ਇਕ ਸਮੱਸਿਆ-ਰਹਿਤ ਪਰਾਦੀਸ—ਜਲਦੀ ਹੀ ਇਕ ਅਸਲੀਅਤ
“ਤੂੰ ਮੇਰੇ ਨਾਲ ਪਰਾਦੀਸ ਵਿਚ ਹੋਵੇਂਗਾ।” ਇਨ੍ਹਾਂ ਸ਼ਬਦਾਂ ਨੇ ਇਕ ਅਪਰਾਧਕ ਰਿਕਾਰਡ ਵਾਲੇ ਮਨੁੱਖ ਨੂੰ ਕਿੰਨਾ ਦਿਲਾਸਾ ਦਿੱਤਾ! ਨਹੀਂ, ਉਸ ਨੇ ਇਵੇਂ ਨਹੀਂ ਸੋਚਿਆ ਕਿ ਉਹ ਮਰਨ ਮਗਰੋਂ ਇਕ ਭਖਦੇ ਨਰਕ ਵਿਚ ਜਾਣ ਤੋਂ ਬਚ ਜਾਵੇਗਾ ਅਤੇ ਸਵਰਗ ਵਿਚ ਚੱਲਿਆ ਜਾਵੇਗਾ। ਇਸ ਦੀ ਬਜਾਇ, ਯਿਸੂ ਦੇ ਇਕ ਪਾਸੇ ਟੰਗੇ ਹੋਏ ਚੋਰ ਨੂੰ ਇਸ ਉਮੀਦ ਤੋਂ ਹੌਸਲਾ ਮਿਲਿਆ ਕਿ ਜਿਸ ਸਮੇਂ ਇਸ ਗ੍ਰਹਿ ਤੇ ਪਰਾਦੀਸ ਮੁੜ-ਬਹਾਲ ਕੀਤਾ ਜਾਵੇਗਾ, ਉਹ ਉਦੋਂ ਮੁੜ ਜੀ ਉਠਾਇਆ ਜਾਵੇਗਾ। ਕਿਰਪਾ ਕਰ ਕੇ ਧਿਆਨ ਦਿਓ ਕਿ ਪਰਾਦੀਸ ਬਾਰੇ ਅਜਿਹਾ ਅਨੋਖਾ ਕਥਨ ਕਿਸ ਨੇ ਕਿਹਾ—ਖ਼ੁਦ ਪਰਮੇਸ਼ੁਰ ਦੇ ਆਪਣੇ ਪੁੱਤਰ, ਯਿਸੂ ਮਸੀਹ ਨੇ।—ਲੂਕਾ 23:43, ਨਿ ਵ.
ਮਸੀਹ ਵੱਲੋਂ ਪਰਾਦੀਸ ਦੇ ਵਾਅਦੇ ਨੂੰ ਕਿਹੜੀ ਗੱਲ ਨੇ ਪ੍ਰੇਰਿਤ ਕੀਤਾ? ਉਸ ਚੋਰ ਨੇ ਬੇਨਤੀ ਕੀਤੀ ਸੀ: “ਹੇ ਯਿਸੂ ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ।” (ਲੂਕਾ 23:42) ਇਹ ਰਾਜ ਕੀ ਹੈ, ਅਤੇ ਇਸ ਦਾ ਇਕ ਪਾਰਥਿਵ ਪਰਾਦੀਸ ਨਾਲ ਕੀ ਸੰਬੰਧ ਹੈ? ਇਹ ਕਿਵੇਂ ਗਾਰੰਟੀ ਦਿੰਦਾ ਹੈ ਕਿ ਪਰਾਦੀਸ-ਸਮੱਸਿਆ ਰਹਿਤ ਹੋਵੇਗਾ?
ਪਰਾਦੀਸ ਲਿਆਉਣ ਵਾਲੀ ਸ਼ਕਤੀ
ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਧਰਤੀ ਉੱਤੇ ਇਕ ਅਸਲੀ ਪਰਾਦੀਸ ਕੇਵਲ ਉਦੋਂ ਹੀ ਆ ਸਕਦਾ ਹੈ ਜਦੋਂ ਵਰਤਮਾਨ ਸਮੇਂ ਦੀਆਂ ਕਠਿਨਾਈਆਂ ਦਾ ਅੰਤ ਹੋਵੇਗਾ। ਜਿਵੇਂ ਇਤਿਹਾਸ ਚੋਖਾ ਸਬੂਤ ਦਿੰਦਾ ਹੈ, ਇਨ੍ਹਾਂ ਨੂੰ ਖ਼ਤਮ ਕਰਨ ਦੇ ਮਾਨਵੀ ਜਤਨ ਅਜੇ ਤਕ ਅਸਫ਼ਲ ਰਹੇ ਹਨ। ਇਬਰਾਨੀ ਨਬੀ ਯਿਰਮਿਯਾਹ ਨੇ ਸਵੀਕਾਰ ਕੀਤਾ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ . . . ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਤਾਂ ਫਿਰ, ਕੌਣ ਵਰਤਮਾਨ ਸਮੇਂ ਦੀਆਂ ਕਠਿਨਾਈਆਂ ਨੂੰ ਖ਼ਤਮ ਕਰ ਸਕਦਾ ਹੈ?
