‘ਹੇ ਯਹੋਵਾਹ ਦੇ ਸਾਰੇ ਭਗਤੋ, ਉਹ ਦੇ ਨਾਲ ਪ੍ਰੇਮ ਰੱਖੋ’
ਯਿਸੂ ਦੀ ਮੌਤ ਦੀ ਯਾਦਗਾਰ 4 ਅਪ੍ਰੈਲ ਨੂੰ ਮਨਾਈ ਜਾਵੇਗੀ
1 ਕਈ ਸਾਲ ਪਹਿਲਾਂ ਜਦੋਂ ਯੂਕਰੇਨ ਵਿਚ ਕਮਿਊਨਿਸਟ ਸਰਕਾਰ ਦਾ ਰਾਜ ਸੀ, ਤਾਂ ਪੁਲਸ ਭਰਾਵਾਂ ਉੱਤੇ ਨਜ਼ਰ ਰੱਖਦੀ ਸੀ ਤਾਂਕਿ ਭਰਾਵਾਂ ਦੇ ਮਿਲਣ ਦੀ ਥਾਂ ਦਾ ਪਤਾ ਲਾਇਆ ਜਾ ਸਕੇ। ਉਹ ਖ਼ਾਸਕਰ ਪ੍ਰਭੂ ਦੇ ਯਾਦਗਾਰੀ ਸਮਾਰੋਹ ਵਾਲੇ ਦਿਨ ਹੋਰ ਜ਼ਿਆਦਾ ਚੁਕੰਨੇ ਹੋ ਜਾਂਦੇ ਸਨ। ਹਰ ਵਾਰ ਇਹ ਸਮੱਸਿਆ ਖੜ੍ਹੀ ਹੁੰਦੀ ਸੀ ਕਿਉਂਕਿ ਪੁਲਸ ਅਫ਼ਸਰਾਂ ਨੂੰ ਸਮਾਰੋਹ ਦੀ ਤਾਰੀਖ਼ ਪਤਾ ਹੁੰਦੀ ਸੀ। ਇਸ ਹਾਲਤ ਵਿਚ ਭਰਾ ਕੀ ਕਰਦੇ ਸਨ? ਇਕ ਭੈਣ ਦੇ ਘਰ ਦਾ ਤਹਿਖ਼ਾਨਾ ਪਾਣੀ ਨਾਲ ਭਰਿਆ ਹੋਇਆ ਸੀ। ਪੁਲਸ ਨੂੰ ਇਸ ਗੱਲ ਦੀ ਕੋਈ ਉਮੀਦ ਨਹੀਂ ਸੀ ਕਿ ਇੱਥੇ ਕੋਈ ਆਵੇਗਾ। ਪਰ ਭਰਾਵਾਂ ਨੇ ਗੋਡੇ-ਗੋਡੇ ਖੜ੍ਹੇ ਪਾਣੀ ਦੇ ਉੱਪਰ ਲੱਕੜ ਦੇ ਫੱਟੇ ਵਿਛਾ ਲਏ। ਛੱਤ ਨੀਵੀਂ ਹੋਣ ਕਾਰਨ ਉਨ੍ਹਾਂ ਨੂੰ ਝੁਕ ਕੇ ਬੈਠਣਾ ਪਿਆ, ਪਰ ਸਾਰਿਆਂ ਨੇ ਖ਼ੁਸ਼ੀ ਨਾਲ ਸਮਾਰੋਹ ਮਨਾਇਆ ਤੇ ਕੋਈ ਵਿਘਨ ਨਹੀਂ ਪਿਆ।
2 ਯੂਕਰੇਨ ਦੇ ਭਰਾਵਾਂ ਨੇ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਦੇ ਆਪਣੇ ਪੱਕੇ ਇਰਾਦੇ ਤੋਂ ਦਿਖਾਇਆ ਕਿ ਉਹ ਯਹੋਵਾਹ ਨਾਲ ਕਿੰਨਾ ਪਿਆਰ ਕਰਦੇ ਹਨ। (ਲੂਕਾ 22:19; 1 ਯੂਹੰ. 5:3) ਜਦੋਂ ਵੀ ਅਸੀਂ ਕਿਸੇ ਰੁਕਾਵਟ ਦਾ ਸਾਮ੍ਹਣਾ ਕਰ ਰਹੇ ਹੁੰਦੇ ਹਾਂ, ਤਾਂ ਆਓ ਆਪਾਂ ਅਜਿਹੀਆਂ ਮਿਸਾਲਾਂ ਤੋਂ ਹੌਸਲਾ ਲਈਏ ਅਤੇ 4 ਅਪ੍ਰੈਲ ਨੂੰ ਪ੍ਰਭੂ ਦੇ ਯਾਦਗਾਰੀ ਸਮਾਰੋਹ ਵਿਚ ਹਾਜ਼ਰ ਹੋਣ ਦੇ ਆਪਣੇ ਇਰਾਦੇ ਨੂੰ ਮਜ਼ਬੂਤ ਕਰੀਏ। ਇਸ ਤਰ੍ਹਾਂ ਅਸੀਂ ਜ਼ਬੂਰਾਂ ਦੇ ਲਿਖਾਰੀ ਦੇ ਜਜ਼ਬਾਤਾਂ ਨਾਲ ਸਹਿਮਤ ਹੁੰਦੇ ਹਾਂ। ਉਸ ਨੇ ਗਾਇਆ: “ਹੇ ਯਹੋਵਾਹ ਦੇ ਸਾਰੇ ਸੰਤੋ [“ਭਗਤੋ,” ਪਵਿੱਤਰ ਬਾਈਬਲ ਨਵਾਂ ਅਨੁਵਾਦ], ਉਹ ਦੇ ਨਾਲ ਪ੍ਰੇਮ ਰੱਖੋ।”—ਜ਼ਬੂ. 31:23.
