਖ ਸਕਦੇ ਹਨ। (ਤੁਲਨਾ ਕਰੋ 1 ਕੁਰਿੰਥੀਆਂ 16:1-4.) ਮੁਢਲੀ ਮਸੀਹੀ ਕਲੀਸਿਯਾ ਦੇ ਬਾਰੇ ਇਤਿਹਾਸਕਾਰ ਟਰਟੂਲੀਅਨ ਨੇ ਲਿਖਿਆ: “ਹਰੇਕ ਵਿਅਕਤੀ ਮਹੀਨੇ ਵਿਚ ਇਕ ਵਾਰ—ਜਾਂ ਜਦੋਂ ਕਦੇ ਵੀ ਉਹ ਇੱਛਾ ਕਰੇ—ਕੁਝ ਆਮ ਸਿੱਕੇ ਲਿਆਉਂਦਾ, ਪਰੰਤੂ ਕੇਵਲ ਉਦੋਂ ਹੀ ਜੇਕਰ ਉਹ ਇੱਛਾ ਕਰੇ ਅਤੇ ਜੇਕਰ ਉਹ ਲਿਆ ਸਕੇ; ਕਿਉਂਕਿ ਕਿਸੇ ਨੂੰ ਵੀ ਮਜਬੂਰ ਨਹੀਂ ਕੀਤਾ ਜਾਂਦਾ ਹੈ; ਇਹ ਸਵੈ-ਇੱਛਿਤ ਭੇਟ ਹੈ।” ਅੱਜ-ਕੱਲ੍ਹ ਦੇ ਅਨੇਕ ਧਰਮਾਂ ਤੋਂ ਭਿੰਨ ਜੋ ਚੰਦੇ ਦੀ ਮੰਗ ਕਰਨ ਲਈ ਦਾਨ ਪਾਤਰ ਪਾਸ ਕਰਦੇ ਹਨ, ਮਸੀਹੀ ਕਲੀਸਿਯਾ ਵਿਚ ਸਾਰੀਆਂ ਭੌਤਿਕ ਭੇਟਾਂ ਸਵੈ-ਇੱਛਾ ਪੂਰਵਕ ਦਿੱਲੋਂ ਦਿੱਤੀਆਂ ਜਾਂਦੀਆਂ ਹਨ।—2 ਕੁਰਿੰ. 9:7.
15 ਪ੍ਰਾ.ਨਿ.ਸ. ਦੇ ਸੁਝਾਵਾਂ ਨੂੰ ਲਾਗੂ ਕਰਨ ਮਗਰੋਂ, ਜਦੋਂ ਸਥਾਨਕ ਬਜ਼ੁਰਗਾਂ ਦੀ ਨਿਕਾਇ ਦੁਆਰਾ ਉਸਾਰੀ ਦੀਆਂ ਯੋਜਨਾਵਾਂ ਮਨਜ਼ੂਰ ਕੀਤੀਆਂ ਜਾਂਦੀਆਂ ਹਨ, ਉਦੋਂ ਇਕ ਵਾਰ ਫਿਰ, ਪ੍ਰਾਦੇਸ਼ਕ ਨਿਰਮਾਣ ਸਮਿਤੀ ਦੀ ਮਦਦ ਨਾਲ ਪੂਰੇ ਪ੍ਰਾਜੈਕਟ ਦੀ ਲਾਗਤ ਦਾ ਅਨੁਮਾਨ ਲਗਾਇਆ ਜਾਣਾ ਚਾਹੀਦਾ ਹੈ। ਇਸ ਸਮੇਂ ਤਕ ਕਲੀਸਿਯਾ ਵੀ ਜਾਣ ਜਾਵੇਗੀ ਕਿ ਸਥਾਨਕ ਰੂਪ ਵਿਚ ਕਿੰਨਾ ਕੁ ਪੈਸਾ ਉਪਲਬਧ ਹੈ। ਇਸ ਮੁਕਾਮ ਤੇ, ਕਲੀਸਿਯਾ ਸੰਸਥਾ ਤੋਂ ਅਡਵਾਂਸ ਲਈ ਬੇਨਤੀ ਕਰ ਸਕਦੀ ਹੈ, ਜੇਕਰ ਅਜਿਹਾ ਅਡਵਾਂਸ ਜ਼ਰੂਰੀ ਹੋਵੇ। ਸੰਸਥਾ ਇਸ ਦਰਖ਼ਾਸਤ ਦੀ ਜਾਂਚ ਕਰੇਗੀ ਅਤੇ ਫਿਰ ਫ਼ੈਸਲਾ ਕਰੇਗੀ ਕਿ ਅਡਵਾਂਸ ਦੇਣਾ ਚਾਹੀਦਾ ਹੈ ਜਾਂ ਨਹੀਂ, ਜੋ ਦਸ ਸਾਲ ਦੀ ਅਵਧੀ ਦੌਰਾਨ ਮਾਸਿਕ ਕਿਸ਼ਤਾਂ ਵਿਚ ਵਾਪਸ ਦਿੱਤਾ ਜਾਣਾ ਹੈ। ਸੰਸਥਾ ਤੋਂ ਅਜਿਹਾ ਅਡਵਾਂਸ ਮੰਗਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਭਰਾ ਇਕੱਠੇ ਬੈਠ ਕੇ ਇਸ ਵਿਚ ਸ਼ਾਮਲ ਖ਼ਰਚਿਆਂ ਦਾ ਸਹੀ-ਸਹੀ ਅਤੇ ਵਾਸਤਵਿਕ ਤੌਰ ਤੇ ਹਿਸਾਬ ਲਗਾਉਣ, ਤਾਂਕਿ ਇਸੇ ਹੀ ਪ੍ਰਾਜੈਕਟ ਲਈ ਹੋਰ ਪੇਸ਼ਗੀ ਮੰਗਣ ਦੀ ਜ਼ਰੂਰਤ ਨਾ ਪਵੇ। (ਲੂਕਾ 14:28) ਇਕ ਫਲੈਟ ਜਾਂ ਕਿਸੇ ਹੋਰ ਇਮਾਰਤ ਨੂੰ ਖ਼ਰੀਦ ਕੇ ਰਾਜ ਗ੍ਰਹਿ ਵਜੋਂ ਨਵਾਂ ਰੂਪ ਦੇਣ ਵਾਸਤੇ ਅਡਵਾਂਸ ਲਈ ਦਰਖ਼ਾਸਤ ਬਾਰੇ ਵੀ ਵਿਚਾਰ ਕੀਤਾ ਜਾਵੇਗਾ, ਜੇਕਰ ਯੋਜਨਾ ਵਿਵਹਾਰਕ ਪਾਈ ਜਾਂਦੀ ਹੈ।
ਰਾਜ ਗ੍ਰਹਿ ਸਹਾਇਤਾ ਪ੍ਰਬੰਧ
16 ਜੇਕਰ ਤੁਹਾਡੇ ਕੋਲ ਆਪਣਾ ਇਕ ਰਾਜ ਗ੍ਰਹਿ ਹੈ ਜਾਂ ਤੁਸੀਂ ਇਸ ਨੂੰ ਕਿਰਾਏ ਤੇ ਲਿਆ ਹੈ ਅਤੇ ਚਾਹੁੰਦੇ ਹੋ ਕਿ ਇਮਾਰਤ ਜਾਂ ਇਸ ਵਿਚ ਦੇ ਕੀਮਤੀ ਸਾਜ਼-ਸਾਮਾਨ ਨੂੰ ਸੁਰੱਖਿਅਤ ਰੱਖਿਆ ਜਾਵੇ, ਤਾਂ ਸੰਸਥਾ ਕੋਲ ਇਕ ਰਾਜ ਗ੍ਰਹਿ ਸਹਾਇਤਾ ਪ੍ਰਬੰਧ (ਰਾ.ਗ੍ਰ.ਸ.ਪ੍ਰ.) ਹੈ। ਇਸ ਬਾਰੇ ਜਾਣਕਾਰੀ ਸਾਰੀਆਂ ਕਲੀਸਿਯਾਵਾਂ ਨੂੰ ਭੇਜ ਦਿੱਤੀ ਗਈ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਅਸੀਂ ਕਠਿਨ ਸਮਿਆਂ ਵਿਚ ਰਹਿ ਰਹੇ ਹਾਂ, ਜਿਸ ਵਿਚ ਚੋਰੀ ਅਤੇ ਲੁਟ-ਮਾਰ ਦੀ ਸੰਭਾਵਨਾ ਅਧਿਕ ਹੈ, ਇਹ ਇਕ ਬਹੁਤ ਹੀ ਲਾਭਕਾਰੀ ਪ੍ਰਬੰਧ ਹੈ। ਹਰ ਸਾਲ ਕੇਵਲ ਥੋੜ੍ਹਾ ਜਿਹਾ ਚੰਦਾ ਦੇਣ ਨਾਲ, ਜਿਸ ਦੀ ਰਕਮ ਸੰਸਥਾ ਨਿਸ਼ਚਿਤ ਕਰਦੀ ਹੈ, ਕਲੀਸਿਯਾ ਆਪਣੇ ਆਪ ਨੂੰ ਸੰਪਤੀ ਜਾਂ ਕੀਮਤੀ ਸਾਮਾਨ ਦੇ ਨੁਕਸਾਨ ਦੀ ਹਾਨਪੂਰਤੀ ਦੇ ਯੋਗ ਬਣਾਉਂਦੀ ਹੈ। ਇਸ ਤਰ੍ਹਾਂ, ਕੀਮਤੀ ਸਾਜ਼-ਸਾਮਾਨ ਜਿਵੇਂ ਕਿ ਧੁਨੀ ਵਿਵਸਥਾ ਅਤੇ ਫਰਨੀਚਰ ਸੁਰੱਖਿਅਤ ਰੱਖੇ ਜਾ ਸਕਦੇ ਹਨ। ਇਹ ਇਕ ਬਹੁਤ ਹੀ ਪ੍ਰੇਮਮਈ ਪ੍ਰਬੰਧ ਹੈ ਅਤੇ ਸਾਰੀਆਂ ਕਲੀਸਿਯਾਵਾਂ ਨੂੰ ਇਸ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
17 ਦੇਣ ਦੀ ਮਨੋਬਿਰਤੀ ਯਹੋਵਾਹ ਪਰਮੇਸ਼ੁਰ ਤੋਂ ਆਰੰਭ ਹੁੰਦੀ ਹੈ। ਉਹ ਆਪਣੇ ਪਾਰਥਿਵ ਬੱਚਿਆਂ ਨੂੰ ਹਰੇਕ ਚੰਗਾ ਤੋਹਫ਼ਾ ਅਤੇ ਸੰਪੂਰਣ ਦਾਤ ਦੇਣ ਵਾਲਾ ਸਭ ਤੋਂ ਜ਼ਿਆਦਾ ਉਦਾਰ-ਚਿੱਤ ਦਾਤਾ ਹੈ। (ਯਾਕੂ. 1:17) ਉਸ ਨੇ ਜੋ ਸਾਰੀਆਂ ਅਦਭੁਤ ਚੀਜ਼ਾਂ ਦਿੱਤੀਆਂ ਹਨ, ਉਨ੍ਹਾਂ ਦੇ ਬਦਲੇ ਉਹ ਸਾਡੇ ਤੋਂ ਕਿਸ ਚੀਜ਼ ਦੀ ਆਸ ਰੱਖਦਾ ਹੈ? ਜ਼ਬੂਰਾਂ ਦੇ ਲਿਖਾਰੀ ਨੇ ਇਹ ਸਵਾਲ ਖੜ੍ਹਾ ਕੀਤਾ ਜਦੋਂ ਉਸ ਨੇ ਕਿਹਾ: “ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂ?” (ਜ਼ਬੂ. 116:12) ਅਸੀਂ ਯਹੋਵਾਹ ਨੂੰ ਉਸ ਦੀ ਸਾਰੀ ਪ੍ਰੇਮਪੂਰਣ ਦਿਆਲਗੀ ਅਤੇ ਸਦੀਪਕ ਜੀਵਨ ਦੀ ਸੰਭਾਵਨਾ ਲਈ ਕੀ ਦੇ ਸਕਦੇ ਹਾਂ? ਜਵਾਬ ਵਿਚ ਜ਼ਬੂਰਾਂ ਦੇ ਲਿਖਾਰੀ ਨੇ ਖ਼ੁਦ ਕਿਹਾ: “ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ, ਅਤੇ ਯਹੋਵਾਹ ਦੇ ਨਾਮ ਉੱਤੇ ਪੁਕਾਰਾਂਗਾ। ਮੈਂ ਤੇਰੇ ਲਈ ਧੰਨਵਾਦ ਦਾ ਬਲੀਦਾਨ ਚੜ੍ਹਾਵਾਂਗਾ।” (ਜ਼ਬੂ. 