ਮੌਸਮ ਦੇ ਕਹਿਰ ਅਤੇ ਪ੍ਰਦੂਸ਼ਣ। ਜਦੋਂ ਗਲੀਲ ਦੀ ਝੀਲ ਤੇ ਇਕ ਜ਼ੋਰਦਾਰ ਤੂਫ਼ਾਨ ਵਿਚ ਵੱਡੀਆਂ-ਵੱਡੀਆਂ ਲਹਿਰਾਂ ਇਕ ਬੇੜੀ ਨਾਲ ਟਕਰਾਉਣ ਲੱਗੀਆਂ ਅਤੇ ਬੇੜੀ ਡੁੱਬਣ ਦੇ ਖ਼ਤਰੇ ਵਿਚ ਸੀ, ਤਾਂ ਮਲਾਹਾਂ ਨੇ ਆਪਣੇ ਸੁੱਤੇ ਪਏ ਸਫ਼ਰੀ ਸਾਥੀ ਨੂੰ ਜਗਾਇਆ। ਜਾਗ ਉੱਠਣ ਤੇ ਉਸ ਨੇ ਝੀਲ ਨੂੰ ਕੇਵਲ ਇਹੀ ਕਿਹਾ: “ਚੁੱਪ ਕਰ ਥੰਮ੍ਹ ਜਾਹ!” ਮਰਕੁਸ ਦਾ ਬਿਰਤਾਂਤ ਦੱਸਦਾ ਹੈ ਕਿ ਕੀ ਹੋਇਆ: “ਤਾਂ ਪੌਣ ਥੰਮ੍ਹ ਗਈ ਅਤੇ ਵੱਡਾ ਚੈਨ ਹੋ ਗਿਆ।” (ਮਰਕੁਸ 4:39) ਉਹ ਸਫ਼ਰੀ ਸਾਥੀ ਕੋਈ ਹੋਰ ਨਹੀਂ ਪਰੰਤੂ ਯਿਸੂ ਹੀ ਸੀ। ਉਸ ਦੇ ਕੋਲ ਮੌਸਮ ਨੂੰ ਕੰਟ੍ਰੋਲ ਕਰਨ ਦੀ ਸ਼ਕਤੀ ਸੀ।
ਇਹ ਉਹੀ ਯਿਸੂ ਸੀ ਜਿਸ ਨੇ ਰਸੂਲ ਯੂਹੰਨਾ ਦੁਆਰਾ ਪੂਰਵ-ਸੂਚਿਤ ਕੀਤਾ ਸੀ ਕਿ ਇਕ ਅਜਿਹਾ ਸਮਾਂ ਆਵੇਗਾ ਜਦੋਂ ਪਰਮੇਸ਼ੁਰ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ ਕਰਦੇ ਹਨ।’ (ਪਰਕਾਸ਼ ਦੀ ਪੋਥੀ 1:1; 11:18) ਇਹ ਉਸ ਪਰਮੇਸ਼ੁਰ ਦੇ ਲਈ ਕੋਈ ਅਸੰਭਵ ਕਾਰਨਾਮਾ ਨਹੀਂ ਹੈ ਜਿਸ ਨੇ ਨੂਹ ਦੇ ਸਮੇਂ ਦੀ ਜਲ-ਪਰਲੋ ਦੁਆਰਾ ਅਧਰਮੀ ਲੋਕਾਂ ਦੇ ਤਮਾਮ ਸੰਸਾਰ ਨੂੰ ਖ਼ਤਮ ਕੀਤਾ।—2 ਪਤਰਸ 3:5, 6.
