ਯਹੋਵਾਹ ਦੀ ਦਇਆ ਦਾ ਧੰਨਵਾਦ ਕਰੋ
24 ਮਾਰਚ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਈ ਜਾਵੇਗੀ
1. ਅਸੀਂ ਯਹੋਵਾਹ ਦੀ ਦਇਆ ਦਾ ਕੀ ਸਬੂਤ ਦੇਖਦੇ ਹਾਂ?
1 ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: ‘ਯਹੋਵਾਹ ਦੀ ਦਯਾ ਦਾ ਧੰਨਵਾਦ ਕਰੋ, ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ ਦਾ!’ (ਜ਼ਬੂ. 107:8) ਪਰਮੇਸ਼ੁਰ ਦੀ ਦਇਆ ਦਾ ਸਿਰਫ਼ ਇਹੋ ਮਤਲਬ ਨਹੀਂ ਕਿ ਉਸ ਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ। ਇਹ ਗੱਲ ਅਸੀਂ ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਤੋਂ ਸਾਫ਼ ਸਮਝ ਸਕਦੇ ਹਾਂ: “ਹੇ ਯਹੋਵਾਹ, ਤੇਰੀ ਦਯਾ ਮੈਨੂੰ ਸਮਾਲ੍ਹਦੀ ਸੀ।” (ਜ਼ਬੂ. 94:18) ਜੀ ਹਾਂ, ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਸਾਡੀ ਖ਼ਾਤਰ ਕੁਰਬਾਨ ਕਰ ਕੇ ਸਾਡੇ ਉੱਤੇ ਕਿੰਨੀ ਦਇਆ ਕੀਤੀ ਹੈ!—1 ਯੂਹੰ. 4:9, 10.
2. ਅਸੀਂ ਯਹੋਵਾਹ ਦਾ ਧੰਨਵਾਦ ਕਿਵੇਂ ਕਰ ਸਕਦੇ ਹਾਂ?
2 ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਦਾ ਦਿਨ ਨੇੜੇ ਆ ਰਿਹਾ ਹੈ। ਅਸੀਂ ਆਪਣੇ “ਦਿਆਲੂ ਪਰਮੇਸ਼ੁਰ” ਦਾ ਕਿਵੇਂ ਧੰਨਵਾਦ ਕਰ ਸਕਦੇ ਹਾਂ? (ਜ਼ਬੂ. 59:17) ਸਾਨੂੰ ਸਾਰਿਆਂ ਨੂੰ ਯਿਸੂ ਦੀ ਜ਼ਮੀਨੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਉੱਤੇ ਵਿਚਾਰ ਕਰਨ ਲਈ ਸਮਾਂ ਕੱਢਣਾ ਚਾਹੀਦਾ ਹੈ। (ਜ਼ਬੂ. 