ਭਾਗ 6—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ
ਜਦੋਂ ਵਿਦਿਆਰਥੀ ਸਵਾਲ ਪੁੱਛਦਾ ਹੈ
1 ਜਦੋਂ ਵਿਦਿਆਰਥੀ ਨਿਯਮਿਤ ਤੌਰ ਤੇ ਸਟੱਡੀ ਕਰਨੀ ਸ਼ੁਰੂ ਕਰ ਦਿੰਦਾ ਹੈ, ਤਾਂ ਚੰਗਾ ਹੋਵੇਗਾ ਜੇ ਉਸ ਨਾਲ ਇੱਧਰ-ਉੱਧਰ ਦੇ ਵਿਸ਼ਿਆਂ ਤੇ ਗੱਲ ਕਰਨ ਦੀ ਬਜਾਇ ਕਿਸੇ ਕਿਤਾਬ ਵਿੱਚੋਂ ਅਧਿਐਨ ਕੀਤਾ ਜਾਵੇ। ਇਸ ਤੋਂ ਵਿਦਿਆਰਥੀ ਨੂੰ ਸਹੀ ਗਿਆਨ ਲੈਣ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਣ ਵਿਚ ਮਦਦ ਮਿਲੇਗੀ। (ਕੁਲੁ. 1:9, 10) ਪਰ ਵਿਦਿਆਰਥੀ ਅਕਸਰ ਸਟੱਡੀ ਦੌਰਾਨ ਕਈ ਵਿਸ਼ਿਆਂ ਤੇ ਸਵਾਲ ਪੁੱਛਦੇ ਹਨ। ਸਾਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਕਿਵੇਂ ਦੇਣੇ ਚਾਹੀਦੇ ਹਨ?
2 ਸਮਝਦਾਰੀ ਦਿਖਾਓ: ਚਰਚਾ ਅਧੀਨ ਵਿਸ਼ੇ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਉਸੇ ਵੇਲੇ ਦਿੱਤੇ ਜਾ ਸਕਦੇ ਹਨ। ਜੇ ਉਸ ਸਵਾਲ ਦਾ ਜਵਾਬ ਕਿਤਾਬ ਵਿਚ ਕਿਸੇ ਬਾਅਦ ਦੇ ਅਧਿਆਇ ਵਿਚ ਦਿੱਤਾ ਗਿਆ ਹੈ, ਤਾਂ ਸ਼ਾਇਦ ਵਿਦਿਆਰਥੀ ਨੂੰ ਇੰਨਾ ਕਹਿ ਦੇਣਾ ਕਾਫ਼ੀ ਹੋਵੇਗਾ ਕਿ ਅਸੀਂ ਬਾਅਦ ਵਿਚ ਇਸ ਬਾਰੇ ਪੜ੍ਹਾਂਗੇ। ਜੇ ਸਵਾਲ ਦਾ ਵਿਸ਼ੇ ਨਾਲ ਕੋਈ ਸੰਬੰਧ ਨਹੀਂ ਹੈ ਜਾਂ ਸਹੀ ਜਵਾਬ ਦੇਣ ਲਈ ਤੁਹਾਨੂੰ ਹੋਰ ਰਿਸਰਚ ਕਰਨੀ ਪਵੇਗੀ, ਤਾਂ ਸਟੱਡੀ ਤੋਂ ਬਾਅਦ ਜਾਂ ਕਿਸੇ ਹੋਰ ਸਮੇਂ ਇਸ ਉੱਤੇ ਚਰਚਾ ਕਰਨੀ ਹੀ ਬਿਹਤਰ ਹੋਵੇਗੀ। ਕਈ ਭੈਣ-ਭਰਾ ਆਪਣੇ ਵਿਦਿਆਰਥੀ ਦਾ ਸਵਾਲ ਲਿਖ ਲੈਂਦੇ ਹਨ। ਇਸ ਨਾਲ ਵਿਦਿਆਰਥੀ ਨੂੰ ਤਸੱਲੀ ਮਿਲਦੀ ਹੈ ਕਿ ਉਸ ਦੇ ਸਵਾਲ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ, ਨਾਲੇ ਸਟੱਡੀ ਵਿਚ ਵੀ ਵਿਘਨ ਨਹੀਂ ਪੈਂਦਾ।
