ਤੁਹਾਡੇ “ਖ਼ੁਸ਼” ਹੋਣ ਦਾ ਕਾਰਨ ਕੀ ਹੈ?
1. ਹਰ ਮਹੀਨੇ ਦੇ ਅਖ਼ੀਰ ਤੇ ਅਸੀਂ ਕਿਸ ਗੱਲੋਂ ਖ਼ੁਸ਼ ਹੁੰਦੇ ਹਾਂ?
1 ਹਰ ਮਹੀਨੇ ਦੇ ਅਖ਼ੀਰ ਤੇ ਜਦੋਂ ਸਾਰਿਆਂ ਨੂੰ ਆਪਣੀ ਪ੍ਰਚਾਰ ਦੀ ਰਿਪੋਰਟ ਦੇਣ ਲਈ ਕਿਹਾ ਜਾਂਦਾ ਹੈ, ਤਾਂ ਤੁਹਾਡੇ “ਖ਼ੁਸ਼” ਹੋਣ ਦਾ ਕਾਰਨ ਕੀ ਹੁੰਦਾ ਹੈ? (ਗਲਾ. 6:4) ਭਾਵੇਂ ਅਸੀਂ ਪ੍ਰਚਾਰ ਦੇ 130 ਘੰਟੇ ਰਿਪੋਰਟ ਕਰਨ ਵਾਲੇ ਸਪੈਸ਼ਲ ਪਾਇਨੀਅਰ ਹਾਂ ਜਾਂ ਅਜਿਹੇ ਪਬਲੀਸ਼ਰ ਜਿਨ੍ਹਾਂ ਨੂੰ 15-15 ਮਿੰਟ ਰਿਪੋਰਟ ਕਰਨ ਦੀ ਇਜਾਜ਼ਤ ਮਿਲੀ ਹੈ, ਪਰ ਸਾਨੂੰ ਸਾਰਿਆਂ ਨੂੰ ਖ਼ੁਸ਼ੀ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਅਸੀਂ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰ ਪਾਏ ਹਾਂ।—ਜ਼ਬੂ. 100:2.
2. ਸਾਨੂੰ ਜੀ-ਜਾਨ ਲਾ ਕੇ ਯਹੋਵਾਹ ਦੀ ਸੇਵਾ ਕਿਉਂ ਕਰਨੀ ਚਾਹੀਦੀ ਹੈ?
2 ਸਾਰੇ ਬ੍ਰਹਿਮੰਡ ਦਾ ਮਾਲਕ ਹੋਣ ਕਰਕੇ ਯਹੋਵਾਹ ਸਾਡੇ ਕੋਲੋਂ ਵਧੀਆ ਤੋਂ ਵਧੀਆ ਚੜ੍ਹਾਵਾ ਲੈਣ ਦਾ ਹੱਕਦਾਰ ਹੈ। (ਮਲਾ. 1:6) ਉਸ ਨਾਲ ਪਿਆਰ ਕਰਨ ਕਰਕੇ ਅਸੀਂ ਆਪਣੀ ਜ਼ਿੰਦਗੀ ਉਸ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਸੌਂਪੀ ਹੈ। ਇਸ ਲਈ ਜੇ ਸਾਨੂੰ ਹਰ ਦਿਨ ਜਾਂ ਹਰ ਮਹੀਨੇ ਦੇ ਅਖ਼ੀਰ ਤੇ ਪੂਰਾ ਭਰੋਸਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ “ਪਹਿਲੇ ਫਲ” ਵਜੋਂ ਆਪਣਾ ਸਮਾਂ, ਯੋਗਤਾਵਾਂ ਅਤੇ ਤਾਕਤ ਵਰਤੀ ਹੈ, ਤਾਂ ਇਹ ਸਾਡੇ ਲਈ ਖ਼ੁਸ਼ ਹੋਣ ਦਾ ਕਾਰਨ ਹੈ। (ਕਹਾ. 3:9) ਪਰ ਜੇ ਸਾਡੀ ਜ਼ਮੀਰ ਸਾਨੂੰ ਕਹਿੰਦੀ ਹੈ ਕਿ ਅਸੀਂ ਇਸ ਤੋਂ ਵੀ ਜ਼ਿਆਦਾ ਕੁਝ ਕਰ ਸਕਦੇ ਸੀ, ਤਾਂ ਸਾਨੂੰ ਸੋਚ-ਵਿਚਾਰ ਕਰ ਕੇ ਦੇਖਣਾ ਚਾਹੀਦਾ ਹੈ ਕਿ ਅਸੀਂ ਸੁਧਾਰ ਕਰਨ ਲਈ ਕੀ ਕਰ ਸਕਦੇ ਹਾਂ।—ਰੋਮੀ. 2:15.
