ਤੁਸੀਂ ਵੀ ਧਨੀ ਬਣ ਸਕਦੇ ਹੋ!
1. ਰੈਗੂਲਰ ਪਾਇਨੀਅਰੀ ਕਰਨ ਦੇ ਕਿਹੜੇ ਚੰਗੇ ਕਾਰਨ ਹਨ?
1 ਕੀ ਤੁਸੀਂ ਜ਼ਿੰਦਗੀ ਤੋਂ ਜ਼ਿਆਦਾ ਖ਼ੁਸ਼ੀ ਪਾਉਣੀ ਚਾਹੁੰਦੇ ਹੋ? ਕੀ ਤੁਹਾਨੂੰ ਦੂਸਰਿਆਂ ਦੀ ਮਦਦ ਕਰ ਕੇ ਖ਼ੁਸ਼ੀ ਹੁੰਦੀ ਹੈ? ਕੀ ਤੁਸੀਂ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨੀ ਚਾਹੁੰਦੇ ਹੋ? ਜੇ ਤੁਸੀਂ ਕਿਸੇ ਵੀ ਸਵਾਲ ਦਾ ਜਵਾਬ ਹਾਂ ਵਿਚ ਦਿੰਦੇ ਹੋ, ਤਾਂ ਤੁਹਾਨੂੰ ਰੈਗੂਲਰ ਪਾਇਨੀਅਰੀ ਕਰਨ ਬਾਰੇ ਸੋਚਣਾ ਚਾਹੀਦਾ ਹੈ। ਲੇਕਿਨ ਪਾਇਨੀਅਰੀ ਕਰਨ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਪਰਿਵਾਰ ਅਤੇ ਕਲੀਸਿਯਾ ਵਿਚ ਜ਼ਿੰਮੇਵਾਰੀਆਂ, ਆਪਣੀ ਸਿਹਤ ਤੇ ਸਰੀਰਕ ਮਜਬੂਰੀਆਂ ਵਗੈਰਾ ਉੱਤੇ ਗੌਰ ਕਰਨਾ ਪਵੇਗਾ।
2. ਰੈਗੂਲਰ ਪਾਇਨੀਅਰ ਕਿਵੇਂ ਅਧਿਆਤਮਿਕ ਤੌਰ ਤੇ ਧਨੀ ਹਨ?
2 ਪਰਮੇਸ਼ੁਰ ਦੀ ਪ੍ਰੇਰਣਾ ਨਾਲ ਸੁਲੇਮਾਨ ਨੇ ਯਹੋਵਾਹ ਦੀ ਬਰਕਤ ਦੀ ਤੁਲਨਾ ਧਨ ਨਾਲ ਕੀਤੀ ਸੀ। (ਕਹਾ. 10:22) ਅੱਜ ਯਹੋਵਾਹ ਸਾਨੂੰ ਅਧਿਆਤਮਿਕ ਤੌਰ ਤੇ ਧਨੀ ਬਣਾਉਂਦਾ ਹੈ। ਰੈਗੂਲਰ ਪਾਇਨੀਅਰ ਅਧਿਆਤਮਿਕ ਤੌਰ ਤੇ ਬਹੁਤ ਧਨੀ ਹਨ। ਉਦਾਹਰਣ ਲਈ, ਉਨ੍ਹਾਂ ਨੂੰ ਨਿੱਜੀ ਕੰਮਾਂ ਵਿੱਚੋਂ ਸਮਾਂ ਕੱਢ ਕੇ ਇਹ ਸਮਾਂ ਦੂਸਰਿਆਂ ਨੂੰ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ। (ਕੁਲੁ. 4:5; ਰਸੂ. 20:35) ਯਹੋਵਾਹ ਉਨ੍ਹਾਂ ਦੇ ਪਿਆਰ ਤੇ ਮਿਹਨਤ ਨੂੰ ਜਾਣਦਾ ਹੈ ਤੇ ਇਸ ਦੀ ਕਦਰ ਕਰਦਾ ਹੈ। ‘ਸੁਰਗ ਵਿੱਚ ਜੋੜਿਆ ਧਨ’ ਕਦੀ ਘਟੇਗਾ ਨਹੀਂ। (ਮੱਤੀ 6:20; ਇਬ. 6:10) ਇਸ ਤੋਂ ਇਲਾਵਾ, ਜਦੋਂ ਪਾਇਨੀਅਰ ਯਹੋਵਾਹ ਉੱਤੇ ਭਰੋਸਾ ਰੱਖ ਕੇ ਆਪਣੀ “ਅੱਖ ਨਿਰਮਲ” ਰੱਖਦੇ ਹਨ, ਤਾਂ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਹੈ।—ਮੱਤੀ 6:22, 25, 32; ਇਬ. 13:5, 6.
3. ਅਧਿਆਤਮਿਕ ਧਨ ਜੋੜਨ ਅਤੇ ਧਨ-ਦੌਲਤ ਕਮਾਉਣ ਵਿਚ ਕੀ ਫ਼ਰਕ ਹੈ?
3 ਪੈਸੇ ਪਿੱਛੇ ਭੱਜਣ ਨਾਲ ਲੋਕ “ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ।” (1 ਤਿਮੋ. 6:9, 10; ਯਾਕੂ. 5:1-3) ਪਰ ਯਹੋਵਾਹ ਦੀ ਬਰਕਤ ਪਾਉਣ ਵਾਲੇ ਲੋਕਾਂ ਨੂੰ ਕਦੀ ਦੁੱਖ ਨਹੀਂ ਹੋਵੇਗਾ। ਆਪਣਾ ਕਾਫ਼ੀ ਸਮਾਂ ਪ੍ਰਚਾਰ ਦੇ ਕੰਮ ਵਿਚ ਲਗਾਉਣ ਨਾਲ ਰੈਗੂਲਰ ਪਾਇਨੀਅਰਾਂ ਦੀ ਨਿਹਚਾ ਮਜ਼ਬੂਤ ਰਹੇਗੀ ਅਤੇ ਉਹ ਜ਼ਿਆਦਾ ਜ਼ਰੂਰੀ ਗੱਲਾਂ ਵੱਲ ਧਿਆਨ ਦੇ ਪਾਉਣਗੇ। (ਫ਼ਿਲਿ. 1:10) ਇਕ ਭਰਾ ਪਹਿਲਾਂ ਇੰਜੀਨੀਅਰ ਹੋਇਆ ਕਰਦਾ ਸੀ ਜਿਸ ਵਿਚ ਉਸ ਦਾ ਬਹੁਤ ਸਮਾਂ ਚਲਾ ਜਾਂਦਾ ਸੀ। ਉਹ ਇਹ ਕੰਮ ਛੱਡ ਕੇ ਪਾਇਨੀਅਰੀ ਕਰਨ ਲੱਗ ਪਿਆ। ਉਸ ਨੇ ਕਿਹਾ: “ਆਪਣੇ ਕੰਮ ਕਰਕੇ ਮੈਂ ਬਹੁਤ ਤਣਾਅ ਵਿਚ ਰਹਿੰਦਾ ਸੀ। ਪਰ ਪਾਇਨੀਅਰੀ ਕਰ ਕੇ ਨਹੀਂ। ਮੈਂ ਹੁਣ ਲੋਕਾਂ ਦੀ ਮਦਦ ਕਰਦਾ ਹਾਂ ਤੇ ਉਨ੍ਹਾਂ ਨੂੰ ਸੱਚਾਈ ਸਿਖਾਉਂਦਾ ਹਾਂ। ਇਸ ਕੰਮ ਤੋਂ ਮੈਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ।”
4. ਦੂਸਰਿਆਂ ਦੀ ਮਦਦ ਕਰਨ ਵਾਲੇ ਰੈਗੂਲਰ ਪਾਇਨੀਅਰਾਂ ਨੂੰ ਕਿਹੜੀ ਬਰਕਤ ਮਿਲਦੀ ਹੈ?
