ਯਹੋਵਾਹ ਅਤੇ ਉਸ ਦੇ ਪੁੱਤਰ ਨਾਲ ਏਕਤਾ ਦਾ ਆਨੰਦ ਮਾਣੋ
ਸਾਲ ਦੀ ਸਭ ਤੋਂ ਮਹੱਤਵਪੂਰਣ ਘਟਨਾ 28 ਮਾਰਚ ਨੂੰ ਮਨਾਈ ਜਾਵੇਗੀ
1 ਮਾਰਚ 28, 2002 ਨੂੰ ਸੂਰਜ ਡੁੱਬਣ ਤੋਂ ਬਾਅਦ ਪ੍ਰਭੂ ਦਾ ਸੰਧਿਆ ਭੋਜਨ ਮਨਾਉਣ ਦੁਆਰਾ ਅਸੀਂ ਦਿਖਾਵਾਂਗੇ ਕਿ ਅਸੀਂ ਯਹੋਵਾਹ ਅਤੇ ਯਿਸੂ ਮਸੀਹ ਨਾਲ ਏਕਤਾ ਦਾ ਆਨੰਦ ਮਾਣਦੇ ਹਾਂ। ਉਸ ਮੌਕੇ ਤੇ ਮਸਹ ਕੀਤੇ ਹੋਏ ਮਸੀਹੀ ਪਰਮੇਸ਼ੁਰ ਦੇ ਰਾਜ ਦੇ ਹੋਰ ਵਾਰਸਾਂ ਦੀ, ਪਿਤਾ ਦੀ ਅਤੇ ਉਸ ਦੇ ਪੁੱਤਰ ਦੀ ਖ਼ਾਸ “ਸੰਗਤ” ਦਾ ਆਨੰਦ ਮਾਣਨਗੇ। (1 ਯੂਹੰ. 1:3; ਅਫ਼. 1:11, 12) ਲੱਖਾਂ ਹੀ ‘ਹੋਰ ਭੇਡਾਂ’ ਯਹੋਵਾਹ ਅਤੇ ਉਸ ਦੇ ਪੁੱਤਰ ਨਾਲ ਏਕਤਾ ਰੱਖਣ ਅਤੇ ਪਰਮੇਸ਼ੁਰ ਦੇ ਕੰਮ ਨੂੰ ਪੂਰਾ ਕਰਨ ਵਿਚ ਉਨ੍ਹਾਂ ਨੂੰ ਪੂਰਾ-ਪੂਰਾ ਸਹਿਯੋਗ ਦੇਣ ਦੇ ਆਪਣੇ ਖ਼ਾਸ ਸਨਮਾਨ ਉੱਤੇ ਗੌਰ ਕਰਨਗੀਆਂ!—ਯੂਹੰ. 10:16.
2 ਇਕੱਠੇ ਮਿਲ ਕੇ ਕੰਮ ਕਰਨਾ: ਯਹੋਵਾਹ ਅਤੇ ਯਿਸੂ ਨੇ ਹਮੇਸ਼ਾ ਹੀ ਏਕਤਾ ਦਾ ਆਨੰਦ ਮਾਣਿਆ ਹੈ। ਆਦਮੀ ਦੀ ਸ੍ਰਿਸ਼ਟੀ ਤੋਂ ਵੀ ਪਹਿਲਾਂ ਉਨ੍ਹਾਂ ਨੇ ਯੁਗਾਂ-ਯੁਗਾਂ ਤਕ ਇਕ ਨਜ਼ਦੀਕੀ ਰਿਸ਼ਤੇ ਦਾ ਆਨੰਦ ਮਾਣਿਆ ਹੈ। (ਮੀਕਾ. 5:2) ਇਸ ਤਰ੍ਹਾਂ ਉਨ੍ਹਾਂ ਦੋਹਾਂ ਵਿਚਕਾਰ ਗੂੜ੍ਹਾ ਪਿਆਰ ਪੈਦਾ ਹੋ ਗਿਆ। ਬਾਈਬਲ ਵਿਚ ਪਰਮੇਸ਼ੁਰ ਦੇ ਜੇਠੇ ਪੁੱਤਰ ਨੂੰ ਬੁੱਧ ਦੇ ਰੂਪ ਵਿਚ ਦਰਸਾਇਆ ਗਿਆ ਹੈ। ਇਹ ਜੇਠਾ ਪੁੱਤਰ ਧਰਤੀ ਉੱਤੇ ਆਉਣ ਤੋਂ ਪਹਿਲਾਂ ਇਹ ਕਹਿ ਸਕਿਆ: “ਮੈਂ [ਯਹੋਵਾਹ] ਦੇ ਹਰ ਦਿਨ ਦੇ ਅਨੰਦ ਦਾ ਸੋਮਾ ਸਾਂ, ਅਤੇ ਹਮੇਸ਼ਾਂ ਉਸ ਨੂੰ ਖੁਸ਼ ਰੱਖਦੀ ਸਾਂ।” (ਕਹਾ. 