116:13, 17) ਜੀ ਹਾਂ, ਸਭ ਤੋਂ ਕੀਮਤੀ ਤੋਹਫ਼ਾ ਜੋ ਅਸੀਂ ਯਹੋਵਾਹ ਨੂੰ ਦੇ ਸਕਦੇ ਹਾਂ ਉਹ ਹੈ ਸਾਡੀ ਸਥਾਈ ਵਫ਼ਾਦਾਰੀ, ਜਦੋਂ ਅਸੀਂ ਆਪਣੇ ਖੇਤਰ ਵਿਚ ਉਸ ਦਾ ਨਾਂ ਲੈਂਦੇ ਅਤੇ ਸ਼ੁੱਧ ਉਪਾਸਨਾ ਨੂੰ ਅੱਗੇ ਵਧਾਉਂਦੇ ਹਾਂ। ਇੰਜ ਕਰਨ ਦਾ ਇਕ ਸ਼ਾਨਦਾਰ ਤਰੀਕਾ ਹੈ ਆਪਣੇ ਖ਼ੁਦ ਦਾ ਰਾਜ ਗ੍ਰਹਿ ਹੋਣਾ ਜਿੱਥੇ ਲੋਕੀ ਆ ਕੇ ਕਹਿਣਗੇ “ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆਂ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ।”—ਜ਼ਕ. 8:23.
ਕੀ ਤੁਹਾਡਾ ਦਿਲ ਤੁਹਾਨੂੰ ਰਾਜ ਗ੍ਰਹਿ ਉਸਾਰੀ ਪ੍ਰਤੀ ਚੰਦਾ ਦੇਣ ਲਈ ਪ੍ਰੇਰਿਤ ਕਰਦਾ ਹੈ?
ਤੁਸੀਂ ਅਨੇਕ ਤਰੀਕਿਆਂ ਨਾਲ ਰਾਜ ਗ੍ਰਹਿ ਉਸਾਰੀ ਲਈ ਆਪਣੀ ਕਦਰਦਾਨੀ ਅਤੇ ਇੱਛਾ ਦਿਖਾ ਸਕਦੇ ਹੋ। ਸੰਸਥਾ ਦੇ ਕੋਲ ਅਜਿਹੇ ਪ੍ਰਾਜੈਕਟਾਂ ਦੇ ਮਾਲੀ-ਪ੍ਰਬੰਧ ਵਿਚ ਮਦਦ ਕਰਨ ਦੇ ਲਈ ਰਾਸ਼ਟਰੀ ਰਾਜ ਗ੍ਰਹਿ ਫ਼ੰਡ ਹੈ। ਤੁਸੀਂ ਹੇਠਾਂ ਦਿੱਤੇ ਗਏ ਤਰੀਕਿਆਂ ਨਾਲ ਸਹਾਇਤਾ ਕਰ ਸਕਦੇ ਹੋ:
1. ਤੋਹਫ਼ੇ: ਪੈਸਿਆਂ ਦੇ ਸਵੈ-ਇੱਛਿਤ ਦਾਨ ਸਿੱਧਾ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਨੂੰ ਭੇਜੇ ਜਾ ਸਕਦੇ ਹਨ। ਗਹਿਣੇ ਜਾਂ ਦੂਜੇ ਕੀਮਤੀ ਸਾਮਾਨ ਵੀ ਦਾਨ ਕੀਤੇ ਜਾ ਸਕਦੇ ਹਨ। ਇਨ੍ਹਾਂ ਚੰਦਿਆਂ ਦੇ ਨਾਲ-ਨਾਲ ਇਕ ਸੰਖਿਪਤ ਚਿੱਠੀ ਹੋਣੀ ਚਾਹੀਦੀ ਹੈ ਜੋ ਬਿਆਨ ਕਰੇ ਕਿ ਇਹ ਰਾਸ਼ਟਰੀ ਰਾਜ ਗ੍ਰਹਿ ਫ਼ੰਡ ਲਈ ਇਕ ਸ਼ਰਤ-ਰਹਿਤ ਤੋਹਫ਼ਾ ਹੈ।
