ਯਿਸੂ ਦਾ ਆਉਣਾ ਜਾਂ ਯਿਸੂ ਦੀ ਮੌਜੂਦਗੀ—ਕਿਹੜਾ?
“ਤੇਰੀ ਮੌਜੂਦਗੀ ਦਾ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?”—ਮੱਤੀ 24:3, ਨਿ ਵ.
1. ਯਿਸੂ ਦੀ ਸੇਵਕਾਈ ਵਿਚ ਸਵਾਲਾਂ ਦੀ ਕੀ ਭੂਮਿਕਾ ਸੀ?
ਯਿਸੂ ਵੱਲੋਂ ਸਵਾਲਾਂ ਦੇ ਕੁਸ਼ਲ ਪ੍ਰਯੋਗ ਨੇ ਉਸ ਦੇ ਸੁਣਨ ਵਾਲਿਆਂ ਨੂੰ ਸੋਚਣ ਦੇ ਲਈ, ਇੱਥੋਂ ਤਕ ਕਿ ਗੱਲਾਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ ਦੇ ਲਈ ਮਜਬੂਰ ਕੀਤਾ। (ਮਰਕੁਸ 12:35-37; ਲੂਕਾ 6:9; 9:20; 20:3, 4) ਅਸੀਂ ਧੰਨਵਾਦੀ ਹੋ ਸਕਦੇ ਹਾਂ ਕਿ ਉਸ ਨੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਸ ਦੇ ਜਵਾਬ ਉਨ੍ਹਾਂ ਸੱਚਾਈਆਂ ਉੱਤੇ ਰੌਸ਼ਨੀ ਪਾਉਂਦੇ ਹਨ ਜਿਨ੍ਹਾਂ ਨੂੰ ਵਰਨਾ ਅਸੀਂ ਨਾ ਤਾਂ ਜਾਣ ਪਾਉਂਦੇ ਅਤੇ ਨਾ ਹੀ ਸਮਝ ਪਾਉਂਦੇ।—ਮਰਕੁਸ 7:17-23; 9:11-13; 10:10-12; 12:18-27.
2. ਹੁਣ ਸਾਨੂੰ ਕਿਹੜੇ ਸਵਾਲ ਦੇ ਵੱਲ ਆਪਣਾ ਧਿਆਨ ਦੇਣਾ ਚਾਹੀਦਾ ਹੈ?
2 ਮੱਤੀ 24:3 ਵਿਚ, ਅਸੀਂ ਇਕ ਉਹ ਸਭ ਤੋਂ ਮਹੱਤਵਪੂਰਣ ਸਵਾਲ ਪਾਉਂਦੇ ਹਾਂ ਜਿਸ ਦਾ ਜਵਾਬ ਯਿਸੂ ਨੇ ਕਦੇ ਦਿੱਤਾ। ਆਪਣੇ ਪਾਰਥਿਵ ਜੀਵਨ ਦੇ ਅੰਤ ਦੇ ਨੇੜੇ ਆਉਣ ਤੇ, ਯਿਸੂ ਨੇ ਹੁਣੇ-ਹੁਣੇ ਚੇਤਾਵਨੀ ਦਿੱਤੀ ਸੀ ਕਿ ਯਰੂਸ਼ਲਮ ਦੀ ਹੈਕਲ ਨਾਸ਼ ਕੀਤੀ ਜਾਵੇਗੀ, ਜੋ ਕਿ ਯਹੂਦੀ ਵਿਵਸਥਾ ਦੇ ਅੰਤ ਨੂੰ ਚਿੰਨ੍ਹਿਤ ਕਰੇਗਾ। ਮੱਤੀ ਦਾ ਬਿਰਤਾਂਤ ਅੱਗੇ ਕਹਿੰਦਾ ਹੈ: “ਜਦ ਉਹ ਜ਼ੈਤੂਨ ਦੇ ਪਹਾੜ ਉੱਤੇ ਬੈਠਾ ਹੋਇਆ ਸੀ, ਤਾਂ ਚੇਲਿਆਂ ਨੇ ਉਸ ਕੋਲ ਇਕਾਂਤ ਵਿਚ ਆ ਕੇ ਕਿਹਾ: ‘ਸਾਨੂੰ ਦੱਸ, ਇਹ ਗੱਲਾਂ ਕਦੋਂ ਹੋਣਗੀਆਂ, ਅਤੇ ਤੇਰੀ ਮੌਜੂਦਗੀ [“ਆਉਣ,” ਪਵਿੱਤਰ ਬਾਈਬਲ] ਦਾ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?’”—ਮੱਤੀ 24:3, ਨਿ ਵ.
3, 4. ਜਿਸ ਤਰੀਕੇ ਤੋਂ ਬਾਈਬਲਾਂ ਮੱਤੀ 24:3 ਵਿਚ ਇਕ ਮੁੱਖ ਸ਼ਬਦ ਨੂੰ ਅਨੁਵਾਦ ਕਰਦੀਆਂ ਹਨ, ਉਸ ਵਿਚ ਕੀ ਮਹੱਤਵਪੂਰਣ ਭਿੰਨਤਾ ਹੈ?
3 ਬਾਈਬਲ ਦੇ ਲੱਖਾਂ ਪਾਠਕਾਂ ਨੇ ਵਿਚਾਰ ਕੀਤਾ ਹੈ, ‘ਚੇਲਿਆਂ ਨੇ ਉਹ ਸਵਾਲ ਕਿਉਂ ਪੁੱਛਿਆ, ਅਤੇ ਯਿਸੂ ਦੇ ਜਵਾਬ ਤੋਂ ਮੈਨੂੰ ਕਿਵੇਂ ਪ੍ਰਭਾਵਿਤ ਹੋਣਾ ਚਾਹੀਦਾ ਹੈ?’ ਆਪਣੇ ਜਵਾਬ ਵਿਚ ਯਿਸੂ ਨੇ ਪੱਤਿਆਂ ਦੇ ਫੁੱਟਣ ਦੇ ਬਾਰੇ ਗੱਲ ਕੀਤੀ ਸੀ, ਜੋ ਦਿਖਾਉਂਦਾ ਕਿ ਗਰਮੀ ਦੀ ਰੁੱਤ “ਨੇੜੇ ਹੈ।” (ਮੱਤੀ 24:32, 33) ਇਸ ਲਈ, ਅਨੇਕ ਗਿਰਜੇ ਸਿਖਾਉਂਦੇ ਹਨ ਕਿ ਰਸੂਲ ਯਿਸੂ ਦੇ “ਆਉਣ” ਦਾ ਇਕ ਲੱਛਣ ਮੰਗ ਰਹੇ ਸਨ, ਉਹ ਲੱਛਣ ਜੋ ਸਾਬਤ ਕਰਦਾ ਕਿ ਉਸ ਦੀ ਵਾਪਸੀ ਨਿਕਟ ਸੀ। ਉਹ ਵਿਸ਼ਵਾਸ ਕਰਦੇ ਹਨ ਕਿ ਇਹ ‘ਆਉਣਾ’ ਉਹ ਸਮਾਂ ਹੋਵੇਗਾ ਜਦੋਂ ਉਹ ਮਸੀਹੀਆਂ ਨੂੰ ਸਵਰਗ ਲੈ ਜਾਂਦਾ ਹੈ ਅਤੇ ਫਿਰ ਸੰਸਾਰ ਦਾ ਅੰਤ ਲਿਆਉਂਦਾ ਹੈ। ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਇਹ ਸਹੀ ਹੈ?
4 “ਆਉਣ” ਅਨੁਵਾਦ ਦੀ ਬਜਾਇ, ਕੁਝ ਬਾਈਬਲ ਤਰਜਮੇ, ਜਿਸ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਵੀ ਸ਼ਾਮਲ ਹੈ, ਸ਼ਬਦ “ਮੌਜੂਦਗੀ” ਇਸਤੇਮਾਲ ਕਰਦੇ ਹਨ। ਕੀ ਇਹ ਹੋ ਸਕਦਾ ਹੈ ਕਿ ਚੇਲਿਆਂ ਨੇ ਜਿਸ ਬਾਰੇ ਪੁੱਛਿਆ ਸੀ ਅਤੇ ਜੋ ਜਵਾਬ ਯਿਸੂ ਨੇ ਦਿੱਤਾ ਸੀ, ਉਹ ਗਿਰਜਿਆਂ ਵਿਚ ਸਿੱਖਾਈ ਗਈ ਗੱਲ ਤੋਂ ਫ਼ਰਕ ਹੋਵੇ? ਅਸਲ ਵਿਚ ਕੀ ਪੁੱਛਿਆ ਗਿਆ ਸੀ? ਅਤੇ ਯਿਸੂ ਨੇ ਕੀ ਜਵਾਬ ਦਿੱਤਾ ਸੀ?
ਉਹ ਕੀ ਪੁੱਛ ਰਹੇ ਸਨ?
5, 6. ਅਸੀਂ ਰਸੂਲਾਂ ਦੀ ਵਿਚਾਰਧਾਰਾ ਦੇ ਬਾਰੇ ਕੀ ਸਿੱਟਾ ਕੱਢ ਸਕਦੇ ਹਾਂ, ਜਦੋਂ ਉਨ੍ਹਾਂ ਨੇ ਉਹ ਸਵਾਲ ਪੁੱਛਿਆ ਜੋ ਅਸੀਂ ਮੱਤੀ 24:3 ਵਿਚ ਪੜ੍ਹਦੇ ਹਾਂ?