ਅਪਰਾਧ ਅਤੇ ਹਿੰਸਾ। ਬਾਈਬਲ ਵਾਅਦਾ ਕਰਦੀ ਹੈ: “ਕੁਕਰਮੀ ਤਾਂ ਛੇਕੇ ਜਾਣਗੇ, ਪਰ ਜਿਹੜੇ ਯਹੋਵਾਹ ਨੂੰ ਉਡੀਕਦੇ ਹਨ ਓਹੋ ਧਰਤੀ ਦੇ ਵਾਰਸ ਹੋਣਗੇ। ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰ 37:9, 11) ਇਸ ਵਾਰ ਵੀ, ਪਰਮੇਸ਼ੁਰ, ਅਰਥਾਤ, ਯਹੋਵਾਹ ਹੀ ਹੈ ਜੋ ਸਾਰੇ ਅਪਰਾਧ ਅਤੇ ਹਿੰਸਾ ਨੂੰ ਖ਼ਤਮ ਕਰਨ ਦਾ ਵਾਅਦਾ ਕਰਦਾ ਹੈ, ਅਤੇ ਜੋ ਅਧੀਨ ਵਿਅਕਤੀਆਂ ਨੂੰ ਪਰਾਦੀਸ ਵਿਚ ਰਹਿਣ ਦਾ ਅਧਿਕਾਰ ਦੇਵੇਗਾ।
ਗ਼ਰੀਬੀ ਅਤੇ ਭੁੱਖ। ਵਰਤਮਾਨ ਸਮੇਂ ਦਾ ਅਨਿਆਂ ਸਰਕਾਰਾਂ ਨੂੰ ਸੰਸਾਰ ਦੇ ਇਕ ਇਲਾਕੇ ਵਿਚ ਭੋਜਨ ਵਸਤਾਂ ਦਾ ਵਾਧੂ “ਮਹਾਂ-ਭੰਡਾਰ” ਜਮ੍ਹਾ ਕਰਨ ਦੀ ਇਜਾਜ਼ਤ ਦਿੰਦਾ ਹੈ, ਜਦ ਕਿ ਉਸੇ ਸਮੇਂ ਦੂਜੇ ਦੇਸ਼ ਗ਼ਰੀਬੀ ਨਾਲ ਜੂਝ ਰਹੇ ਹੁੰਦੇ ਹਨ। ਰਾਹਤ ਪਹੁੰਚਾਉਣ ਵਾਲੀਆਂ ਏਜੰਸੀਆਂ, ਜਿਨ੍ਹਾਂ ਨੂੰ ਸੰਸਾਰ ਭਰ ਵਿਚ ਚਿੰਤਿਤ ਲੋਕਾਂ ਤੋਂ ਸਮਰਥਨ ਹਾਸਲ ਹੁੰਦਾ ਹੈ, ਰੋਟੀ-ਪਾਣੀ ਮੁਹੱਈਆ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਪਰੰਤੂ ਉਹ ਅਕਸਰ ਅਸਫ਼ਲ ਹੋ ਜਾਂਦੀਆਂ ਹਨ ਜਦੋਂ ਕਾਨੂੰਨ ਅਤੇ ਅਮਨ-ਚੈਨ ਦੀ ਕਮੀ ਕਾਰਨ ਭੋਜਨ-ਵੰਡਾਈ ਸਕੀਮਾਂ ਨਾਕਾਮਯਾਬ ਹੋ ਜਾਂਦੀਆਂ ਹਨ। ਇਸ ਦੀ ਤੁਲਨਾ ਯਸਾਯਾਹ ਦੁਆਰਾ ਦਰਜ ਬਾਣੀ ਨਾਲ ਕਰੋ: “ਇਸੇ ਪਹਾੜ ਤੇ ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਉਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਉਤ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਣੀਆਂ ਹੋਈਆਂ ਪੁਰਾਣੀਆਂ ਮਧਾਂ।” (ਯਸਾਯਾਹ 25:6) ਇਸ ਵਰਣਨ ਤੋਂ ਕੀ ਇਵੇਂ ਨਹੀਂ ਜਾਪਦਾ ਹੈ ਕਿ ਕਾਲ ਅਤੇ ਭੁੱਖਮਰੀ ਫਿਰ ਕਦੇ ਵੀ ਨਹੀਂ ਹੋਣਗੇ? ਨਿਸ਼ਚੇ ਹੀ।
