ਇਕ ਸਮੱਸਿਆ-ਰਹਿਤ ਪਰਾਦੀਸ ਦੀ ਖੋਜ
“ਅਸੀਂ ਕੇਵਲ ਇਕ ਸੁਰੱਖਿਅਤ, ਅਤੇ ਸ਼ਾਇਦ ਪੁਰਾਣੀ ਜੀਵਨ-ਸ਼ੈਲੀ ਨੂੰ ਉਤਪੰਨ ਕਰਨਾ ਚਾਹੁੰਦੇ ਹਾਂ ਜਿੱਥੇ ਲੋਕ ਇਕ ਦੂਜੇ ਦੀ ਪਰਵਾਹ ਕਰਦੇ ਹਨ,” ਇਕ ਬਰਤਾਨਵੀ ਵਿਵਾਹਿਤ ਜੋੜੇ ਨੇ ਵਿਆਖਿਆ ਕੀਤੀ। ਉਨ੍ਹਾਂ ਨੇ ਇਕ ਤਪਤ-ਖੰਡੀ ਟਾਪੂ ਵਾਲੇ ਪਰਾਦੀਸ ਨੂੰ ਭਾਲਣ ਅਤੇ ਉੱਥੇ ਇਕ ਭਾਈਚਾਰਾ ਸਥਾਪਿਤ ਕਰਨ ਦੀ ਸਲਾਹ ਬਣਾਈ ਜੋ ਸ਼ਾਂਤੀ ਵਿਚ ਇਕੱਠਾ ਵਸਦਾ। ਬਿਨਾਂ ਸ਼ੱਕ ਤੁਸੀਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹੋ। ਇਕ ਸਮੱਸਿਆ-ਰਹਿਤ ਪਰਾਦੀਸ ਵਿਚ ਰਹਿਣ ਦੇ ਮੌਕੇ ਨੂੰ ਕੌਣ ਤੁਰੰਤ ਸਵੀਕਾਰ ਨਾ ਕਰੇਗਾ?
ਕੀ ਅੱਡਰਾਪਣ ਇਸ ਦਾ ਹੱਲ ਹੈ?
ਪਰਾਦੀਸ ਭਾਲਣ ਵਾਲੇ ਅਨੇਕ ਵਿਅਕਤੀਆਂ ਨੂੰ ਕਿਸੇ ਟਾਪੂ ਉੱਤੇ ਵਸਣ ਦਾ ਖ਼ਿਆਲ ਆਕਰਸ਼ਿਤ ਕਰਦਾ ਹੈ ਕਿਉਂਕਿ ਅੱਡਰਾਪਣ ਕੁਝ ਹੱਦ ਤਕ ਸੁਰੱਖਿਆ ਪੇਸ਼ ਕਰਦਾ ਹੈ। ਕੁਝ ਲੋਕ ਪਨਾਮਾ ਦੇ ਸ਼ਾਂਤ ਮਹਾਂਸਾਗਰੀ ਕਿਨਾਰੇ ਤੋਂ ਪਰੇ ਦੀਪਾਂ ਨੂੰ ਚੁਣਦੇ ਹਨ, ਜਾਂ ਕੈਰੀਬੀਅਨ ਵਿਚ ਸਥਿਤ ਦੀਪ-ਸਮੂਹ, ਜਿਵੇਂ ਕਿ ਬੇਲੀਜ਼ ਦੇ ਲਾਗੇ ਦੀਪ-ਸਮੂਹਾਂ ਨੂੰ ਚੁਣਦੇ ਹਨ। ਦੂਜੇ ਹਿੰਦ ਮਹਾਂਸਾਗਰ ਵਿਚ ਪਾਏ ਜਾਂਦੇ ਮਨਮੋਹਕ ਸਥਾਨਾਂ, ਜਿਵੇਂ ਕਿ ਸੀਸ਼ਲਜ਼ ਵੱਲ ਆਪਣਾ ਧਿਆਨ ਲਾਉਂਦੇ ਹਨ।
ਇਸ ਅੱਡਰੇ ਸਮਾਜ ਨੂੰ ਸਥਾਪਿਤ ਕਰਨ ਦੀ ਯੋਜਨਾਬੰਦੀ ਬਾਰੇ ਕਲਪਨਾ ਕਰਨੀ ਵੀ ਔਖੀ ਜਾਪਦੀ ਹੈ। ਜੇਕਰ ਚੋਖਾ ਪੈਸਾ ਉਪਲਬਧ ਵੀ ਹੈ, ਫਿਰ ਵੀ ਮੌਜੂਦਾ ਸਰਕਾਰੀ ਵਿਧਾਨ ਇਕ ਜ਼ਮੀਨ ਦੀ ਜਲਦ ਖ਼ਰੀਦਾਰੀ ਉੱਤੇ ਪਾਬੰਦੀ ਲਗਾ ਸਕਦਾ ਹੈ। ਪਰੰਤੂ ਫ਼ਰਜ਼ ਕਰੋ ਕਿ ਉਹ ਮਨਮੋਹਕ ਤਪਤ-ਖੰਡੀ ਦੀਪ ਹਾਸਲ ਹੋ ਜਾਵੇ, ਤਾਂ ਕੀ ਤੁਸੀਂ ਉੱਥੇ ਖ਼ੁਸ਼ ਹੋਵੋਗੇ? ਕੀ ਤੁਹਾਡਾ ਪਰਾਦੀਸ ਸਮੱਸਿਆ-ਰਹਿਤ ਹੋਵੇਗਾ?
