ਉਨ੍ਹਾਂ ਨੇ ਗੜਬੜੀ ਭਰੇ ਸੰਸਾਰ ਵਿਚ ਸ਼ਾਂਤੀ ਪ੍ਰਾਪਤ ਕੀਤੀ
ਇਸ ਰਸਾਲੇ ਦੇ ਮੁੱਖ ਸਫ਼ੇ ਉੱਤੇ ਦਿੱਤੀ ਗਈ ਤਸਵੀਰ ਬੋਸਨੀਆ ਅਤੇ ਹਰਜ਼ੇਗੋਵੀਨਾ ਤੋਂ ਇਕ ਅਗਨਮਈ ਯੁੱਧ ਦ੍ਰਿਸ਼ ਨੂੰ ਵਰਣਨ ਕਰਦੀ ਹੈ। ਕੀ ਅਜਿਹੀ ਜਗ੍ਹਾ ਵਿਚ ਸ਼ਾਂਤੀ ਹੋ ਸਕਦੀ ਹੈ? ਹੈਰਾਨੀ ਦੀ ਗੱਲ ਹੈ, ਪਰ ਜਵਾਬ ਹੈ ਹਾਂ। ਜਦ ਕਿ ਉਸ ਦੁਖਦਾਇਕ ਦੇਸ਼ ਵਿਚ ਰੋਮਨ ਕੈਥੋਲਿਕ, ਪੂਰਬੀ ਆਰਥੋਡਾਕਸ, ਅਤੇ ਮੁਸਲਿਮ ਫ਼ਿਰਕੇ ਜ਼ਮੀਨ ਲਈ ਲੜਦੇ ਹਨ, ਬਹੁਤੇਰੇ ਵਿਅਕਤੀ ਸ਼ਾਂਤੀ ਲਈ ਤਰਸਦੇ ਹਨ, ਅਤੇ ਕਈਆਂ ਨੇ ਇਸ ਨੂੰ ਪ੍ਰਾਪਤ ਵੀ ਕੀਤਾ ਹੈ।
ਡੋਰਮ ਪਰਿਵਾਰ ਸਾਰਾਜੇਵੋ ਦੇ ਨਿਵਾਸੀ ਸਨ, ਅਤੇ ਉਹ ਯਹੋਵਾਹ ਦੇ ਗਵਾਹ ਸਨ। ਉਸ ਸ਼ਹਿਰ ਦੀ ਸਾਰੀ ਗੜਬੜੀ ਦੇ ਵਿਚਕਾਰ, ਉਹ ਆਪਣੇ ਗੁਆਂਢੀਆਂ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸਾਂਝਿਆਂ ਕਰਨ ਲਈ ਉਨ੍ਹਾਂ ਨਾਲ ਆਦਤਨ ਤੌਰ ਤੇ ਮੁਲਾਕਾਤ ਕਰਦੇ ਸਨ। (ਮੱਤੀ 24:14) ਕਿਉਂ? ਕਿਉਂਕਿ ਡੋਰਮ ਪਰਿਵਾਰ ਜਾਣਦਾ ਸੀ ਕਿ ਇਹ ਰਾਜ ਵਾਸਤਵਿਕ ਹੈ, ਕਿ ਇਹ ਪਹਿਲਾਂ ਤੋਂ ਹੀ ਸਵਰਗ ਵਿਚ ਸਥਾਪਿਤ ਹੋ ਚੁੱਕਿਆ ਹੈ, ਅਤੇ ਕਿ ਇਹ ਸ਼ਾਂਤੀ ਲਈ ਮਨੁੱਖਜਾਤੀ ਦੀ ਉੱਤਮ ਅਤੇ ਇੱਕੋ-ਇਕ ਉਮੀਦ ਹੈ। ਯਹੋਵਾਹ ਦੇ ਗਵਾਹਾਂ ਨੂੰ ਉਸ ਚੀਜ਼ ਵਿਚ ਪੂਰਾ ਭਰੋਸਾ ਹੈ ਜਿਸ ਨੂੰ ਰਸੂਲ ਪੌਲੁਸ ਨੇ “ਮਿਲਾਪ ਦੀ ਖੁਸ਼ ਖਬਰੀ” ਆਖਿਆ। (ਅਫ਼ਸੀਆਂ 2:17) ਬੋਜ਼ੋ ਅਤੇ ਹੈੱਨਾ ਡੋਰਮ ਵਰਗੇ ਲੋਕਾਂ ਸਦਕਾ, ਬਹੁਤ ਲੋਕ ਬੋਸਨੀਆ ਅਤੇ ਹਰਜ਼ੇਗੋਵੀਨਾ ਵਿਚ ਸ਼ਾਂਤੀ ਪ੍ਰਾਪਤ ਕਰ ਰਹੇ ਹਨ।
ਇਕ ਅਸਲੀ ਸ਼ਾਂਤੀ ਆਵੇਗੀ
ਡੋਰਮ ਪਰਿਵਾਰ ਬਾਰੇ ਕਹਿਣ ਨੂੰ ਹੋਰ ਵੀ ਗੱਲਾਂ ਹਨ। ਪਰੰਤੂ, ਆਓ ਪਹਿਲਾਂ ਅਸੀਂ ਇਕ ਹੋਰ ਦੰਪਤੀ ਬਾਰੇ ਗੱਲ ਕਰੀਏ ਜਿਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਵਿਚ ਭਰੋਸਾ ਪ੍ਰਾਪਤ ਕੀਤਾ। ਉਨ੍ਹਾਂ ਦਾ ਨਾਂ ਆਰਥਰ ਅਤੇ ਆਰੀਨਾ ਹੈ। ਉਹ ਅਤੇ ਉਨ੍ਹਾਂ ਦੇ ਛੋਟੇ ਮੁੰਡੇ ਭੂਤਪੂਰਵ ਸੋਵੀਅਤ ਸੰਘ ਦੇ ਖੇਤਰ ਵਿਚ ਇਕ ਗਣਰਾਜ ਵਿਚ ਰਹਿੰਦੇ ਸਨ। ਜਦੋਂ ਅਸੈਨਿਕ ਜੰਗ ਛਿੜ ਪਈ, ਤਾਂ ਆਰਥਰ ਇਕ ਧਿਰ ਦੇ ਪੱਖ ਵਿਚ ਲੜਿਆ। ਪਰੰਤੂ, ਜਲਦੀ ਹੀ ਉਹ ਖ਼ੁਦ ਤੋਂ ਪੁੱਛਣ ਲੱਗਾ, ‘ਮੈਂ ਕਿਉਂ ਇਨ੍ਹਾਂ ਲੋਕਾਂ ਦੇ ਵਿਰੁੱਧ ਲੜ ਰਿਹਾ ਹਾਂ ਜੋ ਪਹਿਲਾਂ ਮੇਰੇ ਗੁਆਂਢੀ ਹੋਇਆ ਕਰਦੇ ਸਨ?’ ਉਸ ਨੇ ਦੇਸ਼ ਛੱਡ ਦਿੱਤਾ ਅਤੇ, ਕਈ ਮੁਸ਼ਕਲਾਤਾਂ ਮਗਰੋਂ, ਆਪਣੇ ਛੋਟੇ ਬੱਚਿਆਂ ਵਾਲੇ ਪਰਿਵਾਰ ਨਾਲ ਏਸਟੋਨੀਆ ਪਹੁੰਚਿਆ।
ਸੇਂਟ ਪੀਟਰਸਬਰਗ ਦਾ ਦੌਰਾ ਕਰਦੇ ਸਮੇਂ, ਆਰਥਰ ਦੀ ਮੁਲਾਕਾਤ ਯਹੋਵਾਹ ਦੇ ਗਵਾਹਾਂ ਨਾਲ ਹੋਈ ਅਤੇ ਜੋ ਕੁਝ ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਿਆ ਉਸ ਤੋਂ ਉਹ ਕਾਫ਼ੀ ਪ੍ਰਭਾਵਿਤ ਹੋਇਆ। ਯਹੋਵਾਹ ਦੀ ਇੱਛਾ ਹੈ ਕਿ ਬਹੁਤ ਹੀ ਜਲਦੀ ਪਰਮੇਸ਼ੁਰ ਦਾ ਰਾਜ ਮਨੁੱਖਜਾਤੀ ਉੱਤੇ ਇੱਕੋ-ਇਕ ਹਕੂਮਤ ਹੋਵੇਗੀ। (ਦਾਨੀਏਲ 2:44) ਉਦੋਂ ਧਰਤੀ ਇਕ ਸ਼ਾਂਤਮਈ ਜਗ੍ਹਾ ਹੋਵੇਗੀ, ਅਤੇ ਅਸੈਨਿਕ ਜੰਗ ਜਾਂ ਕੌਮਾਂਤਰੀ ਤਕਰਾਰ ਫਿਰ ਨਾ ਹੋਣਗੇ। ਯਸਾਯਾਹ ਨੇ ਉਸ ਸਮੇਂ ਬਾਰੇ ਭਵਿੱਖਬਾਣੀ ਕੀਤੀ: “ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।”—ਯਸਾਯਾਹ 11:9.
ਇਕ ਗਵਾਹ ਵੱਲੋਂ ਉਸ ਨੂੰ ਦਿਖਾਏ ਗਏ ਇਕ ਬਾਈਬਲ ਅਧਿਐਨ ਸਹਾਇਕ ਵਿਚ ਉਸ ਆਗਾਮੀ ਸ਼ਾਂਤਮਈ ਧਰਤੀ ਬਾਰੇ ਚਿੱਤਰਕਾਰ ਦੀ ਤਸਵੀਰ ਦੇਖ ਕੇ, ਆਰਥਰ ਨੇ ਟਿੱਪਣੀ ਕੀਤੀ ਕਿ ਉਹ ਵੀ ਇਕ ਅਜਿਹੀ ਜਗ੍ਹਾ ਵਿਚ ਰਹਿੰਦਾ ਸੀ ਜੋ ਦੇਖਣ ਨੂੰ ਇਸੇ ਤਰ੍ਹਾਂ ਸੀ। ਪਰੰਤੂ, ਹੁਣ ਉਹ ਅਸੈਨਿਕ ਜੰਗ ਦੁਆਰਾ ਤਬਾਹ ਹੋ ਰਹੀ ਸੀ। ਵਾਪਸ ਏਸਟੋਨੀਆ ਵਿਚ, ਆਰਥਰ ਅਤੇ ਉਸ ਦਾ ਪਰਿਵਾਰ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨ ਦੇ ਦੁਆਰਾ ਪਰਮੇਸ਼ੁਰ ਦੇ ਰਾਜ ਬਾਰੇ ਹੋਰ ਸਿੱਖ ਰਹੇ ਹਨ।
ਗੜਬੜੀ ਵਿਚਕਾਰ ਸ਼ਾਂਤੀ
ਜ਼ਬੂਰ 37:37 ਆਖਦਾ ਹੈ: “ਨਿਰਦੋਸ਼ ਮਨੁੱਖ ਨੂੰ ਦੇਖ ਅਤੇ ਨੇਕ ਮਨੁੱਖ ਨੂੰ ਨਜ਼ਰ ਵਿਚ ਰੱਖ, ਕਿਉਂਕਿ ਉਸ ਮਨੁੱਖ ਦਾ ਭਵਿੱਖ ਸ਼ਾਂਤਮਈ ਹੋਵੇਗਾ।” (ਨਿ ਵ) ਦਰਅਸਲ, ਇਕ ਵਿਅਕਤੀ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਨਿਰਦੋਸ਼ ਅਤੇ ਨੇਕ ਹੈ, ਉਸ ਦੀ ਸ਼ਾਂਤੀ ਕੇਵਲ ਉਸ ਦੇ ਭਵਿੱਖ ਤਕ ਹੀ ਸੀਮਿਤ ਨਹੀਂ ਹੈ। ਉਹ ਹੁਣ ਵੀ ਇਸ ਦਾ ਆਨੰਦ ਮਾਣਦਾ ਹੈ। ਇਹ ਕਿਵੇਂ ਸੰਭਵ ਹੈ? ਪੌਲ ਨਾਮਕ ਇਕ ਆਦਮੀ ਦੇ ਅਨੁਭਵ ਉੱਤੇ ਗੌਰ ਕਰੋ।
ਪੌਲ ਦੱਖਣ-ਪੱਛਮੀ ਇਥੋਪੀਆ ਵਿਚ ਇਕ ਦੂਰ-ਦੁਰਾਡੇ ਸ਼ਰਨਾਰਥੀ ਕੈਂਪ ਵਿਚ ਰਹਿੰਦਾ ਹੈ, ਭਾਵੇਂ ਕਿ ਅਸਲ ਵਿਚ ਉਹ ਇਕ ਗੁਆਂਢੀ ਦੇਸ਼ ਦਾ ਜੰਮਪਲ ਹੈ। ਆਪਣੇ ਜੱਦੀ ਦੇਸ਼ ਵਿਚ, ਉਸ ਦੀ ਮੁਲਾਕਾਤ ਇਕ ਯਹੋਵਾਹ ਦੇ ਗਵਾਹ ਨਾਲ ਹੋਈ, ਜੋ ਇਕ ਪੈਟਰੋਲੀਅਮ ਕੰਪਨੀ ਲਈ ਕੰਮ ਕਰਦਾ ਸੀ, ਅਤੇ ਇਸ ਆਦਮੀ ਨੇ ਉਸ ਨੂੰ ਇਕ ਬਾਈਬਲ ਅਧਿਐਨ ਸਹਾਇਕ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈa ਦਿੱਤਾ। ਪੌਲ ਦੀ ਫਿਰ ਦੁਬਾਰਾ ਉਸ ਗਵਾਹ ਨਾਲ ਮੁਲਾਕਾਤ ਨਾ ਹੋਈ, ਪਰੰਤੂ ਉਸ ਨੇ ਇਸ ਪੁਸਤਕ ਦਾ ਧਿਆਨ ਨਾਲ ਅਧਿਐਨ ਕੀਤਾ। ਅਸੈਨਿਕ ਜੰਗ ਦੇ ਕਾਰਨ ਉਸ ਨੂੰ ਇਥੋਪੀਆ ਦੇ ਇਕ ਸ਼ਰਨਾਰਥੀ ਕੈਂਪ ਵਿਚ ਭੱਜਣਾ ਪਿਆ, ਅਤੇ ਉੱਥੇ ਉਸ ਨੇ ਦੂਜਿਆਂ ਨੂੰ ਉਹ ਗੱਲਾਂ ਦੱਸੀਆਂ ਜੋ ਉਸ ਨੇ ਸਿੱਖੀਆਂ ਸਨ। ਇਕ ਛੋਟੇ ਸਮੂਹ ਨੇ ਇਸ ਨੂੰ ਸੱਚਾਈ ਦੇ ਤੌਰ ਤੇ ਸਵੀਕਾਰ ਕਰ ਲਿਆ। ਉਨ੍ਹਾਂ ਨੇ ਜੋ ਕੁਝ ਸਿੱਖਿਆ ਸੀ, ਉਸ ਦੇ ਆਧਾਰ ਤੇ ਉਹ ਜਲਦੀ ਹੀ ਕੈਂਪ ਵਿਚ ਦੂਜਿਆਂ ਨੂੰ ਪ੍ਰਚਾਰ ਕਰ ਰਹੇ ਸਨ।
ਪੌਲ ਨੇ ਮਦਦ ਲਈ ਵਾਚ ਟਾਵਰ ਸੋਸਾਇਟੀ ਦੇ ਮੁੱਖ ਦਫ਼ਤਰ ਨੂੰ ਚਿੱਠੀ ਲਿਖੀ। ਅਦਿਸ ਅਬਾਬਾ ਤੋਂ ਘੱਲਿਆ ਗਿਆ ਇਕ ਧਰਮ ਸੇਵਕ ਹੈਰਾਨ ਰਹਿ ਗਿਆ ਜਦੋਂ ਉਸ ਨੇ ਪਾਇਆ ਕਿ 35 ਲੋਕ ਪਰਮੇਸ਼ੁਰ ਦੇ ਰਾਜ ਬਾਰੇ ਹੋਰ ਸਿੱਖਣ ਲਈ ਤਿਆਰ, ਉਸ ਦਾ ਇੰਤਜ਼ਾਰ ਕਰ ਰਹੇ ਸਨ। ਨਿਯਮਿਤ ਤੌਰ ਤੇ ਮਦਦ ਦੇਣ ਲਈ ਪ੍ਰਬੰਧ ਕੀਤੇ ਗਏ।
ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਪੌਲ ਵਰਗੇ ਲੋਕ ਸ਼ਾਂਤੀ ਦਾ ਆਨੰਦ ਮਾਣਦੇ ਹਨ? ਉਨ੍ਹਾਂ ਦੀ ਜ਼ਿੰਦਗੀ ਸੌਖੀ ਨਹੀਂ ਹੈ, ਪਰੰਤੂ ਉਨ੍ਹਾਂ ਨੂੰ ਪਰਮੇਸ਼ੁਰ ਉੱਤੇ ਨਿਹਚਾ ਹੈ। ਜਦੋਂ ਉਹ ਇਸ ਸੰਸਾਰ ਦੀ ਗੜਬੜੀ ਤੋਂ ਪ੍ਰਭਾਵਿਤ ਹੁੰਦੇ ਹਨ, ਤਾਂ ਉਹ ਬਾਈਬਲ ਦੀ ਇਹ ਸਲਾਹ ਲਾਗੂ ਕਰਦੇ ਹਨ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ।” ਸਿੱਟੇ ਵਜੋਂ, ਉਨ੍ਹਾਂ ਨੂੰ ਅਜਿਹੀ ਸੰਤੁਸ਼ਟੀ ਹਾਸਲ ਹੈ ਜੋ ਅੱਜ ਵਿਰਲੀ ਹੈ। ਫ਼ਿਲਿੱਪੈ ਦੀ ਕਲੀਸਿਯਾ ਨੂੰ ਲਿਖੇ ਗਏ ਪੌਲੁਸ ਦੇ ਸ਼ਬਦ ਉਨ੍ਹਾਂ ਉੱਤੇ ਲਾਗੂ ਹੁੰਦੇ ਹਨ: “ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” ਸੱਚ-ਮੁੱਚ, ਉਹ “ਸ਼ਾਂਤੀ ਦਾਤਾ ਪਰਮੇਸ਼ੁਰ,” ਯਹੋਵਾਹ ਨਾਲ ਇਕ ਨਜ਼ਦੀਕੀ ਸੰਬੰਧ ਮਹਿਸੂਸ ਕਰਦੇ ਹਨ।—ਫ਼ਿਲਿੱਪੀਆਂ 4:6, 7, 9.
ਵਰਤਮਾਨ ਸ਼ਾਂਤੀ
ਪਰਮੇਸ਼ੁਰ ਦੇ ਰਾਜ ਦਾ ਵਿਰਾਜਮਾਨ ਰਾਜਾ ਯਿਸੂ ਮਸੀਹ ਹੈ, ਜਿਸ ਨੂੰ ਬਾਈਬਲ ਵਿਚ “ਸ਼ਾਂਤੀ ਦਾ ਰਾਜ ਕੁਮਾਰ” ਆਖਿਆ ਜਾਂਦਾ ਹੈ। (ਯਸਾਯਾਹ 9:6) ਉਸ ਬਾਰੇ ਪ੍ਰਾਚੀਨ ਨਬੀ ਨੇ ਆਖਿਆ: “ਉਹ ਕੌਮਾਂ ਲਈ ਸ਼ਾਂਤੀ ਦੀਆਂ ਗੱਲਾਂ ਕਰੇਗਾ, ਉਹ ਦੀ ਹਕੂਮਤ ਸਮੁੰਦਰ ਤੋਂ ਸਮੁੰਦਰ ਤੀਕ ਅਤੇ ਦਰਿਆ ਤੋਂ ਧਰਤੀ ਦੀਆਂ ਹੱਦਾਂ ਤੀਕ ਹੋਵੇਗੀ।” (ਜ਼ਕਰਯਾਹ 9:10) ਅਜਿਹੇ ਪ੍ਰੇਰਿਤ ਸ਼ਬਦਾਂ ਨੇ ਹੋਸੇ ਨਾਮਕ ਇਕ ਆਦਮੀ ਦੀ ਜ਼ਿੰਦਗੀ ਉੱਤੇ ਡੂੰਘਾ ਅਸਰ ਪਾਇਆ।
ਇਕ ਸਮੇਂ ਤੇ ਹੋਸੇ ਜੇਲ੍ਹ ਵਿਚ ਸੀ। ਉਹ ਇਕ ਆਤੰਕਵਾਦ ਸੀ ਅਤੇ ਇਕ ਪੁਲਸ ਬੈਰਕ ਨੂੰ ਉਡਾਉਣ ਦੀ ਤਿਆਰੀ ਕਰਦੇ ਹੋਏ ਗਿਰਫ਼ਤਾਰ ਕੀਤਾ ਗਿਆ ਸੀ। ਉਸ ਨੇ ਸੋਚਿਆ ਕਿ ਕੇਵਲ ਹਿੰਸਾ ਦੁਆਰਾ ਹੀ ਸਰਕਾਰ ਉਸ ਦੇ ਦੇਸ਼ ਦੀ ਹਾਲਤ ਨੂੰ ਸੁਧਾਰਨ ਲਈ ਮਜਬੂਰ ਕੀਤੀ ਜਾਏਗੀ। ਜਦੋਂ ਉਹ ਜੇਲ੍ਹ ਵਿਚ ਸੀ, ਯਹੋਵਾਹ ਦੇ ਗਵਾਹਾਂ ਨੇ ਉਸ ਦੀ ਪਤਨੀ ਦੇ ਨਾਲ ਬਾਈਬਲ ਦਾ ਅਧਿਐਨ ਸ਼ੁਰੂ ਕੀਤਾ।
