ਯਿਸੂ ਦੀ ਕੁਰਬਾਨੀ ਦੀ ਕਦਰ ਕਰੋ
1, 2. ਸਾਨੂੰ ਯਿਸੂ ਦੀ ਕੁਰਬਾਨੀ ਦੀ ਵਰ੍ਹੇਗੰਢ ਕਿਉਂ ਮਨਾਉਣੀ ਚਾਹੀਦੀ ਹੈ?
1 ਯਿਸੂ ਦਾ ਹੁਕਮ ਮੰਨਦਿਆਂ ਪੂਰੀ ਦੁਨੀਆਂ ਵਿਚ ਮਸੀਹੀ ਸ਼ਨੀਵਾਰ 22 ਮਾਰਚ 2008 ਨੂੰ ਸੂਰਜ ਡੁੱਬਣ ਤੋਂ ਬਾਅਦ ਯਿਸੂ ਮਸੀਹ ਦੀ ਮੌਤ ਦੀ ਵਰ੍ਹੇਗੰਢ ਮਨਾਉਣ ਲਈ ਇਕੱਠੇ ਹੋਣਗੇ। (ਲੂਕਾ 22:19; 1 ਕੁਰਿੰ. 11:23-26) 1,975 ਸਾਲ ਪਹਿਲਾਂ ਇਸੇ ਦਿਨ (14 ਨੀਸਾਨ) ਯਿਸੂ ਸਾਡੇ ਲਈ ਬੜੀ ਦਰਦਨਾਕ ਮੌਤ ਮਰਿਆ ਸੀ। ਉਸ ਦੀ ਕੁਰਬਾਨੀ ਦੀ ਕਦਰ ਕਰਦਿਆਂ ਅਸੀਂ ਇਹ ਵਰ੍ਹੇਗੰਢ ਮਨਾਵਾਂਗੇ। ਮੌਤ ਤਕ ਵਫ਼ਾਦਾਰ ਰਹਿ ਕੇ ਯਿਸੂ ਨੇ ਆਪਣੇ ਪਿਤਾ ਦਾ ਨਾਂ ਉੱਚਾ ਕੀਤਾ ਤੇ ਸ਼ਤਾਨ ਦੇ ਤਾਅਨਿਆਂ-ਮਿਹਣਿਆਂ ਦਾ ਜਵਾਬ ਦੇ ਕੇ ਉਸ ਦਾ ਮੂੰਹ ਬੰਦ ਕੀਤਾ।—ਅੱਯੂ. 1:11; ਕਹਾ. 27:11.
2 ਯਿਸੂ ਦੇ ਵਹੇ ਲਹੂ ਨਾਲ ਨਵੇਂ ਨੇਮ ਉੱਤੇ ਮੋਹਰ ਲੱਗ ਗਈ। ਨਤੀਜੇ ਵਜੋਂ ਨਾਮੁਕੰਮਲ ਇਨਸਾਨਾਂ ਲਈ ਪਰਮੇਸ਼ੁਰ ਦੇ ਪੁੱਤਰ ਬਣਨ ਅਤੇ ਸਵਰਗ ਵਿਚ ਯਿਸੂ ਨਾਲ ਰਾਜ ਕਰਨ ਦਾ ਰਾਹ ਖੁੱਲ੍ਹ ਗਿਆ। (ਯਿਰ. 31:31-34; ਮਰ. 14:24) ਇਸ ਤੋਂ ਇਲਾਵਾ, ਜਿਵੇਂ ਕਿ ਯਿਸੂ ਨੇ ਆਪ ਨਿਕੁਦੇਮੁਸ ਨੂੰ ਸਮਝਾਇਆ ਸੀ, ਆਪਣੇ ਜਿਗਰ ਦੇ ਟੁਕੜੇ ਦੀ ਕੁਰਬਾਨੀ ਦੇ ਕੇ ਯਹੋਵਾਹ ਨੇ ਦਿਖਾਇਆ ਕਿ ਉਹ ਇਨਸਾਨ ਨਾਲ ਕਿੰਨਾ ਪਿਆਰ ਕਰਦਾ ਹੈ।—ਯੂਹੰ. 3:16.