ਬਰਤਾਨੀਆ ਦੇ ਸਮੁੰਦਰੀ ਕਿਨਾਰਿਆਂ ਦੇ ਆਲੇ-ਦੁਆਲੇ ਦੂਰਵਰਤੀ ਟਾਪੂਆਂ ਵਿਚ ਆਬਾਦੀ ਵੱਧ ਰਹੀ ਹੈ। ਇਨ੍ਹਾਂ ਦੇ ਨਵੇਂ ਵਸਨੀਕ ਮੁੱਖ ਤੌਰ ਤੇ ਇਕਾਂਤ ਅਤੇ ਸ਼ਾਂਤੀ ਭਾਲ ਰਹੇ ਲੋਕ ਹਨ। ਸਕਾਟਲੈਂਡ ਦੇ ਪੱਛਮੀ ਕਿਨਾਰੇ ਦੇ ਨਜ਼ਦੀਕ, 250-ਏਕੜ ਈਓਰਸਾ ਨਾਮਕ ਇਕ ਟਾਪੂ ਉੱਤੇ ਇਕੱਲਾ ਰਹਿੰਦਾ ਇਕ ਪੁਰਸ਼ ਦਾਅਵਾ ਕਰਦਾ ਹੈ ਕਿ ਉਹ ਕਦੇ ਵੀ ਇਕੱਲਾ ਨਹੀਂ ਮਹਿਸੂਸ ਕਰਦਾ ਕਿਉਂਕਿ ਉਹ ਆਪਣੇ ਇਕ ਸੌ ਭੇਡਾਂ ਦੇ ਇੱਜੜ ਦੀ ਦੇਖ-ਭਾਲ ਕਰਨ ਵਿਚ ਰੁੱਝਿਆ ਰਹਿੰਦਾ ਹੈ। ਦੂਜੇ ਵਿਅਕਤੀ ਜਿਨ੍ਹਾਂ ਨੇ ਕਿਸੇ ਟਾਪੂ ਦੇ ਇਕਾਂਤ ਨੂੰ ਭਾਲਿਆ ਹੈ, ਜਲਦੀ ਹੀ ਇਕੱਲੇ ਮਹਿਸੂਸ ਕਰਨ ਲੱਗ ਪੈਂਦੇ ਹਨ। ਰਿਪੋਰਟਾਂ ਅਨੁਸਾਰ ਕੁਝ ਨੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਬਚਾਉਣ ਦੀ ਜ਼ਰੂਰਤ ਪਈ।
ਅਨੇਕ ਲੋਕ ਯਕੀਨ ਕਰਦੇ ਹਨ ਕਿ ਮਨਮੋਹਕ ਤਪਤ-ਖੰਡੀ ਟਾਪੂ ਇਕ ਪਰਾਦੀਸ ਹੀ ਹੋਵੇਗਾ। ਇਕ ਅਜਿਹੇ ਸੁਖਾਵੇਂ ਜਲਵਾਯੂ ਵਿਚ ਵਸਣਾ ਜਿੱਥੇ ਮੌਸਮ ਘੱਟ-ਵੱਧ ਹੀ ਬਦਲੇ, ਉਨ੍ਹਾਂ ਦੇ ਮਨ ਨੂੰ ਭਾਉਂਦਾ ਹੈ। ਪਰੰਤੂ ਧਰਤੀ ਦੇ ਤਾਪਮਾਨ ਵਿਚ ਸੰਭਾਵੀ ਵਾਧੇ ਨੇ ਅਤੇ ਇਸ ਦੇ ਕਾਰਨ ਸਮੁੰਦਰ ਦੀ ਸਤਹ ਵਿਚ ਚੜ੍ਹਾਅ ਨੇ ਅਨੇਕ ਟਾਪੂਵਾਸੀਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪੱਛਮੀ ਸ਼ਾਂਤ ਮਹਾਂਸਾਗਰ ਵਿਚ ਟੋਕਲਾਓ ਖੇਤਰ ਵਿਚ ਮੂੰਗੇ ਦੇ ਨੀਵੇਂ-ਨੀਵੇਂ ਚੱਕਰਦਾਰ ਪਹਾੜਾਂ (atolls) ਉੱਤੇ ਵਸਦੇ ਨਿਵਾਸੀ ਵੀ ਇਸੇ ਤਰ੍ਹਾਂ ਦਾ ਖ਼ਤਰਾ ਮਹਿਸੂਸ ਕਰਦੇ ਹਨ। ਨਾਲੇ ਹਿੰਦ ਮਹਾਂਸਾਗਰ ਵਿਚ ਖਿੰਡਰੇ ਹੋਏ ਮਾਲਦੀਵ ਦੀਪ-ਸਮੂਹ ਦੇ ਨਿਵਾਸੀ ਵੀ ਡਰਦੇ ਹਨ ਕਿਉਂਕਿ ਉੱਚ ਜਵਾਰਭਾਟੇ ਦੌਰਾਨ ਇਹ ਦੀਪ ਸਮੁੰਦਰ ਦੀ ਸਤਹ ਤੋਂ ਕੁਝ ਦੋ ਮੀਟਰ ਹੀ ਉੱਚੇ ਹੁੰਦੇ ਹਨ।
ਉਨ੍ਹਾਂ ਦੀ ਦੁਰਦਸ਼ਾ ਲਈ ਸਮਰਥਨ ਮੰਗਣ ਵਾਸਤੇ ਤਕਰੀਬਨ 40 ਵੱਖਰੋ-ਵੱਖਰੀਆਂ ਸਰਕਾਰਾਂ, ਛੋਟੇ ਟਾਪੂ ਵਿਕਾਸਸ਼ੀਲ ਰਾਜ ਫੈਡਰੇਸ਼ਨ ਵਿਚ ਇਕਮੁੱਠ ਹੋ ਗਈਆਂ ਹਨ। ਭਾਵੇਂ ਕਿ ਛੋਟੇ-ਛੋਟੇ ਟਾਪੂਆਂ ਦੇ ਵਸਨੀਕਾਂ ਦੀਆਂ ਆਮ ਤੌਰ ਤੇ ਲੰਬੀਆਂ ਉਮਰਾਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਨਿਆਣਿਆਂ ਦੀ ਮੌਤ ਘੱਟ ਹੁੰਦੀ ਹੈ, ਪਰੰਤੂ ਉਹ ਵਾਤਾਵਰਣ ਸੰਬੰਧੀ ਗੰਭੀਰ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਰਹਿੰਦੇ ਹਨ। ਸਮੁੰਦਰ ਉੱਤੇ ਤੇਲ ਦੀਆਂ ਤਹਿਆਂ ਅਤੇ ਸਮੁੰਦਰ ਵਿਚ ਗੰਦ ਕੁਝ ਟਾਪੂਆਂ ਦੀਆਂ ਆਰਥਿਕ ਵਿਵਸਥਾਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਦੂਜੇ ਟਾਪੂ ਉਸ ਜ਼ਹਿਰੀਲੇ ਕੂੜੇ-ਕਰਕਟ ਦੇ ਢੇਰ ਬਣ ਜਾਂਦੇ ਹਨ ਜੋ ਵੱਡੀਆਂ ਕੌਮਾਂ ਸੁੱਟਣਾ ਚਾਹੁੰਦੀਆਂ ਹਨ।