ਜੇਲ੍ਹ ਤੋਂ ਛੁੱਟਣ ਮਗਰੋਂ, ਹੋਸੇ ਨੇ ਵੀ ਬਾਈਬਲ ਦਾ ਅਧਿਐਨ ਕੀਤਾ, ਅਤੇ ਜਲਦੀ ਹੀ ਜ਼ਬੂਰ 85:8 ਦੇ ਸ਼ਬਦ ਉਸ ਨੂੰ ਲਾਗੂ ਹੋਣ ਲੱਗੇ: “ਮੈਂ ਸੁਣ ਲਵਾਂ ਭਈ ਯਹੋਵਾਹ ਪਰਮੇਸ਼ੁਰ ਕੀ ਆਖੇਗਾ, ਉਹ ਤਾਂ ਆਪਣੀ ਪਰਜਾ ਤੇ ਆਪਣੇ ਸੰਤਾਂ ਨਾਲ ਸ਼ਾਂਤੀ ਦੀਆਂ ਗੱਲਾਂ ਕਰੇਗਾ।” ਪਰੰਤੂ, ਉਹ ਆਇਤ ਇਕ ਚੇਤਾਵਨੀ ਦੇ ਨਾਲ ਸਮਾਪਤ ਹੁੰਦੀ ਹੈ: “ਓਹ ਫੇਰ ਮੂਰਖਤਾਈ [“ਆਤਮ-ਵਿਸ਼ਵਾਸ਼,” ਨਿ ਵ] ਵੱਲ ਨਾ ਮੁੜਨ।” ਇਸ ਲਈ, ਇਕ ਵਿਅਕਤੀ ਜੋ ਯਹੋਵਾਹ ਦੀ ਸ਼ਾਂਤੀ ਭਾਲਦਾ ਹੈ, ਉਹ ਸੁਤੰਤਰ ਢੰਗ ਨਾਲ ਜਾਂ ਉਸ ਦੀ ਇੱਛਾ ਦੇ ਵਿਰੁੱਧ ਕਾਰਜ ਕਰਨ ਦੀ ਗੁਸਤਾਖੀ ਨਹੀਂ ਕਰੇਗਾ।
ਅੱਜ, ਹੋਸੇ ਅਤੇ ਉਸ ਦੀ ਪਤਨੀ ਮਸੀਹੀ ਧਰਮ ਸੇਵਕ ਹਨ। ਉਹ ਦੂਜਿਆਂ ਨੂੰ ਯਹੋਵਾਹ ਦੇ ਰਾਜ ਵੱਲ ਨਿਰਦੇਸ਼ਿਤ ਕਰਦੇ ਹਨ, ਕਿ ਇਹੋ ਹੀ ਉਨ੍ਹਾਂ ਸਮੱਸਿਆਵਾਂ ਦਾ ਸੁਲਝਾਉ ਹੈ ਜਿਨ੍ਹਾਂ ਨੂੰ ਹੋਸੇ ਪਹਿਲਾਂ ਦੇਸੀ ਬੰਬਾਂ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਬਾਈਬਲ ਉੱਤੇ ਵਿਸ਼ਵਾਸ ਕਰਨ ਲਈ ਤਿਆਰ ਹਨ, ਜੋ ਕਹਿੰਦੀ ਹੈ: “ਯਹੋਵਾਹ ਉੱਤਮ ਪਦਾਰਥ ਬਖ਼ਸ਼ੇਗਾ।” (ਜ਼ਬੂਰ 85:12) ਦਰਅਸਲ, ਹਾਲ ਹੀ ਵਿਚ ਹੋਸੇ ਉਨ੍ਹਾਂ ਬੈਰਕਾਂ ਵਿਚ ਗਿਆ ਜਿਨ੍ਹਾਂ ਨੂੰ ਤਬਾਹ ਕਰਨ ਦੀ ਉਹ ਯੋਜਨਾ ਬਣਾ ਰਿਹਾ ਸੀ। ਕਿਉਂ? ਉੱਥੇ ਦੇ ਪਰਿਵਾਰਾਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲਾਂ ਕਰਨ ਦੇ ਲਈ।
ਸ਼ਾਂਤਮਈ ਲੋਕ
ਜ਼ਬੂਰ 37:10, 11 ਵਿਚ, ਬਾਈਬਲ ਕਹਿੰਦੀ ਹੈ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੀ ਠੌਰ ਨੂੰ ਗੌਹ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ। ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” ਕੀ ਹੀ ਸ਼ਾਨਦਾਰ ਆਸ!