ਯੁੱਧ। ਇਸ ਧਰਤੀ ਨੂੰ ਕਿਸੇ ਪਰਾ-ਰਾਸ਼ਟਰੀ ਅਧਿਕਾਰੀ ਦੁਆਰਾ ਨਿਯੰਤ੍ਰਣ ਕਰਨ ਦੇ ਜਤਨ ਅਸਫ਼ਲ ਰਹੇ ਹਨ। 1920 ਵਿਚ ਸਥਾਪਿਤ ਹੋਇਆ ਰਾਸ਼ਟਰ-ਸੰਘ, ਵਿਸ਼ਵ ਯੁੱਧ II ਨੂੰ ਰੋਕ ਨਾ ਸਕਣ ਤੋਂ ਬਾਅਦ ਬੇਕਾਰ ਹੋ ਗਿਆ। ਸੰਯੁਕਤ ਰਾਸ਼ਟਰ-ਸੰਘ, ਜਿਸ ਨੂੰ ਅਕਸਰ ਸ਼ਾਂਤੀ ਦੀ ਸਭ ਤੋਂ ਬਿਹਤਰ ਉਮੀਦ ਸੱਦਿਆ ਜਾਂਦਾ ਹੈ, ਸੰਘਰਸ਼ ਖੇਤਰਾਂ ਵਿਚ ਵਿਰੋਧੀ ਦਲਾਂ ਨੂੰ ਇਕ ਦੂਸਰੇ ਤੋਂ ਵੱਖ ਰੱਖਣ ਲਈ ਜੂਝਦਾ ਹੈ। ਇਸ ਦੇ ਪ੍ਰਸਾਰਿਤ ਕੀਤੇ ਗਏ ਸ਼ਾਂਤੀ ਦੇ ਜਤਨਾਂ ਦੇ ਬਾਵਜੂਦ, ਯੁੱਧ ਵਿਆਪਕ ਹਨ, ਚਾਹੇ ਸਰਕਾਰੀ, ਨਸਲੀ, ਜਾਂ ਭਾਈਚਾਰਕ ਯੁੱਧ ਹੋਣ। ਪਰਮੇਸ਼ੁਰ ਦੀ ਰਾਜ ਸਰਕਾਰ ਵਰਤਮਾਨ ਸਮੇਂ ਦੀਆਂ ਜੰਗੀ ਧੜੇਬਾਜ਼ੀਆਂ ਨੂੰ ਹਟਾਉਣ ਅਤੇ ਆਪਣੀ ਪਰਜਾ ਨੂੰ ਸ਼ਾਂਤੀ ਦੇ ਮਾਰਗ ਸਿਖਾਉਣ ਦਾ ਵਾਅਦਾ ਕਰਦੀ ਹੈ।—ਯਸਾਯਾਹ 2:2-4; ਦਾਨੀਏਲ 2:44.
ਪਰਿਵਾਰਕ ਅਤੇ ਨੈਤਿਕ ਵਿਗਾੜ। ਪਰਿਵਾਰਕ ਤੋੜ-ਵਿਛੋੜ ਪ੍ਰਚਲਿਤ ਹੈ। ਬਾਲ ਅਪਚਾਰ ਬਹੁਤ ਫੈਲਿਆ ਹੋਇਆ ਹੈ। ਮਾਨਵ ਸਮਾਜ ਵਿਚ ਹਰ ਦਰਜੇ ਤੇ ਅਨੈਤਿਕਤਾ ਫੈਲੀ ਹੋਈ ਹੈ। ਪਰੰਤੂ, ਪਰਮੇਸ਼ੁਰ ਦੇ ਮਿਆਰ ਆਰੰਭ ਤੋਂ ਬਦਲੇ ਨਹੀਂ ਹਨ। ਯਿਸੂ ਨੇ ਪ੍ਰਮਾਣਿਤ ਕੀਤਾ ਕਿ “ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ। . . . ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।” (ਮੱਤੀ 19:5, 6) ਯਹੋਵਾਹ ਪਰਮੇਸ਼ੁਰ ਨੇ ਅੱਗੇ ਹੁਕਮ ਦਿੱਤਾ: “ਤੂੰ ਆਪਣੇ ਮਾਂ ਪਿਉ ਦਾ ਆਦਰ ਕਰ ਭਈ ਤੇਰਾ ਭਲਾ ਹੋਵੇ ਅਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ।” (ਅਫ਼ਸੀਆਂ 6:2, 3) ਪਰਮੇਸ਼ੁਰ ਦੇ ਰਾਜ ਅਧੀਨ ਅਜਿਹੇ ਮਿਆਰ ਹਰ ਥਾਂ ਲਾਗੂ ਕੀਤੇ ਜਾਣਗੇ।
ਬੀਮਾਰੀ ਅਤੇ ਮੌਤ। “ਯਹੋਵਾਹ . . . ਸਾਨੂੰ ਬਚਾਵੇਗਾ,” ਯਸਾਯਾਹ ਨਬੀ ਨੇ ਵਾਅਦਾ ਕੀਤਾ, “[ਅਤੇ] ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:22, 24) “ਪਾਪ ਦੀ ਮਜੂਰੀ ਤਾਂ ਮੌਤ ਹੈ,” ਮਸੀਹੀ ਰਸੂਲ ਪੌਲੁਸ ਨੇ ਸਵੀਕਾਰ ਕੀਤਾ, “ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।”—ਰੋਮੀਆਂ 6:23.