143:5) ਯਾਦਗਾਰੀ ਸਮਾਰੋਹ ਤੋਂ ਪਹਿਲਾਂ ਦੇ ਕੁਝ ਦਿਨਾਂ ਲਈ ਦਿੱਤੇ ਗਏ ਬਾਈਬਲ ਦੇ ਖ਼ਾਸ ਹਿੱਸਿਆਂ ਨੂੰ ਪੜ੍ਹਨਾ ਵੀ ਲਾਭਦਾਇਕ ਹੋਵੇਗਾ। ਇਹ ਬਾਈਬਲ ਪਠਨ ਹਰ ਰੋਜ਼ ਬਾਈਬਲ ਦੀ ਜਾਂਚ ਕਰੋ 2005 ਪੁਸਤਿਕਾ ਵਿਚ ਦਿੱਤਾ ਗਿਆ ਹੈ। ਜੇ ਹੋ ਸਕੇ ਤਾਂ ਸਰਬ ਮਹਾਨ ਮਨੁੱਖ ਕਿਤਾਬ ਦੇ ਅਧਿਆਇ 112-16 ਵੀ ਪੜ੍ਹੋ। ਤੁਸੀਂ ਹੋਰ ਕਿਤਾਬਾਂ ਵਿੱਚੋਂ ਯਿਸੂ ਦੀ ਜ਼ਮੀਨੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਬਾਰੇ ਪੜ੍ਹ ਸਕਦੇ ਹੋ। ਤੁਸੀਂ ਬਾਈਬਲ ਵਿੱਚੋਂ ਜੋ ਕੁਝ ਪੜ੍ਹਦੇ ਹੋ, ਉਸ ਉੱਤੇ ਧਿਆਨ ਲਾਓ ਅਤੇ ਗਹਿਰਾਈ ਨਾਲ ਵਿਚਾਰ ਕਰੋ। (1 ਤਿਮੋ. 4:15) ਪਰਮੇਸ਼ੁਰ ਦੇ ਬਚਨ ਉੱਤੇ ਪ੍ਰਾਰਥਨਾਪੂਰਵਕ ਸੋਚ-ਵਿਚਾਰ ਕਰਨ ਨਾਲ ਨਾ ਕੇਵਲ ਸਾਡੇ ਦਿਲ ਮਜ਼ਬੂਤ ਹੋਣਗੇ, ਸਗੋਂ ਇਸ ਨਾਲ ਯਹੋਵਾਹ ਲਈ ਸਾਡਾ ਪਿਆਰ ਵੀ ਜ਼ਾਹਰ ਹੋਵੇਗਾ।—ਮੱਤੀ 22:37.
3, 4. (ੳ) ਅਸੀਂ ਲਾਈਬੀਰੀਅਨ ਭਰਾਵਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਅ) ਤੁਸੀਂ ਕਿਨ੍ਹਾਂ ਨੂੰ ਯਾਦਗਾਰੀ ਸਮਾਰੋਹ ਲਈ ਸੱਦਣਾ ਚਾਹੁੰਦੇ ਹੋ?
3 ਪਰਮੇਸ਼ੁਰ ਦਾ ਧੰਨਵਾਦ ਕਰਨ ਲਈ ਦੂਸਰਿਆਂ ਨੂੰ ਉਭਾਰੋ: ਪਿਛਲੇ ਸਾਲ 1,67,60,607 ਲੋਕ ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਆਏ ਸਨ। ਕੁਝ ਸਾਲ ਪਹਿਲਾਂ, ਲਾਈਬੀਰੀਆ ਦੇ ਇਕ ਪਿੰਡ ਵਿਚ ਭਰਾਵਾਂ ਨੇ ਕਸਬੇ ਦੇ ਮੁਖੀ ਨੂੰ ਇਕ ਚਿੱਠੀ ਵਿਚ ਦੱਸਿਆ ਕਿ ਉਹ ਉਸ ਦੇ ਕਸਬੇ ਵਿਚ ਪ੍ਰਭੂ ਦੀ ਮੌਤ ਦਾ ਯਾਦਗਾਰੀ ਸਮਾਰੋਹ ਮਨਾਉਣਾ ਚਾਹੁੰਦੇ ਸਨ। ਮੁਖੀ ਨੇ ਉਨ੍ਹਾਂ ਨੂੰ ਇਹ ਸਮਾਰੋਹ ਮਨਾਉਣ ਲਈ ਸਥਾਨਕ ਫੁਟਬਾਲ ਮੈਦਾਨ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਦਿੱਤੀ। ਉਸ ਨੇ ਪੂਰੇ ਕਸਬੇ ਵਿਚ ਇਸ ਸਮਾਰੋਹ ਦਾ ਐਲਾਨ ਵੀ ਕਰਵਾਇਆ ਅਤੇ ਲੋਕਾਂ ਨੂੰ ਇਸ ਵਿਚ ਆਉਣ ਦਾ ਸੱਦਾ ਦਿੱਤਾ। ਉਸ ਪਿੰਡ ਵਿਚ ਸਿਰਫ਼ ਪੰਜ ਪ੍ਰਕਾਸ਼ਕ ਰਹਿੰਦੇ ਸਨ, ਪਰ 636 ਲੋਕ ਸਮਾਰੋਹ ਵਿਚ ਹਾਜ਼ਰ ਹੋਏ!