ਪਰਾਦੀਸ ਭਾਲਣ ਵਾਲਿਆਂ ਲਈ ਇਕ ਸੁਰੱਖਿਅਤ ਜਗ੍ਹਾ ਵਜੋਂ, ਟਾਪੂਆਂ ਦੀ ਮਨਮੋਹਕਤਾ ਵੀ ਇਕ ਖ਼ਤਰਾ ਪੇਸ਼ ਕਰਦੀ ਹੈ। ਕਿਵੇਂ? ਟਾਪੂਆਂ ਦੇ ਧੁੱਪਦਾਰ ਕੰਢਿਆਂ ਤੇ ਆਉਣ-ਜਾਣ ਵਾਲੇ ਸੈਲਾਨੀਆਂ ਕਾਰਨ ਬਹੁਤ ਭੀੜ ਪੈਂਦੀ ਹੈ ਅਤੇ ਉਹ ਟਾਪੂਆਂ ਦੇ ਥੋੜ੍ਹੇ ਸਾਧਨਾਂ ਨੂੰ ਖ਼ਤਮ ਕਰ ਦਿੰਦੇ ਹਨ। ਇਹ ਸੈਲਾਨੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਵੀ ਹੋਰ ਜ਼ਿਆਦਾ ਵਿਗਾੜਦੇ ਹਨ। ਮਿਸਾਲ ਲਈ, ਕੈਰੀਬੀਅਨ ਵਿਚ 2 ਕਰੋੜ ਸੈਲਾਨੀਆਂ ਦੁਆਰਾ ਪੈਦਾ ਕੀਤੇ ਗਏ ਗੰਦੇ ਪਾਣੀ ਦਾ ਕੇਵਲ ਦਸਵਾਂ ਹਿੱਸਾ ਹੀ ਕਿਸੇ ਉਚਿਤ ਪ੍ਰਕ੍ਰਿਆ ਰਾਹੀਂ ਸਾਫ਼ ਕਰ ਕੇ ਥਾਂ-ਟਿਕਾਣੇ ਲਾਇਆ ਜਾਂਦਾ ਹੈ।
ਦੂਜੇ ਵਿਦੇਸ਼ੀ ਸਥਾਨਾਂ ਵਿਚ ਵੀ ਅਜਿਹਾ ਕੁਝ ਹੁੰਦਾ ਹੈ। ਭਾਰਤ ਦੇ ਪੱਛਮੀ ਕਿਨਾਰੇ ਤੇ ਸਥਿਤ ਗੋਆ ਵਿਚ ਵਾਪਰ ਰਹੀਆਂ ਘਟਨਾਵਾਂ ਉੱਤੇ ਵਿਚਾਰ ਕਰੋ। “ਵੱਡੀ ਮਾਤਰਾ ਵਿਚ ਟੂਰਿਜ਼ਮ ‘ਇਕ ਪਰਾਦੀਸ ਨੂੰ ਜ਼ਹਿਰੀਲਾ ਬਣਾ ਰਿਹਾ ਹੈ,’” ਲੰਡਨ ਦੇ ਦ ਇੰਡੀਪੈਂਡੰਟ ਔਨ ਸੰਡੇ ਨੇ ਐਲਾਨ ਕੀਤਾ। ਸਰਕਾਰੀ ਅਨੁਮਾਨ 1972 ਵਿਚ 10,000 ਤੋਂ ਲੈ ਕੇ 1990 ਦੇ ਦਹਾਕੇ ਦੇ ਪਹਿਲੇ ਹਿੱਸੇ ਤਕ ਇਕ ਲੱਖ ਤੋਂ ਜ਼ਿਆਦਾ ਸੈਲਾਨੀਆਂ ਦਾ ਵਾਧਾ ਦਿਖਾਉਂਦੇ ਹਨ। ਇਕ ਸਮੂਹ ਚੇਤਾਵਨੀ ਦਿੰਦਾ ਹੈ ਕਿ ਗੋਆ ਦਾ ਨਾਜ਼ੁਕ ਵਾਤਾਵਰਣ ਅਤੇ ਨਿਰਾਲਾ ਸਭਿਆਚਾਰ ਉਨ੍ਹਾਂ ਹੋਟਲ ਮਾਲਕਾਂ ਦੇ ਲਾਲਚ ਕਾਰਨ ਖ਼ਤਰੇ ਵਿਚ ਹੈ ਜੋ ਸੈਲਾਨੀਆਂ ਦੀ ਬਹੁਤਾਤ ਦਾ ਲਾਹਾ ਲੈਣ ਵਿਚ ਉਤਸੁਕ ਹਨ। ਇਕ ਭਾਰਤੀ ਸਰਕਾਰੀ ਰਿਪੋਰਟ ਨੇ ਪੁਸ਼ਟੀ ਕੀਤੀ ਕਿ ਕੁਝ ਹੋਟਲ ਸਮੁੰਦਰ ਦੇ ਰੇਤਲੇ ਕੰਢੇ ਤੇ ਗ਼ੈਰ-ਕਾਨੂੰਨੀ ਤੌਰ ਤੇ ਬਣਾਏ ਗਏ ਹਨ। ਰੇਤ ਪੁੱਟੀ ਗਈ ਹੈ, ਬਿਰਛ ਕੱਟੇ ਗਏ ਹਨ, ਅਤੇ ਟਿੱਬੇ ਪੱਧਰੀ ਥਾਂ ਬਣਾਏ ਗਏ ਹਨ। ਗੰਦਾ ਪਾਣੀ ਸਮੁੰਦਰ ਦੇ ਰੇਤਲੇ ਕਿਨਾਰੇ ਤੇ ਵਹਾਇਆ ਜਾਂਦਾ ਹੈ ਜਾਂ ਨੇੜੇ ਚਾਵਲਾਂ ਦੇ ਖੇਤਾਂ ਵਿਚ ਚਲਾ ਜਾਂਦਾ ਹੈ ਜਿਸ ਕਾਰਨ ਗੰਦਗੀ ਫੈਲ ਜਾਂਦੀ ਹੈ।
ਅਪਰਾਧ ਰਹਿਤ?