ਯਹੋਵਾਹ ਪਰਮੇਸ਼ੁਰ, ਆਪਣੇ ਪੁੱਤਰ ਮਸੀਹ ਯਿਸੂ ਦੇ ਹੱਥਾਂ ਵਿਚ ਸੌਂਪੀ ਆਪਣੀ ਸਵਰਗੀ ਸਰਕਾਰ ਦੇ ਜ਼ਰੀਏ ਇਨ੍ਹਾਂ ਸਾਰੀਆਂ ਕਠਿਨਾਈਆਂ ਨੂੰ ਹਟਾ ਦੇਵੇਗਾ। ਪਰੰਤੂ ਤੁਸੀਂ ਸ਼ਾਇਦ ਇਹ ਕਹੋ, ‘ਇਹ ਵਰਣਨ ਤਾਂ ਇਕ ਕਲਪਨਾ ਜਾਪਦਾ ਹੈ। ਯਕੀਨਨ, ਕਿੰਨਾ ਸੁਹਾਵਣਾ ਹੋਵੇ ਜੇਕਰ ਇਹ ਅਸਲੀਅਤ ਬਣ ਜਾਵੇ, ਪਰੰਤੂ ਕੀ ਇਹ ਬਣੇਗੀ?’
ਇਕ ਵਰਤਮਾਨ ਅਸਲੀਅਤ
ਕਈ ਲੋਕਾਂ ਲਈ, ਇਹੀ ਧਰਤੀ ਉੱਤੇ ਇਕ ਸਮੱਸਿਆ-ਰਹਿਤ ਪਰਾਦੀਸ ਵਿਚ ਜੀਉਣ ਦੀ ਸੰਭਾਵਨਾ ਹੱਦੋਂ ਵੱਧ ਆਸ਼ਾਵਾਦੀ ਜਾਪਦੀ ਹੈ। ਜੇਕਰ ਤੁਸੀਂ ਇਵੇਂ ਮਹਿਸੂਸ ਕਰਦੇ ਹੋ, ਤਾਂ ਸਬੂਤ ਦੀ ਜਾਂਚ ਕਰੋ ਕਿ ਇਹ ਸੱਚ-ਮੁੱਚ ਮੁਮਕਿਨ ਹੋਵੇਗਾ।
ਵਰਤਮਾਨ ਸਮੇਂ ਵਿਚ ਯਹੋਵਾਹ ਦੇ ਗਵਾਹਾਂ ਦਾ ਇਕ ਅੰਤਰ-ਰਾਸ਼ਟਰੀ ਭਾਈਚਾਰਾ ਹੈ ਜਿਸ ਵਿਚ 50 ਲੱਖ ਤੋਂ ਜ਼ਿਆਦਾ ਲੋਕ ਹਨ। 233 ਦੇਸ਼ਾਂ ਵਿਚ ਸਥਾਪਿਤ ਉਨ੍ਹਾਂ ਦੀਆਂ 82,000 ਕਲੀਸਿਯਾਵਾਂ ਵਿਚ ਹੁਣ ਵੀ ਤੁਲਨਾਤਮਕ ਤੌਰ ਤੇ ਇਕ ਸਮੱਸਿਆ-ਰਹਿਤ ਮਾਹੌਲ ਪਾਇਆ ਜਾਂਦਾ ਹੈ। ਤੁਸੀਂ ਉਨ੍ਹਾਂ ਦੇ ਵੱਡੇ ਜਾਂ ਛੋਟੇ ਇਕੱਠਾਂ ਵਿਚ ਹਾਜ਼ਰ ਹੋ ਸਕਦੇ ਹੋ, ਅਤੇ ਤੁਸੀਂ ਉੱਥੇ ਕੀ ਪਾਓਗੇ?
(1) ਇਕ ਸੁਖਾਵਾਂ, ਸਾਫ਼ ਮਾਹੌਲ। ਨੌਰਿਚ, ਇੰਗਲੈਂਡ, ਵਿਖੇ ਯਹੋਵਾਹ ਦੇ ਗਵਾਹਾਂ ਦੁਆਰਾ ਸੰਚਾਲਿਤ ਇਕ ਮਹਾਂ-ਸੰਮੇਲਨ ਉੱਤੇ ਟਿੱਪਣੀ ਕਰਦਿਆਂ, ਇਕ ਫੁਟਬਾਲ ਸਟੇਡੀਅਮ ਦੇ ਮੈਨੇਜਰ ਨੇ ਕਿਹਾ: “ਚਾਰ ਦਿਨਾਂ ਦੇ ਦੌਰਾਨ ਸ਼ਾਂਤਮਈ ਮਾਹੌਲ . . . ਸਾਰਿਆਂ ਉੱਤੇ ਛਾਇਆ ਹੋਇਆ ਹੈ। ਤੁਸੀਂ ਇਕ ਨਿੱਜੀ ਸ਼ਾਂਤੀ ਨੂੰ ਅਨੁਭਵ ਕਰਦੇ ਹੋ ਜਿਹੜੀ ਸਾਡੇ ਆਲੇ-ਦੁਆਲੇ ਦੇ ਤਣਾਅ ਭਰੇ ਵਪਾਰਕ ਸੰਸਾਰ ਅਤੇ ਰੋਜ਼ਾਨਾ ਜੀਵਨ ਦੇ ਕਿਸੇ ਹੋਰ ਚਾਰ ਦਿਨਾਂ ਤੋਂ ਬਿਲਕੁਲ ਨਿਰਾਲੀ ਹੈ। ਗਵਾਹਾਂ ਵਿਚ ਵਾਕਈ ਹੀ ਅਜਿਹੀ ਕੋਈ ਨਿਆਰੀ ਗੱਲ ਹੈ ਜਿਸ ਨੂੰ ਸਮਝਾਉਣਾ ਔਖਾ ਹੈ।”
