ਸਮਝਦਾਰੀ ਨਾਲ ਖ਼ੁਸ਼ ਖ਼ਬਰੀ ਸੁਣਾਓ
1 ਪੌਲੁਸ ਰਸੂਲ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਵੱਖੋ-ਵੱਖਰੇ ਵਿਸ਼ਵਾਸਾਂ ਅਤੇ ਸਭਿਆਚਾਰਾਂ ਦੇ ਲੋਕਾਂ ਨੂੰ ਸਮਝਦਾਰੀ ਨਾਲ ਖ਼ੁਸ਼ ਖ਼ਬਰੀ ਸੁਣਾਉਣ ਦੀ ਲੋੜ ਹੈ। ਸਾਡੇ ਜ਼ਮਾਨੇ ਵਿਚ ਕੁਝ ਲੋਕ ਰੱਬ ਵਿਚ ਵਿਸ਼ਵਾਸ ਰੱਖਦੇ ਹਨ, ਪਰ ਹੋਰ ਲੋਕਾਂ ਨੂੰ ਰੱਬ ਦੀਆਂ ਗੱਲਾਂ ਵਿਚ ਕੋਈ ਰੁਚੀ ਨਹੀਂ ਹੈ ਤੇ ਨਾ ਹੀ ਉਨ੍ਹਾਂ ਨੂੰ ਰੱਬ ਦੇ ਅਸੂਲਾਂ ਦੀ ਕੋਈ ਕਦਰ ਹੈ। ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਹੋਣ ਦੇ ਨਾਤੇ, ਸਾਨੂੰ ਪ੍ਰਚਾਰ ਕਰਦੇ ਵੇਲੇ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਤਾਂਕਿ “ਹਰ ਤਰ੍ਹਾਂ ਦੇ ਲੋਕਾਂ” ਨੂੰ ਰਾਜ ਦਾ ਸੰਦੇਸ਼ ਚੰਗਾ ਲੱਗੇ।—1 ਕੁਰਿੰ. 9:19-23.
2 ਪ੍ਰਚਾਰ ਕਰਦੇ ਵੇਲੇ ਸਮਝਦਾਰੀ ਦਿਖਾਉਣ ਦਾ ਮਤਲਬ ਹੈ ਕਿ ਅਸੀਂ ਘਰ-ਮਾਲਕ ਦੀ ਦਿਲਚਸਪੀ ਮੁਤਾਬਕ ਆਪਣੀ ਪੇਸ਼ਕਾਰੀ ਨੂੰ ਢਾਲੀਏ। ਇਸ ਦੇ ਲਈ ਸਾਨੂੰ ਚੰਗੀ ਤਿਆਰੀ ਕਰਨ ਦੀ ਲੋੜ ਹੈ। ਜੇ ਅਸੀਂ ਕਿਤਾਬਾਂ-ਰਸਾਲਿਆਂ ਵਿਚ ਦਿੱਤੇ ਵੱਖੋ-ਵੱਖਰੇ ਵਿਸ਼ਿਆਂ ਤੋਂ ਚੰਗੀ ਤਰ੍ਹਾਂ ਜਾਣੂ ਹੋਵਾਂਗੇ, ਤਾਂ ਅਸੀਂ ਵੱਖ-ਵੱਖ ਤਰੀਕੇ ਨਾਲ ਗੱਲ ਕਰ ਕੇ ਖ਼ੁਸ਼ ਖ਼ਬਰੀ ਸੁਣਾਉਣ ਲਈ ਤਿਆਰ ਰਹਾਂਗੇ। ਜਦੋਂ ਅਸੀਂ ਬਜ਼ੁਰਗਾਂ, ਨੌਜਵਾਨਾਂ, ਪਰਿਵਾਰਾਂ ਦੇ ਮੁਖੀਆਂ, ਘਰ ਦਾ ਕੰਮ-ਕਾਜ ਕਰਨ ਵਾਲੀਆਂ ਸੁਆਣੀਆਂ, ਨੌਕਰੀ-ਪੇਸ਼ਾ ਤੀਵੀਆਂ ਅਤੇ ਹੋਰ ਲੋਕਾਂ ਨਾਲ ਗੱਲ ਕਰਦੇ ਹਾਂ, ਤਾਂ ਸਾਨੂੰ ਉਨ੍ਹਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਸਮਝਦਾਰੀ ਨਾਲ ਜਾਣਕਾਰੀ ਚੁਣਨੀ ਚਾਹੀਦੀ ਹੈ।
3 ਘਰ-ਮਾਲਕ ਨਾਲ ਗੱਲ ਕਰਨ ਲੱਗਿਆਂ ਅਸੀਂ ਆਲੇ-ਦੁਆਲੇ ਦੀਆਂ ਚੀਜ਼ਾਂ ਵੱਲ ਧਿਆਨ ਦੇ ਸਕਦੇ ਹਾਂ। ਇਸ ਤਰ੍ਹਾਂ ਸ਼ਾਇਦ ਸਾਨੂੰ ਪਤਾ ਲੱਗ ਜਾਵੇ ਕਿ ਘਰ-ਮਾਲਕ ਦੇ ਬੱਚੇ ਹਨ, ਉਹ ਕਿਹੜੇ ਧਰਮ ਨੂੰ ਮੰਨਦਾ ਹੈ ਅਤੇ ਉਹ ਆਪਣੇ ਘਰ ਦੀ ਬਹੁਤ ਸਾਂਭ-ਸੰਭਾਲ ਕਰਦਾ ਹੈ। ਇੱਦਾਂ ਅਸੀਂ ਘਰ-ਮਾਲਕ ਦੇ ਹਾਲਾਤਾਂ ਅਤੇ ਰੁਚੀ ਮੁਤਾਬਕ ਆਪਣੀ ਪੇਸ਼ਕਾਰੀ ਢਾਲ ਸਕਦੇ ਹਾਂ। ਉਸ ਨੂੰ ਸਮਝਦਾਰੀ ਨਾਲ ਸਵਾਲ ਪੁੱਛ ਕੇ ਅਤੇ ਉਸ ਦੀ ਗੱਲ ਧਿਆਨ ਨਾਲ ਸੁਣ ਕੇ ਅਸੀਂ ਉਸ ਦੇ ਵਿਸ਼ਵਾਸਾਂ ਤੇ ਭਾਵਨਾਵਾਂ ਬਾਰੇ ਜਾਣ ਸਕਦੇ ਹਾਂ। ਫਿਰ ਅਸੀਂ ਵਧੀਆ ਤਰੀਕੇ ਨਾਲ ਆਪਣੀ ਗੱਲਬਾਤ ਜਾਰੀ ਰੱਖ ਸਕਦੇ ਹਾਂ।
4 ਚੰਗੀ ਤਰ੍ਹਾਂ ਤਿਆਰੀ ਕਰ ਕੇ ਅਤੇ ਸਮਝਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਕੇ ਅਸੀਂ ਵੀ ਪੌਲੁਸ ਰਸੂਲ ਵਾਂਗ ਕਹਿ ਸਕਾਂਗੇ: “ਮੈਂ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਸਭ ਕੁਝ ਕੀਤਾ ਹੈ ਤਾਂਕਿ ਮੈਂ ਹਰ ਸੰਭਵ ਤਰੀਕੇ ਨਾਲ ਕੁਝ ਲੋਕਾਂ ਨੂੰ ਬਚਾ ਸਕਾਂ।”—1 ਕੁਰਿੰ. 9:22; ਕਹਾ. 19:8.