3. ਦੂਜਿਆਂ ਨਾਲ ਆਪਣੀ ਤੁਲਨਾ ਕਰਨੀ ਅਕਲਮੰਦੀ ਦੀ ਗੱਲ ਕਿਉਂ ਨਹੀਂ ਹੈ?
3 ‘ਆਪਣੀ ਤੁਲਨਾ ਕਿਸੇ ਹੋਰ ਨਾਲ ਨਾ ਕਰੋ’: ਸਾਡੇ ਲਈ ਇਹ ਅਕਲਮੰਦੀ ਦੀ ਗੱਲ ਨਹੀਂ ਹੋਵੇਗੀ ਜੇ ਅਸੀਂ ਆਪਣੀ ਤੁਲਨਾ ਦੂਜਿਆਂ ਨਾਲ ਜਾਂ ਉਸ ਸਮੇਂ ਨਾਲ ਕਰੀਏ ਜਦੋਂ ਸਾਡੇ ਵਿਚ ਜ਼ਿਆਦਾ ਤਾਕਤ ਹੁੰਦੀ ਸੀ। ਹਾਲਾਤ ਬਦਲ ਜਾਂਦੇ ਹਨ। ਸਾਰਿਆਂ ਦੀਆਂ ਵੱਖੋ-ਵੱਖਰੀਆਂ ਯੋਗਤਾਵਾਂ ਹਨ। ਤੁਲਨਾ ਕਰਨ ਨਾਲ ਅਕਸਰ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਜਾਂ ਇਨਸਾਨ ਆਪਣੇ ਆਪ ਨੂੰ ਕਿਸੇ ਕੰਮ ਦਾ ਨਹੀਂ ਸਮਝਦਾ। (ਗਲਾ. 5:26; 6:4) ਯਿਸੂ ਨੇ ਕਦੇ ਕਿਸੇ ਨਾਲ ਕਿਸੇ ਦੀ ਤੁਲਨਾ ਨਹੀਂ ਕੀਤੀ ਸੀ। ਇਸ ਦੀ ਬਜਾਇ, ਕੋਈ ਇਨਸਾਨ ਆਪਣੀ ਹੈਸੀਅਤ ਮੁਤਾਬਕ ਜੋ ਕਰ ਸਕਦਾ ਸੀ, ਉਸ ਇਨਸਾਨ ਦੀ ਯਿਸੂ ਤਾਰੀਫ਼ ਕਰਦਾ ਸੀ।—ਮਰ. 14:6-9.
4. ਸਿੱਕਿਆਂ ਬਾਰੇ ਯਿਸੂ ਦੀ ਦਿੱਤੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
4 ਸਿੱਕਿਆਂ ਬਾਰੇ ਯਿਸੂ ਵੱਲੋਂ ਦਿੱਤੀ ਮਿਸਾਲ ਵਿਚ ਹਰ ਨੌਕਰ ਨੂੰ “ਉਸ ਦੀ ਯੋਗਤਾ ਅਨੁਸਾਰ” ਪੈਸੇ ਮਿਲੇ। (ਮੱਤੀ 25:15) ਜਦ ਉਨ੍ਹਾਂ ਦਾ ਮਾਲਕ ਵਾਪਸ ਆਇਆ ਅਤੇ ਉਨ੍ਹਾਂ ਤੋਂ ਉਨ੍ਹਾਂ ਦੇ ਕੰਮ ਦਾ ਲੇਖਾ-ਜੋਖਾ ਲਿਆ, ਤਾਂ ਉਨ੍ਹਾਂ ਨੌਕਰਾਂ ਨੂੰ ਸ਼ਾਬਾਸ਼ ਮਿਲੀ ਜਿਨ੍ਹਾਂ ਨੇ ਆਪਣੀਆਂ ਕਾਬਲੀਅਤਾਂ ਅਤੇ ਹਾਲਾਤਾਂ ਅਨੁਸਾਰ ਜੀ-ਤੋੜ ਮਿਹਨਤ ਕੀਤੀ ਸੀ ਤੇ ਉਹ ਆਪਣੇ ਮਾਲਕ ਦੀ ਖ਼ੁਸ਼ੀ ਵਿਚ ਸ਼ਾਮਲ ਹੋਏ। (ਮੱਤੀ 25:21, 23) ਅਸੀਂ ਵੀ ਜੇ ਰਾਜ ਦੇ ਪ੍ਰਚਾਰ ਦੇ ਕੰਮ ਵਿਚ ਰੁੱਝੇ ਰਹਾਂਗੇ, ਤਾਂ ਪਰਮੇਸ਼ੁਰ ਦੀ ਸਾਡੇ ਉੱਤੇ ਮਿਹਰ ਜ਼ਰੂਰ ਹੋਵੇਗੀ ਤੇ ਸਾਡੇ ਲਈ ਇਹ ਖ਼ੁਸ਼ੀ ਦਾ ਕਾਰਨ ਹੋਵੇਗਾ!