ਯਹੋਵਾਹ ਦੇ ਗਵਾਹਾਂ ਦੀ ਲੰਡਨ ਸ਼ਾਖਾ ਦਾ ਦੌਰਾ ਕਰਨ ਤੋਂ ਬਾਅਦ, ਉਸਾਰੀ ਉਦਯੋਗ ਦੇ ਇਕ ਸਿਖਲਾਈ ਸਲਾਹਕਾਰ ਨੇ ਕਿਹਾ: “ਮੈਂ ਜੋ ਦੇਖਿਆ ਅਤੇ ਸੁਣਿਆ ਦੋਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਸ਼ਾਂਤੀ ਅਤੇ ਚੈਨ ਦੇ ਮਾਹੌਲ ਤੋਂ ਕਾਫ਼ੀ ਹੱਕਾ-ਬੱਕਾ ਰਹਿ ਗਿਆ ਜੋ ਕੇਵਲ ਤੁਹਾਡੀਆਂ ਇਮਾਰਤਾਂ ਵਿਚ ਹੀ ਨਹੀਂ ਸਮਾਇਆ ਹੈ, ਪਰੰਤੂ [ਪੁਰਸ਼ ਅਤੇ ਇਸਤਰੀਆਂ] ਵਿਚਕਾਰ ਵੀ ਪਾਇਆ ਜਾਂਦਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਤੁਹਾਡੀ ਜੀਵਨ ਸ਼ੈਲੀ ਅਤੇ ਖ਼ੁਸ਼ੀ ਬਾਕੀ ਦੇ ਪੀੜਿਤ ਸੰਸਾਰ ਨੂੰ ਚੰਗੇ ਸਬਕ ਸਿਖਾ ਸਕਦੇ ਹਨ।”
(2) ਸੁਰੱਖਿਆ ਅਤੇ ਸ਼ਾਂਤੀ। ਕੈਨੇਡਾ ਵਿਚ ਯੁਰਨਾਲ ਡੇ ਮੌਂਰੇਅਲ ਦੀ ਇਕ ਕਾਲਮਨਵੀਸ ਨੇ ਲਿਖਿਆ: “ਮੈਂ ਇਕ ਗਵਾਹ ਨਹੀਂ ਹਾਂ। ਪਰੰਤੂ ਮੈਂ ਇਸ ਹਕੀਕਤ ਦੀ ਗਵਾਹ ਹਾਂ ਕਿ [ਯਹੋਵਾਹ ਦੇ] ਗਵਾਹ ਨਿਪੁੰਨਤਾ ਅਤੇ ਉਚਿਤ ਸ਼ਿਸ਼ਟਾਚਾਰ ਦਾ ਸਬੂਤ ਦਿੰਦੇ ਹਨ। . . . ਜੇਕਰ ਸੰਸਾਰ ਵਿਚ ਕੇਵਲ ਇਹੀ ਲੋਕ ਹੋਣ, ਤਾਂ ਸਾਨੂੰ ਰਾਤ ਨੂੰ ਦਰਵਾਜ਼ਿਆਂ ਨੂੰ ਤਾਲੇ ਮਾਰ ਕੇ ਚੋਰ-ਅਲਾਰਮ ਨਾ ਲਾਉਣੇ ਪੈਣ।”
(3) ਪਰਮੇਸ਼ੁਰ ਦੀ ਰਾਜ ਸਰਕਾਰ ਦੇ ਪ੍ਰਤੀ ਨਿਸ਼ਠਾ ਗਵਾਹਾਂ ਦੀ ਵਿਸ਼ੇਸ਼ਤਾ ਹੈ। ਉਨ੍ਹਾਂ ਦੀ ਨਿਰਪੱਖ ਸਥਿਤੀ ਕੁਝ ਵਿਅਕਤੀਆਂ ਨੂੰ ਪਰੇਸ਼ਾਨ ਕਰਦੀ ਹੈ, ਭਾਵੇਂ ਉਨ੍ਹਾਂ ਨੂੰ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਦਾ ਵਰਤਮਾਨ ਸਮੇਂ ਦੀਆਂ ਕੰਮ-ਚਲਾਊ ਰਾਜਨੀਤਿਕ ਸਕੀਮਾਂ ਵਿਚ ਸ਼ਾਮਲ ਨਾ ਹੋਣ ਦਾ ਇਹ ਕਾਰਨ ਨਹੀਂ ਕਿ ਉਹ ਸਮਾਜ ਵਿਚ ਸੁਧਾਰ ਦੇ ਪ੍ਰਤੀ ਵਚਨਬੱਧ ਨਹੀਂ ਹਨ। ਇਸ ਦੀ ਬਜਾਇ, ਉਹ ਇਵੇਂ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਉਸ ਨੂੰ ਪ੍ਰਸੰਨ ਕਰੇ ਜੋ ਇਕ ਸਵਰਗੀ ਸਰਕਾਰ ਦੁਆਰਾ ਰਾਜ ਕਰਦਾ ਹੈ, ਅਰਥਾਤ, ਧਰਤੀ ਦਾ ਸ੍ਰਿਸ਼ਟੀਕਰਤਾ, ਯਹੋਵਾਹ ਪਰਮੇਸ਼ੁਰ।
ਗਵਾਹਾਂ ਦੇ ਵਿਸ਼ਵਾਸ, ਜੋ ਸਮੁੱਚੇ ਤੌਰ ਤੇ ਪਰਮੇਸ਼ੁਰ ਦੇ ਬਚਨ, ਬਾਈਬਲ ਉੱਤੇ ਆਧਾਰਿਤ ਹੁੰਦੇ ਹਨ, ਉਨ੍ਹਾਂ ਨੂੰ ਇਕ ਸੰਪ੍ਰਦਾਇ ਜਾਂ ਇਕ ਪੰਥ ਬਣਨ ਤੋਂ ਬਚਾਉਂਦੇ ਹਨ। ਉਹ ਸਾਰੇ ਦੂਜੇ ਲੋਕਾਂ ਵਿਚ ਇਕ ਦਿਆਲੂ ਦਿਲਚਸਪੀ ਰੱਖਦੇ ਹਨ, ਭਾਵੇਂ ਉਹ ਜਿਹੜੇ ਮਰਜ਼ੀ ਮਜ਼ਹਬ ਦੇ ਹੋਣ। ਨਹੀਂ, ਉਹ ਇਨ੍ਹਾਂ ਲੋਕਾਂ ਨੂੰ ਆਪਣਾ ਦ੍ਰਿਸ਼ਟੀਕੋਣ ਬਦਲਣ ਵਾਸਤੇ ਮਜਬੂਰ ਨਹੀਂ ਕਰਦੇ ਹਨ। ਉਹ ਉਸ ਸਮੱਸਿਆ-ਰਹਿਤ ਪਰਾਦੀਸ, ਜੋ ਜਲਦੀ ਧਰਤੀ ਉੱਤੇ ਸਥਾਪਿਤ ਕੀਤਾ ਜਾਵੇਗਾ, ਬਾਰੇ ਸ਼ਾਸਤਰ-ਸੰਬੰਧੀ ਸਬੂਤ ਪੇਸ਼ ਕਰ ਕੇ ਆਪਣੇ ਆਗੂ, ਮਸੀਹ ਯਿਸੂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ।—ਮੱਤੀ 28:19, 20; 1 ਪਤਰਸ 2:21.
(4) ਅਧਿਆਤਮਿਕ ਤੰਦਰੁਸਤੀ ਅਤੇ ਖ਼ੁਸ਼ੀ। ਅਸਲ ਵਿਚ ਯਹੋਵਾਹ ਦੇ ਗਵਾਹ ਇਸ ਵਕਤ ਸਮੱਸਿਆਵਾਂ ਤੋਂ ਬਿਲਕੁਲ ਮੁਕਤ ਹੋਣ ਦਾ ਦਾਅਵਾ ਨਹੀਂ ਕਰਦੇ ਹਨ। ਇਹ ਅਜਿਹੇ ਲੋਕਾਂ ਵਿਚਕਾਰ ਅਸੰਭਵ ਹੈ ਜਿਨ੍ਹਾਂ ਵਿਚ ਆਦਮ ਤੋਂ ਵਿਰਸੇ ਵਿਚ ਮਿਲਿਆ ਪਾਪ ਸਮਾਇਆ ਹੋਇਆ ਹੈ। ਪਰੰਤੂ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਦੇ ਨਾਲ, ਉਹ ਨਿੱਜੀ ਗੁਣਾਂ ਨੂੰ ਜਿਵੇਂ ਕਿ “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ” ਵਿਕਸਿਤ ਕਰਨ ਵਿਚ ਮਿਹਨਤ ਕਰਦੇ ਹਨ। (ਗਲਾਤੀਆਂ 5:22, 23) ਮਸੀਹ ਯਿਸੂ ਰਾਹੀਂ ਯਹੋਵਾਹ ਦੀ ਉਪਾਸਨਾ ਹੀ ਹੈ ਜੋ ਉਨ੍ਹਾਂ ਨੂੰ ਇਕਮੁੱਠ ਕਰਦੀ ਹੈ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਜੀਉਂਦਾ ਰੱਖਦੀ ਹੈ।