5 ਉਸ ਨੂੰ ਧਿਆਨ ਵਿਚ ਰੱਖਦੇ ਹੋਏ ਜੋ ਯਿਸੂ ਨੇ ਹੈਕਲ ਦੇ ਬਾਰੇ ਕਿਹਾ ਸੀ, ਸੰਭਵ ਹੈ ਕਿ ਚੇਲੇ ਯਹੂਦੀ ਵਿਵਸਥਾ ਦੇ ਬਾਰੇ ਸੋਚ ਰਹੇ ਸਨ ਜਦੋਂ ਉਨ੍ਹਾਂ ਨੇ ‘ਉਸ ਦੀ ਮੌਜੂਦਗੀ [ਜਾਂ, “ਆਉਣ”] ਦਾ ਅਤੇ ਰੀਤੀ-ਵਿਵਸਥਾ [ਸ਼ਾਬਦਿਕ ਰੂਪ ਵਿਚ, “ਯੁਗ”] ਦੀ ਸਮਾਪਤੀ ਦਾ ਇਕ ਲੱਛਣ’ ਮੰਗਿਆ।—1 ਕੁਰਿੰਥੀਆਂ 10:11 ਅਤੇ ਗਲਾਤੀਆਂ 1:4, ਕਿੰਗ ਜੇਮਜ਼, ਵਿਚ “ਸੰਸਾਰ” ਦੀ ਤੁਲਨਾ ਕਰੋ।
6 ਇਸ ਸਮੇਂ ਤੇ ਰਸੂਲਾਂ ਨੂੰ ਯਿਸੂ ਦੀਆਂ ਸਿੱਖਿਆਵਾਂ ਦੀ ਕੇਵਲ ਥੋੜ੍ਹੀ ਬਹੁਤ ਹੀ ਸਮਝ ਸੀ। ਉਨ੍ਹਾਂ ਨੇ ਪਹਿਲਾਂ ਵੀ ਅਨੁਮਾਨ ਲਗਾਇਆ ਸੀ ਕਿ “ਪਰਮੇਸ਼ੁਰ ਦਾ ਰਾਜ ਹੁਣੇ ਪਰਗਟ ਹੋਣ ਵਾਲਾ ਹੈ।” (ਲੂਕਾ 19:11; ਮੱਤੀ 16:21-23; ਮਰਕੁਸ 10:35-40) ਅਤੇ ਜ਼ੈਤੂਨ ਦੇ ਪਹਾੜ ਉੱਤੇ ਚਰਚਾ ਤੋਂ ਬਾਅਦ ਵੀ, ਪਰੰਤੂ ਪਵਿੱਤਰ ਆਤਮਾ ਨਾਲ ਮਸਹ ਕੀਤੇ ਜਾਣ ਤੋਂ ਪਹਿਲਾਂ, ਉਨ੍ਹਾਂ ਨੇ ਪੁੱਛਿਆ ਕਿ ਕੀ ਯਿਸੂ ਉਸ ਸਮੇਂ ਤੇ ਇਸਰਾਏਲ ਦਾ ਰਾਜ ਬਹਾਲ ਕਰ ਰਿਹਾ ਸੀ।—ਰਸੂਲਾਂ ਦੇ ਕਰਤੱਬ 1:6.
7. ਰਸੂਲ ਕਿਉਂ ਯਿਸੂ ਤੋਂ ਉਸ ਦੀ ਭਾਵੀ ਭੂਮਿਕਾ ਦੇ ਬਾਰੇ ਪੁੱਛਦੇ?
7 ਫਿਰ ਵੀ, ਉਹ ਜਾਣਦੇ ਸਨ ਕਿ ਉਹ ਚਲਿਆ ਜਾਵੇਗਾ, ਕਿਉਂਕਿ ਉਸ ਨੇ ਹਾਲ ਹੀ ਵਿਚ ਕਿਹਾ ਸੀ: “ਚਾਨਣ ਅਜੇ ਥੋੜਾ ਚਿਰ ਹੋਰ ਤੁਹਾਡੇ ਵਿੱਚ ਹੈ। ਜਿੰਨਾ ਚਿਰ ਚਾਨਣ ਤੁਹਾਡੇ ਨਾਲ ਹੈ ਚੱਲੇ ਚੱਲੋ।” (ਯੂਹੰਨਾ 12:35; ਲੂਕਾ 19:12-27) ਇਸ ਲਈ ਉਨ੍ਹਾਂ ਨੇ ਸ਼ਾਇਦ ਵਿਚਾਰ ਕੀਤਾ ਹੋਵੇ, ‘ਜੇਕਰ ਯਿਸੂ ਜਾਣ ਵਾਲਾ ਹੈ, ਤਾਂ ਅਸੀਂ ਉਸ ਦੀ ਵਾਪਸੀ ਨੂੰ ਕਿਵੇਂ ਪਛਾਣਾਂਗੇ?’ ਜਦੋਂ ਉਹ ਮਸੀਹਾ ਦੇ ਤੌਰ ਤੇ ਪ੍ਰਗਟ ਹੋਇਆ, ਤਾਂ ਅਧਿਕਤਰ ਲੋਕਾਂ ਨੇ ਉਸ ਨੂੰ ਨਹੀਂ ਪਛਾਣਿਆ। ਅਤੇ ਇਕ ਸਾਲ ਤੋਂ ਵੱਧ ਸਮੇਂ ਬਾਅਦ, ਸਵਾਲ ਜਾਰੀ ਰਹੇ ਕਿ ਕੀ ਉਹ ਉਨ੍ਹਾਂ ਸਾਰੀਆਂ ਗੱਲਾਂ ਨੂੰ ਪੂਰਿਆਂ ਕਰੇਗਾ ਜੋ ਮਸੀਹਾ ਨੇ ਕਰਨੀਆਂ ਸਨ। (ਮੱਤੀ 11:2, 3) ਇਸ ਲਈ ਰਸੂਲਾਂ ਕੋਲ ਭਵਿੱਖ ਦੇ ਬਾਰੇ ਪੁੱਛਣ ਦਾ ਕਾਰਨ ਸੀ। ਪਰੰਤੂ, ਇਕ ਵਾਰ ਫਿਰ, ਕੀ ਉਹ ਇਕ ਲੱਛਣ ਮੰਗ ਰਹੇ ਸਨ ਕਿ ਉਹ ਜਲਦੀ ਹੀ ਆ ਜਾਵੇਗਾ ਜਾਂ ਕੋਈ ਹੋਰ ਚੀਜ਼?
8. ਰਸੂਲ ਸੰਭਵ ਤੌਰ ਤੇ ਯਿਸੂ ਦੇ ਨਾਲ ਕਿਹੜੀ ਭਾਸ਼ਾ ਬੋਲ ਰਹੇ ਸਨ?
8 ਕਲਪਨਾ ਕਰੋ ਕਿ ਤੁਸੀਂ ਜ਼ੈਤੂਨ ਦੇ ਪਹਾੜ ਉੱਤੇ ਉਸ ਗੱਲਬਾਤ ਨੂੰ ਸੁਣ ਰਹੇ ਇਕ ਪੰਛੀ ਹੁੰਦੇ। (ਤੁਲਨਾ ਕਰੋ ਉਪਦੇਸ਼ਕ ਦੀ ਪੋਥੀ 10:20.) ਸੰਭਵ ਹੈ ਕਿ ਤੁਸੀਂ ਯਿਸੂ ਅਤੇ ਰਸੂਲਾਂ ਨੂੰ ਇਬਰਾਨੀ ਵਿਚ ਬੋਲਦਿਆਂ ਸੁਣਦੇ। (ਮਰਕੁਸ 14:70; ਯੂਹੰਨਾ 5:2; 19:17, 20; ਰਸੂਲਾਂ ਦੇ ਕਰਤੱਬ 21:40) ਫਿਰ ਵੀ, ਉਹ ਸੰਭਵ ਤੌਰ ਤੇ ਯੂਨਾਨੀ ਭਾਸ਼ਾ ਵੀ ਜਾਣਦੇ ਸਨ।
ਯੂਨਾਨੀ ਵਿਚ—ਮੱਤੀ ਨੇ ਜੋ ਲਿਖਿਆ
9. ਮੱਤੀ ਦੇ ਅਧਿਕਤਰ ਆਧੁਨਿਕ ਅਨੁਵਾਦ ਕਿਸ ਉੱਤੇ ਆਧਾਰਿਤ ਹਨ?