4 ਦੂਜਿਆਂ ਲਈ ਬਰਕਤ: ਅੱਜ ਹਰ ਕੋਈ “ਭੈੜੇ ਸਮੇਂ” ਵਿਚ ਰਹਿੰਦਾ ਹੈ। (2 ਤਿਮੋ. 3:1) ਲੋਕ ਉਮੀਦ ਭਾਲ ਰਹੇ ਹਨ। ਰਾਜ ਦੇ ਪ੍ਰਚਾਰਕਾਂ ਨੂੰ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਖ਼ੁਸ਼ ਖ਼ਬਰੀ ਸੁਣਨ ਤੋਂ ਬਾਅਦ ਰਾਜ ਬਾਰੇ ਹੋਰ ਸਿੱਖਣ ਨਾਲ ਲੋਕਾਂ ਦੇ ਚਿਹਰਿਆਂ ਉੱਤੋਂ ਉਦਾਸੀ ਚਲੀ ਜਾਂਦੀ ਹੈ ਅਤੇ ਮੁਸਕਰਾਹਟ ਆ ਜਾਂਦੀ ਹੈ। ਰੈਗੂਲਰ ਪਾਇਨੀਅਰਾਂ ਨੂੰ ਇਹ ਖ਼ੁਸ਼ੀ ਜ਼ਿਆਦਾ ਮਿਲਦੀ ਹੈ ਕਿਉਂਕਿ ਉਹ ਜ਼ਿੰਦਗੀ ਬਚਾਉਣ ਦੇ ਇਸ ਕੰਮ ਵਿਚ ਹਰ ਸਾਲ 800 ਤੋਂ ਜ਼ਿਆਦਾ ਘੰਟੇ ਲਗਾਉਂਦੇ ਹਨ।—1 ਤਿਮੋ. 4:16.
5, 6. ਰੈਗੂਲਰ ਪਾਇਨੀਅਰ ਬਣਨ ਲਈ ਤੁਸੀਂ ਕੀ ਕਰ ਸਕਦੇ ਹੋ?
5 ਕੀ ਤੁਸੀਂ ਰੈਗੂਲਰ ਪਾਇਨੀਅਰੀ ਕਰਨ ਉੱਤੇ ਡੂੰਘਾਈ ਨਾਲ ਸੋਚ-ਵਿਚਾਰ ਕੀਤਾ ਹੈ? ਇਸ ਲਈ ਜ਼ਰੂਰੀ ਹੈ ਕਿ ਤੁਸੀਂ ਘੱਟ ਜ਼ਰੂਰੀ ਕੰਮਾਂ ਵਿੱਚੋਂ ਸਮਾਂ ਕੱਢੋ। (ਅਫ਼. 5:15, 16) ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਕੀਤਾ ਹੈ ਅਤੇ ਆਪਣੀਆਂ ਜ਼ਿੰਦਗੀਆਂ ਨੂੰ ਸਾਦਾ ਬਣਾਇਆ ਹੈ। ਨਤੀਜੇ ਵਜੋਂ ਉਹ ਆਪਣੇ ਨੌਕਰੀ-ਪੇਸ਼ੇ ਵਿਚ ਘੱਟ ਸਮਾਂ ਲਗਾ ਕੇ ਰਾਜ ਦੇ ਪ੍ਰਚਾਰ ਕੰਮ ਲਈ ਜ਼ਿਆਦਾ ਸਮਾਂ ਦੇ ਰਹੇ ਹਨ। ਕੀ ਤੁਸੀਂ ਵੀ ਇੱਦਾਂ ਕਰ ਸਕਦੇ ਹੋ?
6 ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਵਧੀਆ ਸਮਾਂ-ਸਾਰਣੀ ਬਣਾਉਣ ਲਈ ਤੁਹਾਨੂੰ ਸਮਝ ਦੇਵੇ। (ਯਾਕੂ. 1:5) ਇਸ ਦੇ ਬਦਲੇ ਤੁਸੀਂ ਯਹੋਵਾਹ ਤੋਂ ਕਿਹੜੀਆਂ ਬਰਕਤਾਂ ਦੀ ਉਮੀਦ ਰੱਖ ਸਕਦੇ ਹੋ? ਭਰਪੂਰ ਅਧਿਆਤਮਿਕ ਬਰਕਤਾਂ! ਯਹੋਵਾਹ ਤੁਹਾਡੀਆਂ ਭੌਤਿਕ ਲੋੜਾਂ ਵੀ ਪੂਰੀਆਂ ਕਰੇਗਾ। (ਮੱਤੀ 6:33) ਕਿਉਂ ਨਹੀਂ ਤੁਸੀਂ ਇਸ ਮਾਮਲੇ ਵਿਚ ਯਹੋਵਾਹ ਨੂੰ ਪਰਤਾ ਕੇ ਦੇਖਦੇ? ਯਹੋਵਾਹ ਤੁਹਾਡੇ ਉੱਤੇ ਇੰਨੀ ‘ਬਰਕਤ ਵਰ੍ਹਾਵੇਗਾ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!’—ਮਲਾ. 3:10.