“ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ”
1 ਮਨੁੱਖ ਦਾ ਇਹ ਝੁਕਾਅ ਹੁੰਦਾ ਹੈ ਕਿ ਉਹ ਮਹੱਤਵਪੂਰਣ ਗੱਲਾਂ ਦੀ ਮਹੱਤਤਾ ਨੂੰ ਸਮੇਂ ਦੇ ਬੀਤਣ ਨਾਲ ਖ਼ਤਮ ਹੋਣ ਦਿੰਦਾ ਹੈ। ਇਹੋ ਇਕ ਕਾਰਨ ਹੈ ਕਿ ਕਿਉਂ, “ਪ੍ਰਭੂ ਦਾ ਸੰਧਿਆ ਭੋਜਨ” (ਨਿ ਵ) ਸਥਾਪਿਤ ਕਰਦੇ ਸਮੇਂ, ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” ਉਸ ਸਮੇਂ ਤੋਂ, ਯਿਸੂ ਦੀ ਬਰਸੀ ਤੇ, ਮਸੀਹੀਆਂ ਨੇ ਆਗਿਆਕਾਰਤਾ ਨਾਲ ‘ਪ੍ਰਭੁ ਦੀ ਮੌਤ ਦਾ ਪਰਚਾਰ ਕੀਤਾ ਹੈ ਜਦ ਤੀਕਰ ਉਹ ਨਾ ਆਵੇ।’—1 ਕੁਰਿੰ. 11:20, 23-26.
2 ਬਹੁਤ ਹੀ ਛੇਤੀ ਹੁਣ, ਯਿਸੂ “ਛੋਟੇ ਝੁੰਡ” ਦੇ ਬਕੀਏ ਦੇ ਘੱਟਦੇ ਜਾ ਰਹੇ ਆਖ਼ਰੀ ਸਦੱਸਾਂ ਨੂੰ ਸਵਰਗੀ ਨਿਵਾਸ ਵਿਚ ਲੈ ਲਵੇਗਾ। (ਲੂਕਾ 12:32; ਯੂਹੰ. 14:2, 3) ਇਸ ਸਾਲ ਅਪ੍ਰੈਲ 11 ਨੂੰ, ਮਸਹ ਕੀਤੇ ਹੋਇਆਂ ਦਾ ਬਕੀਆ ਅਤੇ ‘ਹੋਰ ਭੇਡਾਂ’ ਦੀ ਸਦਾ-ਵਧਦੀ ਵੱਡੀ ਭੀੜ ਇਕ ਵਾਰ ਫਿਰ ਪ੍ਰਭੂ ਦੇ ਸੰਧਿਆ ਭੋਜਨ ਨੂੰ ਮਨਾਉਣ ਦਾ ਵਿਸ਼ੇਸ਼-ਸਨਮਾਨ ਹਾਸਲ ਕਰਨਗੇ। (ਯੂਹੰ. 10:16; ਪਰ. 7:9, 10) ਇਸ ਨਾਲ ਯਹੋਵਾਹ ਦੇ ਉਸ ਮਹਾਨ ਪ੍ਰੇਮ ਲਈ ਸਾਡੀ ਕਦਰਦਾਨੀ ਵਧੇਗੀ, ਜੋ ਉਸ ਨੇ ਮਨੁੱਖਜਾਤੀ ਦੇ ਨਿਮਿੱਤ ਆਪਣੇ ਇਕਲੌਤੇ ਪੁੱਤਰ ਨੂੰ ਭੇਜਣ ਦੁਆਰਾ ਦਿਖਾਇਆ ਹੈ। ਇਸ ਵਿਚ ਯਿਸੂ ਦੀ ਮਿਸਾਲ, ਉਸ ਦੇ ਪ੍ਰੇਮ, ਰਿਹਾਈ-ਕੀਮਤ ਪ੍ਰਦਾਨ ਕਰਨ ਲਈ ਮੌਤ ਤਕ ਉਸ ਦੀ ਵਫ਼ਾਦਾਰੀ, ਅਤੇ ਪਰਮੇਸ਼ੁਰ ਦੇ ਸਥਾਪਿਤ ਰਾਜ ਦੇ ਰਾਜੇ ਵਜੋਂ ਇਸ ਸਮੇਂ ਉਸ ਦੇ ਸ਼ਾਸਨ, ਨਾਲੇ ਉਨ੍ਹਾਂ ਬਰਕਤਾਂ ਉੱਤੇ ਜ਼ੋਰ ਦਿੱਤਾ ਜਾਵੇਗਾ ਜੋ ਇਹ ਰਾਜ ਮਨੁੱਖਜਾਤੀ ਲਈ ਲਿਆਵੇਗਾ। ਸੱਚ-ਮੁੱਚ ਹੀ ਯਾਦਗਾਰੀ ਦਾ ਇਕ ਮੌਕਾ!