ਅਪਰਾਧ ਦਾ ਫੈਲਾਅ ਸਭ ਤੋਂ ਜ਼ਿਆਦਾ ਸ਼ਾਂਤਮਈ ਇਲਾਕਿਆਂ ਦੇ ਨਾਂ ਨੂੰ ਵੀ ਖ਼ਰਾਬ ਕਰਦਾ ਹੈ। ਬਾਰਬੂਡਾ, ਇਕ ਛੋਟੇ ਜਿਹੇ ਕੈਰੀਬੀਅਨ ਟਾਪੂ ਤੋਂ ਇਕ ਰਿਪੋਰਟ ਮਿਲੀ ਜਿਸ ਦੀ ਸੁਰਖੀ ਹੈ “ਪਰਾਦੀਸ ਵਿਚ ਕਤਲਾਮ।” ਇਸ ਰਿਪੋਰਟ ਨੇ ਇਕ ਟਾਪੂ ਦੇ ਕਿਨਾਰੇ ਰੁਕੀ ਹੋਈ ਸੁੱਖ-ਸਾਧਨਾਂ ਨਾਲ ਸੁਸੱਜਿਤ ਯਾਟ-ਕਿਸ਼ਤੀ ਉੱਤੇ ਹੋਏ ਚਾਰ ਖ਼ੌਫ਼ਨਾਕ ਕਤਲਾਂ ਬਾਰੇ ਦੱਸਿਆ। ਅਜਿਹੀਆਂ ਘਟਨਾਵਾਂ ਸਾਰੇ ਇਲਾਕੇ ਵਿਚ ਅਪਰਾਧ ਦੇ ਫੈਲਾਅ ਬਾਰੇ ਚਿੰਤਾ ਵਧਾਉਂਦੀਆਂ ਹਨ।
ਲੰਡਨ ਦੇ ਦ ਸੰਡੇ ਟਾਈਮਜ਼ ਅਨੁਸਾਰ ਇਕ ਮੱਧ ਅਮਰੀਕਨ ਦੇਸ਼ ਬਾਰੇ ਇਕ ਰਿਪੋਰਟ ਦੀ ਸੁਰਖੀ “ਨਸ਼ੀਲੀਆਂ ਦਵਾਈਆਂ ਕਾਰਨ ‘ਪਰਾਦੀਸ’ ਵਿਚ ਗਿਰੋਹ ਜੰਗ ਸ਼ੁਰੂ” ਪੜ੍ਹਨ ਵਿਚ ਆਈ। ਇਕ ਸਥਾਨਕ ਸੰਪਾਦਕ ਨੇ ਇਹ ਟਿੱਪਣੀ ਕਰ ਕੇ ਇਸ ਹਕੀਕਤ ਉੱਤੇ ਵਿਰਲਾਪ ਕੀਤਾ ਕਿ ਸ਼ਾਂਤੀ ਲੋਪ ਹੋ ਗਈ ਹੈ: “ਸਵੇਰ ਨੂੰ ਉੱਠ ਕੇ ਕਿਸੇ 16 ਸਾਲਾਂ ਦੇ ਜਵਾਨ ਨੂੰ ਸੜਕ ਤੇ ਲਹੂ ਦੇ ਛੱਪੜ ਵਿਚ ਪਏ ਦੇਖਣਾ ਹੁਣ ਇਕ ਸਾਧਾਰਣ ਗੱਲ ਹੋ ਗਈ ਹੈ।”
ਜਿਨ੍ਹਾਂ ਵਿਅਕਤੀਆਂ ਦਾ ਭਾਈਚਾਰਕ ਪਰਾਦੀਸ ਵਿਚ ਰਹਿਣ ਦਾ ਉਦੇਸ਼ ਹੁੰਦਾ ਹੈ, ਉਹ ਅਜਿਹੇ ਲੋਕਾਂ ਨੂੰ ਆਕਰਸ਼ਿਤ ਕਰਨ ਦੀ ਉਮੀਦ ਰੱਖਦੇ ਹਨ ਜੋ ਸ਼ਾਂਤੀ ਵਿਚ ਵਸਣ ਲਈ ਸਹਿਮਤ ਹੋਣਗੇ। ਪਰੰਤੂ ਅਸਲੀਅਤ ਕੀ ਹੈ? ਆਰੰਭ ਵਿਚ ਜ਼ਿਕਰ ਕੀਤੇ ਗਏ ਬਰਤਾਨਵੀ ਜੋੜੇ ਦੇ ਮਾਮਲੇ ਵਿਚ ਅਸਹਿਮਤੀਆਂ ਜਲਦੀ ਹੀ ਪ੍ਰਗਟ ਹੋ ਗਈਆਂ। ਸਪੱਸ਼ਟ ਤੌਰ ਤੇ ਇਸ ਯੋਜਨਾ ਵਿਚ ਸ਼ਾਮਲ ਹੋਏ ਕੁਝ ਭਾਈਵਾਲ ਇਸ ਸਕੀਮ ਤੋਂ ਪੈਸਾ ਕਮਾਉਣਾ ਚਾਹੁੰਦੇ ਸਨ। “ਸਾਨੂੰ ਆਗੂਆਂ ਦੀ ਜ਼ਰੂਰਤ ਨਹੀਂ ਹੈ,” ਸਕੀਮ ਦੇ ਮੋਢੀ ਨੇ ਘੋਸ਼ਿਤ ਕੀਤਾ। “ਆਪਣੀਆਂ ਯੋਜਨਾਵਾਂ ਨੂੰ ਸਾਕਾਰ ਕਰਨ ਲਈ ਆਪਣੇ ਸਾਰੇ ਸਾਧਨ ਸਾਂਝੇ ਕਰਨ ਦੀ ਜ਼ਰੂਰਤ ਹੈ। ਮੈਂ ਇਸ ਨੂੰ ਇਕ ਸੁਪਨਦਰਸ਼ੀ ਭਾਈਚਾਰਾ ਸੱਦਦਾ ਹਾਂ।” ਇਹ ਇਸ ਕਿਸਮ ਦਾ ਪਹਿਲਾ ਪ੍ਰਾਜੈਕਟ ਨਹੀਂ ਹੈ।—“ਪਰਾਦੀਸੀ ਭਾਈਚਾਰੇ ਵਿਚ ਤਜਰਬੇ” ਡੱਬੀ ਦੇਖੋ।
