ਆਪਣੇ ਪ੍ਰਚਾਰ ਦੇ ਗਰੁੱਪ ਤੋਂ ਕਿਵੇਂ ਲਾਭ ਉਠਾਈਏ
1. ਕਲੀਸਿਯਾ ਪੁਸਤਕ ਅਧਿਐਨ ਦੇ ਕਿਹੜੇ ਫ਼ਾਇਦੇ ਹਾਲੇ ਵੀ ਸਾਨੂੰ ਪ੍ਰਚਾਰ ਦੇ ਗਰੁੱਪ ਜ਼ਰੀਏ ਹੋ ਸਕਦੇ ਹਨ?
1 ਕੀ ਤੁਹਾਨੂੰ ਕਲੀਸਿਯਾ ਪੁਸਤਕ ਅਧਿਐਨ ਦੀਆਂ ਕੁਝ ਗੱਲਾਂ ਚੇਤੇ ਆਉਂਦੀਆਂ ਹਨ? ਗਰੁੱਪ ਛੋਟੇ ਹੁੰਦੇ ਸਨ ਤੇ ਮਾਹੌਲ ਘਰ ਵਰਗਾ ਹੁੰਦਾ ਸੀ। ਇਸ ਲਈ ਅਜਿਹੇ ਦੋਸਤ ਬਣਾਉਣੇ ਆਸਾਨ ਸਨ ਜਿਨ੍ਹਾਂ ਦੀ ਮਦਦ ਨਾਲ ਸਾਡੀ ਨਿਹਚਾ ਤਕੜੀ ਹੋਈ। (ਕਹਾ. 18:24) ਅਧਿਐਨ ਕਰਾਉਣ ਵਾਲਾ ਭਰਾ ਸਾਡੇ ਇਕੱਲੇ-ਇਕੱਲੇ ਦੇ ਹਾਲਾਤ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਸ ਹਿਸਾਬ ਨਾਲ ਹੌਸਲਾ ਦੇ ਸਕਦਾ ਸੀ। (ਕਹਾ. 27:23; 1 ਪਤ. 5:2, 3) ਇਹ ਫ਼ਾਇਦੇ ਹਾਲੇ ਵੀ ਸਾਨੂੰ ਆਪਣੇ ਪ੍ਰਚਾਰ ਦੇ ਗਰੁੱਪ ਜ਼ਰੀਏ ਹੋ ਸਕਦੇ ਹਨ।
2. ਆਪਣੇ ਪ੍ਰਚਾਰ ਦੇ ਗਰੁੱਪ ਵਿਚ ਤੁਸੀਂ ਅਜਿਹੇ ਦੋਸਤ ਬਣਾਉਣ ਲਈ ਪਹਿਲ ਕਿਵੇਂ ਕਰ ਸਕਦੇ ਹੋ ਜੋ ਤੁਹਾਨੂੰ ਹੌਸਲਾ ਦੇਣਗੇ?
2 ਪਹਿਲ ਕਰੋ: ਪ੍ਰਚਾਰ ਦੇ ਗਰੁੱਪ ਆਮ ਕਰਕੇ ਪੁਸਤਕ ਅਧਿਐਨ ਗਰੁੱਪਾਂ ਜਿੱਡੇ ਹੁੰਦੇ ਹਨ। ਪ੍ਰਚਾਰ ਵਿਚ ਦੂਜਿਆਂ ਨਾਲ “ਮਿਲ ਕੇ” ਕੰਮ ਕਰਨ ਨਾਲ ਸਾਡੀ ਦੋਸਤੀ ਗੂੜ੍ਹੀ ਹੋ ਸਕਦੀ ਹੈ। (ਫ਼ਿਲਿ. 1:27) ਤੁਸੀਂ ਆਪਣੇ ਗਰੁੱਪ ਵਿਚ ਕਿੰਨੇ ਕੁ ਜਣਿਆਂ ਨਾਲ ਕੰਮ ਕੀਤਾ ਹੈ? ਕੀ ਤੁਸੀਂ ਹੋਰਾਂ ਨਾਲ ਕੰਮ ਕਰ ਸਕਦੇ ਹੋ? (2 ਕੁਰਿੰ. 