3 ਸਟੱਡੀ ਲਈ ਤਿਆਰ ਕੀਤੀਆਂ ਕਿਤਾਬਾਂ ਵਿਚ ਬਾਈਬਲ ਦੀਆਂ ਕਈ ਸਿੱਖਿਆਵਾਂ ਉੱਤੇ ਸੰਖੇਪ ਵਿਚ ਚਰਚਾ ਕੀਤੀ ਗਈ ਹੈ। ਪਰ ਜੇ ਵਿਦਿਆਰਥੀ ਨੂੰ ਕੋਈ ਸਿੱਖਿਆ ਸਮਝਣੀ ਔਖੀ ਲੱਗਦੀ ਹੈ ਜਾਂ ਉਸ ਲਈ ਕਿਸੇ ਗ਼ਲਤ ਵਿਸ਼ਵਾਸ ਨੂੰ ਛੱਡਣਾ ਮੁਸ਼ਕਲ ਹੈ, ਤਾਂ ਕੀ ਕੀਤਾ ਜਾ ਸਕਦਾ ਹੈ? ਅਸੀਂ ਕਿਸੇ ਹੋਰ ਕਿਤਾਬ ਦੀ ਮਦਦ ਲੈ ਸਕਦੇ ਹਾਂ ਜਿਸ ਵਿਚ ਉਸ ਸਿੱਖਿਆ ਨੂੰ ਖੋਲ੍ਹ ਕੇ ਸਮਝਾਇਆ ਗਿਆ ਹੈ। ਜੇ ਵਿਦਿਆਰਥੀ ਨੂੰ ਫਿਰ ਵੀ ਸਮਝ ਨਹੀਂ ਆਉਂਦੀ, ਤਾਂ ਉਸ ਵਿਸ਼ੇ ਨੂੰ ਕਿਸੇ ਹੋਰ ਸਮੇਂ ਲਈ ਛੱਡ ਦਿਓ ਤੇ ਅਧਿਐਨ ਜਾਰੀ ਰੱਖੋ। (ਯੂਹੰ. 16:12) ਜਿਉਂ-ਜਿਉਂ ਉਹ ਬਾਈਬਲ ਦਾ ਗਿਆਨ ਲੈਂਦਾ ਰਹੇਗਾ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਵੇਗਾ, ਤਾਂ ਹੋ ਸਕਦਾ ਹੈ ਕਿ ਉਹ ਉਸ ਸਿੱਖਿਆ ਨੂੰ ਸਮਝ ਜਾਵੇ।
4 ਹਲੀਮ ਬਣੋ: ਜੇ ਤੁਹਾਨੂੰ ਸਵਾਲ ਦਾ ਜਵਾਬ ਨਹੀਂ ਪਤਾ ਹੈ, ਤਾਂ ਆਪਣੇ ਵਿਚਾਰ ਦੱਸਣ ਤੋਂ ਪਰਹੇਜ਼ ਕਰੋ। (2 ਤਿਮੋ. 2:15; 1 ਪਤ. 4:11) ਵਿਦਿਆਰਥੀ ਨੂੰ ਕਹੋ ਕਿ ਤੁਸੀਂ ਹੋਰ ਰਿਸਰਚ ਕਰ ਕੇ ਉਸ ਨੂੰ ਜਵਾਬ ਦਿਓਗੇ। ਜਾਂ ਤੁਸੀਂ ਵਿਦਿਆਰਥੀ ਨੂੰ ਰਿਸਰਚ ਕਰਨੀ ਸਿਖਾ ਸਕਦੇ ਹੋ। ਉਸ ਨੂੰ ਯਹੋਵਾਹ ਦੇ ਸੰਗਠਨ ਦੁਆਰਾ ਦਿੱਤੇ ਗਏ ਰਿਸਰਚ ਸਾਧਨਾਂ ਨੂੰ ਇਸਤੇਮਾਲ ਕਰਨਾ ਸਿਖਾਓ। ਇਸ ਤਰ੍ਹਾਂ ਉਹ ਆਪ ਆਪਣੇ ਸਵਾਲਾਂ ਦੇ ਜਵਾਬ ਲੱਭ ਸਕੇਗਾ।—ਰਸੂ. 17:11.