3 ਪਰਮੇਸ਼ੁਰ ਲਈ ਪਿਆਰ ਪੈਦਾ ਕਰਨ ਵਿਚ ਦੂਜਿਆਂ ਦੀ ਮਦਦ ਕਰੋ: ਪਰਮੇਸ਼ੁਰ ਲਈ ਪਿਆਰ ਸਾਨੂੰ ਉਕਸਾਉਂਦਾ ਹੈ ਕਿ ਅਸੀਂ ਦੂਜਿਆਂ ਨੂੰ ਵੀ ਇਸ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਦੇਈਏ। ਫਰਵਰੀ ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਸਾਨੂੰ ਉਨ੍ਹਾਂ ਲੋਕਾਂ ਦੀ ਲਿਸਟ ਬਣਾਉਣ ਦਾ ਉਤਸ਼ਾਹ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਅਸੀਂ ਸਮਾਰੋਹ ਵਾਸਤੇ ਸੱਦਣਾ ਚਾਹੁੰਦੇ ਹਾਂ। ਕੀ ਅਸੀਂ ਇਨ੍ਹਾਂ ਵਿਅਕਤੀਆਂ ਨੂੰ ਸੱਦਾ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ? ਉਨ੍ਹਾਂ ਨੂੰ ਇਸ ਮੌਕੇ ਦੀ ਅਹਿਮੀਅਤ ਬਾਰੇ ਸਮਝਾਉਣ ਲਈ ਸਮਾਂ ਕੱਢੋ। ਉਨ੍ਹਾਂ ਨੂੰ ਪਿਆਰ ਨਾਲ ਸਮਾਰੋਹ ਦਾ ਦਿਨ ਤੇ ਤਾਰੀਖ਼ ਚੇਤੇ ਕਰਾਓ। ਜੇ ਹੋ ਸਕੇ, ਤਾਂ ਤੁਸੀਂ ਉਨ੍ਹਾਂ ਨੂੰ ਆਪਣੇ ਨਾਲ ਲਿਆਉਣ ਦੀ ਪੇਸ਼ਕਸ਼ ਕਰੋ। ਇਸ ਤਰ੍ਹਾਂ ਉਨ੍ਹਾਂ ਨੂੰ ਸਮਾਰੋਹ ਵਿਚ ਹਾਜ਼ਰ ਹੋਣ ਦੀ ਹੱਲਾਸ਼ੇਰੀ ਮਿਲ ਸਕਦੀ ਹੈ।
4 ਸੱਦਾ ਸਵੀਕਾਰ ਕਰਨ ਵਾਲਿਆਂ ਦਾ ਸਮਾਰੋਹ ਵਿਚ ਸੁਆਗਤ ਕਰੋ ਅਤੇ ਉਨ੍ਹਾਂ ਨਾਲ ਗੱਲਬਾਤ ਕਰੋ। ਯਹੋਵਾਹ ਲਈ ਪਿਆਰ ਪੈਦਾ ਕਰਨ ਵਿਚ ਤੁਸੀਂ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੇ ਹੋ? ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹੋ। ਜੇ ਤੁਹਾਨੂੰ ਮੁਨਾਸਬ ਲੱਗੇ, ਤਾਂ ਬਾਈਬਲ ਅਧਿਐਨ ਦੀ ਪੇਸ਼ਕਸ਼ ਕਰੋ। ਉਨ੍ਹਾਂ ਨੂੰ ਕਲੀਸਿਯਾ ਸਭਾਵਾਂ ਵਿਚ ਆਉਣ ਦਾ ਸੱਦਾ ਦਿਓ। ਬਜ਼ੁਰਗ ਖ਼ਾਸਕਰ ਸਮਾਰੋਹ ਵਿਚ ਆਏ ਗ਼ੈਰ-ਸਰਗਰਮ ਭੈਣ-ਭਰਾਵਾਂ ਵੱਲ ਧਿਆਨ ਦੇ ਸਕਦੇ ਹਨ। ਉਹ ਇਨ੍ਹਾਂ ਭੈਣ-ਭਰਾਵਾਂ ਨੂੰ ਮਿਲਣ ਦਾ ਇੰਤਜ਼ਾਮ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਫਿਰ ਤੋਂ ਸਰਗਰਮ ਹੋਣ ਦੀ ਹੱਲਾਸ਼ੇਰੀ ਦੇ ਸਕਦੇ ਹਨ। ਉਹ ਸ਼ਾਇਦ ਸਮਾਰੋਹ ਦੇ ਭਾਸ਼ਣ ਵਿਚਲੀਆਂ ਗੱਲਾਂ ਨੂੰ ਹੋਰ ਵਿਸਤਾਰ ਨਾਲ ਸਮਝਾ ਸਕਦੇ ਹਨ।—ਰੋਮੀ. 5:6-8.
5 ਯਹੋਵਾਹ ਲਈ ਆਪਣਾ ਪਿਆਰ ਗੂੜ੍ਹਾ ਕਰੋ: ਰਿਹਾਈ-ਕੀਮਤ ਦੇ ਤੋਹਫ਼ੇ ਬਾਰੇ ਸੋਚ-ਵਿਚਾਰ ਕਰਨ ਨਾਲ ਯਹੋਵਾਹ ਅਤੇ ਉਸ ਦੇ ਪੁੱਤਰ ਲਈ ਸਾਡਾ ਪਿਆਰ ਹੋਰ ਗੂੜ੍ਹਾ ਹੋ ਸਕਦਾ ਹੈ। (2 ਕੁਰਿੰ. 5:14, 15) ਕਈ ਸਾਲਾਂ ਤੋਂ ਸਮਾਰੋਹ ਵਿਚ ਆਉਂਦੀ ਇਕ ਭੈਣ ਨੇ ਕਿਹਾ: “ਅਸੀਂ ਯਾਦਗਾਰੀ ਸਮਾਰੋਹ ਦੀ ਉਡੀਕ ਕਰਦੇ ਹਾਂ। ਹਰ ਸਾਲ ਸਾਡੇ ਲਈ ਇਸ ਦੀ ਅਹਿਮੀਅਤ ਹੋਰ ਵਧ ਜਾਂਦੀ ਹੈ। ਮੈਨੂੰ ਯਾਦ ਹੈ ਕਿ 20 ਸਾਲ ਪਹਿਲਾਂ ਜਦੋਂ ਮੈਂ ਆਪਣੇ ਪਿਤਾ ਜੀ ਦੀ ਲਾਸ਼ ਨੂੰ ਦੇਖ ਰਹੀ ਸੀ, ਤਾਂ ਉਸ ਵੇਲੇ ਮੇਰੇ ਅੰਦਰ ਯਿਸੂ ਦੇ ਬਲੀਦਾਨ ਲਈ ਸੱਚੀ ਕਦਰ ਪੈਦਾ ਹੋਈ। ਉਸ ਤੋਂ ਪਹਿਲਾਂ ਤਾਂ ਮੈਂ ਇਸ ਬਾਰੇ ਸਿਰਫ਼ ਗਿਆਨ ਹੀ ਰੱਖਦੀ ਸੀ। ਮੈਂ ਰਿਹਾਈ-ਕੀਮਤ ਬਾਰੇ ਬਾਈਬਲ ਦੇ ਸਾਰੇ ਹਵਾਲੇ ਜਾਣਦੀ ਸੀ ਤੇ ਉਨ੍ਹਾਂ ਨੂੰ ਸਮਝਾ ਸਕਦੀ ਸੀ! ਪਰ ਜਦੋਂ ਪਿਤਾ ਜੀ ਦੇ ਗੁਜ਼ਰ ਜਾਣ ਤੇ ਮੈਨੂੰ ਮੌਤ ਦੀ ਅਸਲੀਅਤ ਦਾ ਅਹਿਸਾਸ ਹੋਇਆ, ਤਦ ਰਿਹਾਈ-ਕੀਮਤ ਦੇ ਬਹੁਮੁੱਲੇ ਇੰਤਜ਼ਾਮ ਬਾਰੇ ਸੋਚ ਕੇ ਮੇਰਾ ਦਿਲ ਖ਼ੁਸ਼ੀ ਨਾਲ ਝੂਮ ਉੱਠਿਆ।”—ਯੂਹੰ. 5:28, 29.