9 ਦੂਜੀ ਸਦੀ ਸਾ.ਯੁ. ਦੇ ਸ੍ਰੋਤ ਸੰਕੇਤ ਕਰਦੇ ਹਨ ਕਿ ਮੱਤੀ ਨੇ ਆਪਣੀ ਇੰਜੀਲ ਪਹਿਲਾਂ ਇਬਰਾਨੀ ਵਿਚ ਲਿਖੀ ਸੀ। ਜ਼ਾਹਰਾ ਤੌਰ ਤੇ ਉਸ ਨੇ ਬਾਅਦ ਵਿਚ ਇਸ ਨੂੰ ਯੂਨਾਨੀ ਵਿਚ ਲਿਖਿਆ। ਯੂਨਾਨੀ ਭਾਸ਼ਾ ਵਿਚ ਅਨੇਕ ਹੱਥ-ਲਿਖਤਾਂ ਸਾਡੇ ਸਮਿਆਂ ਤਕ ਪਹੁੰਚੀਆਂ ਹਨ ਅਤੇ ਅੱਜ ਦੀਆਂ ਭਾਸ਼ਾਵਾਂ ਵਿਚ ਉਸ ਦੀ ਇੰਜੀਲ ਦਾ ਅਨੁਵਾਦ ਕਰਨ ਦੇ ਲਈ ਇਕ ਆਧਾਰ ਬਣੀਆਂ ਹਨ। ਜ਼ੈਤੂਨ ਦੇ ਪਹਾੜ ਉੱਤੇ ਉਸ ਗੱਲਬਾਤ ਦੇ ਬਾਰੇ ਮੱਤੀ ਨੇ ਯੂਨਾਨੀ ਭਾਸ਼ਾ ਵਿਚ ਕੀ ਲਿਖਿਆ ਸੀ? ਉਸ ਨੇ “ਆਉਣ” ਜਾਂ “ਮੌਜੂਦਗੀ” ਦੇ ਬਾਰੇ ਕੀ ਲਿਖਿਆ ਜਿਸ ਦੇ ਬਾਰੇ ਚੇਲਿਆਂ ਨੇ ਪੁੱਛਿਆ ਸੀ ਅਤੇ ਜਿਸ ਉੱਤੇ ਯਿਸੂ ਨੇ ਟਿੱਪਣੀ ਕੀਤੀ ਸੀ?
10. (ੳ) ਮੱਤੀ ਨੇ ‘ਆ’ ਦੇ ਲਈ ਅਕਸਰ ਕਿਹੜਾ ਯੂਨਾਨੀ ਸ਼ਬਦ ਇਸਤੇਮਾਲ ਕੀਤਾ, ਅਤੇ ਇਸ ਦੇ ਕਿਹੜੇ-ਕਿਹੜੇ ਅਰਥ ਹੋ ਸਕਦੇ ਹਨ? (ਅ) ਹੋਰ ਕਿਹੜਾ ਯੂਨਾਨੀ ਸ਼ਬਦ ਦਿਲਚਸਪੀ ਦਾ ਹੈ?
10 ਮੱਤੀ ਦੇ ਪਹਿਲੇ 23 ਅਧਿਆਵਾਂ ਵਿਚ, ਅਸੀਂ 80 ਤੋਂ ਅਧਿਕ ਵਾਰੀ “ਆ” ਦੇ ਲਈ ਇਕ ਆਮ ਯੂਨਾਨੀ ਕ੍ਰਿਆ ਪਾਉਂਦੇ ਹਾਂ, ਜੋ ਕਿ ਅਰਖੋਮਾਈ ਹੈ। ਇਹ ਅਕਸਰ ਨੇੜੇ ਆਉਣ ਜਾਂ ਅੱਪੜਨ ਦਾ ਵਿਚਾਰ ਪ੍ਰਗਟ ਕਰਦੀ ਹੈ, ਜਿਵੇਂ ਕਿ ਯੂਹੰਨਾ 1:47 ਵਿਚ: ‘ਯਿਸੂ ਨੇ ਨਥਾਨਿਏਲ ਨੂੰ ਆਪਣੀ ਵੱਲ ਆਉਂਦੇ ਵੇਖਿਆ।’ ਪ੍ਰਯੋਗ ਉੱਤੇ ਨਿਰਭਰ ਕਰਦੇ ਹੋਏ, ਇਸ ਕ੍ਰਿਆ ਅਰਖੋਮਾਈ ਦਾ ਅਰਥ “ਅੱਪੜ,” “ਜਾ,” “ਤੇ ਪਹੁੰਚ,” “ਪੁੱਜ,” ਜਾਂ “ਆਪਣੇ ਰਾਹ ਚੱਲਣਾ” ਹੋ ਸਕਦਾ ਹੈ। (ਮੱਤੀ 2:8, 11; 8:28; ਯੂਹੰਨਾ 4:25, 27, 45; 20:4, 8; ਰਸੂਲਾਂ ਦੇ ਕਰਤੱਬ 8:40; 13:51) ਪਰੰਤੂ ਮੱਤੀ 24:3, 27, 37, 39 ਤੇ, ਮੱਤੀ ਨੇ ਇਕ ਵੱਖਰਾ ਸ਼ਬਦ ਇਸਤੇਮਾਲ ਕੀਤਾ, ਇਕ ਅਜਿਹਾ ਨਾਂਵ ਜੋ ਇੰਜੀਲ ਵਿਚ ਹੋਰ ਕਿੱਥੇ ਵੀ ਨਹੀਂ ਪਾਇਆ ਜਾਂਦਾ ਹੈ: ਪਰੂਸੀਆ। ਜਦ ਕਿ ਪਰਮੇਸ਼ੁਰ ਨੇ ਬਾਈਬਲ ਦੇ ਲਿਖਣ ਨੂੰ ਪ੍ਰੇਰਿਤ ਕੀਤਾ, ਤਾਂ ਉਸ ਨੇ ਮੱਤੀ ਨੂੰ ਯੂਨਾਨੀ ਵਿਚ ਆਪਣੀ ਇੰਜੀਲ ਲਿਖਦੇ ਸਮੇਂ ਇਨ੍ਹਾਂ ਆਇਤਾਂ ਵਿਚ ਇਹ ਯੂਨਾਨੀ ਸ਼ਬਦ ਚੁਣਨ ਲਈ ਪ੍ਰੇਰਿਤ ਕਿਉਂ ਕੀਤਾ? ਇਸ ਦਾ ਕੀ ਅਰਥ ਹੈ, ਅਤੇ ਸਾਨੂੰ ਇਸ ਦੇ ਬਾਰੇ ਜਾਣਨ ਦੀ ਇੱਛਾ ਕਿਉਂ ਹੋਣੀ ਚਾਹੀਦੀ ਹੈ?
11. (ੳ) ਪਰੂਸੀਆ ਦਾ ਅਰਥ ਕੀ ਹੈ? (ਅ) ਜੋਸੀਫ਼ਸ ਦੀ ਲਿਖਤ ਵਿੱਚੋਂ ਉਦਾਹਰਣ ਪਰੂਸੀਆ ਦੇ ਬਾਰੇ ਸਾਡੀ ਸਮਝ ਨੂੰ ਕਿਵੇਂ ਸਮਰਥਨ ਦਿੰਦੇ ਹਨ? (ਫੁਟਨੋਟ ਦੇਖੋ।)
11 ਸਪੱਸ਼ਟ ਤੌਰ ਤੇ, ਪਰੂਸੀਆ ਦਾ ਅਰਥ “ਮੌਜੂਦਗੀ” ਹੈ। ਵਾਈਨ ਦੀ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਵਰਡਜ਼ ਕਹਿੰਦੀ ਹੈ: “ਪਰੂਸੀਆ, . . . ਸ਼ਾਬਦਿਕ ਰੂਪ ਵਿਚ, ਇਕ ਮੌਜੂਦਗੀ, ਪਾਰਾ, ਦੇ ਨਾਲ, ਅਤੇ ਊਸੀਆ, ਹੁੰਦਿਆਂ (ਏਇਮੀ ਤੋਂ, ਹੋਣਾ), ਆਗਮਨ ਅਤੇ ਪਰਿਣਾਮੀ ਮੌਜੂਦਗੀ ਦੋਹਾਂ ਨੂੰ ਸੂਚਿਤ ਕਰਦੀ ਹੈ। ਉਦਾਹਰਣ ਦੇ ਲਈ, ਇਕ ਪਪਾਇਰੀ ਪੱਤਰ ਵਿਚ ਇਕ ਇਸਤਰੀ ਆਪਣੀ ਸੰਪਤੀ ਨਾਲ ਸੰਬੰਧਿਤ ਮਾਮਲਿਆਂ ਨੂੰ ਨਿਪਟਾਉਣ ਦੇ ਲਈ ਇਕ ਖ਼ਾਸ ਜਗ੍ਹਾ ਵਿਚ ਆਪਣੀ ਪਰੂਸੀਆ ਦੀ ਜ਼ਰੂਰਤ ਦੇ ਬਾਰੇ ਗੱਲ ਕਰਦੀ ਹੈ।” ਦੂਜੇ ਸ਼ਬਦ-ਕੋਸ਼ ਵਿਆਖਿਆ ਕਰਦੇ ਹਨ ਕਿ ਪਰੂਸੀਆ ‘ਇਕ ਸ਼ਾਸਕ ਦੇ ਦੌਰੇ’ ਨੂੰ ਸੂਚਿਤ ਕਰਦਾ ਹੈ। ਇਸ ਲਈ, ਇਹ ਕੇਵਲ ਆਗਮਨ ਦਾ ਪਲ ਹੀ ਨਹੀਂ, ਬਲਕਿ ਆਗਮਨ ਤੋਂ ਅਗਾਂਹ ਜਾਰੀ ਰਹਿਣ ਵਾਲੀ ਇਕ ਮੌਜੂਦਗੀ ਹੁੰਦੀ ਹੈ। ਦਿਲਚਸਪੀ ਦੀ ਗੱਲ ਹੈ ਕਿ ਯਹੂਦੀ ਇਤਿਹਾਸਕਾਰ ਜੋਸੀਫ਼ਸ, ਰਸੂਲਾਂ ਦਾ ਇਕ ਸਮਕਾਲੀ, ਨੇ ਉਸੇ ਤਰ੍ਹਾਂ ਪਰੂਸੀਆ ਦਾ ਪ੍ਰਯੋਗ ਕੀਤਾ।a
12. ਖ਼ੁਦ ਬਾਈਬਲ ਪਰੂਸੀਆ ਦੇ ਅਰਥ ਦੀ ਪੁਸ਼ਟੀ ਕਰਨ ਵਿਚ ਸਾਡੀ ਮਦਦ ਕਿਵੇਂ ਕਰਦੀ ਹੈ?