ਸਾਨੂੰ ਵਿਸ਼ਵਾਸ ਹੈ ਕਿ ਗਵਾਹਾਂ ਦੀ ਸਥਾਨਕ ਸਭਾ ਵਿਚ ਤੁਹਾਡੀ ਹਾਜ਼ਰੀ, ਤੁਹਾਨੂੰ ਕਾਇਲ ਕਰੇਗੀ ਕਿ ਪਰਮੇਸ਼ੁਰ ਧਰਤੀ ਨੂੰ ਇਕ ਅਸਲੀ ਪਰਾਦੀਸ ਵਿਚ ਬਦਲ ਦੇਵੇਗਾ।
ਵਰਤਮਾਨ ਸਮੇਂ ਦੀਆਂ ਕਠਿਨਾਈਆਂ ਖ਼ਤਮ ਹੋ ਜਾਣਗੀਆਂ। ਜਿਉਂ-ਜਿਉਂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਦੇ ਲਾਭ ਆਗਿਆਕਾਰ ਮਨੁੱਖਜਾਤੀ ਨੂੰ ਲਾਗੂ ਕੀਤੇ ਜਾਂਦੇ ਹਨ, ਚਿਰਕਾਲੀ ਅਪੂਰਣਤਾ ਵੀ ਹੌਲੀ-ਹੌਲੀ ਮਿਟ ਜਾਵੇਗੀ। ਜੀ ਹਾਂ, ਸੰਪੂਰਣ ਤੰਦਰੁਸਤੀ ਅਤੇ ਖ਼ੁਸ਼ੀ ਤੁਹਾਡੀ ਹੋ ਸਕਦੀ ਹੈ।
ਸਰਲ ਤਿਆਰੀਆਂ ਤੁਹਾਨੂੰ ਇਕ ਅਜਿਹੀ ਸੰਭਾਵਨਾ ਦਾ ਆਨੰਦ ਮਾਣਨ ਵਿਚ ਮਦਦ ਕਰ ਸਕਦੀਆਂ ਹਨ। ਗਵਾਹਾਂ ਤੋਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਦੀ ਆਪਣੀ ਨਿੱਜੀ ਕਾਪੀ ਮੰਗੋ।a ਤੁਸੀਂ ਇਸ ਤੋਂ ਥੋੜ੍ਹੇ ਸਮੇਂ ਵਿਚ ਹੀ ਸਿੱਖ ਸਕਦੇ ਹੋ ਕਿ ਪਰਮੇਸ਼ੁਰ ਤੁਹਾਡੇ ਤੋਂ ਕੀ ਮੰਗ ਕਰਦਾ ਹੈ ਤਾਂਕਿ ਤੁਸੀਂ ਵੀ ਇਕ ਸਮੱਸਿਆ-ਰਹਿਤ ਪਰਾਦੀਸ ਵਿਚ ਸਦਾ ਦੇ ਲਈ ਜੀਵਨ ਦਾ ਆਨੰਦ ਮਾਣ ਸਕੋ।
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
[ਸਫ਼ੇ 10 ਉੱਤੇ ਸੁਰਖੀ]
ਗਵਾਹਾਂ ਦੇ ਵਿਸ਼ਵਾਸ, ਜੋ ਸਮੁੱਚੇ ਤੌਰ ਤੇ ਬਾਈਬਲ ਉੱਤੇ ਆਧਾਰਿਤ ਹੁੰਦੇ ਹਨ, ਉਨ੍ਹਾਂ ਨੂੰ ਇਕ ਸੰਪ੍ਰਦਾਇ ਜਾਂ ਇਕ ਪੰਥ ਬਣਨ ਤੋਂ ਬਚਾਉਂਦੇ ਹਨ
[ਸਫ਼ੇ 8, 9 ਉੱਤੇ ਤਸਵੀਰਾਂ]
ਇਕ ਸਮੱਸਿਆ-ਰਹਿਤ ਪਰਾਦੀਸ ਦੀ ਨੀਂਹ ਹੁਣ ਧਰੀ ਜਾ ਰਹੀ ਹੈ
ਧਰਤੀ ਭਰ ਵਿਚ ਜਲਦੀ ਹੀ ਇਕ ਭੌਤਿਕ ਪਰਾਦੀਸ ਹੋਂਦ ਵਿਚ ਆਵੇਗਾ