ਪਰੰਤੂ, ਧਿਆਨ ਦਿਓ ਕਿ ਯਹੋਵਾਹ ਦੀ ਸ਼ਾਂਤੀ ਕੇਵਲ “ਅਧੀਨ” ਲਈ ਹੀ ਹੈ। ਜੋ ਲੋਕ ਸ਼ਾਂਤੀ ਭਾਲਦੇ ਹਨ, ਉਨ੍ਹਾਂ ਨੂੰ ਸ਼ਾਇਦ ਸ਼ਾਂਤਮਈ ਹੋਣ ਬਾਰੇ ਸਿੱਖਣਾ ਪਵੇ। ਇਹ ਕੀਥ ਦੇ ਮਾਮਲੇ ਵਿਚ ਸੱਚ ਸੀ, ਜੋ ਨਿਊਜ਼ੀਲੈਂਡ ਵਿਚ ਰਹਿੰਦਾ ਸੀ। ਕੀਥ ਨੂੰ “ਸਰੀਰ ਅਤੇ ਸ਼ਖਸੀਅਤ ਵਿਚ ਬਲਵਾਨ, ਆਕ੍ਰਮਣਸ਼ੀਲ, ਅਤੇ ਬਹਿਸੀ” ਕਿਹਾ ਜਾਂਦਾ ਸੀ। ਉਹ ਇਕ ਗੈਂਗ ਦਾ ਸਦੱਸ ਸੀ ਅਤੇ ਇਕ ਅਜਿਹੇ ਘਰ ਵਿਚ ਰਹਿੰਦਾ ਸੀ ਜੋ ਇਕ ਅਸਲ ਕਿਲਾ ਸੀ, ਜਿਸ ਦੇ ਬਗੀਚਿਆਂ ਵਿਚ ਤਿੰਨ ਸੁਰੱਖਿਆ ਕੁੱਤੇ ਘੁਸਪੈਠੀਆਂ ਨੂੰ ਬਾਹਰ ਰੱਖਣ ਲਈ ਪੈਰਾ ਦਿੰਦੇ ਸਨ। ਉਸ ਦੀ ਪਤਨੀ, ਜੋ ਉਸ ਦੇ ਛੇ ਬੱਚਿਆਂ ਦੀ ਮਾਂ ਸੀ, ਨੇ ਉਸ ਨੂੰ ਤਲਾਕ ਦਿੱਤਾ ਹੋਇਆ ਸੀ।
ਜਦੋਂ ਕੀਥ ਦੀ ਮੁਲਾਕਾਤ ਯਹੋਵਾਹ ਦੇ ਗਵਾਹਾਂ ਨਾਲ ਹੋਈ, ਤਾਂ ਉਸ ਉੱਤੇ ਖ਼ੁਸ਼ ਖ਼ਬਰੀ ਦਾ ਡੂੰਘਾ ਅਸਰ ਪਿਆ। ਜਲਦੀ ਹੀ ਉਹ ਅਤੇ ਉਸ ਦੇ ਬੱਚੇ ਗਵਾਹਾਂ ਦੇ ਨਾਲ ਸਭਾਵਾਂ ਵਿਚ ਹਾਜ਼ਰ ਹੋ ਰਹੇ ਸਨ। ਉਸ ਨੇ ਆਪਣੇ ਲੱਕ ਤਕ ਲੰਮੇ ਵਾਲ ਕਟਵਾ ਦਿੱਤੇ ਅਤੇ ਆਪਣੇ ਸਾਬਕਾ ਸਾਥੀਆਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲਾਂ ਕਰਨ ਲੱਗਾ। ਇਨ੍ਹਾਂ ਵਿੱਚੋਂ ਵੀ ਕਈਆਂ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ।
ਸੰਸਾਰ ਭਰ ਵਿਚ ਲੱਖਾਂ ਹੀ ਸੁਹਿਰਦ ਵਿਅਕਤੀਆਂ ਵਾਂਗ, ਕੀਥ ਨੇ ਵੀ ਰਸੂਲ ਪਤਰਸ ਦਿਆਂ ਸ਼ਬਦਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ: “ਜਿਹੜਾ ਜੀਵਨ ਨਾਲ ਪ੍ਰੇਮ ਰੱਖਣਾ, ਅਤੇ ਭਲੇ ਦਿਨ ਵੇਖਣੇ ਚਾਹੁੰਦਾ ਹੈ, . . . ਉਹ ਬਦੀ ਤੋਂ ਹਟ ਜਾਵੇ ਅਤੇ ਨੇਕੀ ਕਰੇ, ਮਿਲਾਪ ਨੂੰ ਲੱਭੇ ਅਤੇ ਉਹ ਦਾ ਪਿੱਛਾ ਕਰੇ।” (1 ਪਤਰਸ 3:10, 11) ਕੀਥ ਦੀ ਸਾਬਕਾ ਪਤਨੀ ਉਸ ਨਾਲ ਦੁਬਾਰਾ ਵਿਆਹ ਕਰਨ ਲਈ ਰਜ਼ਾਮੰਦ ਹੋ ਗਈ, ਅਤੇ ਹੁਣ ਕੀਥ ‘ਮਿਲਾਪ ਨੂੰ ਲੱਭਣਾ ਅਤੇ ਉਹ ਦਾ ਪਿੱਛਾ ਕਰਨਾ’ ਸਿੱਖ ਰਿਹਾ ਹੈ।