12 ਪ੍ਰਾਚੀਨ ਸਾਹਿੱਤ ਇਸ ਅਰਥ “ਮੌਜੂਦਗੀ” ਦੀ ਸਪੱਸ਼ਟ ਤੌਰ ਤੇ ਪੁਸ਼ਟੀ ਕਰਦਾ ਹੈ, ਫਿਰ ਵੀ ਮਸੀਹੀ ਖ਼ਾਸ ਤੌਰ ਤੇ ਦਿਲਚਸਪੀ ਰੱਖਦੇ ਹਨ ਕਿ ਪਰਮੇਸ਼ੁਰ ਦਾ ਬਚਨ ਪਰੂਸੀਆ ਨੂੰ ਕਿਵੇਂ ਇਸਤੇਮਾਲ ਕਰਦਾ ਹੈ। ਜਵਾਬ ਉਹੀ ਹੈ—ਮੌਜੂਦਗੀ। ਅਸੀਂ ਇਹ ਪੌਲੁਸ ਦੇ ਪੱਤਰਾਂ ਵਿਚ ਪਾਏ ਜਾਂਦੇ ਉਦਾਹਰਣਾਂ ਤੋਂ ਦੇਖਦੇ ਹਾਂ। ਉਦਾਹਰਣ ਦੇ ਲਈ, ਉਸ ਨੇ ਫ਼ਿਲਿੱਪੀਆਂ ਨੂੰ ਲਿਖਿਆ: “ਜਿਸ ਤਰ੍ਹਾਂ ਤੁਸੀਂ ਸਦਾ ਆਗਿਆਕਾਰੀ ਰਹੇ ਹੋ, ਨਾ ਕੇਵਲ ਮੇਰੀ ਮੌਜੂਦਗੀ ਦੇ ਦੌਰਾਨ, ਬਲਕਿ ਹੁਣ ਇਸ ਤੋਂ ਵੀ ਅਧਿਕ ਰਜ਼ਾਮੰਦੀ ਨਾਲ ਮੇਰੀ ਗ਼ੈਰ-ਮੌਜੂਦਗੀ ਦੇ ਦੌਰਾਨ, . . . ਆਪਣੀ ਮੁਕਤੀ ਦਾ ਕੰਮ ਨਿਭਾਉਂਦੇ ਜਾਓ।” ਉਸ ਨੇ ਉਨ੍ਹਾਂ ਦੇ ਨਾਲ ਠਹਿਰਨ ਦੇ ਬਾਰੇ ਵੀ ਗੱਲ ਕੀਤੀ ਤਾਂਕਿ “[ਉਨ੍ਹਾਂ ਦੇ] ਨਾਲ [ਉਸ ਦੀ] ਮੁੜ ਮੌਜੂਦਗੀ [ਪਰੂਸੀਆ] ਦੇ ਦੁਆਰਾ” ਉਹ ਹੁਲਾਸ ਕਰ ਸਕਣ। (ਫ਼ਿਲਿੱਪੀਆਂ 1:25, 26, ਨਿ ਵ; 2:12, ਨਿ ਵ) ਦੂਜੇ ਤਰਜਮੇ ਇਸ ਤਰ੍ਹਾਂ ਪੜ੍ਹਨ ਵਿਚ ਆਉਂਦੇ ਹਨ “ਮੇਰਾ ਤੁਹਾਡੇ ਨਾਲ ਫਿਰ ਹੋਣਾ” (ਵੇਮਥ; ਨਿਊ ਇੰਟਰਨੈਸ਼ਨਲ ਵਰਯਨ); “ਜਦੋਂ ਮੈਂ ਤੁਹਾਡੇ ਨਾਲ ਫਿਰ ਹੋਵਾਂਗਾ” (ਜਰੂਸਲਮ ਬਾਈਬਲ; ਨਿਊ ਇੰਗਲਿਸ਼ ਬਾਈਬਲ); ਅਤੇ “ਜਦੋਂ ਤੁਸੀਂ ਇਕ ਵਾਰੀ ਫਿਰ ਮੈਨੂੰ ਆਪਣੇ ਦਰਮਿਆਨ ਪਾਓਗੇ।” (ਟਵੈਂਟਿਅਥ ਸੈਂਚਰੀ ਨਿਊ ਟੈਸਟਾਮੈਂਟ) ਪੌਲੁਸ ਨੇ 2 ਕੁਰਿੰਥੀਆਂ 10:10, 11 (ਨਿ ਵ) ਵਿਚ, ‘ਆਪਣੀ ਵਿਅਕਤੀਗਤ ਮੌਜੂਦਗੀ’ ਦੀ ਭਿੰਨਤਾ “ਗ਼ੈਰ-ਮੌਜੂਦ” ਹੋਣ ਦੇ ਨਾਲ ਦਰਸਾਈ। ਇਨ੍ਹਾਂ ਉਦਾਹਰਣਾਂ ਵਿਚ ਉਹ ਸਪੱਸ਼ਟ ਤੌਰ ਤੇ ਆਪਣੇ ਢੁਕਾਉ ਜਾਂ ਆਗਮਨ ਦੇ ਬਾਰੇ ਗੱਲ ਨਹੀਂ ਕਰ ਰਿਹਾ ਸੀ; ਉਸ ਨੇ ਪਰੂਸੀਆ ਨੂੰ ਮੌਜੂਦ ਹੋਣ ਦੇ ਅਰਥ ਵਿਚ ਇਸਤੇਮਾਲ ਕੀਤਾ।b (ਤੁਲਨਾ ਕਰੋ 1 ਕੁਰਿੰਥੀਆਂ 16:17.) ਪਰੰਤੂ, ਯਿਸੂ ਦੀ ਪਰੂਸੀਆ ਬਾਰੇ ਉਲੇਖਾਂ ਦੇ ਸੰਬੰਧ ਵਿਚ ਕੀ? ਕੀ ਇਹ ਉਸ ਦੇ “ਆਉਣ” ਦੇ ਅਰਥ ਵਿਚ ਸਨ, ਜਾਂ ਕੀ ਇਹ ਇਕ ਵਿਸਤ੍ਰਿਤ ਮੌਜੂਦਗੀ ਨੂੰ ਸੰਕੇਤ ਕਰਦੇ ਹਨ?
13, 14. (ੳ) ਸਾਨੂੰ ਕਿਉਂ ਸਿੱਟਾ ਕੱਢਣਾ ਚਾਹੀਦਾ ਹੈ ਕਿ ਪਰੂਸੀਆ ਕਾਫ਼ੀ ਸਮੇਂ ਦੇ ਲਈ ਜਾਰੀ ਰਹਿੰਦੀ ਹੈ? (ਅ) ਯਿਸੂ ਦੀ ਪਰੂਸੀਆ ਦੀ ਲੰਬਾਈ ਦੇ ਬਾਰੇ ਕੀ ਕਹਿਣਾ ਜ਼ਰੂਰੀ ਹੈ?
13 ਪੌਲੁਸ ਦੇ ਦਿਨਾਂ ਵਿਚ ਆਤਮਾ ਦੁਆਰਾ ਮਸਹ ਕੀਤੇ ਹੋਏ ਮਸੀਹੀ ਯਿਸੂ ਦੀ ਪਰੂਸੀਆ ਵਿਚ ਦਿਲਚਸਪੀ ਰੱਖਦੇ ਸਨ। ਪਰੰਤੂ ਪੌਲੁਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ‘ਉਹ ਆਪਣੇ ਮਨੋਂ ਨਾ ਡੋਲਣ।’ ਪਹਿਲਾਂ “ਕੁਧਰਮ ਦਾ ਪੁਰਖ” ਪ੍ਰਗਟ ਹੋਣਾ ਜ਼ਰੂਰੀ ਸੀ, ਜੋ ਕਿ ਮਸੀਹੀ-ਜਗਤ ਦੇ ਪਾਦਰੀ ਸਾਬਤ ਹੋਏ ਹਨ। ਪੌਲੁਸ ਨੇ ਲਿਖਿਆ ਕਿ “ਉਸ ਕੁਧਰਮੀ ਦਾ ਆਉਣਾ [“ਮੌਜੂਦਗੀ,” “ਨਿ ਵ”] ਸ਼ਤਾਨ ਦੇ ਅਮਲ ਅਨੁਸਾਰ ਹਰ ਪਰਕਾਰ ਦੀ ਸ਼ਕਤੀ, ਝੂਠੀਆਂ ਨਿਸ਼ਾਨੀਆਂ . . . ਨਾਲ ਹੋਵੇਗਾ।” (ਟੇਢੇ ਟਾਈਪ ਸਾਡੇ।) (2 ਥੱਸਲੁਨੀਕੀਆਂ 2:2, 3, 9) ਸਪੱਸ਼ਟ ਤੌਰ ਤੇ, ‘ਕੁਧਰਮ ਦੇ ਪੁਰਖ’ ਦੀ ਪਰੂਸੀਆ, ਜਾਂ ਮੌਜੂਦਗੀ, ਕੇਵਲ ਇਕ ਪਲ ਭਰ ਦਾ ਆਗਮਨ ਨਹੀਂ ਸੀ; ਇਹ ਕਾਫ਼ੀ ਸਮੇਂ ਦੇ ਲਈ ਰਹਿੰਦੀ, ਜਿਸ ਦੇ ਦੌਰਾਨ ਝੂਠੀਆਂ ਨਿਸ਼ਾਨੀਆਂ ਉਤਪੰਨ ਹੁੰਦੀਆਂ। ਇਹ ਮਹੱਤਵਪੂਰਣ ਕਿਉਂ ਹੈ?