ਪਰਾਦੀਸ ਨੂੰ ਭਾਲਣ ਵਾਲੇ ਕਈ ਦੂਜੇ ਵਿਅਕਤੀ ਯਕੀਨ ਕਰਦੇ ਹਨ ਕਿ ਉਹ ਲਾਟਰੀ ਜਿੱਤ ਕੇ ਆਪਣੇ ਟੀਚੇ ਨੂੰ ਹਾਸਲ ਕਰ ਲੈਣਗੇ। ਪਰੰਤੂ ਇਸ ਢੰਗ ਨਾਲ ਹਾਸਲ ਕੀਤਾ ਗਿਆ ਧਨ ਘੱਟ ਹੀ ਖ਼ੁਸ਼ੀ ਲਿਆਉਂਦਾ ਹੈ। ਫਰਵਰੀ 1995 ਦੇ ਦ ਸੰਡੇ ਟਾਈਮਜ਼ ਨੇ ਰਿਪੋਰਟ ਕੀਤਾ ਕਿ ਬਰਤਾਨੀਆ ਦੇ ਹੁਣ ਤਕ ਸਭ ਤੋਂ ਵੱਡੀ ਲਾਟਰੀ ਜਿੱਤਣ ਵਾਲੇ ਪਰਿਵਾਰ ਨੇ ਆਪਸ ਵਿਚ ਸਖ਼ਤ ਝਗੜੇ ਸਹੇੜੇ; ਲਾਟਰੀ ਦੀ ਜਿੱਤ ਨੇ ਉਨ੍ਹਾਂ ਨੂੰ “ਰੋਸੇ, ਵੈਰ ਅਤੇ ਨਿਰਾਸ਼ਾ” ਤੋਂ ਇਲਾਵਾ ਕੁਝ ਨਹੀਂ ਦਿੱਤਾ। ਅਜਿਹੀਆਂ ਪਰਿਸਥਿਤੀਆਂ ਵਿਚ ਇਹ ਕੋਈ ਅਨੋਖੀ ਗੱਲ ਨਹੀਂ ਹੈ।
ਮਾਨਵ ਦੀ ਕਾਲਪਨਿਕ ਸੰਸਾਰ ਲਈ ਖੋਜ ਬਾਰੇ ਇਕ ਅਧਿਐਨ ਵਿਚ, ਪੱਤਰਕਾਰ ਬਰਨਾਰਡ ਲੈਵਿਨ “ਫ਼ੌਰੀ ਦੌਲਤ ਦੇ ਸੁਪਨੇ” ਉੱਤੇ ਟਿੱਪਣੀ ਕਰਦੇ ਹੋਏ ਦਾਅਵਾ ਕਰਦਾ ਹੈ: “ਦੌਲਤ ਦੇ ਸੁਪਨੇ, ਸਾਧਾਰਣ ਸੁਪਨਿਆਂ ਵਾਂਗ ਡਰਾਉਣੇ ਅਤੇ ਦੁਖਦਾਈ ਸੁਪਨਿਆਂ ਵਿਚ ਝਟਪਟ ਬਦਲ ਸਕਦੇ ਹਨ। ਫ਼ੌਰੀ ਦੌਲਤ ਹਾਸਲ ਹੋਣ ਦੀ ਵਜ੍ਹਾ, ਵੱਡੀ ਤਬਾਹੀ ਦੀਆਂ ਇੰਨੀਆਂ ਸਾਰੀਆਂ ਪ੍ਰਮਾਣਕ ਕਹਾਣੀਆਂ ਹਨ (ਜਿਨ੍ਹਾਂ ਵਿਚ ਖ਼ੁਦਕਸ਼ੀ ਵੀ ਸ਼ਾਮਲ ਹੈ) ਕਿ ਇਨ੍ਹਾਂ ਨੂੰ ਸੰਜੋਗ ਵਜੋਂ ਰੱਦ ਨਹੀਂ ਕੀਤਾ ਜਾ ਸਕਦਾ ਹੈ।”
ਕਿਆਮਤੀ ਪੰਥਾਂ ਦੇ ਬਾਰੇ ਕੀ?
ਦੂਜੀਆਂ ਪਰਾਦੀਸੀ ਸਕੀਮਾਂ ਵਿਚ ਹੋਰ ਭੈੜੇ ਉਦੇਸ਼ ਸ਼ਾਮਲ ਰਹੇ ਹਨ। 1993 ਵਿਚ ਵੇਕੋ, ਟੈਕਸਸ, ਵਿਖੇ ਸਰਕਾਰੀ ਕਾਨੂੰਨ-ਪਾਲਕ ਏਜੰਟਾਂ ਦੁਆਰਾ ਬਰਾਂਚ ਡਵਿਡੀਅਨ ਨਾਮਕ ਇਕ ਪੰਥ ਦੀ ਘੇਰਾਬੰਦੀ ਦੀ ਰਿਪੋਰਟ ਕਰਦਿਆਂ, ਇਕ ਅਖ਼ਬਾਰ ਨੇ “ਬੰਦੂਕਾਂ, ਮਤ-ਨਿਯੰਤ੍ਰਣ ਅਤੇ ਇਕ ਕਿਆਮਤੀ ਪੈਗੰਬਰ ਦੇ ਵਿਸਫੋਟਕ ਮਿਸ਼੍ਰਣ” ਉੱਤੇ ਟਿੱਪਣੀ ਕੀਤੀ ਜਿਸ ਨੇ ਇਹ ਆਫ਼ਤ ਲਿਆਂਦੀ। ਅਫ਼ਸੋਸ ਹੈ ਕਿ ਇਹ ਇਕ ਵਿਰਲੀ ਘਟਨਾ ਨਹੀਂ ਹੈ।
ਇਕ ਭਾਰਤੀ ਧਾਰਮਿਕ ਆਗੂ, ਸਾਬਕਾ ਭਗਵਾਨ ਸ਼੍ਰੀ ਰਜਨੀਸ਼ ਦੇ ਪੈਰੋਕਾਰਾਂ ਨੇ ਆਰੇਗਨ ਵਿਚ ਇਕ ਭਾਈਚਾਰਾ ਸਥਾਪਿਤ ਕੀਤਾ ਪਰੰਤੂ ਆਪਣੇ ਗੁਆਂਢੀਆਂ ਦੀਆਂ ਨੈਤਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ। ਉਨ੍ਹਾਂ ਦੇ ਆਗੂ ਦੀ ਅਮੀਰੀ ਅਤੇ ਉਨ੍ਹਾਂ ਦੁਆਰਾ ਕੀਤੇ ਲਿੰਗੀ ਤਜਰਬਿਆਂ ਨੇ ਇਕ “ਸੁੰਦਰ ਵਿਸ਼ਰਾਮ-ਸਥਾਨ” ਸਥਾਪਿਤ ਕਰ ਲੈਣ ਦੇ ਉਨ੍ਹਾਂ ਦੇ ਦਾਅਵੇ ਨੂੰ ਨਕਾਰ ਦਿੱਤਾ।