ਯਹੋਵਾਹ ਦੀ ਸ਼ਾਂਤੀ ਨੇ ਬਹੁਤ ਲੋਕਾਂ ਦੀ ਜਾਨ ਬਚਾਈ ਹੈ, ਜਿਸ ਵਿਚ ਭੂਤਪੂਰਵ ਯੂ.ਐਸ.ਐਸ.ਆਰ ਵਿਚ ਜੰਮਿਆ ਇਕ-ਸਮੇਂ ਦਾ ਐਥਲੀਟ ਵੀ ਸ਼ਾਮਲ ਹੈ। ਇਸ ਆਦਮੀ ਨੇ ਓਲੰਪਕ ਪ੍ਰਤਿਯੋਗਿਤਾ ਵਿਚ ਤਮਗੇ ਜਿੱਤੇ, ਪਰੰਤੂ ਉਹ ਨਿਰਾਸ਼ ਹੋ ਗਿਆ ਅਤੇ ਉਸ ਨੇ ਨਸ਼ੀਲੀਆਂ ਦਵਾਈਆਂ ਤੇ ਸ਼ਰਾਬ ਦਾ ਸਹਾਰਾ ਲਿਆ। ਘਟਨਾਪੂਰਣ 19 ਸਾਲਾਂ ਮਗਰੋਂ, ਜਿਸ ਵਿਚ ਸਾਇਬੇਰੀਆ ਵਿਖੇ ਇਕ ਕਿਰਤੀ-ਕੈਂਪ ਵਿਚ ਤਿੰਨ-ਸਾਲ ਦੀ ਕੈਦ, ਕੈਨੇਡਾ ਤਕ ਜਹਾਜ਼ ਵਿਚ ਇਕ ਛੁਪੇ ਮੁਸਾਫ਼ਰ ਵਜੋਂ ਸਫਰ, ਅਤੇ ਆਪਣੀ ਨਸ਼ੇ ਦੀ ਆਦਤ ਦੇ ਕਾਰਨ ਦੋ ਵਾਰ ਮਰਦੇ-ਮਰਦੇ ਬਚਣਾ ਸ਼ਾਮਲ ਸੀ, ਉਸ ਨੇ ਜੀਵਨ ਵਿਚ ਇਕ ਸੱਚਾ ਮਕਸਦ ਲੱਭਣ ਲਈ ਪਰਮੇਸ਼ੁਰ ਤੋਂ ਮਦਦ ਲਈ ਪ੍ਰਾਰਥਨਾ ਕੀਤੀ। ਰੂਸੀ ਭਾਸ਼ਾ ਬੋਲਣ ਵਾਲੇ ਯਹੋਵਾਹ ਦੇ ਗਵਾਹਾਂ ਨਾਲ ਇਕ ਬਾਈਬਲ ਅਧਿਐਨ ਨੇ ਉਸ ਨੂੰ ਆਪਣੇ ਸਵਾਲਾਂ ਦੇ ਜਵਾਬ ਲੱਭਣ ਵਿਚ ਮਦਦ ਕੀਤੀ। ਅੱਜ ਇਸ ਆਦਮੀ ਨੇ, ਲੱਖਾਂ ਦੂਜੇ ਲੋਕਾਂ ਵਾਂਗ, ਪਰਮੇਸ਼ੁਰ ਨਾਲ ਅਤੇ ਆਪਣੇ ਨਾਲ ਸ਼ਾਂਤੀ ਪ੍ਰਾਪਤ ਕੀਤੀ ਹੈ।
ਪੁਨਰ-ਉਥਾਨ ਦੀ ਉਮੀਦ
ਆਖ਼ਰ ਵਿਚ, ਆਓ ਅਸੀਂ ਸਾਰਾਜੇਵੋ ਵਿਚ ਬੋਜ਼ੋ ਅਤੇ ਹੈੱਨਾ ਡੋਰਮ ਵੱਲ ਪਰਤੀਏ। ਇਸ ਦੰਪਤੀ ਦੀ ਇਕ ਪੰਜ-ਸਾਲਾ ਬੇਟੀ ਸੀ, ਮਾਗਡਾਲੇਨਾ। ਪਿਛਲੇ ਜੁਲਾਈ ਨੂੰ, ਤਿੰਨੇ ਆਪਣੇ ਪ੍ਰਚਾਰ ਕਾਰਜ ਵਿਚ ਫਿਰ ਇਕ ਵਾਰ ਹਿੱਸਾ ਲੈਣ ਵਾਸਤੇ ਘਰੋਂ ਨਿਕਲ ਰਹੇ ਸਨ ਕਿ ਉਹ ਸਾਰੇ ਦੇ ਸਾਰੇ ਇਕ ਗੋਲੇ ਦੇ ਵਿਸਫੋਟ ਵਿਚ ਮਾਰੇ ਗਏ। ਉਸ ਸ਼ਾਂਤੀ ਬਾਰੇ ਕੀ ਜੋ ਉਹ ਦੂਜਿਆਂ ਨੂੰ ਪ੍ਰਚਾਰ ਕਰਦੇ ਸਨ? ਕੀ ਉਨ੍ਹਾਂ ਦੀ ਜਾਨ ਲੈਣ ਵਾਲੇ ਗੋਲੇ ਨੇ ਇਹ ਦਿਖਾਇਆ ਕਿ ਇਹ ਅਸਲੀ ਸ਼ਾਂਤੀ ਨਹੀਂ ਸੀ?