2. ਸ਼ਰਤੀ-ਦਾਨ ਪ੍ਰਬੰਧ: ਦਾਤਾ ਦੀ ਮੌਤ ਤੀਕਰ ਟ੍ਰਸਟ ਵਿਚ ਰੱਖਣ ਲਈ ਪੈਸਾ ਵਾਚਟਾਵਰ ਸੰਸਥਾ ਨੂੰ ਦਿੱਤਾ ਜਾ ਸਕਦਾ ਹੈ, ਇਸ ਪ੍ਰਬੰਧ ਦੇ ਨਾਲ ਕਿ ਜੇਕਰ ਨਿੱਜੀ ਜ਼ਰੂਰਤ ਪਈ ਤਾਂ ਇਹ ਦਾਤਾ ਨੂੰ ਵਾਪਸ ਦੇ ਦਿੱਤਾ ਜਾਵੇਗਾ। ਇਹ ਸਪੱਸ਼ਟ ਤੌਰ ਤੇ ਲਿਖਿਆ ਹੋਣਾ ਚਾਹੀਦਾ ਹੈ ਕਿ ਇਹ ਪੈਸਾ ਉਕਤ ਫ਼ੰਡ ਲਈ ਹੈ।
3. ਬੈਂਕ ਖਾਤੇ: ਸਥਾਨਕ ਬੈਂਕ ਦੀਆਂ ਮੰਗਾਂ ਦੇ ਅਨੁਸਾਰ, ਬੈਂਕ ਖਾਤੇ, ਜਮ੍ਹਾ ਰਕਮ ਦੇ ਸਰਟੀਫਿਕੇਟ ਜਾਂ ਵਿਅਕਤੀਗਤ ਰੀਟਾਇਰਮੈਂਟ ਖਾਤੇ ਵਾਚ ਟਾਵਰ ਸੰਸਥਾ ਦੇ ਲਈ ਟ੍ਰਸਟ ਵਿਚ ਰੱਖੇ ਜਾ ਸਕਦੇ ਹਨ ਜਾਂ ਵਿਅਕਤੀ ਦੀ ਮੌਤ ਹੋਣ ਤੇ ਸੰਸਥਾ ਨੂੰ ਦਿੱਤੇ ਜਾ ਸਕਦੇ ਹਨ। ਸਪੱਸ਼ਟ ਕਰੋ ਕਿ ਇਹ ਰਕਮ ਉਕਤ ਫ਼ੰਡ ਲਈ ਇਸਤੇਮਾਲ ਕੀਤੀ ਜਾਣੀ ਚਾਹੀਦੀ ਹੈ। ਅਜਿਹੇ ਕਿਸੇ ਵੀ ਪ੍ਰਬੰਧ ਬਾਰੇ ਸੰਸਥਾ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ।
4. ਸਟਾਕ ਅਤੇ ਸ਼ੇਅਰ: ਸਟਾਕ ਅਤੇ ਸ਼ੇਅਰ ਵਾਚ ਟਾਵਰ ਸੰਸਥਾ ਨੂੰ, ਜਾਂ ਤਾਂ ਸ਼ਰਤ-ਰਹਿਤ ਤੋਹਫ਼ੇ ਵਜੋਂ ਦਿੱਤੇ ਜਾ ਸਕਦੇ ਹਨ ਜਾਂ ਅਜਿਹੇ ਪ੍ਰਬੰਧ ਅਧੀਨ ਦਾਨ ਕੀਤੇ ਜਾ ਸਕਦੇ ਹਨ, ਜਿਸ ਦੇ ਅਨੁਸਾਰ ਆਮਦਨੀ ਦਾਤਾ ਨੂੰ ਦਿੱਤੀ ਜਾਣੀ ਜਾਰੀ ਰਹੇਗੀ। ਜੇ ਕੋਈ ਵੱਟਤ ਹੋਵੇ, ਤਾਂ ਇਹ ਲਿਖਿਆ ਹੋਣਾ ਚਾਹੀਦਾ ਹੈ ਕਿ ਇਹ ਸੰਸਥਾ ਕੋਲ ਪਏ ਰਾਜ ਗ੍ਰਹਿ ਫ਼ੰਡ ਦੇ ਲਈ ਹੈ।