4 ਅਸੀਂ ਵੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਆਉਣ ਦਾ ਸੱਦਾ ਦੇਣਾ ਚਾਹੁੰਦੇ ਹਾਂ। ਕਿਉਂ ਨਾ ਤੁਸੀਂ ਉਨ੍ਹਾਂ ਲੋਕਾਂ ਦੀ ਸੂਚੀ ਬਣਾਓ ਜਿਨ੍ਹਾਂ ਨੂੰ ਤੁਸੀਂ ਇਸ ਮੌਕੇ ਲਈ ਸੱਦਣਾ ਚਾਹੁੰਦੇ ਹੋ? ਤੁਸੀਂ ਲੋਕਾਂ ਨੂੰ ਸੱਦਣ ਲਈ ਸਾਡੇ ਰਸਾਲਿਆਂ ਦੇ ਆਖ਼ਰੀ ਸਫ਼ੇ ਉੱਤੇ ਦਿੱਤੀਆਂ ਤਸਵੀਰਾਂ ਇਸਤੇਮਾਲ ਕਰ ਸਕਦੇ ਹੋ ਜਾਂ ਯਾਦਗਾਰੀ ਸਮਾਰੋਹ ਲਈ ਛਪੇ ਸੱਦਾ-ਪੱਤਰ ਵਰਤ ਸਕਦੇ ਹੋ। ਸੱਦਾ-ਪੱਤਰ ਦੇ ਪਿੱਛੇ ਸਮਾਰੋਹ ਦਾ ਸਮਾਂ ਅਤੇ ਥਾਂ ਟਾਈਪ ਕਰੋ ਜਾਂ ਸਾਫ਼-ਸਾਫ਼ ਲਿਖੋ। ਫਿਰ ਜਿਨ੍ਹਾਂ ਨੂੰ ਵੀ ਤੁਸੀਂ ਸਮਾਰੋਹ ਲਈ ਸੱਦਦੇ ਹੋ, ਉਨ੍ਹਾਂ ਨੂੰ ਇਕ ਸੱਦਾ-ਪੱਤਰ ਦੇ ਦਿਓ। ਮਾਰਚ 24 ਤੋਂ ਇਕ-ਦੋ ਦਿਨ ਪਹਿਲਾਂ ਹਰ ਇਕ ਨੂੰ ਫ਼ੋਨ ਕਰ ਕੇ ਸਮਾਰੋਹ ਵਿਚ ਆਉਣ ਦਾ ਚੇਤਾ ਕਰਾਓ ਅਤੇ ਉਨ੍ਹਾਂ ਦੇ ਆਉਣ ਦੇ ਪੱਕੇ ਪ੍ਰਬੰਧ ਕਰੋ।
5. ਅਸੀਂ ਬਾਈਬਲ ਵਿਦਿਆਰਥੀਆਂ ਨੂੰ ਸਮਾਰੋਹ ਵਿਚ ਆਉਣ ਦੀ ਪ੍ਰੇਰਣਾ ਕਿਵੇਂ ਦੇ ਸਕਦੇ ਹਾਂ?