3. ਪ੍ਰੋਗ੍ਰਾਮ ਵਿਚ ਆਉਣ ਵਾਲੇ ਲੋਕਾਂ ਨੂੰ ਕੀ ਫ਼ਾਇਦਾ ਹੋਵੇਗਾ?
3 ਦੂਸਰਿਆਂ ਨੂੰ ਸੱਦੋ: ਸਾਡੀ ਰਾਜ ਸੇਵਕਾਈ ਦੇ ਇਸ ਅੰਕ ਦੇ ਅੰਤਰ-ਪੱਤਰ ਵਿਚ ਸੁਝਾਅ ਦਿੱਤਾ ਗਿਆ ਹੈ ਕਿ ਅਸੀਂ ਆਪਣੇ ਵਾਕਫ਼ਕਾਰਾਂ ਦੀ ਸੂਚੀ ਬਣਾਈਏ ਅਤੇ ਉਨ੍ਹਾਂ ਨੂੰ ਆਪ ਜਾ ਕੇ ਪ੍ਰੋਗ੍ਰਾਮ ਵਿਚ ਆਉਣ ਦਾ ਸੱਦਾ ਦੇਈਏ। ਕੀ ਤੁਸੀਂ ਸੂਚੀ ਬਣਾ ਲਈ ਹੈ ਅਤੇ ਸੂਚੀ ਵਿਚ ਦਰਜ ਲੋਕਾਂ ਨੂੰ ਸੱਦਾ ਦੇਣਾ ਸ਼ੁਰੂ ਕਰ ਦਿੱਤਾ ਹੈ? ਕੀ ਤੁਸੀਂ ਲੋਕਾਂ ਨੂੰ ਵਰ੍ਹੇਗੰਢ ਵਿਚ ਆਉਣ ਦਾ ਸੱਦਾ ਦੇਣ ਲਈ 1 ਮਾਰਚ ਤੋਂ ਸ਼ੁਰੂ ਹੋਣ ਵਾਲੀ ਮੁਹਿੰਮ ਦੀਆਂ ਤਿਆਰੀਆਂ ਕਰ ਲਈਆਂ ਹਨ? ਜੋ ਲੋਕ ਪ੍ਰੋਗ੍ਰਾਮ ਵਿਚ ਆਉਣਗੇ, ਉਨ੍ਹਾਂ ਨੂੰ ਬਾਈਬਲ ਵਿੱਚੋਂ ਯਿਸੂ ਦੀ ਕੁਰਬਾਨੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਹੋ ਸਕਦਾ ਹੈ ਕਿ ਉਹ ਵੀ ਯਿਸੂ ਦੀ ਕੁਰਬਾਨੀ ਉੱਤੇ ਨਿਹਚਾ ਕਰਨ ਲੱਗ ਪੈਣ। ਇਸ ਨਿਹਚਾ ਕਾਰਨ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ।—ਰੋਮੀ. 10:17.
4. ਸਾਨੂੰ ਪ੍ਰੋਗ੍ਰਾਮ ਵਿਚ ਜਲਦੀ ਆਉਣ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
4 ਨਵੇਂ ਲੋਕਾਂ ਦਾ ਸੁਆਗਤ ਕਰਨ ਲਈ ਸਾਰੇ ਭੈਣ-ਭਰਾਵਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਪ੍ਰੋਗ੍ਰਾਮ ਸ਼ੁਰੂ ਹੋਣ ਤੋਂ ਕਾਫ਼ੀ ਸਮਾਂ ਪਹਿਲਾਂ ਹਾਲ ਵਿਚ ਆ ਜਾਣ। ਪ੍ਰੋਗ੍ਰਾਮ ਵਿਚ ਬਹੁਤ ਸਾਰੇ ਲੋਕ ਆਉਂਦੇ ਹਨ, ਇਸ ਲਈ ਨਵੇਂ ਲੋਕਾਂ ਅਤੇ ਕਦੀ-ਕਦਾਈਂ ਸਭਾਵਾਂ ਵਿਚ ਆਉਣ ਵਾਲੇ ਲੋਕਾਂ ਵੱਲ ਖ਼ਾਸ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ।
5. ਤੁਸੀਂ ਪ੍ਰੋਗ੍ਰਾਮ ਲਈ ਆਪਣੇ ਮਨ ਨੂੰ ਕਿਵੇਂ ਤਿਆਰ ਕਰ ਸਕਦੇ ਹੋ?
