ਬਾਈਬਲ ਸਟੱਡੀ ਲੱਭਣ ਦੇ ਪੰਜ ਤਰੀਕੇ
1. ਜੇ ਸਾਨੂੰ ਆਪਣੇ ਇਲਾਕੇ ਵਿਚ ਬਾਈਬਲ ਸਟੱਡੀ ਲੱਭਣੀ ਔਖੀ ਲੱਗਦੀ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਤੇ ਕਿਉਂ?
1 ਕੀ ਤੁਹਾਨੂੰ ਕਿਸੇ ਅਜਿਹੇ ਬੰਦੇ ਨੂੰ ਲੱਭਣਾ ਔਖਾ ਲੱਗਾ ਹੈ ਜਿਸ ਨੂੰ ਤੁਸੀਂ ਸਟੱਡੀ ਕਰਾ ਸਕੋ? ਕੋਸ਼ਿਸ਼ ਕਰਦੇ ਰਹੋ। ਯਹੋਵਾਹ ਉਨ੍ਹਾਂ ʼਤੇ ਬਰਕਤਾਂ ਵਰਸਾਉਂਦਾ ਹੈ ਜਿਹੜੇ ਉਸ ਦੀ ਇੱਛਾ ਪੂਰੀ ਕਰਨ ਤੋਂ ਪਿੱਛੇ ਨਹੀਂ ਹਟਦੇ। (ਗਲਾ. 6:9) ਤੁਹਾਡੀ ਮਦਦ ਲਈ ਹੇਠਾਂ ਪੰਜ ਸੁਝਾਅ ਦੱਸੇ ਗਏ ਹਨ।
2. ਅਸੀਂ ਸਿੱਧੇ ਬਾਈਬਲ ਸਟੱਡੀ ਦੀ ਪੇਸ਼ਕਸ਼ ਕਿਵੇਂ ਕਰ ਸਕਦੇ ਹਾਂ?
2 ਸਿੱਧੇ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ: ਜ਼ਿਆਦਾਤਰ ਲੋਕਾਂ ਨੂੰ ਪਤਾ ਹੈ ਕਿ ਅਸੀਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦਿੰਦੇ ਹਾਂ, ਪਰ ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਅਸੀਂ ਬਾਈਬਲ ਸਟੱਡੀਆਂ ਦੀ ਪੇਸ਼ਕਸ਼ ਵੀ ਕਰਦੇ ਹਾਂ। ਕਿਉਂ ਨਾ ਘਰ-ਘਰ ਪ੍ਰਚਾਰ ਕਰਦਿਆਂ ਸਿੱਧਾ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ? ਤੁਸੀਂ ਦਿਲਚਸਪੀ ਰੱਖਣ ਵਾਲੇ ਉਨ੍ਹਾਂ ਲੋਕਾਂ ਨੂੰ ਵੀ ਬਾਈਬਲ ਸਟੱਡੀ ਕਰਨ ਬਾਰੇ ਪੁੱਛ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਮਿਲਣ ਜਾਂਦੇ ਹੋ। ਜੇ ਉਹ ਨਾਂਹ ਕਰਨ, ਤਾਂ ਤੁਸੀਂ ਉਨ੍ਹਾਂ ਨੂੰ ਸਾਹਿੱਤ ਦਿੰਦੇ ਤੇ ਉਨ੍ਹਾਂ ਦੀ ਦਿਲਚਸਪੀ ਵਧਾਉਂਦੇ ਰਹਿ ਸਕਦੇ ਹੋ। ਇਕ ਭਰਾ ਬਹੁਤ ਸਾਲਾਂ ਤੋਂ ਇਕ ਵਿਆਹੇ ਜੋੜੇ ਨੂੰ ਰਸਾਲੇ ਦੇ ਰਿਹਾ ਸੀ। ਉਹ ਉਨ੍ਹਾਂ ਨੂੰ ਨਵੇਂ ਰਸਾਲੇ ਦੇਣ ਤੋਂ ਬਾਅਦ ਜਾਣ ਹੀ ਲੱਗਾ ਸੀ, ਪਰ ਉਸ ਨੇ ਅਚਾਨਕ ਸੋਚ ਕੇ ਪੁੱਛਿਆ: “ਕੀ ਤੁਸੀਂ ਬਾਈਬਲ ਸਟੱਡੀ ਕਰਨੀ ਚਾਹੁੰਦੇ ਹੋ?” ਉਹ ਹੈਰਾਨ ਰਹਿ ਗਿਆ ਜਦੋਂ ਉਨ੍ਹਾਂ ਨੇ ਹਾਂ ਵਿਚ ਜਵਾਬ ਦਿੱਤਾ। ਇਸ ਵੇਲੇ ਉਨ੍ਹਾਂ ਨੇ ਬਪਤਿਸਮਾ ਲਿਆ ਹੋਇਆ ਹੈ।
3. ਕੀ ਸਾਨੂੰ ਸੋਚਣਾ ਚਾਹੀਦਾ ਹੈ ਕਿ ਮੀਟਿੰਗ ਤੇ ਆਉਣ ਵਾਲੇ ਪਹਿਲਾਂ ਹੀ ਕਿਸੇ ਨਾਲ ਸਟੱਡੀ ਕਰ ਰਹੇ ਹਨ? ਸਮਝਾਓ।
3 ਮੀਟਿੰਗਾਂ ਤੇ ਆਉਣ ਵਾਲੇ: ਇਹ ਨਾ ਸੋਚੋ ਕਿ ਮੀਟਿੰਗਾਂ ਵਿਚ ਆਏ ਦਿਲਚਸਪੀ ਰੱਖਣ ਵਾਲੇ ਪਹਿਲਾਂ ਹੀ ਕਿਸੇ ਨਾਲ ਸਟੱਡੀ ਕਰ ਰਹੇ ਹਨ। ਇਕ ਭਰਾ ਕਹਿੰਦਾ ਹੈ: “ਅੱਧੇ ਤੋਂ ਜ਼ਿਆਦਾ ਬਾਈਬਲ ਸਟੱਡੀਆਂ ਮੈਂ ਉਨ੍ਹਾਂ ਲੋਕਾਂ ਨਾਲ ਗੱਲ ਕਰ ਕੇ ਸ਼ੁਰੂ ਕੀਤੀਆਂ ਜਿਹੜੇ ਮੀਟਿੰਗਾਂ ਤੇ ਆਏ ਸਨ।” ਇਕ ਭੈਣ ਨੇ ਇਕ ਸ਼ਰਮੀਲੀ ਔਰਤ ਨਾਲ ਗੱਲ ਕਰਨ ਦੀ ਸੋਚੀ ਜਿਸ ਦੀਆਂ ਬਪਤਿਸਮਾ-ਪ੍ਰਾਪਤ ਧੀਆਂ ਉਸੇ ਮੰਡਲੀ ਵਿਚ ਸਨ। ਇਹ ਔਰਤ 15 ਸਾਲਾਂ ਤੋਂ ਮੀਟਿੰਗਾਂ ਤੇ ਆ ਰਹੀ ਸੀ ਅਤੇ ਹਮੇਸ਼ਾ ਮੀਟਿੰਗ ਸ਼ੁਰੂ ਹੋਣ ਤੇ ਕਿੰਗਡਮ ਹਾਲ ਆਉਂਦੀ ਸੀ ਤੇ ਮੀਟਿੰਗ ਖ਼ਤਮ ਹੁੰਦਿਆਂ ਸਾਰ ਚਲੀ ਜਾਂਦੀ ਸੀ। ਉਹ ਔਰਤ ਸਟੱਡੀ ਕਰਨ ਲਈ ਰਾਜ਼ੀ ਹੋ ਗਈ ਤੇ ਅਖ਼ੀਰ ਸੱਚਾਈ ਵਿਚ ਆ ਗਈ। ਭੈਣ ਲਿਖਦੀ ਹੈ: “ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਸ ਨੂੰ ਸਟੱਡੀ ਕਰਨ ਲਈ ਪੁੱਛਣ ਵਾਸਤੇ ਮੈਨੂੰ 15 ਸਾਲ ਲੱਗ ਗਏ!”
4. ਤੁਸੀਂ ਹੋਰਨਾਂ ਦੇ ਜ਼ਰੀਏ ਸਟੱਡੀ ਕਿਵੇਂ ਲੱਭ ਸਕਦੇ ਹੋ?