ਪਰਾਦੀਸੀ ਉਮੀਦਾਂ ਵਾਲੇ ਲੋਕਾਂ ਦੁਆਰਾ ਸੰਚਾਲਿਤ ਅਨੇਕ ਪੰਥ ਇਹ ਮੰਗ ਕਰਦੇ ਹਨ ਕਿ ਉਨ੍ਹਾਂ ਦੇ ਪੈਰੋਕਾਰ ਅਨੋਖੇ ਅਭਿਆਸ ਕਰਨ, ਜਿਨ੍ਹਾਂ ਦਾ ਨਤੀਜਾ ਕਦੇ-ਕਦਾਈਂ ਹਿੰਸਕ ਟਾਕਰੇ ਹੁੰਦਾ ਹੈ। ਅਖ਼ਬਾਰੀ ਕਾਲਮਨਵੀਸ ਈਅਨ ਬਰੋਡੀ ਵਿਆਖਿਆ ਕਰਦਾ ਹੈ: “ਜਿਹੜੇ ਵਿਅਕਤੀ ਗੁਣਹੀਣ ਜੀਵਨ ਬਤੀਤ ਕਰਦੇ ਹਨ ਜਾਂ ਜਿਹੜੇ ਅਸਲੀ ਸੰਸਾਰ ਦੇ ਦਬਾਵਾਂ ਦਾ ਸਾਮ੍ਹਣਾ ਨਹੀਂ ਕਰ ਸਕਦੇ ਹਨ, ਪੰਥ ਉਨ੍ਹਾਂ ਲਈ ਇਕ ਪਨਾਹ ਅਤੇ ਇਕ ਸੁਵਿਵਸਥਿਤ ਸਮਾਜ ਪੇਸ਼ ਕਰਦੇ ਹਨ।” ਫਿਰ ਵੀ, ਬਰੋਡੀ ਦੇ ਸ਼ਬਦ ਇਸ ਹਕੀਕਤ ਦਾ ਪ੍ਰਮਾਣ ਦਿੰਦੇ ਹਨ ਕਿ ਅਨੇਕ ਲੋਕ ਪਰਾਦੀਸ ਵਿਚ ਰਹਿਣਾ ਪਸੰਦ ਕਰਨਗੇ।
ਸਮੱਸਿਆਵਾਂ ਤੋਂ ਰਹਿਤ ਇਕ ਪਰਾਦੀਸ
ਸਮੱਸਿਆਵਾਂ ਦੀ ਸੂਚੀ ਬੇਅੰਤ ਜਾਪਦੀ ਹੈ: ਪ੍ਰਦੂਸ਼ਣ, ਅਪਰਾਧ, ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ, ਬੇਹੱਦ ਜਨਸੰਖਿਆ, ਨਸਲੀ ਝਗੜੇ, ਰਾਜਨੀਤਿਕ ਉਥਲ-ਪੁਥਲ—ਸਾਰੇ ਮਾਨਵ ਦੇ ਸਾਂਝੇ ਦੁੱਖਾਂ, ਅਥਵਾ, ਬੀਮਾਰੀ ਅਤੇ ਮੌਤ ਦੀ ਤਾਂ ਗੱਲ ਹੀ ਛੱਡੋ। ਸਿੱਟਾ ਇਹ ਨਿੱਕਲਦਾ ਹੈ ਕਿ ਇਸ ਗ੍ਰਹਿ ਉੱਤੇ ਕੋਈ ਅਜਿਹਾ ਇਕ ਪਰਾਦੀਸ ਨਹੀਂ ਹੈ ਜੋ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਰਹਿਤ ਹੈ। ਜਿਵੇਂ ਬਰਨਰਡ ਲੈਵਿਨ ਨੇ ਸਵੀਕਾਰ ਕੀਤਾ: “ਮਾਨਵ ਦੇ ਰਿਕਾਰਡ ਉੱਤੇ ਇਕ ਕਲੰਕ ਲੱਗਾ ਹੋਇਆ ਹੈ, ਅਤੇ ਇਵੇਂ ਜਾਪਦਾ ਹੈ ਕਿ ਇਹ ਉੱਨੇ ਚਿਰ ਤੋਂ ਲੱਗਿਆ ਹੋਇਆ ਹੈ ਜਿੰਨੇ ਚਿਰ ਤੋਂ ਮਾਨਵ ਹੋਂਦ ਵਿਚ ਰਿਹਾ ਹੈ। ਇਹ ਕਲੰਕ—ਬਹੁਤ ਘੱਟ ਲੋਕਾਂ ਤੋਂ ਛੁੱਟ, ਦੂਸਰੇ ਲੋਕਾਂ ਨਾਲ ਖ਼ੁਸ਼ੀ-ਖ਼ੁਸ਼ੀ ਜੀਵਨ ਬਤੀਤ ਕਰਨ ਦੀ ਅਯੋਗਤਾ ਹੈ।”
ਪਰੰਤੂ, ਇਕ ਅਜਿਹਾ ਵਿਸ਼ਵ-ਵਿਆਪੀ ਪਰਾਦੀਸ ਹੋਵੇਗਾ ਜੋ ਸੱਚ-ਮੁੱਚ ਹੀ ਸਮੱਸਿਆਵਾਂ ਤੋਂ ਰਹਿਤ ਹੋਵੇਗਾ। ਉਸ ਦੀ ਮਿਆਦ ਦੀ ਗਾਰੰਟੀ ਇਕ ਅਲੌਕਿਕ ਸ਼ਕਤੀ ਨੇ ਦਿੱਤੀ ਹੈ। ਵਾਕਈ ਹੀ, ਇਸ ਸਮੇਂ 50 ਲੱਖ ਤੋਂ ਜ਼ਿਆਦਾ ਲੋਕ ਇਸ ਟੀਚੇ ਵੱਲ ਵੱਧ ਰਹੇ ਹਨ, ਅਤੇ ਉਹ ਪਹਿਲਾਂ ਹੀ ਆਪਸ ਵਿਚ ਬਹੁਮੁੱਲੀ ਏਕਤਾ ਅਤੇ ਇਕ ਤੁਲਨਾਤਮਕ ਸਮੱਸਿਆ-ਰਹਿਤ ਮਾਹੌਲ ਦਾ ਆਨੰਦ ਮਾਣਦੇ ਹਨ। ਤੁਸੀਂ ਉਨ੍ਹਾਂ ਨੂੰ ਕਿੱਥੇ ਮਿਲ ਸਕਦੇ ਹੋ? ਤੁਸੀਂ ਉਹੀ ਉਮੀਦ ਅਤੇ ਉਹੀ ਲਾਭ ਵਿਚ ਕਿਵੇਂ ਸਾਂਝੇ ਹੋ ਸਕਦੇ ਹੋ ਜਿਨ੍ਹਾਂ ਦਾ ਉਹ ਹੁਣ ਆਨੰਦ ਮਾਣਦੇ ਹਨ? ਅਤੇ ਉਹ ਆ ਰਿਹਾ ਪਰਾਦੀਸ ਕਿੰਨੇ ਚਿਰ ਲਈ ਸਥਿਰ ਰਹੇਗਾ?