5 ਆਪਣੇ ਮਨ ਨੂੰ ਤਿਆਰ ਕਰੋ: ਰੋਜ਼ਾਨਾ ਬਾਈਬਲ ਦੀ ਜਾਂਚ ਕਰੋ—2008 ਅਤੇ 2008 ਦੇ ਕਲੰਡਰ ਉੱਤੇ ਬਾਈਬਲ ਦੇ ਕੁਝ ਅਧਿਆਇ ਪੜ੍ਹਨ ਲਈ ਦਿੱਤੇ ਗਏ ਹਨ। ਇਹ ਅਧਿਆਇ 17 ਮਾਰਚ ਤੋਂ ਪੜ੍ਹਨੇ ਸ਼ੁਰੂ ਕੀਤੇ ਜਾਣਗੇ। ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਦੇ ਅਖ਼ੀਰੀ ਦਿਨਾਂ ਵਿਚ ਜੋ ਵੀ ਹੋਇਆ, ਉਸ ਬਾਰੇ ਪੜ੍ਹ ਕੇ ਅਸੀਂ ਆਪਣੇ ਮਨ ਨੂੰ ਇਸ ਪ੍ਰੋਗ੍ਰਾਮ ਲਈ ਤਿਆਰ ਕਰ ਸਕਦੇ ਹਾਂ। (ਅਜ਼. 7:10) ਬਾਈਬਲ ਦੇ ਇਨ੍ਹਾਂ ਬਿਰਤਾਂਤਾਂ ਉੱਤੇ ਮਨਨ ਕਰਨ ਨਾਲ ਸਾਡੇ ਦਿਲ ਵਿਚ ਯਹੋਵਾਹ ਅਤੇ ਯਿਸੂ ਦੇ ਪਿਆਰ ਲਈ ਕਦਰ ਹੋਰ ਵਧੇਗੀ।—ਜ਼ਬੂ. 143:5.
6. ਸਾਨੂੰ ਯਿਸੂ ਦੀ ਕੁਰਬਾਨੀ ਨੂੰ ਯਾਦ ਰੱਖਣ ਦਾ ਕੀ ਫ਼ਾਇਦਾ ਹੋਵੇਗਾ?
6 ਜਿਉਂ-ਜਿਉਂ ਸਮਾਰੋਹ ਦਾ ਦਿਨ ਨੇੜੇ ਆਉਂਦਾ ਜਾ ਰਿਹਾ ਹੈ, ਆਓ ਆਪਾਂ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਇਸ ਮਹੱਤਵਪੂਰਣ ਪ੍ਰੋਗ੍ਰਾਮ ਲਈ ਤਿਆਰ ਕਰੀਏ। ਯਿਸੂ ਦੀ ਕੁਰਬਾਨੀ ਨੂੰ ਯਾਦ ਰੱਖਣ ਨਾਲ ਯਹੋਵਾਹ ਅਤੇ ਉਸ ਦੇ ਪੁੱਤਰ ਨਾਲ ਸਾਡਾ ਰਿਸ਼ਤਾ ਹੋਰ ਗੂੜ੍ਹਾ ਹੋਵੇਗਾ। (2 ਕੁਰਿੰ. 5:14, 15) ਫਿਰ ਅਸੀਂ ਵੀ ਉਨ੍ਹਾਂ ਵਾਂਗ ਦੂਸਰਿਆਂ ਨਾਲ ਨਿਰਸੁਆਰਥ ਭਾਵ ਨਾਲ ਪਿਆਰ ਕਰਨ ਲਈ ਪ੍ਰੇਰਿਤ ਹੋਵਾਂਗੇ।—1 ਯੂਹੰ. 4:11.