4 ਸਟੱਡੀਆਂ ਦੇ ਵਾਕਫ਼ਾਂ ਨਾਲ ਸਟੱਡੀ: ਇਕ ਭੈਣ ਦੂਜਿਆਂ ਨਾਲ ਉਨ੍ਹਾਂ ਦੀਆਂ ਬਾਈਬਲ ਸਟੱਡੀਆਂ ਤੇ ਜਾਂਦੀ ਹੈ। ਸਟੱਡੀ ਖ਼ਤਮ ਹੋਣ ਤੇ ਉਹ ਸਟੱਡੀ ਕਰਾਉਣ ਵਾਲੇ ਦੀ ਇਜਾਜ਼ਤ ਨਾਲ ਵਿਦਿਆਰਥੀ ਤੋਂ ਪੁੱਛਦੀ ਹੈ ਕਿ ਉਹ ਕਿਸੇ ਹੋਰ ਨੂੰ ਜਾਣਦਾ ਹੈ ਜੋ ਬਾਈਬਲ ਸਟੱਡੀ ਕਰਨੀ ਚਾਹੁੰਦਾ ਹੋਵੇ। ਰਿਟਰਨ ਵਿਜ਼ਿਟ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇਣ ਸਮੇਂ ਤੁਸੀਂ ਪੁੱਛ ਸਕਦੇ ਹੋ: “ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜੋ ਇਹ ਕਿਤਾਬ ਪੜ੍ਹਨੀ ਚਾਹੇਗਾ?” ਕਦੇ-ਕਦੇ ਹਾਲਾਤ ਅਜਿਹੇ ਹੁੰਦੇ ਹਨ ਕਿ ਪਬਲੀਸ਼ਰ ਤੇ ਪਾਇਨੀਅਰ ਇਲਾਕੇ ਵਿਚ ਮਿਲੇ ਕਿਸੇ ਵਿਅਕਤੀ ਨੂੰ ਸਟੱਡੀ ਨਹੀਂ ਕਰਾ ਪਾਉਂਦੇ। ਸੋ ਦੂਜਿਆਂ ਨੂੰ ਦੱਸੋ ਕਿ ਤੁਸੀਂ ਅਜਿਹੀ ਬਾਈਬਲ ਸਟੱਡੀ ਕਰਾਉਣ ਲਈ ਤਿਆਰ ਹੋ।
5. ਅਸੀਂ ਮੰਡਲੀ ਦੇ ਭੈਣ-ਭਰਾ ਦੇ ਅਵਿਸ਼ਵਾਸੀ ਜੀਵਨ ਸਾਥੀ ਨੂੰ ਸਟੱਡੀ ਕਰਨ ਬਾਰੇ ਕਿਉਂ ਪੁੱਛ ਸਕਦੇ ਹਾਂ?
5 ਅਵਿਸ਼ਵਾਸੀ ਜੀਵਨ ਸਾਥੀ: ਕੀ ਤੁਹਾਡੀ ਮੰਡਲੀ ਵਿਚ ਅਜਿਹੇ ਪਬਲੀਸ਼ਰ ਹਨ ਜਿਨ੍ਹਾਂ ਦੇ ਜੀਵਨ ਸਾਥੀ ਸੱਚਾਈ ਵਿਚ ਨਹੀਂ ਹਨ? ਕੁਝ ਅਵਿਸ਼ਵਾਸੀ ਜੀਵਨ ਸਾਥੀ ਬਾਈਬਲ ਬਾਰੇ ਆਪਣੇ ਮਸੀਹੀ ਜੀਵਨ ਸਾਥੀ ਨਾਲ ਗੱਲ ਨਹੀਂ ਕਰਨਾ ਚਾਹੁੰਦੇ, ਪਰ ਪਰਿਵਾਰ ਤੋਂ ਬਾਹਰਲੇ ਕਿਸੇ ਭੈਣ-ਭਰਾ ਨਾਲ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਜਾਂਦੇ ਹਨ। ਅਵਿਸ਼ਵਾਸੀ ਜੀਵਨ ਸਾਥੀ ਨੂੰ ਸਟੱਡੀ ਬਾਰੇ ਪੁੱਛਣ ਤੋਂ ਪਹਿਲਾਂ ਉਸ ਦੇ ਪਤੀ ਜਾਂ ਪਤਨੀ ਦੀ ਰਾਇ ਲੈਣੀ ਬਿਹਤਰ ਹੁੰਦੀ ਹੈ।
6. ਬਾਈਬਲ ਸਟੱਡੀ ਲੱਭਦੇ ਵੇਲੇ ਪ੍ਰਾਰਥਨਾ ਕਰਨੀ ਕਿੰਨੀ ਕੁ ਜ਼ਰੂਰੀ ਹੈ?