8:30, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪ੍ਰੇਮ ਦੇ ਸੋਮੇ ਯਹੋਵਾਹ ਦੀ ਨਜ਼ਦੀਕੀ ਸੰਗਤ ਵਿਚ ਖਰਬਾਂ ਹੀ ਸਾਲ ਗੁਜ਼ਾਰਨ ਕਰਕੇ ਯਿਸੂ ਉੱਤੇ ਯਹੋਵਾਹ ਦੇ ਪਿਆਰ ਦਾ ਡੂੰਘਾ ਅਸਰ ਪਿਆ ਹੋਣਾ!—1 ਯੂਹੰ. 4:8.
3 ਮਨੁੱਖਜਾਤੀ ਦੀ ਮੁਕਤੀ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ, ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਰਿਹਾਈ-ਕੀਮਤ ਦੇਣ ਲਈ ਚੁਣਿਆ ਜੋ ਇਨਸਾਨਾਂ ਨਾਲ ਬਹੁਤ ਪਿਆਰ ਕਰਦਾ ਸੀ। (ਕਹਾ. 8:31) ਉਸ ਦੀ ਕੁਰਬਾਨੀ ਕਰਕੇ ਹੀ ਅਸੀਂ ਮੁਕਤੀ ਦੀ ਉਮੀਦ ਰੱਖ ਸਕਦੇ ਹਾਂ। ਜਿਵੇਂ ਯਹੋਵਾਹ ਅਤੇ ਉਸ ਦਾ ਪੁੱਤਰ ਇਕ ਸਾਂਝੇ ਮਕਸਦ ਨੂੰ ਪੂਰਾ ਕਰਨ ਲਈ ਇਕੱਠੇ ਕੰਮ ਕਰਦੇ ਹਨ, ਉਸੇ ਤਰ੍ਹਾਂ ਅਸੀਂ ਵੀ ਉਨ੍ਹਾਂ ਨਾਲ ਏਕਤਾ ਵਿਚ ਰਹਿੰਦੇ ਹਾਂ ਅਤੇ ਆਪਸ ਵਿਚ ਇਕ-ਦੂਜੇ ਨਾਲ ਪਿਆਰ ਦੇ ਮਜ਼ਬੂਤ ਬੰਧਨ ਵਿਚ ਬੱਝੇ ਰਹਿੰਦੇ ਹਾਂ ਅਤੇ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਹਾਂ।
4 ਆਪਣੀ ਦਿਲੀ ਕਦਰਦਾਨੀ ਦਿਖਾਉਣੀ: ਸਮਾਰਕ ਸਮਾਰੋਹ ਵਿਚ ਹਾਜ਼ਰ ਹੋ ਕੇ ਅਤੇ ਧਿਆਨ ਨਾਲ ਤੇ ਆਦਰ ਨਾਲ ਪ੍ਰੋਗ੍ਰਾਮ ਸੁਣਨ ਦੁਆਰਾ ਅਸੀਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਪਿਆਰ ਦੀ ਅਤੇ ਸਾਡੇ ਲਈ ਉਸ ਦੇ ਪੁੱਤਰ ਦੀ ਕੁਰਬਾਨੀ ਦੀ ਸੱਚੀ ਕਦਰ ਕਰਦੇ ਹਾਂ। ਸਮਾਰਕ ਵਿਚ ਯਿਸੂ ਦੀ ਪ੍ਰੇਮਪੂਰਣ ਮਿਸਾਲ ਬਾਰੇ, ਰਿਹਾਈ-ਕੀਮਤ ਦੇਣ ਲਈ ਮੌਤ ਤਾਈਂ ਉਸ ਦੀ ਵਫ਼ਾਦਾਰੀ ਬਾਰੇ, ਪਰਮੇਸ਼ੁਰ ਦੇ ਸਥਾਪਿਤ ਹੋ ਚੁੱਕੇ ਰਾਜ ਦੇ ਰਾਜੇ ਵਜੋਂ ਉਸ ਦੀ ਹਕੂਮਤ ਅਤੇ ਇਸ ਹਕੂਮਤ ਵਿਚ ਇਨਸਾਨਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ, ਬਾਰੇ ਵੀ ਦੱਸਿਆ ਜਾਵੇਗਾ। ਇਸ ਸਮਾਰੋਹ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਜਾਵੇਗਾ ਕਿ ਅਸੀਂ ਲਗਾਤਾਰ ਆਪਣੀ ਨਿਹਚਾ ਦਾ ਪ੍ਰਗਟਾਵਾ ਕਰਦੇ ਰਹੀਏ ਅਤੇ ‘ਸਚਿਆਈ ਵਿੱਚ ਨਾਲ ਦੇ ਕੰਮ ਕਰਨ ਵਾਲਿਆਂ’ ਨਾਲ ਮਿਲ ਕੇ ਯਹੋਵਾਹ ਦੀ ਇੱਛਾ ਅਨੁਸਾਰ ਜੋਸ਼ ਨਾਲ ਕੰਮ ਕਰਦੇ ਰਹੀਏ।—3 ਯੂਹੰ. 8; ਯਾਕੂ. 2:17.
5 ਸਮਾਰਕ ਵਿਚ ਹਾਜ਼ਰ ਹੋਣ ਵਿਚ ਦੂਜਿਆਂ ਦੀ ਮਦਦ ਕਰਨੀ: ਬਜ਼ੁਰਗਾਂ ਦੇ ਸਮੂਹ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੇਤਰ ਦੇ ਸਾਰੇ ਗ਼ੈਰ-ਸਰਗਰਮ ਗਵਾਹਾਂ ਨੂੰ ਮਸੀਹ ਦੀ ਮੌਤ ਦੇ ਸਮਾਰਕ ਸਮਾਰੋਹ ਵਿਚ ਹਾਜ਼ਰ ਹੋਣ ਲਈ ਉਤਸ਼ਾਹਿਤ ਕਰਨ ਦੇ ਖ਼ਾਸ ਜਤਨ ਕਰਨ। (ਮੱਤੀ 18:12, 13) ਇਨ੍ਹਾਂ ਗਵਾਹਾਂ ਦੀ ਲਿਸਟ ਬਣਾਓ ਤਾਂਕਿ ਇਨ੍ਹਾਂ ਵਿੱਚੋਂ ਕੋਈ ਰਹਿ ਨਾ ਜਾਵੇ ਅਤੇ ਸਾਰਿਆਂ ਨੂੰ ਨਿੱਜੀ ਤੌਰ ਤੇ ਸੱਦਾ ਦਿੱਤਾ ਜਾ ਸਕੇ।
6 ਕੀ ਤੁਸੀਂ ਹੋਰਨਾਂ ਨੂੰ ਜਾਣਦੇ ਹੋ ਜੋ ਸਮਾਰਕ ਵਿਚ ਆ ਸਕਦੇ ਹਨ? ਇਸ ਸਮਾਰੋਹ ਵਾਸਤੇ ਉਨ੍ਹਾਂ ਦੀ ਕਦਰ ਵਧਾਉਣ ਲਈ ਉਨ੍ਹਾਂ ਨਾਲ ਗੱਲ ਕਰੋ। ਉਨ੍ਹਾਂ ਨੂੰ ਨਿੱਘਾ ਸੱਦਾ ਦਿਓ ਅਤੇ ਉਨ੍ਹਾਂ ਦਾ ਸੁਆਗਤ ਕਰੋ। ਆਓ ਆਪਾਂ ਇਸ ਸਾਲ ਦੀ ਸਭ ਤੋਂ ਮਹੱਤਵਪੂਰਣ ਘਟਨਾ ਲਈ ਆਪਣੇ ਸਾਰੇ ਬਾਈਬਲ ਵਿਦਿਆਰਥੀਆਂ ਤੇ ਹੋਰ ਦਿਲਚਸਪੀ ਰੱਖਣ ਵਾਲੇ ਲੋਕਾਂ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਜਾਣ-ਪਛਾਣ ਦੇ ਲੋਕਾਂ ਨੂੰ ਬੁਲਾਉਣ ਦਾ ਪੂਰਾ ਜਤਨ ਕਰੀਏ। ਰਿਹਾਈ-ਕੀਮਤ ਦੇ ਫ਼ਾਇਦੇ ਉਨ੍ਹਾਂ ਸਾਰੇ ਲੋਕਾਂ ਨੂੰ ਉਪਲਬਧ ਹਨ ਜਿਹੜੇ ‘ਮਸੀਹ ਯਿਸੂ ਦੇ ਗਿਆਨ ਦੀ ਉੱਤਮਤਾਈ’ ਦੀ ਸਿੱਖਿਆ ਲੈਂਦੇ ਹਨ। (ਫ਼ਿਲਿ. 3:8) ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਨ ਵਾਲਿਆਂ ਨੂੰ ਸਦਾ ਦੀ ਜ਼ਿੰਦਗੀ ਦੀ ਪੱਕੀ ਉਮੀਦ ਹਾਸਲ ਹੋ ਸਕਦੀ ਹੈ।—ਯੂਹੰ. 3:16.
7 ਸੱਚੇ ਦਿਲ ਵਾਲਿਆਂ ਉੱਤੇ ਸਮਾਰਕ ਦੇ ਪੈਣ ਵਾਲੇ ਪ੍ਰਭਾਵ ਨੂੰ ਕਦੀ ਘੱਟ ਨਾ ਸਮਝੋ। ਪਾਪੂਆ ਨਿਊ ਗਿਨੀ ਨਾਂ ਦੇ ਟਾਪੂ ਦੇਸ਼ ਵਿਚ ਦੋ ਸਾਲ ਪਹਿਲਾਂ ਸਮਾਰਕ ਵਿਚ ਹਾਜ਼ਰ ਹੋਣ ਲਈ 11 ਦਿਲਚਸਪੀ ਰੱਖਣ ਵਾਲੇ ਲੋਕਾਂ ਨੇ ਇਕ ਛੋਟੀ ਕਿਸ਼ਤੀ ਵਿਚ ਤੂਫ਼ਾਨੀ ਸਮੁੰਦਰ ਰਾਹੀਂ 17 ਘੰਟਿਆਂ ਦਾ ਸਫ਼ਰ ਤੈ ਕੀਤਾ। ਕਿਉਂ? ਉਨ੍ਹਾਂ ਨੇ ਕਿਹਾ: “ਅਸੀਂ ਯਹੋਵਾਹ ਦੇ ਉਪਾਸਕਾਂ ਨਾਲ ਮਸੀਹ ਦਾ ਸਮਾਰਕ ਮਨਾਉਣਾ ਚਾਹੁੰਦੇ ਸਾਂ; ਇਸ ਲਈ ਸਾਨੂੰ ਇਹ ਸਫ਼ਰ ਕਰਨ ਉੱਤੇ ਕੋਈ ਪਛਤਾਵਾ ਨਹੀਂ ਹੈ।” ਜ਼ਰਾ ਸੋਚੋ, ਉਨ੍ਹਾਂ ਦਿਲਚਸਪੀ ਰੱਖਣ ਵਾਲਿਆਂ ਨੇ ਕਿੰਨਾ ਜੋਸ਼ ਦਿਖਾਇਆ ਅਤੇ ਯਹੋਵਾਹ, ਉਸ ਦੇ ਪੁੱਤਰ ਅਤੇ ਮਸੀਹੀ ਭਾਈਚਾਰੇ ਨਾਲ ਏਕਤਾ ਰੱਖਣ ਦੇ ਆਨੰਦ ਲਈ ਕਿੰਨੀ ਕਦਰ ਦਿਖਾਈ!