[ਸਫ਼ੇ 6 ਉੱਤੇ ਡੱਬੀ]
ਪਰਾਦੀਸੀ ਭਾਈਚਾਰੇ ਵਿਚ ਤਜਰਬੇ
ਉੱਨੀਵੀਂ ਸਦੀ ਦੇ ਪਹਿਲੇ ਹਿੱਸੇ ਵਿਚ, ਫਰਾਂਸੀਸੀ ਸਮਾਜਵਾਦੀ ਏਟੀਐਨ ਕਾਬੇ (1788-1856) ਅਤੇ ਉਸ ਦੇ 280 ਸਾਥੀਆਂ ਨੇ ਨੌਵੂ, ਇਲੀਨਾਇ, ਵਿਚ ਉਸ ਦੇ ਆਦਰਸ਼ਾਂ ਅਨੁਸਾਰ ਜੀਵਨ ਬਤੀਤ ਕਰਨ ਲਈ ਇਕ ਸਾਂਝੀ ਬਸਤੀ ਸਥਾਪਿਤ ਕੀਤੀ। ਪਰੰਤੂ ਅੱਠ ਸਾਲਾਂ ਦੇ ਅੰਦਰ-ਅੰਦਰ ਉਸ ਸਮਾਜ ਵਿਚ ਇੰਨੀ ਫੁੱਟ ਪੈ ਗਈ ਕਿ ਉਹ ਜਲਦੀ ਖਿੰਡਰ ਗਿਆ, ਠੀਕ ਜਿਵੇਂ ਆਇਓਵਾ ਅਤੇ ਕੈਲੇਫ਼ੋਰਨੀਆ ਵਿਚ ਅਜਿਹੇ ਸਮੂਹਾਂ ਦੇ ਨਾਲ ਹੋਇਆ।
ਇਕ ਹੋਰ ਫਰਾਂਸੀਸੀ ਪੁਰਸ਼ ਚਾਰਲਜ਼ ਫੂਰੀਏ (1772-1837) ਨੇ ਇਕ ਸਹਿਯੋਗੀ ਖੇਤੀਬਾੜੀ ਸੰਬੰਧੀ ਭਾਈਚਾਰੇ ਲਈ ਵਿਚਾਰ ਵਿਕਸਿਤ ਕੀਤੇ ਜਿਸ ਵਿਚ ਸਾਰੇ ਮੈਂਬਰਾਂ ਦੀਆਂ ਭੂਮਿਕਾਵਾਂ ਬਦਲਦੀਆਂ ਰਹਿੰਦੀਆਂ। ਹਰੇਕ ਵਿਅਕਤੀ ਨੂੰ ਸਮੁੱਚੇ ਸਮੂਹ ਦੀ ਸਫ਼ਲਤਾ ਦੇ ਅਨੁਸਾਰ ਸੇਵਾ ਦਾ ਮੇਵਾ ਮਿਲਣਾ ਸੀ। ਪਰੰਤੂ ਇਸ ਸਮਝ ਤੇ ਆਧਾਰਿਤ ਫਰਾਂਸ ਅਤੇ ਸੰਯੁਕਤ ਰਾਜ ਅਮਰੀਕਾ ਦੋਹਾਂ ਦੇਸ਼ਾਂ ਵਿਚ ਅਜਿਹੇ ਭਾਈਚਾਰੇ ਥੋੜ੍ਹੇ ਸਮੇਂ ਲਈ ਹੀ ਜਾਰੀ ਰਹੇ।
ਲਗਭਗ ਉਸੇ ਸਮੇਂ ਵੇਲਸ਼ੀ ਸਮਾਜ ਸੁਧਾਰਕ ਰੌਬਰਟ ਓਅਨ (1771-1858) ਨੇ ਸਹਿਯੋਗੀ ਪਿੰਡਾਂ ਦਾ ਸੁਝਾਅ ਪੇਸ਼ ਕੀਤਾ ਜਿੱਥੇ ਸੈਂਕੜੇ ਹੀ ਲੋਕ ਇਕੱਠੇ ਵਸਦੇ ਅਤੇ ਉਨ੍ਹਾਂ ਦੀਆਂ ਖਾਣ-ਪਕਾਉਣ ਦੀਆਂ ਸਾਂਝੀਆਂ ਥਾਵਾਂ ਹੁੰਦੀਆਂ। ਵੱਖਰੋ-ਵੱਖਰੇ ਪਰਿਵਾਰ ਆਪੋ-ਆਪਣੇ ਮਕਾਨਾਂ ਵਿਚ ਰਹਿੰਦੇ ਅਤੇ ਆਪਣੇ ਬੱਚਿਆਂ ਦੀ ਤਿੰਨ ਸਾਲ ਦੀ ਉਮਰ ਤਕ ਦੇਖ-ਭਾਲ ਕਰਦੇ। ਉਸ ਤੋਂ ਬਾਅਦ, ਬੱਚਿਆਂ ਦੀ ਦੇਖ-ਭਾਲ ਸਮੁੱਚੇ ਭਾਈਚਾਰੇ ਦੁਆਰਾ ਕੀਤੀ ਜਾਣੀ ਸੀ। ਪਰੰਤੂ ਓਅਨ ਦੇ ਤਜਰਬੇ ਅਸਫ਼ਲ ਰਹੇ, ਅਤੇ ਉਹ ਆਪਣੀ ਕਾਫ਼ੀ ਦੌਲਤ ਗੁਆ ਬੈਠਾ।
ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੇ ਅਨੁਸਾਰ ਜੌਨ ਨੌਏਜ਼ (1811-1886) “ਸੰਯੁਕਤ ਰਾਜ ਅਮਰੀਕਾ ਵਿਚ ਸਭ ਤੋਂ ਸਫ਼ਲ ਕਾਲਪਨਿਕ ਸੰਸਾਰ ਸੰਬੰਧੀ ਸਮਾਜਵਾਦੀ ਭਾਈਚਾਰੇ” ਦਾ ਮੋਢੀ ਬਣਿਆ। ਜਦੋਂ ਉਸ ਦੇ ਪੈਰੋਕਾਰਾਂ ਨੇ ਇਕ-ਪਤਨੀਕ ਵਿਆਹ ਤਿਆਗ ਕੇ ਸਾਰਿਆਂ ਦੀ ਆਪਸੀ ਸਲਾਹ ਨਾਲ ਲਿੰਗੀ ਸੰਬੰਧ ਕਾਇਮ ਕੀਤੇ, ਤਾਂ ਨੌਏਜ਼ ਜ਼ਨਾਹ ਦੇ ਇਲਜ਼ਾਮ ਹੇਠ ਗਿਰਫ਼ਤਾਰ ਕੀਤਾ ਗਿਆ ਸੀ।
ਮੱਧ ਅਮਰੀਕਾ ਵਿਚ ਲਾਸੇ ਫਾਰ ਸਿਟੀ, ਅਰਥਾਤ, ਇਕ ਪ੍ਰਕਾਰ ਦਾ “ਪੂੰਜੀਦਾਰ ਕਾਲਪਨਿਕ ਸੰਸਾਰ,” ਇਕ ਅਜਿਹੇ ਕਾਲਪਨਿਕ ਸੰਸਾਰ ਸੰਬੰਧੀ ਭਾਈਚਾਰਾ ਉਤਪੰਨ ਕਰਨ ਦਾ ਇਕ ਹਾਲ ਹੀ ਦਾ ਜਤਨ ਹੈ, ਲੰਡਨ ਦਾ ਦ ਸੰਡੇ ਟਾਈਮਜ਼ ਰਿਪੋਰਟ ਕਰਦਾ ਹੈ। ਪ੍ਰਾਜੈਕਟ ਨੇ ਪੂੰਜੀ ਲਗਾਉਣ ਵਾਲਿਆਂ ਦੀ ਭਾਲ ਕੀਤੀ। “21ਵੀਂ ਸਦੀ ਦੇ ਚਮਤਕਾਰੀ ਸ਼ਹਿਰ” ਵਿਚ ਰਹਿਣ ਦੀ ਸੰਭਾਵਨਾ ਨਾਲ ਲੁਭਾਏ ਗਏ ਪਰਾਦੀਸ ਭਾਲਣ ਵਾਲੇ ਵਿਅਕਤੀਆਂ ਨੂੰ 5,000 ਡਾਲਰ ਭੇਜਣ ਦਾ ਸੱਦਾ ਦਿੱਤਾ ਗਿਆ। ਇਸ ਤਰ੍ਹਾਂ ਉਨ੍ਹਾਂ ਨੂੰ ਇਕ ਪ੍ਰਕਾਰ ਦੀ ਅਨੁਮਾਨੀ ਵਿੱਕਰੀ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਜਦ ਕਿ ਉਹ ਹੋਰ ਸਮਾਨ-ਵਿਚਾਰ ਲੋਕਾਂ ਨੂੰ ਭਾਲਦੇ ਰਹਿੰਦੇ ਜਿਹੜੇ ਇਸ ਪ੍ਰਾਜੈਕਟ ਵਿਚ ਵਾਰੀ ਸਿਰ ਆਪਣਾ ਪੈਸਾ ਲਗਾਉਂਦੇ। ਰਿਪੋਰਟ ਅਨੁਸਾਰ, ਇਹ ਪੈਸਾ ਕੇਵਲ ਉਨ੍ਹਾਂ ਲਈ ਪ੍ਰਾਜੈਕਟ ਦੇਖਣ ਲਈ ਹੀ ਇਕ ਹਵਾਈ ਟਿਕਟ ਖ਼ਰੀਦਦਾ “ਜਦ ਕਦੇ ਇਕ ਦੇਸ਼ ਉਨ੍ਹਾਂ ਨੂੰ ਉਸਾਰੀ ਲਈ ਥਾਂ ਦੇਣ ਵਾਸਤੇ ਮਨਾਇਆ ਜਾ ਸਕੇ, ਅਤੇ ਇਕ ਛੋਟਾ ਜਿਹਾ ਹੋਟਲ ਬਣਾਇਆ ਜਾ ਸਕੇ,” ਅਖ਼ਬਾਰ ਨੇ ਟਿੱਪਣੀ ਕੀਤੀ। ਉੱਥੇ ਕਿਸੇ ਵੀ “ਪਰਾਦੀਸ” ਨੂੰ ਸਥਾਪਿਤ ਕਰਨ ਦੀ ਕੋਈ ਅਸਲੀ ਉਮੀਦ ਨਹੀਂ ਜਾਪਦੀ ਹੈ।
[ਸਫ਼ੇ 7 ਉੱਤੇ ਤਸਵੀਰ]
ਅਨੇਕ ਪਰਾਦੀਸ ਭਾਲਣ ਵਾਲਿਆਂ ਨੂੰ ਇਕ ਟਾਪੂ ਆਕਰਸ਼ਿਤ ਕਰਦਾ ਹੈ। ਪਰੰਤੂ ਅਪਰਾਧ ਅੱਜ ਸਭ ਤੋਂ ਵੱਧ ਸ਼ਾਂਤਮਈ ਸਥਾਨਾਂ ਨੂੰ ਵੀ ਵਿਗਾੜ ਦਿੰਦਾ ਹੈ