14 ਇਸ ਤੋਂ ਇਕ ਦਮ ਪੂਰਵਵਰਤੀ ਆਇਤ ਉੱਤੇ ਗੌਰ ਕਰੋ: “ਉਹ ਕੁਧਰਮੀ ਪਰਗਟ ਹੋਵੇਗਾ ਜਿਹ ਨੂੰ ਪ੍ਰਭੁ ਯਿਸੂ ਆਪਣੇ ਮੁਖ ਦੇ ਸਾਹ ਨਾਲ ਦਗਧ ਕਰੇਗਾ ਅਤੇ ਆਪਣੇ ਆਉਣ [“ਮੌਜੂਦਗੀ,” “ਨਿ ਵ”] ਦੇ ਪਰਕਾਸ਼ ਨਾਲ ਨਾਸ ਕਰੇਗਾ।” (ਟੇਢੇ ਟਾਈਪ ਸਾਡੇ।) ਠੀਕ ਜਿਵੇਂ ‘ਕੁਧਰਮ ਦੇ ਪੁਰਖ’ ਦੀ ਮੌਜੂਦਗੀ ਇਕ ਸਮੇਂ ਦੀ ਅਵਧੀ ਦੇ ਦੌਰਾਨ ਹੁੰਦੀ, ਯਿਸੂ ਦੀ ਮੌਜੂਦਗੀ ਵੀ ਕੁਝ ਸਮਿਆਂ ਦੇ ਲਈ ਰਹਿੰਦੀ ਅਤੇ ਉਸ ਕੁਧਰਮੀ ‘ਵਿਨਾਸ ਦੇ ਪੁੱਤ੍ਰ’ ਦੇ ਵਿਨਾਸ਼ ਦੇ ਨਾਲ ਸਿਖਰ ਤਕ ਪਹੁੰਚਦੀ।—2 ਥੱਸਲੁਨੀਕੀਆਂ 2:8.
ਇਬਰਾਨੀ-ਭਾਸ਼ਾ ਦੇ ਪਹਿਲੂ
15, 16. (ੳ) ਇਬਰਾਨੀ ਵਿਚ ਮੱਤੀ ਦੇ ਅਨੇਕ ਤਰਜਮਿਆਂ ਵਿਚ ਕਿਹੜਾ ਖ਼ਾਸ ਸ਼ਬਦ ਇਸਤੇਮਾਲ ਕੀਤਾ ਗਿਆ ਹੈ? (ਅ) ਬੋਹ ਨੂੰ ਸ਼ਾਸਤਰ ਵਿਚ ਕਿਵੇਂ ਇਸਤੇਮਾਲ ਕੀਤਾ ਗਿਆ ਹੈ?
15 ਜਿਵੇਂ ਕਿ ਨੋਟ ਕੀਤਾ ਗਿਆ ਹੈ, ਮੱਤੀ ਨੇ ਜ਼ਾਹਰਾ ਤੌਰ ਤੇ ਆਪਣੀ ਇੰਜੀਲ ਨੂੰ ਪਹਿਲਾਂ ਇਬਰਾਨੀ ਭਾਸ਼ਾ ਵਿਚ ਲਿਖਿਆ ਸੀ। ਸੋ, ਉਸ ਨੇ ਮੱਤੀ 24:3, 27, 37, 39 ਵਿਚ ਕਿਹੜਾ ਇਬਰਾਨੀ ਸ਼ਬਦ ਇਸਤੇਮਾਲ ਕੀਤਾ ਸੀ? ਆਧੁਨਿਕ ਇਬਰਾਨੀ ਵਿਚ ਅਨੁਵਾਦ ਕੀਤੇ ਗਏ ਮੱਤੀ ਦੇ ਤਰਜਮਿਆਂ ਵਿਚ, ਰਸੂਲਾਂ ਦੇ ਸਵਾਲ ਅਤੇ ਯਿਸੂ ਦੇ ਜਵਾਬ ਦੋਹਾਂ ਵਿਚ ਇਕ ਪ੍ਰਕਾਰ ਦੀ ਕ੍ਰਿਆ ਬੋਹ ਸ਼ਾਮਲ ਹੈ। ਇਸ ਦੇ ਕਾਰਨ ਇਹ ਇਸ ਤਰ੍ਹਾਂ ਪੜ੍ਹਿਆ ਜਾ ਸਕਦਾ ਹੈ: “ਤੇਰੀ [ਬੋਹ] ਦਾ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?” ਅਤੇ, ‘ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦੀ [ਬੋਹ] ਉਸੇ ਤਰਾਂ ਹੋਵੇਗੀ।’ (ਮੱਤੀ 24:3, ਨਿ ਵ, 37) ਬੋਹ ਦਾ ਅਰਥ ਕੀ ਹੈ?
16 ਹਾਲਾਂਕਿ ਇਸ ਦੇ ਵਿਭਿੰਨ ਅਰਥ ਹਨ, ਇਬਰਾਨੀ ਕ੍ਰਿਆ ਬੋਹ ਦਾ ਮੂਲ ਰੂਪ ਵਿਚ ਅਰਥ ਹੈ “ਆ।” ਥੀਓਲਾਜੀਕਲ ਡਿਕਸ਼ਨਰੀ ਆਫ਼ ਦ ਓਲਡ ਟੈਸਟਾਮੈਂਟ ਕਹਿੰਦੀ ਹੈ: ‘ਇਬਰਾਨੀ ਸ਼ਾਸਤਰ ਵਿਚ 2,532 ਵਾਰੀ ਵਾਪਰਦੀ ਹੋਈ, ਬੋਹ, ਇਕ ਸਭ ਤੋਂ ਅਕਸਰ ਇਸਤੇਮਾਲ ਕੀਤੀ ਜਾਣ ਵਾਲੀ ਕ੍ਰਿਆ ਹੈ ਅਤੇ ਗਤੀ ਨੂੰ ਅਭਿਵਿਅਕਤ ਕਰਨ ਵਾਲੀ ਪ੍ਰਮੁੱਖ ਕ੍ਰਿਆ ਹੈ।’ (ਉਤਪਤ 7:1, 13; ਕੂਚ 12:25; 28:35; 2 ਸਮੂਏਲ 19:30; 2 ਰਾਜਿਆਂ 10:21; ਜ਼ਬੂਰ 65:2; ਯਸਾਯਾਹ 1:23; ਹਿਜ਼ਕੀਏਲ 11:16; ਦਾਨੀਏਲ 9:13; ਆਮੋਸ 8:11) ਜੇਕਰ ਯਿਸੂ ਅਤੇ ਰਸੂਲਾਂ ਨੇ ਅਜਿਹਾ ਸ਼ਬਦ ਇਸਤੇਮਾਲ ਕੀਤਾ ਹੁੰਦਾ ਜਿਸ ਦੇ ਇੰਨੇ ਵਿਭਿੰਨ ਅਰਥ ਸਨ, ਤਾਂ ਅਰਥ ਸ਼ਾਇਦ ਤਰਕਯੋਗ ਹੁੰਦਾ। ਪਰੰਤੂ ਕੀ ਉਨ੍ਹਾਂ ਨੇ ਅਜਿਹਾ ਸ਼ਬਦ ਇਸਤੇਮਾਲ ਕੀਤਾ?