8 ਦਿਲਚਸਪੀ ਰੱਖਣ ਵਾਲੇ ਸਾਰੇ ਲੋਕਾਂ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। ਉਨ੍ਹਾਂ ਨੂੰ ਬਾਕਾਇਦਾ ਕਲੀਸਿਯਾ ਸਭਾਵਾਂ ਵਿਚ ਆਉਣ ਅਤੇ ਸਿੱਖੀਆਂ ਸੱਚਾਈਆਂ ਦੂਜਿਆਂ ਨਾਲ ਸਾਂਝੀਆਂ ਕਰਨ ਲਈ ਉਤਸ਼ਾਹਿਤ ਕਰੋ। ਉਨ੍ਹਾਂ ਦੀ ‘ਚਾਨਣ ਵਿੱਚ ਚੱਲਣ’ ਅਤੇ ਬਾਈਬਲ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਦੁਆਰਾ ‘ਸਤ ਉੱਤੇ ਚੱਲਣ’ ਵਿਚ ਮਦਦ ਕਰੋ। (1 ਯੂਹੰ. 1:6, 7) ਯਹੋਵਾਹ ਨਾਲ ਨਜ਼ਦੀਕੀ ਰਿਸ਼ਤਾ ਕਾਇਮ ਕਰਨ ਅਤੇ ਮਿਲ ਕੇ ਉਸ ਦੀ ਇੱਛਾ ਪੂਰੀ ਕਰਨ ਦੇ ਬਹੁਮੁੱਲੇ ਸਨਮਾਨ ਲਈ ਕਦਰ ਵਧਾਉਣ ਵਿਚ ਉਨ੍ਹਾਂ ਦੀ ਸਹਾਇਤਾ ਕਰੋ।
9 ਏਕਤਾ ਅਤੇ ਖ਼ੁਸ਼ੀ ਨਾਲ “ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕ ਮਨ ਹੋ ਕੇ ਖੁਸ਼ ਖਬਰੀ ਦੀ ਨਿਹਚਾ ਲਈ ਜਤਨ” ਕਰਨ ਦਾ ਸਾਡੇ ਕੋਲ ਕਿੰਨਾ ਸ਼ਾਨਦਾਰ ਸਨਮਾਨ ਹੈ! (ਫ਼ਿਲਿ. 1:27, 28) ਆਓ ਆਪਾਂ 28 ਮਾਰਚ ਨੂੰ ਸਮਾਰਕ ਸਮਾਰੋਹ ਵਿਚ ਇਕੱਠੇ ਹੋ ਕੇ ਵਧੀਆ ਸੰਗਤੀ ਦਾ ਆਨੰਦ ਮਾਣੀਏ ਅਤੇ ਯਹੋਵਾਹ ਅਤੇ ਉਸ ਦੇ ਪੁੱਤਰ ਦਾ ਹਮੇਸ਼ਾ ਧੰਨਵਾਦ ਕਰੀਏ!—ਲੂਕਾ 22:19.