[ਸਫ਼ਾ 10 ਉੱਤੇ ਡੱਬੀ]
ਆਪਣੇ ਇਲਾਕੇ ਵਿਚ ਲਾਇਕ ਲੋਕਾਂ ਨੂੰ ਲੱਭੋ
1 ਜਨਵਰੀ 2008 ਦੀ ਸਾਡੀ ਰਾਜ ਸੇਵਕਾਈ ਦੇ ਖ਼ਾਸ ਅੰਤਰ-ਪੱਤਰ ਵਿਚ ਸਾਨੂੰ ਇਸ ਗੱਲ ਬਾਰੇ ਖ਼ਬਰਦਾਰ ਕੀਤਾ ਗਿਆ ਸੀ ਕਿ ਲੋਕਾਂ ਦਾ ਸਾਡੇ ਸੰਦੇਸ਼ ਪ੍ਰਤੀ ਨਜ਼ਰੀਆ ਬਦਲ ਰਿਹਾ ਹੈ ਅਤੇ ਇਸ ਬਦਲਾਅ ਮੁਤਾਬਕ ਆਪਣੇ ਆਪ ਨੂੰ ਢਾਲ਼ਣ ਲਈ ਪਰਮੇਸ਼ੁਰ ਦੇ ਬਚਨ ਵਿੱਚੋਂ ਕੁਝ ਸਿਧਾਂਤ ਦੱਸੇ ਗਏ ਸਨ। ਕੀ ਤੁਸੀਂ ਆਪਣੇ ਇਲਾਕੇ ਵਿਚ ਅਜਿਹੀ ਤਬਦੀਲੀ ਦੇਖੀ ਹੈ? ਸਾਡਾ ਵਿਰੋਧ ਕਰਨ ਵਾਲੇ ਲੋਕ ਸ਼ਾਇਦ ਸਾਨੂੰ ਚਰਚ ਦੇ ਕੱਟੜਪੰਥੀ ਧਰਮ ਪ੍ਰਚਾਰਕ ਸਮਝਣ। ਉਨ੍ਹਾਂ ਦੇ ਮਨ ਵਿਚ ਹੈ ਕਿ ਅਸੀਂ ਜ਼ਬਰਦਸਤੀ ਲੋਕਾਂ ਦਾ ਧਰਮ ਬਦਲਦੇ ਹਾਂ। ਇਸ ਕਰਕੇ ਕਈ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਪ੍ਰਚਾਰ ਦੌਰਾਨ ਲੋਕ ਇਕੱਠੇ ਹੋ ਕੇ ਸਾਡੇ ਵਿਰੁੱਧ ਬੋਲਣ ਲੱਗ ਪਏ। ਕਈ ਭੈਣਾਂ-ਭਰਾਵਾਂ ਨੂੰ ਪੁਲਸ ਫੜ ਕੇ ਲੈ ਗਈ। ਅਸੀਂ ਆਪਣੇ ਵੱਲੋਂ ਕੀ ਕਰ ਸਕਦੇ ਹਾਂ ਤਾਂਕਿ ਅਜਿਹੇ ਹਾਲਾਤ ਪੈਦਾ ਹੋਣ ਦੀ ਨੌਬਤ ਹੀ ਨਾ ਆਵੇ? ਇਕ ਤਰੀਕਾ ਹੈ ਆਪਣਾ ਗੱਲ ਕਰਨ ਦਾ ਢੰਗ ਬਦਲਣਾ।
2 ਅਸੀਂ ਘਰ-ਘਰ, ਦੁਕਾਨਾਂ ਵਿਚ ਜਾਂ ਹੋਰ ਥਾਵਾਂ ਤੇ ਪ੍ਰਚਾਰ ਕਰਨ ਲਈ ਬਿਨ-ਬੁਲਾਏ ਜਾਂਦੇ ਹਾਂ। ਇਸ ਲਈ ਸਾਨੂੰ ਗੱਲ ਕਰਦਿਆਂ ਪਹਿਲਾਂ ਇਹ ਦੇਖ ਲੈਣਾ ਚਾਹੀਦਾ ਹੈ ਕਿ ਵਿਅਕਤੀ ਸਾਡੀ ਗੱਲ ਸੁਣਨੀ ਵੀ ਚਾਹੁੰਦਾ ਹੈ ਜਾਂ ਨਹੀਂ। ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਜਿਸ ਨਾਲ ਅਸੀਂ ਗੱਲ ਕਰ ਰਹੇ ਹਾਂ, ਕਿਤੇ ਉਹ ਭੜਕ ਕੇ ਲੋਕਾਂ ਨੂੰ ਇਕੱਠਾ ਨਾ ਕਰ ਲਵੇ। ਇਹ ਬਹੁਤ ਜ਼ਰੂਰੀ ਹੈ, ਖ਼ਾਸਕਰ ਜੇ ਤੁਹਾਡੇ ਇਲਾਕੇ ਵਿਚ ਪਹਿਲਾਂ ਹੀ ਬਹੁਤ ਵਿਰੋਧ ਹੋ ਰਿਹਾ ਹੈ। ਸਾਵਧਾਨੀ ਵਰਤਣ ਨਾਲ ਬਿਨਾਂ ਵਜ੍ਹਾ ਸਮੱਸਿਆ ਪੈਦਾ ਹੋਣ ਤੋਂ ਬਚਿਆ ਜਾ ਸਕਦਾ ਹੈ। ਬਾਈਬਲ ਵੀ ਇਹੋ ਸਲਾਹ ਦਿੰਦੀ ਹੈ।—ਲੂਕਾ 10:5, 6.
3 ਅਸੀਂ ਉਨ੍ਹਾਂ ਲੋਕਾਂ ਨੂੰ ਕਿਵੇਂ ਪਛਾਣ ਸਕਦੇ ਹਾਂ ਜੋ ਯਹੋਵਾਹ ਬਾਰੇ ਸਿੱਖਣਾ ਚਾਹੁਣਗੇ? ਕਿਸੇ ਵਿਸ਼ੇ ਉੱਤੇ ਗੱਲ ਸ਼ੁਰੂ ਕਰੋ ਜਾਂ ਕੋਈ ਸਵਾਲ ਪੁੱਛੋ ਤੇ ਫਿਰ ਉਸ ਦਾ ਜਵਾਬ ਸੁਣੋ। ਆਮ ਵਿਸ਼ਿਆਂ ਤੇ ਹੀ ਗੱਲਬਾਤ ਕਰੋ। ਇਕਦਮ ਬਾਈਬਲ ਵਿੱਚੋਂ ਕੋਈ ਹਵਾਲਾ ਨਾ ਪੜ੍ਹੋ ਜਾਂ ਕੋਈ ਪ੍ਰਕਾਸ਼ਨ ਨਾ ਦਿਖਾਓ। ਸਾਨੂੰ ਇਹ ਵੀ ਦੱਸਣ ਦੀ ਲੋੜ ਨਹੀਂ ਹੈ ਕਿ ਅਸੀਂ ਮਸੀਹੀ ਹਾਂ। ਆਮ ਤੌਰ ਤੇ ਇਹ ਦੇਖਣਾ ਆਸਾਨ ਹੁੰਦਾ ਹੈ ਕਿ ਅਸੀਂ ਕਿਹੋ ਜਿਹੇ ਵਿਅਕਤੀ ਨਾਲ ਗੱਲ ਕਰ ਰਹੇ ਹਾਂ। ਗੱਲ ਕਰਦਿਆਂ ਥੋੜ੍ਹੀ ਦੇਰ ਬਾਅਦ ਵਿਅਕਤੀ ਨੂੰ ਪੁੱਛੋ ਕਿ ਉਹ ਹੋਰ ਅੱਗੇ ਗੱਲ ਕਰਨੀ ਚਾਹੁੰਦਾ ਹੈ ਜਾਂ ਨਹੀਂ। ਜੇ ਲੱਗਦਾ ਹੈ ਕਿ ਉਹ ਸਾਡੀ ਗੱਲ ਸੁਣ ਕੇ ਖ਼ੁਸ਼ ਨਹੀਂ ਹੈ ਜਾਂ ਉਹ ਆਪ ਕਹਿ ਦਿੰਦਾ ਹੈ ਕਿ ਉਹ ਗੱਲ ਨਹੀਂ ਕਰਨੀ ਚਾਹੁੰਦਾ, ਤਾਂ ਸਾਨੂੰ ਗੱਲ ਅੱਗੇ ਨਹੀਂ ਤੋਰਨੀ ਚਾਹੀਦੀ। (ਮੱਤੀ 7:6) ਗੱਲ ਸੁਣਨ ਲਈ ਉਸ ਦਾ ਧੰਨਵਾਦ ਕਰ ਕੇ ਉੱਥੋਂ ਚਲੇ ਜਾਓ।
4 ਭਵਿੱਖ ਵਿਚ ਸਾਡੀ ਰਾਜ ਸੇਵਕਾਈ ਵਿਚ ਦਿੱਤੀਆਂ ਜਾਂਦੀਆਂ ਪੇਸ਼ਕਾਰੀਆਂ ਵਿਚ ਵੀ ਇਹ ਹਿਦਾਇਤਾਂ ਲਾਗੂ ਕੀਤੀਆਂ ਜਾਣਗੀਆਂ। ਕਲੀਸਿਯਾ ਦੇ ਬਜ਼ੁਰਗਾਂ ਨੂੰ ਕਲੀਸਿਯਾ ਨਾਲ ਚਰਚਾ ਕਰਨ ਲਈ ਕਿਹਾ ਗਿਆ ਹੈ ਕਿ ਇਲਾਕੇ ਵਿਚ ਵਿਰੋਧ ਨੂੰ ਧਿਆਨ ਵਿਚ ਰੱਖਦਿਆਂ ਕਿਸ ਹੱਦ ਤਕ ਇਨ੍ਹਾਂ ਹਿਦਾਇਤਾਂ ਉੱਤੇ ਚੱਲਣਾ ਹੈ।
5 ਆਪਣੇ ਚੇਲਿਆਂ ਨੂੰ ਪ੍ਰਚਾਰ ਤੇ ਭੇਜਣ ਤੋਂ ਪਹਿਲਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ: “ਜਿਸ ਨਗਰ ਯਾ ਪਿੰਡ ਵਿੱਚ ਵੜੋ ਪੁੱਛੋ ਭਈ ਇੱਥੇ ਲਾਇਕ ਕੌਣ ਹੈ।” (ਮੱਤੀ 10:11) ਲੋਕ ਸੰਦੇਸ਼ ਸੁਣਦੇ ਹਨ ਜਾਂ ਨਹੀਂ, ਇਸ ਤੋਂ ਪਤਾ ਚੱਲੇਗਾ ਕਿ ਉਹ ਲਾਇਕ ਹਨ ਜਾਂ ਨਹੀਂ। ਕਈ ਸੰਦੇਸ਼ ਸੁਣ ਕੇ ਗੁੱਸੇ ਵਿਚ ਆ ਜਾਂਦੇ ਹਨ। ਇਸ ਲਈ ਯਿਸੂ ਨੇ ਮੱਤੀ 10:12-14 ਵਿਚ ਦਰਜ ਹਿਦਾਇਤਾਂ ਦਿੱਤੀਆਂ ਸਨ। ਇਸ ਦੇ ਮੁਤਾਬਕ ਗੱਲ ਨੂੰ ਅੱਗੇ ਤੋਰਨ ਦੀ ਬਜਾਇ ਸਾਨੂੰ ਉੱਥੋਂ ਚੁੱਪ-ਚਾਪ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਗੱਲ ਜਾਰੀ ਰੱਖਣ ਨਾਲ ਮਾਮਲਾ ਹੋਰ ਵਿਗੜ ਸਕਦਾ ਹੈ। ਅਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਹੀ ਸਭ ਦਾ ਨਿਆਂ ਕਰੇਗਾ।