17. (ੳ) ਮੱਤੀ ਦੇ ਆਧੁਨਿਕ ਇਬਰਾਨੀ ਤਰਜਮੇ ਸ਼ਾਇਦ ਕਿਉਂ ਜ਼ਰੂਰੀ ਇਹ ਨਾ ਸੰਕੇਤ ਕਰਨ ਜੋ ਯਿਸੂ ਅਤੇ ਰਸੂਲਾਂ ਨੇ ਅਸਲ ਵਿਚ ਕਿਹਾ ਸੀ? (ਅ) ਸਾਨੂੰ ਹੋਰ ਕਿੱਥੋਂ ਸੰਕੇਤ ਮਿਲ ਸਕਦਾ ਹੈ ਕਿ ਯਿਸੂ ਅਤੇ ਰਸੂਲਾਂ ਨੇ ਸ਼ਾਇਦ ਕਿਹੜਾ ਸ਼ਬਦ ਪ੍ਰਯੋਗ ਕੀਤਾ ਹੋਵੇਗਾ, ਅਤੇ ਹੋਰ ਕਿਹੜੇ ਕਾਰਨ ਕਰਕੇ ਇਹ ਸ੍ਰੋਤ ਸਾਡੇ ਲਈ ਦਿਲਚਸਪੀ ਦਾ ਹੈ? (ਫੁਟਨੋਟ ਦੇਖੋ।)
17 ਯਾਦ ਰੱਖੋ ਕਿ ਆਧੁਨਿਕ ਇਬਰਾਨੀ ਤਰਜਮੇ ਅਨੁਵਾਦ ਹੀ ਹਨ ਜੋ ਸ਼ਾਇਦ ਮੱਤੀ ਦੁਆਰਾ ਇਬਰਾਨੀ ਵਿਚ ਦਰਜ ਕੀਤੀਆਂ ਗਈਆਂ ਗੱਲਾਂ ਨੂੰ ਹੂ-ਬਹੂ ਪੇਸ਼ ਨਾ ਕਰਨ। ਹਕੀਕਤ ਇਹ ਹੈ ਕਿ ਯਿਸੂ ਬੋਹ ਦੀ ਬਜਾਇ ਹੋਰ ਵੀ ਕੋਈ ਸ਼ਬਦ ਇਸਤੇਮਾਲ ਕਰ ਸਕਦਾ ਸੀ, ਇਕ ਅਜਿਹਾ ਸ਼ਬਦ ਜੋ ਪਰੂਸੀਆ ਦੇ ਅਰਥ ਨਾਲ ਠੀਕ ਬੈਠਦਾ ਹੋਵੇ। ਅਸੀਂ ਇਹ ਪ੍ਰੋਫੈਸਰ ਜੌਰਜ ਹਾਵਰਡ ਦੁਆਰਾ ਲਿਖਿਤ, 1995 ਦੀ ਪੁਸਤਕ ਹੀਬਰੂ ਗੌਸਪਲ ਆਫ਼ ਮੈਥਿਊ ਵਿਚ ਦੇਖਦੇ ਹਾਂ। ਇਹ ਪੁਸਤਕ ਯਹੂਦੀ ਚਿਕਿਤਸਕ ਸ਼ੇਮ-ਟੋਬ ਬੇਨ ਆਈਜ਼ਕ ਇਬਨ ਸ਼ਾਪਰੂਤ ਦੁਆਰਾ ਮਸੀਹੀਅਤ ਦੇ ਵਿਰੁੱਧ ਇਕ 14ਵੀਂ-ਸਦੀ ਦੇ ਵਾਦ-ਵਿਵਾਦ ਉੱਤੇ ਕੇਂਦ੍ਰਿਤ ਹੈ। ਉਸ ਲਿਖਤ ਨੇ ਮੱਤੀ ਦੀ ਇੰਜੀਲ ਦਾ ਇਕ ਇਬਰਾਨੀ ਮੂਲ-ਪਾਠ ਪੇਸ਼ ਕੀਤਾ। ਸਬੂਤ ਮੌਜੂਦ ਹੈ ਕਿ ਸ਼ੇਮ-ਟੋਬ ਦੇ ਸਮੇਂ ਦੀ ਲਾਤੀਨੀ ਜਾਂ ਯੂਨਾਨੀ ਤੋਂ ਅਨੁਵਾਦ ਕੀਤੇ ਜਾਣ ਦੀ ਬਜਾਇ, ਮੱਤੀ ਦਾ ਇਹ ਮੂਲ-ਪਾਠ ਬਹੁਤ ਪੁਰਾਣਾ ਸੀ ਅਤੇ ਪਹਿਲਾਂ-ਪਹਿਲ ਇਬਰਾਨੀ ਵਿਚ ਰਚਿਆ ਗਿਆ ਸੀ।c ਇਸ ਤਰ੍ਹਾਂ ਇਹ ਸਾਨੂੰ ਸ਼ਾਇਦ ਉਸ ਗੱਲ ਦੇ ਜ਼ਿਆਦਾ ਨੇੜੇ ਲਿਆਵੇ ਜੋ ਜ਼ੈਤੂਨ ਦੇ ਪਹਾੜ ਉੱਤੇ ਕਹੀ ਗਈ ਸੀ।
18. ਸ਼ੇਮ-ਟੋਬ ਕਿਹੜਾ ਦਿਲਚਸਪ ਇਬਰਾਨੀ ਸ਼ਬਦ ਇਸਤੇਮਾਲ ਕਰਦਾ ਹੈ, ਅਤੇ ਇਸ ਦਾ ਕੀ ਅਰਥ ਹੈ?
18 ਮੱਤੀ 24:3, 27, 39 ਵਿਚ, ਸ਼ੇਮ-ਟੋਬ ਦਾ ਮੱਤੀ ਮੂਲਪਾਠ, ਕ੍ਰਿਆ ਬੋਹ ਦਾ ਪ੍ਰਯੋਗ ਨਹੀਂ ਕਰਦਾ ਹੈ। ਇਸ ਦੀ ਬਜਾਇ, ਇਹ ਸੰਬੰਧਿਤ ਨਾਂਵ ਬੀਆਹ ਦਾ ਪ੍ਰਯੋਗ ਕਰਦਾ ਹੈ। ਇਹ ਨਾਂਵ ਇਬਰਾਨੀ ਸ਼ਾਸਤਰ ਵਿਚ ਕੇਵਲ ਹਿਜ਼ਕੀਏਲ 8:5 ਵਿਚ ਪ੍ਰਗਟ ਹੁੰਦਾ ਹੈ, ਜਿੱਥੇ ਇਸ ਦਾ ਅਰਥ ਹੈ “ਪ੍ਰਵੇਸ਼-ਦੁਆਰ।” ਆਉਣ ਦੀ ਪ੍ਰਕ੍ਰਿਆ ਦਰਸਾਉਣ ਦੀ ਬਜਾਇ, ਇੱਥੇ ਬੀਆਹ ਇਕ ਇਮਾਰਤ ਦੇ ਪ੍ਰਵੇਸ਼-ਦੁਆਰ ਨੂੰ ਸੰਕੇਤ ਕਰਦਾ ਹੈ; ਜਦੋਂ ਤੁਸੀਂ ਪ੍ਰਵੇਸ਼-ਦੁਆਰ ਜਾਂ ਦਹਿਲੀਜ਼ ਤੇ ਹੁੰਦੇ ਹੋ, ਤਾਂ ਤੁਸੀਂ ਇਮਾਰਤ ਦੇ ਵਿਚ ਹੁੰਦੇ ਹੋ। ਨਾਲ ਹੀ, ਮ੍ਰਿਤ ਸਾਗਰ ਪੋਥੀਆਂ ਵਿਚ ਗ਼ੈਰ-ਬਾਈਬਲੀ ਧਾਰਮਿਕ ਲਿਖਤਾਂ ਅਕਸਰ ਬੀਆਹ ਨੂੰ ਆਗਮਨ ਜਾਂ ਜਾਜਕੀ ਵਾਰੀਆਂ ਦੇ ਆਰੰਭ ਦੇ ਸੰਬੰਧ ਵਿਚ ਪ੍ਰਯੋਗ ਕਰਦੀਆਂ ਹਨ। (ਦੇਖੋ 1 ਇਤਹਾਸ 24:3-19; ਲੂਕਾ 1:5, 8, 23.) ਅਤੇ ਪ੍ਰਾਚੀਨ ਸੀਰੀਆਈ (ਜਾਂ, ਅਰਾਮੀ) ਪਸ਼ੀਟਾ ਦਾ 1986 ਦਾ ਇਬਰਾਨੀ ਵਿਚ ਅਨੁਵਾਦ ਮੱਤੀ 24:3, 27, 37, 39 ਵਿਚ ਬੀਆਹ ਇਸਤੇਮਾਲ ਕਰਦਾ ਹੈ। ਇਸ ਲਈ ਸਬੂਤ ਮੌਜੂਦ ਹੈ ਕਿ ਪ੍ਰਾਚੀਨ ਸਮਿਆਂ ਵਿਚ ਨਾਂਵ ਬੀਆਹ ਸ਼ਾਇਦ ਬਾਈਬਲ ਵਿਚ ਇਸਤੇਮਾਲ ਕੀਤੀ ਗਈ ਕ੍ਰਿਆ ਬੋਹ ਤੋਂ ਕੁਝ ਭਿੰਨ ਅਰਥ ਰੱਖਦਾ ਸੀ। ਇਹ ਦਿਲਚਸਪੀ ਦੀ ਗੱਲ ਕਿਉਂ ਹੈ?
19. ਜੇਕਰ ਯਿਸੂ ਅਤੇ ਰਸੂਲਾਂ ਨੇ ਬੀਆਹ ਇਸਤੇਮਾਲ ਕੀਤਾ, ਤਾਂ ਅਸੀਂ ਕੀ ਸਿੱਟਾ ਕੱਢ ਸਕਦੇ ਹਾਂ?