6 ਪ੍ਰਾਰਥਨਾ: ਪ੍ਰਾਰਥਨਾ ਦੀ ਤਾਕਤ ਨੂੰ ਐਵੇਂ ਨਾ ਸਮਝੋ। (ਯਾਕੂ. 5:16) ਯਹੋਵਾਹ ਦਾ ਵਾਅਦਾ ਹੈ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਜ਼ਰੂਰ ਸੁਣੇਗਾ ਜੇ ਇਹ ਉਸ ਦੀ ਇੱਛਾ ਦੇ ਮੁਤਾਬਕ ਹੋਣ। (1 ਯੂਹੰ. 5:14) ਇਕ ਭਰਾ, ਜੋ ਬਹੁਤ ਬਿਜ਼ੀ ਰਹਿੰਦਾ ਸੀ, ਨੇ ਬਾਈਬਲ ਸਟੱਡੀ ਲਈ ਪ੍ਰਾਰਥਨਾ ਕੀਤੀ। ਉਸ ਦੀ ਪਤਨੀ ਨੂੰ ਇਹ ਫ਼ਿਕਰ ਸੀ ਕਿ ਵਿਦਿਆਰਥੀ ਲਈ ਉਸ ਕੋਲ ਸਮਾਂ ਹੋਵੇਗਾ ਕਿ ਨਹੀਂ, ਖ਼ਾਸਕਰ ਜੇ ਵਿਦਿਆਰਥੀ ਮੁਸ਼ਕਲਾਂ ਨਾਲ ਘਿਰਿਆ ਹੋਇਆ ਹੋਵੇ। ਸੋ ਉਸ ਨੇ ਆਪਣੀ ਇਹ ਚਿੰਤਾ ਯਹੋਵਾਹ ਨੂੰ ਦੱਸੀ ਜਦੋਂ ਉਹ ਆਪਣੇ ਪਤੀ ਲਈ ਪ੍ਰਾਰਥਨਾ ਕਰ ਰਹੀ ਸੀ ਕਿ ਉਸ ਨੂੰ ਬਾਈਬਲ ਸਟੱਡੀ ਮਿਲ ਜਾਵੇ। ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦੋ ਹਫ਼ਤਿਆਂ ਬਾਅਦ ਮਿਲਿਆ ਜਦੋਂ ਉਨ੍ਹਾਂ ਦੀ ਮੰਡਲੀ ਦੇ ਇਕ ਪਾਇਨੀਅਰ ਨੂੰ ਅਜਿਹਾ ਆਦਮੀ ਮਿਲਿਆ ਜੋ ਸਟੱਡੀ ਕਰਨੀ ਚਾਹੁੰਦਾ ਸੀ ਤੇ ਪਾਇਨੀਅਰ ਨੇ ਭਰਾ ਨੂੰ ਇਹ ਸਟੱਡੀ ਕਰਾਉਣ ਲਈ ਕਿਹਾ। ਪਤਨੀ ਲਿਖਦੀ ਹੈ: “ਜਿਸ ਨੂੰ ਲੱਗਦਾ ਹੈ ਕਿ ਕਿਸੇ ਨੂੰ ਬਾਈਬਲ ਸਟੱਡੀ ਕਰਾਉਣੀ ਇੰਨੀ ਆਸਾਨ ਨਹੀਂ ਹੈ, ਮੈਂ ਉਸ ਨੂੰ ਕਹਿੰਦੀ ਹਾਂ: ਆਪਣੀਆਂ ਪ੍ਰਾਰਥਨਾਵਾਂ ਵਿਚ ਯਹੋਵਾਹ ਨੂੰ ਆਪਣੀ ਦਿਲੀ-ਤਮੰਨਾ ਦੱਸੋ ਤੇ ਦੱਸਣੋਂ ਹਟੋ ਨਾ। ਜੋ ਖ਼ੁਸ਼ੀ ਸਾਨੂੰ ਮਿਲੀ, ਉਸ ਬਾਰੇ ਮੈਂ ਸੋਚਿਆ ਵੀ ਨਹੀਂ ਸੀ।” ਜੇ ਤੁਸੀਂ ਪ੍ਰਾਰਥਨਾ ਕਰਦੇ ਰਹੋ, ਤਾਂ ਤੁਹਾਨੂੰ ਵੀ ਅਜਿਹੀ ਬਾਈਬਲ ਸਟੱਡੀ ਮਿਲੇਗੀ ਅਤੇ ਉਸ ਨੂੰ ‘ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦੇ ਰਾਹ’ ʼਤੇ ਪਾਉਣ ਦੀ ਖ਼ੁਸ਼ੀ ਮਾਣੋਗੇ।—ਮੱਤੀ 7:13, 14.