ਭਾਗ 11 ਦੀ ਜਾਣ-ਪਛਾਣ
ਇਸ ਭਾਗ ਤੋਂ ਸਾਨੂੰ ਮਸੀਹੀ ਯੂਨਾਨੀ ਲਿਖਤਾਂ ਬਾਰੇ ਜਾਣਕਾਰੀ ਮਿਲੇਗੀ। ਯਿਸੂ ਦਾ ਜਨਮ ਇਕ ਛੋਟੇ ਜਿਹੇ ਕਸਬੇ ਵਿਚ ਰਹਿੰਦੇ ਇਕ ਗ਼ਰੀਬ ਪਰਿਵਾਰ ਵਿਚ ਹੋਇਆ ਸੀ। ਉਹ ਆਪਣੇ ਪਿਤਾ ਨਾਲ ਕੰਮ ਕਰਦਾ ਸੀ ਜੋ ਇਕ ਤਰਖਾਣ ਸੀ। ਯਿਸੂ ਹੀ ਉਹ ਆਦਮੀ ਸੀ ਜਿਸ ਨੇ ਮਨੁੱਖਜਾਤੀ ਨੂੰ ਬਚਾਉਣਾ ਸੀ। ਯਹੋਵਾਹ ਨੇ ਉਸ ਨੂੰ ਸਵਰਗੀ ਰਾਜ ਦੇ ਰਾਜੇ ਵਜੋਂ ਚੁਣਿਆ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚੇ ਨੂੰ ਸਿਖਾਓ ਕਿ ਯਹੋਵਾਹ ਨੇ ਕਿਵੇਂ ਯਿਸੂ ਦੀ ਪਿਆਰ ਨਾਲ ਦੇਖ-ਭਾਲ ਕੀਤੀ ਜਿਸ ਕਰਕੇ ਉਸ ਦੀ ਪਰਵਰਿਸ਼ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਪਰਿਵਾਰ ਵਿਚ ਹੋ ਸਕੀ। ਧਿਆਨ ਦਿਓ ਕਿ ਯਹੋਵਾਹ ਨੇ ਯਿਸੂ ਨੂੰ ਕਿਵੇਂ ਹੇਰੋਦੇਸ ਦੇ ਹੱਥੋਂ ਬਚਾਇਆ ਅਤੇ ਕੋਈ ਵੀ ਯਹੋਵਾਹ ਦੇ ਮਕਸਦ ਨੂੰ ਪੂਰਾ ਹੋਣ ਤੋਂ ਰੋਕ ਨਹੀਂ ਸਕਦਾ। ਜਾਣੋ ਕਿ ਯਹੋਵਾਹ ਨੇ ਕਿਵੇਂ ਯੂਹੰਨਾ ਨੂੰ ਯਿਸੂ ਦਾ ਰਾਹ ਤਿਆਰ ਕਰਨ ਦੀ ਜ਼ਿੰਮੇਵਾਰੀ ਦਿੱਤੀ। ਇਸ ਗੱਲ ʼਤੇ ਜ਼ੋਰ ਦਿਓ ਕਿ ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਛੋਟੀ ਉਮਰ ਤੋਂ ਹੀ ਯਹੋਵਾਹ ਦੀਆਂ ਬੁੱਧ ਭਰੀਆਂ ਗੱਲਾਂ ਨਾਲ ਪਿਆਰ ਸੀ।