ਭੈਣ-ਭਰਾਵਾਂ ਨਾਲ ਮਿਲ ਕੇ ਪ੍ਰਚਾਰ ਕਰਨ ਤੋਂ ਖ਼ੁਸ਼ੀ ਮਿਲਦੀ ਹੈ
1 ਆਪਣੇ 70 ਚੇਲਿਆਂ ਨੂੰ ਪ੍ਰਚਾਰ ਕਰਨ ਲਈ ਭੇਜਣ ਤੋਂ ਪਹਿਲਾਂ, ਯਿਸੂ ਨੇ ਉਨ੍ਹਾਂ ਨੂੰ ਸਿਖਾਇਆ ਕਿ ਉਨ੍ਹਾਂ ਨੇ ਕੀ ਕਹਿਣਾ ਸੀ। ਉਸ ਨੇ ਉਨ੍ਹਾਂ ਨੂੰ ਦੋ-ਦੋ ਕਰ ਕੇ ਘੱਲਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਕਿਹੜੇ ਇਲਾਕੇ ਵਿਚ ਪ੍ਰਚਾਰ ਕਰਨਾ ਸੀ। ਇਸ ਤਰ੍ਹਾਂ ਤਿਆਰ ਕੀਤੇ ਜਾਣ ਤੇ ਉਨ੍ਹਾਂ ਨੂੰ ਪ੍ਰਚਾਰ ਕਰ ਕੇ ਬੜੀ ਖ਼ੁਸ਼ੀ ਮਿਲੀ। (ਲੂਕਾ 10:1-17) ਇਸੇ ਤਰ੍ਹਾਂ ਅੱਜ ਵੀ ਜਦੋਂ ਅਸੀਂ ਆਪਣੇ ਭੈਣ-ਭਰਾਵਾਂ ਨਾਲ ਮਿਲ ਕੇ ਪ੍ਰਚਾਰ ਕਰਦੇ ਹਾਂ, ਤਾਂ ਸਾਡਾ ਜੋਸ਼ ਵਧਦਾ ਹੈ। ਇਸ ਤੋਂ ਇਲਾਵਾ, ਸਾਨੂੰ ਸਹੀ ਢੰਗ ਨਾਲ ਪ੍ਰਚਾਰ ਕਰਨ ਦੀ ਵੀ ਸਿਖਲਾਈ ਮਿਲਦੀ ਹੈ।
2 ਬਜ਼ੁਰਗ ਅਗਵਾਈ ਕਰਦੇ ਹਨ: ਬਜ਼ੁਰਗ ਸਾਰੇ ਭੈਣ-ਭਰਾਵਾਂ ਦੀ ਪ੍ਰਚਾਰ ਦੇ ਕੰਮ ਵਿਚ ਬਾਕਾਇਦਾ ਹਿੱਸਾ ਲੈਣ ਵਿਚ ਮਦਦ ਕਰਦੇ ਹਨ। ਹਫ਼ਤੇ ਦੌਰਾਨ ਪ੍ਰਚਾਰ ਕਰਨ ਦੇ ਪ੍ਰਬੰਧ ਕਰਨ ਵਿਚ ਸੇਵਾ ਨਿਗਾਹਬਾਨ ਅਗਵਾਈ ਕਰਦਾ ਹੈ। ਹਰ ਬੁੱਕ ਸਟੱਡੀ ਨਿਗਾਹਬਾਨ ਖ਼ਾਸ ਕਰਕੇ ਸ਼ਨੀਵਾਰ ਤੇ ਐਤਵਾਰ ਨੂੰ ਆਪਣੇ ਗਰੁੱਪ ਦੇ ਪ੍ਰਚਾਰ ਦੇ ਕੰਮ ਦਾ ਪ੍ਰਬੰਧ ਕਰਨ ਲਈ ਜ਼ਿੰਮੇਵਾਰ ਹੈ। ਜਦੋਂ ਕਦੇ ਪੂਰੀ ਕਲੀਸਿਯਾ ਪ੍ਰਚਾਰ ਕਰਨ ਲਈ ਇਕੱਠੀ ਹੁੰਦੀ ਹੈ, ਜਿਵੇਂ ਕਿ ਪਹਿਰਾਬੁਰਜ ਅਧਿਐਨ ਤੋਂ ਬਾਅਦ, ਤਾਂ ਹਰ ਬੁੱਕ ਸਟੱਡੀ ਨਿਗਾਹਬਾਨ ਨੂੰ ਆਪਣੇ ਗਰੁੱਪ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