6:13) ਇਸ ਤੋਂ ਇਲਾਵਾ, ਸਮੇਂ-ਸਮੇਂ ਤੇ ਅਸੀਂ ਆਪਣੇ ਗਰੁੱਪ ਦੇ ਕਿਸੇ ਭੈਣ-ਭਰਾ ਨੂੰ ਪਰਿਵਾਰਕ ਸਟੱਡੀ ਜਾਂ ਖਾਣੇ ਲਈ ਬੁਲਾ ਸਕਦੇ ਹਾਂ। ਕੁਝ ਮੰਡਲੀਆਂ ਵਿਚ ਪ੍ਰਚਾਰ ਦੇ ਗਰੁੱਪ ਵਾਰੀ-ਵਾਰੀ ਨਾਲ ਕਿਸੇ ਹੋਰ ਥਾਹੋਂ ਭਾਸ਼ਣ ਦੇਣ ਆਉਣ ਵਾਲੇ ਭਰਾ ਨੂੰ ਖਾਣੇ ਤੇ ਬੁਲਾਉਂਦੇ ਹਨ। ਜਿਸ ਹਫ਼ਤੇ ਉਨ੍ਹਾਂ ਦੀ ਵਾਰੀ ਹੁੰਦੀ ਹੈ, ਸਾਰਾ ਗਰੁੱਪ ਖਾਣੇ ਲਈ ਇਕੱਠਾ ਹੁੰਦਾ ਹੈ ਤੇ ਉਹ ਇਕ ਦੂਸਰੇ ਨੂੰ ਹੌਸਲਾ ਦਿੰਦੇ ਹਨ ਭਾਵੇਂ ਭਾਸ਼ਣਕਾਰ ਖਾਣੇ ਲਈ ਆਵੇ ਜਾਂ ਨਾ।
3. ਆਪਣੇ ਪ੍ਰਚਾਰ ਦੇ ਗਰੁੱਪ ਵਿਚ ਹੌਸਲਾ ਲੈਣ ਦੇ ਕਿਹੜੇ ਕੁਝ ਮੌਕੇ ਹਨ?
3 ਭਾਵੇਂ ਮੰਡਲੀ ਹੁਣ ਹਫ਼ਤੇ ਵਿਚ ਦੋ ਵਾਰੀ ਇਕੱਠੀ ਹੁੰਦੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਪਬਲੀਸ਼ਰਾਂ ਨੂੰ ਬਜ਼ੁਰਗਾਂ ਤੋਂ ਪਹਿਲਾਂ ਨਾਲੋਂ ਘੱਟ ਹੌਸਲਾ ਮਿਲੇਗਾ। ਹਰ ਭੈਣ-ਭਰਾ ਨੂੰ ਹੌਸਲਾ ਦੇਣ ਅਤੇ ਪ੍ਰਚਾਰ ਦੀ ਸਿਖਲਾਈ ਦੇਣ ਲਈ ਹਰ ਗਰੁੱਪ ਵਿਚ ਬਜ਼ੁਰਗ ਨਿਯੁਕਤ ਕੀਤੇ ਗਏ ਹਨ। ਜੇ ਤੁਹਾਡੇ ਗਰੁੱਪ ਓਵਰਸੀਅਰ ਨੇ ਅਜੇ ਤੁਹਾਡੇ ਨਾਲ ਪ੍ਰਚਾਰ ਕਰਨ ਦਾ ਇੰਤਜ਼ਾਮ ਨਹੀਂ ਕੀਤਾ ਹੈ, ਤਾਂ ਕਿਉਂ ਨਾ ਉਸ ਨੂੰ ਪੁੱਛੋ? ਇਸ ਤੋਂ ਇਲਾਵਾ, ਸਰਵਿਸ ਓਵਰਸੀਅਰ ਹਰ ਮਹੀਨੇ ਦੇ ਇਕ ਸ਼ਨੀਵਾਰ-ਐਤਵਾਰ ਨੂੰ ਵੱਖੋ-ਵੱਖਰੇ ਗਰੁੱਪਾਂ ਨਾਲ ਪ੍ਰਚਾਰ ਕਰਦਾ ਹੈ। ਛੋਟੀਆਂ-ਛੋਟੀਆਂ ਮੰਡਲੀਆਂ ਵਿਚ, ਜਿੱਥੇ ਪ੍ਰਚਾਰ ਦੇ ਕੁਝ ਹੀ ਗਰੁੱਪ ਹਨ, ਉੱਥੇ ਉਹ ਸਾਲ ਦੌਰਾਨ ਹਰ ਗਰੁੱਪ ਵਿਚ ਦੋ ਵਾਰੀ ਜਾ ਸਕਦਾ ਹੈ। ਜਦੋਂ ਉਹ ਤੁਹਾਡੇ ਗਰੁੱਪ ਵਿਚ ਆਉਂਦਾ ਹੈ, ਤਾਂ ਕੀ ਤੁਸੀਂ ਉਸ ਦਿਨ ਪ੍ਰਚਾਰ ਤੇ ਜਾਂਦੇ ਹੋ?
