ਦੁਬਾਰਾ ਮਿਲਣਾ
ਪਾਠ 7
ਹਾਰ ਨਾ ਮੰਨੋ
ਅਸੂਲ: “ਉਹ ਬਿਨਾਂ ਰੁਕੇ ਸਿੱਖਿਆ ਦਿੰਦੇ ਰਹੇ ਅਤੇ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਰਹੇ।”—ਰਸੂ. 5:42.
ਪੌਲੁਸ ਨੇ ਕੀ ਕੀਤਾ?
1. ਵੀਡੀਓ ਦੇਖੋ ਰਸੂਲਾਂ ਦੇ ਕੰਮ 19:8-10 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
ੳ. ਕੁਝ ਲੋਕਾਂ ਦੇ ਵਿਰੋਧ ਦੇ ਬਾਵਜੂਦ ਪੌਲੁਸ ਕਿਵੇਂ ਦਿਲਚਸਪੀ ਰੱਖਣ ਵਾਲਿਆਂ ਦੀ ਮਦਦ ਕਰਨ ਵਿਚ ਲੱਗਾ ਰਿਹਾ?
ਅ. ਇਨ੍ਹਾਂ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਪੌਲੁਸ ਕਿੰਨੀ ਵਾਰ ਜਾ ਕੇ ਮਿਲਿਆ ਤੇ ਉਸ ਨੇ ਇੱਦਾਂ ਕਿੰਨੀ ਦੇਰ ਤਕ ਕੀਤਾ?
ਅਸੀਂ ਪੌਲੁਸ ਤੋਂ ਕੀ ਸਿੱਖਦੇ ਹਾਂ?
2. ਜੇ ਅਸੀਂ ਚਾਹੁੰਦੇ ਹਾਂ ਕਿ ਦੁਬਾਰਾ ਮੁਲਾਕਾਤ ਕਰਦੇ ਵੇਲੇ ਲੋਕ ਸਾਡੀ ਗੱਲ ਸੁਣਨ ਅਤੇ ਸਟੱਡੀ ਕਰਨ ਲਈ ਰਾਜ਼ੀ ਹੋ ਜਾਣ, ਤਾਂ ਸਾਨੂੰ ਸਮਾਂ ਕੱਢਣ ਤੇ ਮਿਹਨਤ ਕਰਨ ਦੀ ਲੋੜ ਹੈ।
ਪੌਲੁਸ ਦੀ ਰੀਸ ਕਰੋ
3. ਆਪਣੇ ਸ਼ਡਿਉਲ ਵਿਚ ਫੇਰ-ਬਦਲ ਕਰੋ। ਆਪਣੇ ਆਪ ਤੋਂ ਪੁੱਛੋ: ‘ਉਸ ਕੋਲ ਮੇਰੇ ਨਾਲ ਗੱਲ ਕਰਨ ਲਈ ਕਦੋਂ ਸਮਾਂ ਹੋਵੇਗਾ? ਉਹ ਕਿੱਥੇ ਮਿਲਣਾ ਪਸੰਦ ਕਰੇਗਾ?’ ਜੇ ਉਹ ਤੁਹਾਨੂੰ ਅਜਿਹੇ ਸਮੇਂ ਤੇ ਮਿਲਣ ਲਈ ਕਹਿੰਦਾ ਹੈ ਜਿਸ ਸਮੇਂ ਤੁਹਾਡੇ ਲਈ ਜਾਣਾ ਔਖਾ ਹੈ, ਤਾਂ ਵੀ ਉਸ ਨੂੰ ਮਿਲਣ ਲਈ ਤਿਆਰ ਰਹੋ।
4. ਸਮਾਂ ਤੈਅ ਕਰੋ। ਹਰ ਵਾਰ ਗੱਲਬਾਤ ਦੇ ਅਖ਼ੀਰ ਵਿਚ ਇਕ ਸਮਾਂ ਤੈਅ ਕਰੋ ਕਿ ਤੁਸੀਂ ਉਸ ਵਿਅਕਤੀ ਨੂੰ ਅਗਲੀ ਵਾਰ ਕਦੋਂ ਮਿਲ ਸਕਦੇ ਹੋ। ਫਿਰ ਉਸ ਸਮੇਂ ਜਾਣ ਦੀ ਕੋਸ਼ਿਸ਼ ਕਰੋ।
5. ਉਮੀਦ ਨਾ ਛੱਡੋ। ਜੇ ਕੋਈ ਵਿਅਕਤੀ ਕਦੇ-ਕਦਾਈਂ ਹੀ ਘਰ ਮਿਲਦਾ ਜਾਂ ਅਕਸਰ ਬਿਜ਼ੀ ਰਹਿੰਦਾ ਹੈ, ਤਾਂ ਝੱਟ ਹੀ ਇਹ ਨਾ ਮੰਨ ਲਓ ਕਿ ਉਸ ਵਿਅਕਤੀ ਨੂੰ ਸਾਡੇ ਸੰਦੇਸ਼ ਵਿਚ ਕੋਈ ਦਿਲਚਸਪੀ ਨਹੀਂ ਹੈ। (1 ਕੁਰਿੰ. 13:4, 7) ਭਾਵੇਂ ਕਿ ਅਸੀਂ ਉਸ ਵਿਅਕਤੀ ਦੀ ਮਦਦ ਕਰਨ ਵਿਚ ਲੱਗੇ ਰਹਾਂਗੇ, ਪਰ ਅਸੀਂ ਆਪਣੇ ਸਮੇਂ ਨੂੰ ਸਮਝਦਾਰੀ ਨਾਲ ਵਰਤਾਂਗੇ।—1 ਕੁਰਿੰ. 9:26.