3 “ਢਬ ਸਿਰ ਅਤੇ ਜੁਗਤੀ ਨਾਲ”: ਖੇਤਰ ਸੇਵਕਾਈ ਦੀ ਸਭਾ ਕਰਾਉਣ ਵਾਲੇ ਭਰਾ ਨੂੰ ਸਮੇਂ ਸਿਰ ਸਭਾ ਸ਼ੁਰੂ ਕਰਨੀ ਚਾਹੀਦੀ ਹੈ। ਸਭਾ ਸਿਰਫ਼ 10 ਜਾਂ 15 ਮਿੰਟਾਂ ਦੀ ਹੋਣੀ ਚਾਹੀਦੀ ਹੈ। ਚੰਗਾ ਹੋਵੇਗਾ ਜੇ ਉਹ ਸਭਾ ਨੂੰ ਪ੍ਰਾਰਥਨਾ ਨਾਲ ਖ਼ਤਮ ਕਰਨ ਤੋਂ ਪਹਿਲਾਂ ਦੱਸ ਦੇਵੇ ਕਿ ਕੌਣ ਕਿਸ ਨਾਲ ਕਿੱਥੇ ਪ੍ਰਚਾਰ ਕਰੇਗਾ। ਪਰ ਜਿੱਦਾਂ ਉੱਪਰ ਦੱਸਿਆ ਗਿਆ ਹੈ, ਜੇ ਬੁੱਕ ਸਟੱਡੀ ਨਿਗਾਹਬਾਨ ਮੌਜੂਦ ਹਨ, ਤਾਂ ਉਹ ਆਪਣੇ-ਆਪਣੇ ਗਰੁੱਪ ਦੀ ਜ਼ਿੰਮੇਵਾਰੀ ਲੈਣਗੇ। ਇਸ ਤਰ੍ਹਾਂ ਕਰਨ ਨਾਲ ਸੜਕਾਂ ਜਾਂ ਗਲੀਆਂ ਵਿਚ ਭੈਣ-ਭਰਾਵਾਂ ਦੀ ਭੀੜ ਨਹੀਂ ਲੱਗੇਗੀ। ਇਹ ਨਾ ਸਿਰਫ਼ ਦੇਖਣ ਨੂੰ ਭੈੜਾ ਲੱਗਦਾ ਹੈ, ਸਗੋਂ ਵੱਡੇ ਗਰੁੱਪ ਨੂੰ ਦੇਖ ਕੇ ਸਾਡੇ ਵਿਰੋਧੀ ਮੁਸੀਬਤ ਵੀ ਖੜ੍ਹੀ ਕਰ ਸਕਦੇ ਹਨ। ਇਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤ ਕੇ ਅਸੀਂ ਪੌਲੁਸ ਦੀ ਸਲਾਹ ਨੂੰ ਮੰਨਦੇ ਹਾਂ: “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।” (1 ਕੁਰਿੰ. 