19 ਰਸੂਲਾਂ ਨੇ ਆਪਣੇ ਸਵਾਲ ਵਿਚ ਅਤੇ ਯਿਸੂ ਨੇ ਆਪਣੇ ਜਵਾਬ ਵਿਚ ਸ਼ਾਇਦ ਇਸ ਨਾਂਵ ਬੀਆਹ ਦਾ ਪ੍ਰਯੋਗ ਕੀਤਾ ਹੋਵੇ। ਭਾਵੇਂ ਕਿ ਰਸੂਲਾਂ ਦੇ ਮਨ ਵਿਚ ਸ਼ਾਇਦ ਕੇਵਲ ਯਿਸੂ ਦੇ ਭਾਵੀ ਆਗਮਨ ਦਾ ਹੀ ਵਿਚਾਰ ਸੀ, ਉਸ ਤੋਂ ਵੱਧ ਸ਼ਾਮਲ ਕਰਨ ਦੇ ਲਈ ਜੋ ਉਹ ਸੋਚ ਰਹੇ ਸਨ, ਮਸੀਹ ਨੇ ਸ਼ਾਇਦ ਬੀਆਹ ਪ੍ਰਯੋਗ ਕੀਤਾ ਹੋਵੇ। ਯਿਸੂ ਸ਼ਾਇਦ ਇਕ ਨਵੀਂ ਸੇਵਾ ਨੂੰ ਆਰੰਭ ਕਰਨ ਦੇ ਲਈ ਆਪਣੇ ਆਗਮਨ ਦੇ ਵੱਲ ਸੰਕੇਤ ਕਰ ਰਿਹਾ ਸੀ; ਉਸ ਦਾ ਆਗਮਨ ਉਸ ਦੀ ਨਵੀਂ ਭੂਮਿਕਾ ਦੀ ਸ਼ੁਰੂਆਤ ਹੁੰਦੀ। ਇਹ ਪਰੂਸੀਆ ਦੇ ਅਰਥ ਨਾਲ ਮੇਲ ਖਾਂਦਾ, ਜੋ ਮੱਤੀ ਨੇ ਮਗਰੋਂ ਇਸਤੇਮਾਲ ਕੀਤਾ। ਬੀਆਹ ਦੇ ਅਜਿਹੇ ਪ੍ਰਯੋਗ ਨੂੰ, ਸਮਝਣਯੋਗ ਤਰੀਕੇ ਤੋਂ, ਯਹੋਵਾਹ ਦੇ ਗਵਾਹਾਂ ਦੁਆਰਾ ਕਾਫ਼ੀ ਚਿਰ ਤੋਂ ਸਿਖਾਈ ਗਈ ਗੱਲ ਦਾ ਸਮਰਥਨ ਕਰਨਾ ਪੈਂਦਾ, ਕਿ ਯਿਸੂ ਦੁਆਰਾ ਦਿੱਤੇ ਗਏ ਸੰਯੁਕਤ “ਲੱਛਣ” ਨੇ ਇਹ ਪ੍ਰਤਿਬਿੰਬਤ ਕਰਨਾ ਸੀ ਕਿ ਉਹ ਮੌਜੂਦ ਸੀ।
ਉਸ ਦੀ ਮੌਜੂਦਗੀ ਦੇ ਸਿਖਰ ਦਾ ਇੰਤਜ਼ਾਰ ਕਰਨਾ
20, 21. ਨੂਹ ਦੇ ਦਿਨਾਂ ਦੇ ਬਾਰੇ ਯਿਸੂ ਦੀ ਟਿੱਪਣੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
20 ਯਿਸੂ ਦੀ ਮੌਜੂਦਗੀ ਦੇ ਬਾਰੇ ਸਾਡੇ ਅਧਿਐਨ ਨੂੰ ਸਾਡੇ ਜੀਵਨ ਅਤੇ ਸਾਡੀਆਂ ਆਸਾਂ ਉੱਤੇ ਸਿੱਧਾ ਪ੍ਰਭਾਵ ਪਾਉਣਾ ਚਾਹੀਦਾ ਹੈ। ਯਿਸੂ ਨੇ ਆਪਣੇ ਅਨੁਯਾਈਆਂ ਨੂੰ ਚੌਕਸ ਰਹਿਣ ਦੇ ਲਈ ਜ਼ੋਰ ਦਿੱਤਾ। ਉਸ ਨੇ ਇਕ ਲੱਛਣ ਪੇਸ਼ ਕੀਤਾ ਤਾਂਕਿ ਉਸ ਦੀ ਮੌਜੂਦਗੀ ਨੂੰ ਪਛਾਣਿਆ ਜਾ ਸਕੇ, ਹਾਲਾਂਕਿ ਅਧਿਕਤਰ ਲੋਕ ਧਿਆਨ ਨਹੀਂ ਦੇਣਗੇ: “ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ [“ਮੌਜੂਦਗੀ,” ਨਿ ਵ] ਉਸੇ ਤਰਾਂ ਹੋਵੇਗਾ। ਕਿਉਂਕਿ ਜਿਸ ਤਰਾਂ ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ। ਅਤੇ ਓਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ [“ਮੌਜੂਦਗੀ,” ਨਿ ਵ] ਹੋਵੇਗਾ।”—ਮੱਤੀ 24:37-39.
21 ਨੂਹ ਦੇ ਦਿਨਾਂ ਦੇ ਦੌਰਾਨ, ਉਸ ਪੀੜ੍ਹੀ ਦੇ ਅਧਿਕਤਰ ਲੋਕ ਆਪਣੇ ਰੋਜ਼ਮੱਰਾ ਦੇ ਜੀਵਨ ਵਿਚ ਲੱਗੇ ਰਹੇ। ਯਿਸੂ ਨੇ ਪੂਰਵ-ਸੂਚਿਤ ਕੀਤਾ ਕਿ “ਮਨੁੱਖ ਦੇ ਪੁੱਤ੍ਰ ਦੀ ਮੌਜੂਦਗੀ” ਦੇ ਦੌਰਾਨ ਵੀ ਇੰਜ ਹੀ ਹੋਵੇਗਾ। ਨੂਹ ਦੇ ਇਰਦ-ਗਿਰਦ ਦੇ ਲੋਕਾਂ ਨੇ ਸ਼ਾਇਦ ਸੋਚਿਆ ਹੋਵੇ ਕਿ ਕੁਝ ਵੀ ਨਹੀਂ ਹੋਵੇਗਾ। ਪਰੰਤੂ ਤੁਸੀਂ ਜਾਣਦੇ ਹੋ ਕਿ ਕੀ ਹੋਇਆ। ਉਹ ਦਿਨ, ਜੋ ਸਮੇਂ ਦੇ ਦੌਰਾਨ ਫੈਲਰੇ, ਇਕ ਸਿਖਰ ਵੱਲ ਲੈ ਗਏ, ‘ਪਰਲੋ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਗਈ।’ ਲੂਕਾ ਇਕ ਸਮਾਨ ਬਿਰਤਾਂਤ ਪੇਸ਼ ਕਰਦਾ ਹੈ ਜਿਸ ਵਿਚ ਯਿਸੂ ਨੇ “ਨੂਹ ਦੇ ਦਿਨਾਂ” ਦੀ ਤੁਲਨਾ “ਮਨੁੱਖ ਦੇ ਪੁੱਤ੍ਰ ਦੇ ਦਿਨਾਂ” ਦੇ ਨਾਲ ਕੀਤੀ। ਯਿਸੂ ਨੇ ਚਿਤਾਇਆ: “ਇਸੇ ਤਰਾਂ ਉਸ ਦਿਨ ਵੀ ਹੋਵੇਗਾ ਜਾਂ ਮਨੁੱਖ ਦਾ ਪੁੱਤ੍ਰ ਪਰਗਟ ਹੋਵੇਗਾ।”—ਲੂਕਾ 17:26-30.
22. ਸਾਨੂੰ ਮੱਤੀ ਅਧਿਆਇ 24 ਤੇ ਯਿਸੂ ਦੀ ਭਵਿੱਖਬਾਣੀ ਵਿਚ ਖ਼ਾਸ ਕਰਕੇ ਕਿਉਂ ਦਿਲਚਸਪੀ ਹੋਣੀ ਚਾਹੀਦੀ ਹੈ?