4. (ੳ) ਪ੍ਰਚਾਰ ਲਈ ਮੀਟਿੰਗਾਂ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਹੈ? (ਅ) ਪ੍ਰਚਾਰ ਦੀਆਂ ਮੀਟਿੰਗਾਂ ਲਈ ਸਾਨੂੰ ਆਪਣੇ ਘਰ ਦੇ ਦਰਵਾਜ਼ੇ ਖੋਲ੍ਹਣ ਬਾਰੇ ਕਿਉਂ ਵਿਚਾਰ ਕਰਨਾ ਚਾਹੀਦਾ ਹੈ?
4 ਅਕਸਰ ਫ਼ਾਇਦੇਮੰਦ ਹੁੰਦਾ ਹੈ ਜਦੋਂ ਹਰ ਗਰੁੱਪ ਸ਼ਨੀਵਾਰ-ਐਤਵਾਰ ਨੂੰ ਵੱਖੋ-ਵੱਖਰੀ ਥਾਂ ਮਿਲਦਾ ਹੈ। ਇੱਕੋ ਸਮੇਂ ਤੇ ਕਈ ਵੱਖੋ-ਵੱਖਰੀਆਂ ਥਾਵਾਂ ਤੇ ਮਿਲਣ ਨਾਲ ਪਬਲੀਸ਼ਰਾਂ ਲਈ ਪ੍ਰਚਾਰ ਵਾਸਤੇ ਰੱਖੀਆਂ ਮੀਟਿੰਗਾਂ ਤੇ ਅਤੇ ਸ਼ਾਇਦ ਟੈਰਟਰੀ ਵਿਚ ਜਾਣਾ ਆਸਾਨ ਹੋ ਜਾਂਦਾ ਹੈ। ਫਟਾਫਟ ਪਬਲੀਸ਼ਰਾਂ ਦੇ ਜੋੜੇ ਬਣਾ ਕੇ ਬਿਨਾਂ ਦੇਰ ਕੀਤਿਆਂ ਉਨ੍ਹਾਂ ਨੂੰ ਟੈਰਟਰੀ ਵਿਚ ਭੇਜਿਆ ਜਾ ਸਕਦਾ ਹੈ। ਬਜ਼ੁਰਗ ਲਈ ਵੀ ਆਪਣੇ ਗਰੁੱਪ ਦਾ ਧਿਆਨ ਰੱਖਣਾ ਆਸਾਨ ਹੋ ਜਾਂਦਾ ਹੈ। ਪਰ ਕਦੇ-ਕਦੇ ਹਾਲਾਤ ਅਜਿਹੇ ਹੁੰਦੇ ਹਨ ਕਿ ਦੋ ਜਾਂ ਜ਼ਿਆਦਾ ਗਰੁੱਪਾਂ ਦਾ ਇਕ ਜਗ੍ਹਾ ਮਿਲਣਾ ਬਿਹਤਰ ਹੁੰਦਾ ਹੈ। ਜੇ ਮਹੀਨੇ ਦੇ ਪਹਿਲੇ ਸ਼ਨੀਵਾਰ ਜਾਂ ਪਹਿਰਾਬੁਰਜ ਅਧਿਐਨ ਤੋਂ ਬਾਅਦ ਪੂਰੀ ਮੰਡਲੀ ਪ੍ਰਚਾਰ ਲਈ ਇਕੱਠੀ ਹੁੰਦੀ ਹੈ, ਤਾਂ ਅਕਸਰ ਚੰਗਾ ਹੁੰਦਾ ਹੈ ਜੇ ਹਰ ਗਰੁੱਪ ਇਕੱਠਾ ਬੈਠੇ ਤੇ ਗਰੁੱਪ ਓਵਰਸੀਅਰ ਮੀਟਿੰਗ ਨੂੰ ਪ੍ਰਾਰਥਨਾ ਨਾਲ ਖ਼ਤਮ ਕਰਨ ਤੋਂ ਪਹਿਲਾਂ ਕੁਝ ਮਿੰਟਾਂ ਵਿਚ ਆਪਣੇ ਗਰੁੱਪ ਦੇ ਜੋੜੇ ਬਣਾ ਕੇ ਉਨ੍ਹਾਂ ਨੂੰ ਟੈਰਟਰੀ ਵੰਡੇ।—“ਕੀ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਸਕਦੇ ਹੋ?” ਨਾਂ ਦੀ ਡੱਬੀ ਦੇਖੋ।
5. ਭਾਵੇਂ ਕਲੀਸਿਯਾ ਪੁਸਤਕ ਅਧਿਐਨ ਦਾ ਪ੍ਰਬੰਧ ਖ਼ਤਮ ਹੋ ਗਿਆ ਹੈ, ਪਰ ਅਸੀਂ ਕਿਸ ਗੱਲ ਦਾ ਯਕੀਨ ਰੱਖ ਸਕਦੇ ਹਾਂ?