3 ਹੁਣ ਤਿਆਰੀ ਕਰੋ: ਆਓ ਅਸੀਂ ਸਾਰੇ ਆਪਣੇ ਲਈ ਅਤੇ ਉਨ੍ਹਾਂ ਸਾਰਿਆਂ ਲਈ ਜੋ ਸਾਡੇ ਨਾਲ ਸੰਗਤ ਕਰਨਗੇ, ਇਸ ਸਮਾਰਕ ਰੁੱਤ ਨੂੰ ਇਕ ਬਹੁਤ ਹੀ ਆਨੰਦ ਅਤੇ ਸ਼ੁਕਰਗੁਜ਼ਾਰੀ ਦਾ ਮੌਕਾ ਬਣਾਉਣ ਦਾ ਜਤਨ ਕਰੀਏ। ਅਸੀਂ ਇਕ ਵਾਰ ਫਿਰ ਯਿਸੂ ਦੀ ਸੇਵਕਾਈ ਦੇ ਆਖ਼ਰੀ ਕੁਝ ਦਿਨਾਂ ਦੇ ਅਤੇ ਉਸ ਦੀ ਮੌਤ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਦੇ ਬਾਈਬਲ ਬਿਰਤਾਂਤ ਪੜ੍ਹਨ ਦੁਆਰਾ ਆਪਣੇ ਦਿਲ ਨੂੰ ਤਿਆਰ ਕਰ ਸਕਦੇ ਹਾਂ। ਸਮਾਰਕ ਤੋਂ ਕੁਝ ਹਫ਼ਤੇ ਪਹਿਲਾਂ ਅਸੀਂ ਆਪਣੇ ਪਰਿਵਾਰਕ ਅਧਿਐਨ ਵਿਚ ਸਰਬ ਮਹਾਨ ਮਨੁੱਖ ਪੁਸਤਕ ਦੇ ਅਧਿਆਇ 112-16 ਦਾ ਪੁਨਰ-ਵਿਚਾਰ ਕਰ ਸਕਦੇ ਹਾਂ।
4 ਤੁਸੀਂ ਕਿੰਨੇ ਲੋਕਾਂ ਨੂੰ ਜਾਣਦੇ ਹੋ ਜੋ ਸ਼ਾਇਦ ਸਮਾਰਕ ਲਈ ਆਉਣ ਜੇਕਰ ਤੁਸੀਂ ਇਸ ਮੌਕੇ ਲਈ ਉਨ੍ਹਾਂ ਦੀ ਕਦਰਦਾਨੀ ਨੂੰ ਵਧਾਉਣ ਵਿਚ ਪਹਿਲ ਕਰਦੇ ਹੋ, ਉਨ੍ਹਾਂ ਨੂੰ ਸੱਦਾ ਦਿੰਦੇ ਹੋ, ਅਤੇ ਉਨ੍ਹਾਂ ਦਾ ਸੁਆਗਤ ਕਰਦੇ ਹੋ? ਹੁਣ ਉਨ੍ਹਾਂ ਦੇ ਨਾਂ ਦੀ ਸੂਚੀ ਬਣਾਓ, ਅਤੇ ਆਉਣ ਵਿਚ ਉਨ੍ਹਾਂ ਦੀ ਮਦਦ ਕਰਨ ਦਾ ਪੂਰਾ ਜਤਨ ਕਰੋ। ਉਸ ਤੋਂ ਬਾਅਦ, ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣ ਲਈ ਉਤਸ਼ਾਹ ਦੇਣ ਦੁਆਰਾ ਅਧਿਆਤਮਿਕ ਤੌਰ ਤੇ ਵਧਦੇ ਜਾਣ ਵਿਚ ਉਨ੍ਹਾਂ ਦੀ ਮਦਦ ਕਰੋ।
5 ਸਮਾਰਕ ਰੁੱਤ ਦੇ ਦੌਰਾਨ, ਖ਼ਾਸ ਇੰਤਜ਼ਾਮ ਕੀਤੇ ਜਾਣਗੇ ਤਾਂਕਿ ਸਾਰੇ ਆਪਣੇ ਪ੍ਰਚਾਰ ਕਾਰਜ ਨੂੰ ਵਧਾ ਸਕਣ। ਚੰਗੀ ਸਮਾਂ-ਸਾਰਣੀ ਬਣਾਉਣ ਨਾਲ, ਕੀ ਤੁਸੀਂ ਅਪ੍ਰੈਲ ਜਾਂ ਮਈ ਵਿਚ ਸਹਿਯੋਗੀ ਪਾਇਨੀਅਰੀ ਕਰ ਸਕਦੇ ਹੋ? ਯਿਸੂ ਦਾ ਬਲੀਦਾਨ ਸਾਡੇ ਲਈ ਜੋ ਅਰਥ ਰੱਖਦਾ ਹੈ, ਇਸ ਨੂੰ ਅਸੀਂ ਕਦਰਦਾਨੀ ਨਾਲ ਯਾਦ ਰੱਖਦੇ ਹਾਂ। ਇਸ ਕਦਰਦਾਨੀ ਨੂੰ ਦਿਖਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ ਆਪਣੇ ਪਰਮੇਸ਼ੁਰ, ਯਹੋਵਾਹ ਬਾਰੇ ਅਤੇ ਉਨ੍ਹਾਂ ਬਰਕਤਾਂ ਬਾਰੇ ਗੱਲ ਕਰਨੀ ਜੋ ਉਸ ਦੇ ਪੁੱਤਰ ਦੇ ਰਾਜ ਸ਼ਾਸਨ ਦੁਆਰਾ ਮਿਲਣਗੀਆਂ।—ਜ਼ਬੂ. 79:13; 147:1.