6 ਜਿਉਂ-ਜਿਉਂ ਇਸ ਸਾਲ ਦੇ ਸਮਾਰੋਹ ਦੀ ਤਾਰੀਖ਼ ਨੇੜੇ ਆਉਂਦੀ ਜਾਂਦੀ ਹੈ, ਸਮਾਰੋਹ ਵਿਚ ਹਾਜ਼ਰ ਹੋਣ ਲਈ ਆਪਣੇ ਦਿਲ ਨੂੰ ਤਿਆਰ ਕਰੋ। (2 ਇਤ. 19:3) ਹਰ ਰੋਜ਼ ਬਾਈਬਲ ਦੀ ਜਾਂਚ ਕਰੋ—2004 ਵਿਚ ਅਤੇ 2004 ਕਲੰਡਰ ਉੱਤੇ ਯਾਦਗਾਰੀ ਸਮਾਰੋਹ ਦੇ ਹਫ਼ਤੇ ਲਈ ਦਿੱਤੀਆਂ ਬਾਈਬਲ ਦੀਆਂ ਆਇਤਾਂ ਉੱਤੇ ਮਨਨ ਕਰੋ। ਕੁਝ ਭੈਣ-ਭਰਾ ਆਪਣੇ ਪਰਿਵਾਰਕ ਅਧਿਐਨ ਦੌਰਾਨ ਸਰਬ ਮਹਾਨ ਮਨੁੱਖ ਕਿਤਾਬ ਦੇ ਅਧਿਆਇ 112-16 ਨੂੰ ਵੀ ਪੜ੍ਹਦੇ ਹਨ। ਕਈ ਭੈਣ-ਭਰਾ ਮਾਤਬਰ ਅਤੇ ਬੁੱਧਵਾਨ ਨੌਕਰ ਵੱਲੋਂ ਦਿੱਤੇ ਪ੍ਰਕਾਸ਼ਨਾਂ ਦੀ ਮਦਦ ਨਾਲ ਹੋਰ ਰਿਸਰਚ ਕਰਦੇ ਹਨ। (ਮੱਤੀ 24:45-47) ਅਸੀਂ ਸਾਰੇ ਹੀ ਆਪਣੀਆਂ ਪ੍ਰਾਰਥਨਾਵਾਂ ਵਿਚ ਰਿਹਾਈ-ਕੀਮਤ ਦੇ ਤੋਹਫ਼ੇ ਲਈ ਯਹੋਵਾਹ ਦਾ ਧੰਨਵਾਦ ਕਰ ਸਕਦੇ ਹਾਂ। (ਜ਼ਬੂ. 50:14, 23) ਆਓ ਆਪਾਂ ਇਸ ਅਹਿਮ ਸਮੇਂ ਦੌਰਾਨ ਯਹੋਵਾਹ ਦੇ ਪਿਆਰ ਉੱਤੇ ਮਨਨ ਕਰੀਏ ਅਤੇ ਉਸ ਪ੍ਰਤੀ ਆਪਣੇ ਪਿਆਰ ਨੂੰ ਜ਼ਾਹਰ ਕਰਨ ਦੇ ਤਰੀਕੇ ਭਾਲੀਏ।—ਮਰ. 12:30; 1 ਯੂਹੰ. 4:10.