5 ਭਾਵੇਂ ਕਲੀਸਿਯਾ ਪੁਸਤਕ ਅਧਿਐਨ ਦਾ ਪ੍ਰਬੰਧ ਹੁਣ ਖ਼ਤਮ ਹੋ ਗਿਆ ਹੈ, ਫਿਰ ਵੀ ਯਹੋਵਾਹ ਸਾਨੂੰ ਉਸ ਦੀ ਇੱਛਾ ਪੂਰੀ ਕਰਨ ਲਈ ਹਰ ਲੋੜੀਂਦੀ ਚੀਜ਼ ਦਿੰਦਾ ਹੈ। (ਇਬ. 13:20, 21) ਯਹੋਵਾਹ ਸਾਡੀ ਦੇਖ-ਭਾਲ ਕਰਦਾ ਹੈ, ਇਸ ਲਈ ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ। (ਜ਼ਬੂ. 23:1) ਆਪਣੇ ਪ੍ਰਚਾਰ ਦੇ ਗਰੁੱਪ ਰਾਹੀਂ ਸਾਨੂੰ ਬਹੁਤ ਬਰਕਤਾਂ ਮਿਲਦੀਆਂ ਹਨ। ਜੇ ਅਸੀਂ ਪਹਿਲ ਕਰ ਕੇ ‘ਖੁੱਲ੍ਹੇ ਦਿਲ ਨਾਲ ਬੀਜੀਏ,’ ਤਾਂ ਅਸੀਂ ‘ਬਹੁਤ ਵੱਢਾਂਗੇ।’—2 ਕੁਰਿੰ. 9:6.
[ਸਫ਼ਾ 6 ਉੱਤੇ ਡੱਬੀ]
ਕੀ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਸਕਦੇ ਹੋ?
ਕੁਝ ਮੰਡਲੀਆਂ ਦੇ ਦੋ-ਤਿੰਨ ਗਰੁੱਪ ਸ਼ਨੀਵਾਰ-ਐਤਵਾਰ ਨੂੰ ਇੱਕੋ ਜਗ੍ਹਾ ਇਕੱਠੇ ਹੁੰਦੇ ਹਨ ਕਿਉਂਕਿ ਉਨ੍ਹਾਂ ਕੋਲ ਇਕੱਠੇ ਹੋਣ ਲਈ ਕੋਈ ਘਰ ਨਹੀਂ। ਪ੍ਰਚਾਰ ਲਈ ਮੀਟਿੰਗਾਂ ਮੰਡਲੀ ਦਾ ਇਕ ਹਿੱਸਾ ਹਨ, ਇਸ ਲਈ ਇਨ੍ਹਾਂ ਮੀਟਿੰਗਾਂ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ੍ਹਣੇ ਇਕ ਵੱਡਾ ਸਨਮਾਨ ਹੈ। ਕੀ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਸਕਦੇ ਹੋ? ਘਰ ਦੇ ਦਰਵਾਜ਼ੇ ਇਸ ਲਈ ਬੰਦ ਨਾ ਕਰੋ ਕਿਉਂਕਿ ਤੁਹਾਡਾ ਘਰ ਛੋਟਾ ਹੈ। ਬਜ਼ੁਰਗ ਤੁਹਾਡੇ ਘਰ ਅਤੇ ਹੋਰ ਗੱਲਾਂ ʼਤੇ ਉਸੇ ਤਰੀਕੇ ਨਾਲ ਸੋਚ-ਵਿਚਾਰ ਕਰਨਗੇ ਜਿਵੇਂ ਉਹ ਕਲੀਸਿਯਾ ਪੁਸਤਕ ਅਧਿਐਨ ਲਈ ਥਾਵਾਂ ਚੁਣਨ ਵੇਲੇ ਕਰਦੇ ਸਨ। ਜੇ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਖੋਲ੍ਹਣੇ ਚਾਹੁੰਦੇ ਹੋ, ਤਾਂ ਆਪਣੇ ਗਰੁੱਪ ਓਵਰਸੀਅਰ ਨੂੰ ਦੱਸੋ।