5 ਜਿਹੜੇ ਬਾਈਬਲ ਵਿਦਿਆਰਥੀ ਅਜੇ ਸਭਾਵਾਂ ਵਿਚ ਨਹੀਂ ਆਉਂਦੇ, ਅਸੀਂ ਉਨ੍ਹਾਂ ਨੂੰ ਸਮਾਰੋਹ ਵਿਚ ਆਉਣ ਅਤੇ ਇਸ ਤੋਂ ਪੂਰਾ ਫ਼ਾਇਦਾ ਲੈਣ ਦੀ ਪ੍ਰੇਰਣਾ ਕਿਵੇਂ ਦੇ ਸਕਦੇ ਹਾਂ? ਹਰ ਸਟੱਡੀ ਦੌਰਾਨ ਕੁਝ ਮਿੰਟਾਂ ਲਈ ਵਿਦਿਆਰਥੀ ਨਾਲ ਇਸ ਬਾਰੇ ਚਰਚਾ ਕਰੋ ਕਿ ਯਿਸੂ ਦੀ ਮੌਤ ਦੀ ਯਾਦਗਾਰੀ ਮਨਾਉਣੀ ਕਿਉਂ ਜ਼ਰੂਰੀ ਹੈ। ਇਸ ਵਿਸ਼ੇ ਉੱਤੇ 15 ਮਾਰਚ, 2004, ਪਹਿਰਾਬੁਰਜ, ਸਫ਼ੇ 3-7 ਅਤੇ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ, ਸਫ਼ੇ 266-9 ਵਿਚ ਵਧੀਆ ਜਾਣਕਾਰੀ ਦਿੱਤੀ ਗਈ ਹੈ।
6. ਯਾਦਗਾਰੀ ਸਮਾਰੋਹ ਵਿਚ ਮਹਿਮਾਨਾਂ ਦਾ ਸੁਆਗਤ ਕਰਨਾ ਕਿਉਂ ਜ਼ਰੂਰੀ ਹੈ?
6 ਮਹਿਮਾਨਾਂ ਦਾ ਸੁਆਗਤ ਕਰੋ: ਸਮਾਰੋਹ ਵਿਚ ਆਏ ਲੋਕਾਂ ਦਾ ਸੁਆਗਤ ਕਰੋ ਤੇ ਉਨ੍ਹਾਂ ਨਾਲ ਗੱਲਾਂ ਕਰੋ। (ਰੋਮੀ. 12:13) ਆਪਣੇ ਬੁਲਾਏ ਹੋਏ ਮਹਿਮਾਨਾਂ ਨਾਲ ਬੈਠੋ ਅਤੇ ਉਨ੍ਹਾਂ ਨਾਲ ਬਾਈਬਲ ਤੇ ਗੀਤ ਪੁਸਤਕ ਸਾਂਝੀ ਕਰੋ। ਜੇ ਗ਼ੈਰ-ਸਰਗਰਮ ਭੈਣ-ਭਰਾ ਸਮਾਰੋਹ ਵਿਚ ਆਉਂਦੇ ਹਨ, ਤਾਂ ਉਨ੍ਹਾਂ ਨੂੰ ਪਿਆਰ ਨਾਲ ਜੀ ਆਇਆਂ ਆਖੋ। ਹੋ ਸਕਦਾ ਕਿ ਭੈਣਾਂ-ਭਰਾਵਾਂ ਦਾ ਪਿਆਰ ਦੇਖ ਕੇ ਉਹ ਫਿਰ ਤੋਂ ਸਭਾਵਾਂ ਵਿਚ ਬਾਕਾਇਦਾ ਆਉਣਾ ਸ਼ੁਰੂ ਕਰ ਦੇਣ। (ਲੂਕਾ 15:3-7) ਯਿਸੂ ਦੀ ਮੌਤ ਦੀ ਯਾਦਗਾਰ ਦੇ ਇਸ ਪਵਿੱਤਰ ਮੌਕੇ ਤੇ ਆਓ ਆਪਾਂ ਦੂਸਰਿਆਂ ਦੀ ਹਰ ਸੰਭਵ ਮਦਦ ਕਰੀਏ ਤਾਂਕਿ ਉਹ ਵੀ ਸਾਡੇ ਨਾਲ ਮਿਲ ਕੇ ਯਹੋਵਾਹ ਦੀ “ਅਚਰਜ ਦਯਾ” ਲਈ ਉਸ ਦਾ ਧੰਨਵਾਦ ਕਰਨ।—ਜ਼ਬੂ. 31:21.