ਬਿਲਕੁਲ ਨਹੀਂ! ਇਸ ਰੀਤੀ-ਵਿਵਸਥਾ ਵਿਚ ਦੁਖਾਂਤ ਹੁੰਦੇ ਹੀ ਹਨ। ਲੋਕੀ ਬੰਬਾਂ ਜਾਂ ਗੋਲਿਆਂ ਤੋਂ ਮਾਰੇ ਜਾਂਦੇ ਹਨ। ਦੂਸਰੇ ਲੋਕ ਬੀਮਾਰੀ ਤੋਂ ਜਾਂ ਦੁਰਘਟਨਾਵਾਂ ਵਿਚ ਮਰਦੇ ਹਨ। ਅਨੇਕ ਲੋਕ ਬੁਢੇਪੇ ਕਾਰਨ ਮਰਦੇ ਹਨ। ਉਹ ਜੋ ਪਰਮੇਸ਼ੁਰ ਦੀ ਸ਼ਾਂਤੀ ਦਾ ਆਨੰਦ ਮਾਣਦੇ ਹਨ ਇਨ੍ਹਾਂ ਗੱਲਾਂ ਤੋਂ ਮਹਿਫੂਜ਼ ਨਹੀਂ ਹਨ, ਪਰੰਤੂ ਅਜਿਹੀਆਂ ਘਟਨਾਵਾਂ ਦੀ ਸੰਭਾਵਨਾ ਉਨ੍ਹਾਂ ਨੂੰ ਬੇਉਮੀਦ ਨਹੀਂ ਛੱਡਦੀ ਹੈ।
ਯਿਸੂ ਨੇ ਆਪਣੀ ਮਿੱਤਰ ਮਾਰਥਾ ਨੂੰ ਵਾਅਦਾ ਕੀਤਾ: “ਕਿਆਮਤ [“ਪੁਨਰ-ਉਥਾਨ,” ਨਿ ਵ] ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ।” (ਯੂਹੰਨਾ 11:25) ਡੋਰਮ ਪਰਿਵਾਰ ਇਸ ਵਿਚ ਵਿਸ਼ਵਾਸ ਕਰਦਾ ਸੀ, ਜਿਵੇਂ ਕਿ ਸਾਰੇ ਹੀ ਯਹੋਵਾਹ ਦੇ ਗਵਾਹ ਕਰਦੇ ਹਨ। ਅਤੇ ਡੋਰਮ ਪਰਿਵਾਰ ਨੂੰ ਨਿਹਚਾ ਸੀ ਕਿ ਜੇ ਉਹ ਮਰ ਵੀ ਜਾਣ, ਤਾਂ ਵੀ ਉਹ ਇਕ ਅਜਿਹੀ ਧਰਤੀ ਉੱਤੇ ਪੁਨਰ-ਉਥਾਨ ਹਾਸਲ ਕਰਨਗੇ, ਜੋ ਉਸ ਸਮੇਂ ਸੱਚ-ਮੁੱਚ ਇਕ ਸ਼ਾਂਤਮਈ ਜਗ੍ਹਾ ਹੋਵੇਗੀ। ਯਹੋਵਾਹ ਪਰਮੇਸ਼ੁਰ “ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:4.
ਮਰਨ ਤੋਂ ਕੁਝ ਹੀ ਸਮਾਂ ਪਹਿਲਾਂ, ਯਿਸੂ ਨੇ ਆਪਣੇ ਅਨੁਯਾਈਆਂ ਨੂੰ ਕਿਹਾ: “ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ। . . . ਤੁਹਾਡਾ ਦਿਲ ਨਾ ਘਬਰਾਵੇ।” (ਯੂਹੰਨਾ 14:27) ਅਸੀਂ ਡੋਰਮ ਪਰਿਵਾਰ ਦੇ ਨਾਲ ਆਨੰਦ ਮਾਣਦੇ ਹਾਂ ਜਿਨ੍ਹਾਂ ਨੂੰ ਉਹ ਸ਼ਾਂਤੀ ਹਾਸਲ ਸੀ ਅਤੇ ਜੋ ਨਿਸ਼ਚੇ ਹੀ ਪੁਨਰ-ਉਥਾਨ ਵਿਚ ਹੋਰ ਵੀ ਪੂਰਨ ਤੌਰ ਤੇ ਇਸ ਦਾ ਆਨੰਦ ਮਾਣਨਗੇ। ਅਸੀਂ ਉਨ੍ਹਾਂ ਸਾਰਿਆਂ ਲਈ ਖ਼ੁਸ਼ ਹਾਂ ਜੋ ਸ਼ਾਂਤੀ ਦਾਤਾ ਪਰਮੇਸ਼ੁਰ, ਯਹੋਵਾਹ ਦੀ ਉਪਾਸਨਾ ਕਰਦੇ ਹਨ। ਅਜਿਹੇ ਵਿਅਕਤੀਆਂ ਕੋਲ ਮਨ ਦੀ ਸ਼ਾਂਤੀ ਹੈ। ਉਹ ਪਰਮੇਸ਼ੁਰ ਨਾਲ ਸ਼ਾਂਤੀ ਦਾ ਆਨੰਦ ਮਾਣਦੇ ਹਨ। ਉਹ ਦੂਜਿਆਂ ਨਾਲ ਸ਼ਾਂਤੀ ਵਿਕਸਿਤ ਕਰਦੇ ਹਨ। ਅਤੇ ਉਨ੍ਹਾਂ ਨੂੰ ਇਕ ਸ਼ਾਂਤਮਈ ਭਵਿੱਖ ਵਿਚ ਭਰੋਸਾ ਹੈ। ਜੀ ਹਾਂ, ਉਨ੍ਹਾਂ ਨੇ ਸ਼ਾਂਤੀ ਪ੍ਰਾਪਤ ਕੀਤੀ ਹੈ, ਭਾਵੇਂ ਕਿ ਉਹ ਇਕ ਗੜਬੜੀ ਭਰੇ ਸੰਸਾਰ ਵਿਚ ਜੀ ਰਹੇ ਹਨ। ਦਰਅਸਲ, ਉਹ ਸਾਰੇ ਜੋ ਆਤਮਾ ਅਤੇ ਸੱਚਾਈ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਨ, ਸ਼ਾਂਤੀ ਦਾ ਆਨੰਦ ਮਾਣਦੇ ਹਨ। ਤੁਹਾਨੂੰ ਵੀ ਅਜਿਹੀ ਸ਼ਾਂਤੀ ਪ੍ਰਾਪਤ ਹੋਵੇ। (w96 1/1)
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
[ਸਫ਼ੇ 7 ਉੱਤੇ ਤਸਵੀਰਾਂ]
ਉਨ੍ਹਾਂ ਨੇ ਇਕ ਗੜਬੜੀ ਭਰੇ ਸੰਸਾਰ ਵਿਚ ਜੀਉਣ ਦੇ ਬਾਵਜੂਦ ਵੀ ਸ਼ਾਂਤੀ ਪ੍ਰਾਪਤ ਕੀਤੀ ਹੈ