5. ਅਚਲ ਸੰਪਤੀ: ਵਿਕਾਊ ਅਚਲ ਸੰਪਤੀ ਵਾਚ ਟਾਵਰ ਸੰਸਥਾ ਨੂੰ ਜਾਂ ਤਾਂ ਸ਼ਰਤ-ਰਹਿਤ ਤੋਹਫ਼ੇ ਵਜੋਂ ਦਾਨ ਕੀਤੀ ਜਾ ਸਕਦੀ ਹੈ ਜਾਂ ਦਾਤਾ ਦੇ ਜੀਵਨ-ਕਾਲ ਲਈ ਰਾਖਵੀਂ ਰੱਖੀ ਜਾ ਸਕਦੀ ਹੈ, ਜੋ ਉੱਥੇ ਆਪਣੇ ਜੀਵਨ-ਕਾਲ ਦੌਰਾਨ ਰਹਿਣਾ ਜਾਰੀ ਰੱਖ ਸਕਦਾ ਹੈ ਜਾਂ ਸਕਦੀ ਹੈ। ਇਕ ਵਿਅਕਤੀ ਨੂੰ ਕੋਈ ਵੀ ਅਚਲ ਸੰਪਤੀ ਸੰਸਥਾ ਦੇ ਨਾਂ ਲਿਖਵਾਉਣ ਤੋਂ ਪਹਿਲਾਂ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਤੋਂ ਹਾਸਲ ਹੋਣ ਵਾਲੇ ਪੈਸੇ ਬਾਰੇ ਸਪੱਸ਼ਟ ਤੌਰ ਤੇ ਲਿਖਿਆ ਹੋਣਾ ਚਾਹੀਦਾ ਹੈ ਕਿ ਇਹ ਰਾਜ ਗ੍ਰਹਿ ਫ਼ੰਡ ਦੇ ਇਸਤੇਮਾਲ ਲਈ ਹੈ।
6. ਵਸੀਅਤ ਅਤੇ ਟ੍ਰਸਟ: ਸੰਪਤੀ ਜਾਂ ਪੈਸੇ ਇਕ ਕਾਨੂੰਨੀ ਤੌਰ ਤੇ ਲਿੱਖੀ ਗਈ ਵਸੀਅਤ ਦੁਆਰਾ ਵਾਟ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਨੂੰ ਦਾਨ ਕੀਤੇ ਜਾ ਸਕਦੇ ਹਨ, ਜਾਂ ਇਕ ਟ੍ਰਸਟ ਇਕਰਾਰਨਾਮਾ ਦੇ ਲਾਭ-ਪਾਤਰ ਵਜੋਂ ਸੰਸਥਾ ਦਾ ਨਾਂ ਦਿੱਤਾ ਜਾ ਸਕਦਾ ਹੈ। ਕਿਸੇ ਧਾਰਮਿਕ ਸੰਗਠਨ ਨੂੰ ਲਾਭ ਪਹੁੰਚਾਉਣ ਵਾਲਾ ਟ੍ਰਸਟ ਸ਼ਾਇਦ ਖ਼ਾਸ ਟੈਕਸ ਲਾਭ ਪ੍ਰਦਾਨ ਕਰੇ। ਵਸੀਅਤ ਜਾਂ ਟ੍ਰਸਟ ਇਕਰਾਰਨਾਮੇ ਦੀ ਇਕ ਕਾਪੀ ਸੰਸਥਾ ਨੂੰ ਭੇਜ ਦੇਣੀ ਚਾਹੀਦੀ ਹੈ ਅਤੇ ਇਹ ਸਪੱਸ਼ਟ ਤੌਰ ਤੇ ਲਿਖਿਆ ਹੋਣਾ ਚਾਹੀਦਾ ਹੈ ਕਿ ਵਸੀਅਤ ਜਾਂ ਟ੍ਰਸਟ ਦੀ ਵੱਟਤ ਰਾਜ ਗ੍ਰਹਿ ਫ਼ੰਡ ਲਈ ਹੈ।
ਅਜਿਹੇ ਮਾਮਲਿਆਂ ਦੇ ਬਾਰੇ ਹੋਰ ਜਾਣਕਾਰੀ ਲਈ, Watch Tower Bible and Tract Society of India, H-58 Old Khandala Road, Lonavla 410 401, MAH., INDIA ਨੂੰ ਲਿਖੋ