ਉਨ੍ਹਾਂ ਦਾ ਸੁਆਗਤ ਕਰੋ!
1. ਕਿਸ ਮੌਕੇ ਤੇ ਗਵਾਹੀ ਦੇਣ ਦਾ ਵਧੀਆ ਮੌਕਾ ਮਿਲਦਾ ਹੈ ਤੇ ਕਿਉਂ?
1 ਸਾਨੂੰ ਮੈਮੋਰੀਅਲ ʼਤੇ ਗਵਾਹੀ ਦੇਣ ਦਾ ਵਧੀਆ ਮੌਕਾ ਮਿਲਦਾ ਹੈ। ਗੌਰ ਕਰੋ: ਇਸ ਸਾਲ ਮੈਮੋਰੀਅਲ ʼਤੇ ਇਕ ਕਰੋੜ ਤੋਂ ਜ਼ਿਆਦਾ ਲੋਕਾਂ ਦੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਇਹ ਲੋਕ ਮੈਮੋਰੀਅਲ ʼਤੇ ਆ ਕੇ ਸੁਣਨਗੇ ਕਿ ਯਹੋਵਾਹ ਤੇ ਯਿਸੂ ਨੇ ਰਿਹਾਈ-ਕੀਮਤ ਅਦਾ ਕਰ ਕੇ ਸਾਡੇ ਨਾਲ ਕਿੰਨਾ ਪਿਆਰ ਕੀਤਾ। (ਯੂਹੰ. 3:16; 15:13) ਉਹ ਸਿੱਖਣਗੇ ਕਿ ਯਹੋਵਾਹ ਵੱਲੋਂ ਦਿੱਤੀ ਆਪਣੇ ਬੇਟੇ ਦੀ ਕੁਰਬਾਨੀ ਕਰਕੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ। (ਯਸਾ. 65:21-23) ਇਸ ਮੌਕੇ ਤੇ ਸਿਰਫ਼ ਭਾਸ਼ਣ ਦੇਣ ਵਾਲੇ ਭਰਾ ਦਾ ਹੀ ਫ਼ਰਜ਼ ਨਹੀਂ ਬਣਦਾ ਕਿ ਉਹ ਵਧੀਆ ਗਵਾਹੀ ਦੇਵੇ, ਸਗੋਂ ਸਾਰੇ ਭੈਣ-ਭਰਾ ਮੈਮੋਰੀਅਲ ਵਿਚ ਆਏ ਲੋਕਾਂ ਦਾ ਸੁਆਗਤ ਕਰ ਕੇ ਵਧੀਆ ਗਵਾਹੀ ਦੇ ਸਕਦੇ ਹਨ।—ਰੋਮੀ. 15:7.
2. ਅਸੀਂ ਮੈਮੋਰੀਅਲ ʼਤੇ ਆਏ ਲੋਕਾਂ ਦਾ ਸੁਆਗਤ ਕਿਵੇਂ ਕਰ ਸਕਦੇ ਹਾਂ?
2 ਚੁੱਪ-ਚਾਪ ਆਪਣੀ ਸੀਟ ʼਤੇ ਬੈਠ ਕੇ ਪ੍ਰੋਗ੍ਰਾਮ ਸ਼ੁਰੂ ਹੋਣ ਦੀ ਉਡੀਕ ਕਰਨ ਦੀ ਬਜਾਇ ਆਪਣੇ ਨਾਲ ਬੈਠੇ ਨਵੇਂ ਲੋਕਾਂ ਨਾਲ ਗੱਲਬਾਤ ਕਰੋ। ਮੈਮੋਰੀਅਲ ʼਤੇ ਆਏ ਲੋਕ ਸ਼ਾਇਦ ਝਿਜਕਦੇ ਹੋਣ ਤੇ ਉਨ੍ਹਾਂ ਨੂੰ ਪਤਾ ਨਾ ਹੋਵੇ ਕਿ ਕੀ ਹੋਵੇਗਾ। ਜੇ ਅਸੀਂ ਮੁਸਕਰਾ ਕੇ ਲੋਕਾਂ ਦਾ ਨਿੱਘਾ ਸੁਆਗਤ ਕਰਾਂਗੇ, ਤਾਂ ਉਨ੍ਹਾਂ ਨੂੰ ਚੰਗਾ ਲੱਗੇਗਾ। ਉਨ੍ਹਾਂ ਲੋਕਾਂ ਦਾ ਖ਼ਿਆਲ ਰੱਖੋ ਜੋ ਮੈਮੋਰੀਅਲ ਵਿਚ ਸ਼ਾਇਦ ਸੱਦਾ-ਪੱਤਰ ਮਿਲਣ ਤੇ ਹੀ ਆਏ ਹੋਣ। ਤੁਸੀਂ ਉਨ੍ਹਾਂ ਨੂੰ ਪੁੱਛ ਸਕਦੇ ਹੋ ਕਿ ਉਹ ਇੱਥੇ ਪਹਿਲੀ ਵਾਰ ਆਏ ਹਨ ਜਾਂ ਉਹ ਮੰਡਲੀ ਵਿਚ ਕਿਸੇ ਨੂੰ ਜਾਣਦੇ ਹਨ। ਉਨ੍ਹਾਂ ਨੂੰ ਆਪਣੇ ਨਾਲ ਬੈਠਣ ਲਈ ਕਹੋ ਤੇ ਆਪਣੀ ਬਾਈਬਲ ਤੇ ਗੀਤ-ਪੁਸਤਕ ਵਿੱਚੋਂ ਦਿਖਾਓ। ਜੇ ਮੈਮੋਰੀਅਲ ਕਿੰਗਡਮ ਹਾਲ ਵਿਚ ਹੈ, ਤਾਂ ਕਿਉਂ ਨਾ ਉਨ੍ਹਾਂ ਨੂੰ ਆਪਣਾ ਕਿੰਗਡਮ ਹਾਲ ਦਿਖਾਓ। ਭਾਸ਼ਣ ਤੋਂ ਬਾਅਦ ਤੁਸੀਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦੇ ਸਕਦੇ ਹੋ। ਜੇ ਤੁਹਾਡੀ ਮੰਡਲੀ ਦੇ ਪ੍ਰੋਗ੍ਰਾਮ ਤੋਂ ਬਾਅਦ, ਹੋਰ ਮੰਡਲੀ ਦੇ ਆਉਣ ਕਰਕੇ ਤੁਹਾਨੂੰ ਜਲਦੀ ਬਾਹਰ ਨਿਕਲਣਾ ਪਵੇ, ਤਾਂ ਤੁਸੀਂ ਕਹਿ ਸਕਦੇ ਹੋ: “ਮੈਂ ਇਸ ਪ੍ਰੋਗ੍ਰਾਮ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਹਾਂ। ਮੈਂ ਤੁਹਾਨੂੰ ਫਿਰ ਕਦੋਂ ਮਿਲ ਸਕਦਾ ਹਾਂ?” ਫਿਰ ਉਸ ਨੂੰ ਕਿਸੇ ਹੋਰ ਦਿਨ ਮਿਲਣ ਦਾ ਇੰਤਜ਼ਾਮ ਕਰੋ। ਖ਼ਾਸ ਕਰਕੇ ਬਜ਼ੁਰਗਾਂ ਨੂੰ ਮੈਮੋਰੀਅਲ ʼਤੇ ਆਏ ਸੱਚਾਈ ਵਿਚ ਢਿੱਲੇ ਪੈ ਚੁੱਕੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਦੀ ਲੋੜ ਹੈ।
3. ਮੈਮੋਰੀਅਲ ਵਿਚ ਆਏ ਲੋਕਾਂ ਦਾ ਸੁਆਗਤ ਕਰਨਾ ਕਿਉਂ ਜ਼ਰੂਰੀ ਹੈ?
3 ਪਹਿਲੀ ਵਾਰ ਮੈਮੋਰੀਅਲ ʼਤੇ ਆਏ ਲੋਕ ਦੇਖ ਸਕਣਗੇ ਕਿ ਯਹੋਵਾਹ ਦੇ ਲੋਕਾਂ ਵਿਚ ਕਿੰਨੀ ਖ਼ੁਸ਼ੀ, ਸ਼ਾਂਤੀ ਤੇ ਏਕਤਾ ਹੈ। (ਜ਼ਬੂ. 29:11; ਯਸਾ. 11:6-9; 65:13, 14) ਮੈਮੋਰੀਅਲ ਵਿਚ ਹਾਜ਼ਰ ਹੋਏ ਲੋਕ ਕਿਹੜੀ ਗੱਲ ਯਾਦ ਰੱਖਣਗੇ? ਇਹ ਇਸ ਗੱਲ ʼਤੇ ਨਿਰਭਰ ਕਰਦਾ ਹੈ ਕਿ ਅਸੀਂ ਉਨ੍ਹਾਂ ਦਾ ਕਿੱਦਾਂ ਸੁਆਗਤ ਕਰਦੇ ਹਾਂ।