14:40) ਸਾਰੇ ਭੈਣ-ਭਰਾ ਖੇਤਰ ਸੇਵਾ ਦੀਆਂ ਸਭਾਵਾਂ ਨੂੰ ਸਫ਼ਲ ਬਣਾਉਣ ਲਈ ਆਪਣਾ ਯੋਗਦਾਨ ਦੇ ਸਕਦੇ ਹਨ। ਉਹ ਸਭਾ ਵਿਚ ਸਮੇਂ ਸਿਰ ਆਉਣ, ਅਗਵਾਈ ਕਰਨ ਵਾਲੇ ਭਰਾ ਨੂੰ ਪੂਰਾ ਸਹਿਯੋਗ ਦੇਣ ਅਤੇ ਸਭਾ ਖ਼ਤਮ ਹੋਣ ਤੇ ਜਲਦੀ ਨਾਲ ਆਪਣੇ-ਆਪਣੇ ਖੇਤਰਾਂ ਵਿਚ ਚਲੇ ਜਾਣ ਦੁਆਰਾ ਉਸ ਦੀ ਮਦਦ ਕਰ ਸਕਦੇ ਹਨ।
4 ਏਕਤਾ ਵਿਚ ਬੱਝੇ: ਜਦੋਂ ਅਸੀਂ ਕਲੀਸਿਯਾ ਦੇ ਭੈਣ-ਭਰਾਵਾਂ ਨਾਲ ਮਿਲ ਕੇ ਪ੍ਰਚਾਰ ਕਰਦੇ ਹਾਂ, ਤਾਂ ਇਸ ਨਾਲ ਸਾਨੂੰ ਉਨ੍ਹਾਂ ਨੂੰ ਜਾਣਨ ਦਾ ਵਧੀਆ ਮੌਕਾ ਮਿਲਦਾ ਹੈ। ਭਾਵੇਂ ਕਿ ਪਹਿਲਾਂ ਤੋਂ ਕਿਸੇ ਭੈਣ ਜਾਂ ਭਰਾ ਨਾਲ ਕੰਮ ਕਰਨ ਦਾ ਪ੍ਰਬੰਧ ਕਰਨਾ ਮਾੜੀ ਗੱਲ ਨਹੀਂ, ਪਰ ਇਸ ਤਰ੍ਹਾਂ ਨਾ ਕਰਨ ਦੇ ਕਈ ਲਾਭ ਹੋ ਸਕਦੇ ਹਨ। ਸਾਨੂੰ ਅਜਿਹੀ ਭੈਣ ਜਾਂ ਭਰਾ ਨਾਲ ਕੰਮ ਕਰਨ ਲਈ ਕਿਹਾ ਜਾ ਸਕਦਾ ਹੈ ਜਿਸ ਨੂੰ ਅਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ। ਇਸ ਤਰ੍ਹਾਂ ਉਸ ਨਾਲ ਕੰਮ ਕਰ ਕੇ ਅਸੀਂ ‘ਖੁਲ੍ਹੇ ਦਿਲ ਦੇ ਹੋ’ ਸਕਦੇ ਹਾਂ ਅਤੇ ਸਾਡਾ ਉਸ ਨਾਲ ਪਿਆਰ ਵਧ ਸਕਦਾ ਹੈ।—2 ਕੁਰਿੰ. 6:11-13.
5 ਕਲੀਸਿਯਾ ਦੇ ਭੈਣ-ਭਰਾਵਾਂ ਨਾਲ ਮਿਲ ਕੇ ਪ੍ਰਚਾਰ ਕਰਨ ਨਾਲ ਅਸੀਂ “ਸਚਿਆਈ ਵਿੱਚ ਓਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ” ਬਣਦੇ ਹਾਂ। (3 ਯੂਹੰ. 8) ਅਸੀਂ ਇਕ ਦੂਸਰੇ ਦਾ ਹੌਸਲਾ ਵਧਾਉਂਦੇ ਹਾਂ ਅਤੇ ਸਾਡੀ ਏਕਤਾ ਵੀ ਵਧਦੀ ਹੈ। ਇਸ ਲਈ, ਆਓ ਆਪਾਂ ਪੂਰੇ ਜੋਸ਼ ਨਾਲ ਉਨ੍ਹਾਂ ਨਾਲ ਮਿਲ ਕੇ ਕੰਮ ਕਰਦੇ ਰਹੀਏ!