22 ਇਹ ਸਾਰੀਆਂ ਗੱਲਾਂ ਸਾਡੇ ਲਈ ਇਕ ਖ਼ਾਸ ਅਰਥ ਰੱਖਦੀਆਂ ਹਨ ਕਿਉਂਕਿ ਅਸੀਂ ਇਕ ਅਜਿਹੇ ਸਮੇਂ ਵਿਚ ਜੀ ਰਹੇ ਹਾਂ ਜਦੋਂ ਅਸੀਂ ਯਿਸੂ ਵੱਲੋਂ ਪੂਰਵ-ਸੂਚਿਤ ਘਟਨਾਵਾਂ ਨੂੰ ਪਛਾਣਦੇ ਹਾਂ—ਯੁੱਧ, ਭੁਚਾਲ, ਮਹਾਂਮਾਰੀ, ਖ਼ੁਰਾਕ ਦੀ ਕਮੀ, ਅਤੇ ਉਸ ਦੇ ਚੇਲਿਆਂ ਉੱਤੇ ਸਤਾਹਟ। (ਮੱਤੀ 24:7-9; ਲੂਕਾ 21:10-12) ਇਹ ਹਾਲਾਤਾਂ ਇਤਿਹਾਸ ਦਾ ਬਦਲ ਦੇਣ ਵਾਲੀ ਉਸ ਲੜਾਈ ਦੇ ਬਾਅਦ ਤੋਂ ਪ੍ਰਗਟ ਹੋਈਆਂ ਹਨ, ਜਿਸ ਨੂੰ ਵਿਲੱਖਣ ਰੂਪ ਵਿਚ ਵਿਸ਼ਵ ਯੁੱਧ I ਕਿਹਾ ਜਾਂਦਾ ਹੈ, ਭਾਵੇਂ ਕਿ ਅਧਿਕਤਰ ਲੋਕ ਇਨ੍ਹਾਂ ਨੂੰ ਇਤਿਹਾਸ ਦਾ ਆਮ ਭਾਗ ਸਮਝਦੇ ਹਨ। ਪਰੰਤੂ, ਸੱਚੇ ਮਸੀਹੀ ਇਨ੍ਹਾਂ ਅਤਿ-ਮਹੱਤਵਪੂਰਣ ਘਟਨਾਵਾਂ ਦੇ ਅਰਥ ਨੂੰ ਭਾਂਪ ਲੈਂਦੇ ਹਨ, ਠੀਕ ਜਿਵੇਂ ਚੌਕਸ ਲੋਕ ਇਕ ਅੰਜੀਰ ਰੁੱਖ ਦੇ ਪੱਤਿਆਂ ਦੇ ਫੁੱਟਣ ਤੋਂ ਸਮਝ ਜਾਂਦੇ ਹਨ ਕਿ ਗਰਮੀ ਦੀ ਰੁੱਤ ਨੇੜੇ ਹੈ। ਯਿਸੂ ਨੇ ਸਲਾਹ ਦਿੱਤੀ: “ਇਸੇ ਤਰਾਂ ਨਾਲ ਜਾਂ ਤੁਸੀਂ ਵੇਖੋ ਭਈ ਏਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ੁਰ ਦਾ ਰਾਜ ਨੇੜੇ ਹੈ।”—ਲੂਕਾ 21:31.
23. ਮੱਤੀ ਅਧਿਆਇ 24 ਵਿਚ ਯਿਸੂ ਦੇ ਸ਼ਬਦ ਕਿਨ੍ਹਾਂ ਦੇ ਲਈ ਖ਼ਾਸ ਅਰਥ ਰੱਖਦੇ ਹਨ, ਅਤੇ ਕਿਉਂ?
23 ਜ਼ੈਤੂਨ ਦੇ ਪਹਾੜ ਉੱਤੇ ਯਿਸੂ ਨੇ ਆਪਣਾ ਜ਼ਿਆਦਾਤਰ ਜਵਾਬ ਆਪਣੇ ਅਨੁਯਾਈਆਂ ਨੂੰ ਸੰਬੋਧਿਤ ਕੀਤਾ। ਉਹ ਹੀ ਸਨ ਜਿਨ੍ਹਾਂ ਨੇ ਅੰਤ ਆਉਣ ਤੋਂ ਪਹਿਲਾਂ ਪੂਰੀ ਧਰਤੀ ਵਿਚ ਖ਼ੁਸ਼ ਖ਼ਬਰੀ ਪ੍ਰਚਾਰ ਕਰਨ ਦੇ ਜੀਵਨ-ਬਚਾਊ ਕੰਮ ਵਿਚ ਹਿੱਸਾ ਲੈਣਾ ਸੀ। ਉਹ ਹੀ ਹੋਣਗੇ ਜੋ “ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ” ਸਿਆਣ ਸਕਣਗੇ ਜਿਹੜੀ “ਪਵਿੱਤ੍ਰ ਥਾਂ ਵਿੱਚ ਖੜੀ” ਹੈ। ਉਹ ਹੀ ਹੋਣਗੇ ਜੋ ਵੱਡੀ ਬਿਪਤਾ ਤੋਂ ਪਹਿਲਾਂ ‘ਭੱਜਣ’ ਦੇ ਦੁਆਰਾ ਪ੍ਰਤਿਕ੍ਰਿਆ ਦਿਖਾਉਣਗੇ। ਅਤੇ ਉਹ ਹੀ ਹੋਣਗੇ ਜੋ ਅੱਗੇ ਨਾਲ ਜੋੜੇ ਗਏ ਸ਼ਬਦਾਂ ਦੁਆਰਾ ਖ਼ਾਸ ਤੌਰ ਤੇ ਪ੍ਰਭਾਵਿਤ ਹੋਣਗੇ: “ਜੇ ਓਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਸਰੀਰ ਨਾ ਬਚਦਾ ਪਰ ਓਹ ਦਿਨ ਚੁਣਿਆਂ ਹੋਇਆਂ ਦੀ ਖ਼ਾਤਰ ਘਟਾਏ ਜਾਣਗੇ।” (ਮੱਤੀ 24:9, 14-22) ਪਰੰਤੂ ਇਨ੍ਹਾਂ ਗੰਭੀਰ ਸ਼ਬਦਾਂ ਦਾ ਅਸਲ ਵਿਚ ਕੀ ਅਰਥ ਹੈ, ਅਤੇ ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਇਹ ਸਾਡੇ ਲਈ ਹੁਣ ਜ਼ਿਆਦਾ ਖ਼ੁਸ਼ੀ, ਭਰੋਸਾ, ਅਤੇ ਜੋਸ਼ ਪ੍ਰਾਪਤ ਕਰਨ ਦਾ ਇਕ ਆਧਾਰ ਪ੍ਰਦਾਨ ਕਰਦੇ ਹਨ? ਮੱਤੀ 24:22 ਦਾ ਅਗਲਾ ਅਧਿਐਨ ਜਵਾਬ ਪ੍ਰਦਾਨ ਕਰੇਗਾ। (w96 8/15)
[ਫੁਟਨੋਟ]
a ਜੋਸੀਫ਼ਸ ਤੋਂ ਉਦਾਹਰਣ: ਸੀਨਈ ਪਹਾੜ ਉੱਤੇ ਬਿਜਲੀ ਅਤੇ ਗਰਜ ਨੇ “ਪਰਮੇਸ਼ੁਰ ਦੇ ਉੱਥੇ ਮੌਜੂਦ ਹੋਣ [ਪਰੂਸੀਆ] ਦੀ ਘੋਸ਼ਣਾ ਕੀਤੀ।” ਡੇਹਰੇ ਵਿਚ ਚਮਤਕਾਰੀ ਪ੍ਰਗਟਾਵੇ ਨੇ “ਪਰਮੇਸ਼ੁਰ ਦੀ ਮੌਜੂਦਗੀ [ਪਰੂਸੀਆ] ਦਿਖਾਈ।” ਅਲੀਸ਼ਾ ਦੇ ਸੇਵਕ ਨੂੰ ਆਲੇ-ਦੁਆਲੇ ਖਲੋਤੇ ਹੋਏ ਰਥ ਦਿਖਾਉਣ ਦੇ ਦੁਆਰਾ, ਪਰਮੇਸ਼ੁਰ ਨੇ “ਆਪਣੇ ਸੇਵਕ ਨੂੰ ਆਪਣੀ ਸ਼ਕਤੀ ਅਤੇ ਮੌਜੂਦਗੀ [ਪਰੂਸੀਆ] ਪ੍ਰਗਟ ਕੀਤੀ।” ਜਦੋਂ ਰੋਮੀ ਅਧਿਕਾਰੀ ਪਟਰੋਨੀਅਸ ਨੇ ਯਹੂਦੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਜੋਸੀਫ਼ਸ ਨੇ ਦਾਅਵਾ ਕੀਤਾ ਕਿ ਵਰਖਾ ਭੇਜਣ ਦੇ ਦੁਆਰਾ ‘ਪਰਮੇਸ਼ੁਰ ਨੇ ਪਟਰੋਨੀਅਸ ਨੂੰ ਆਪਣੀ ਮੌਜੂਦਗੀ [ਪਰੂਸੀਆ] ਦਿਖਾਈ।’ ਜੋਸੀਫ਼ਸ ਨੇ ਪਰੂਸੀਆ ਨੂੰ ਕੇਵਲ ਇਕ ਢੁਕਾਉ ਜਾਂ ਪਲ ਭਰ ਦੇ ਆਗਮਨ ਲਈ ਲਾਗੂ ਨਹੀਂ ਕੀਤਾ। ਇਸ ਦਾ ਅਰਥ ਇਕ ਜਾਰੀ, ਇੱਥੋਂ ਤਕ ਕਿ ਅਦ੍ਰਿਸ਼ਟ, ਮੌਜੂਦਗੀ ਸੀ। (ਕੂਚ 20:18-21; 25:22; ਲੇਵੀਆਂ 16:2; 2 ਰਾਜਿਆਂ 6:15-17)—ਤੁਲਨਾ ਕਰੋ ਯਹੂਦੀਆਂ ਦਾ ਪੁਰਾਤਨ ਸਭਿਆਚਾਰ (ਅੰਗ੍ਰੇਜ਼ੀ), ਪੁਸਤਕ 3, ਅਧਿਆਇ 5, ਪੈਰਾ 2 [80]; ਅਧਿਆਇ 8, ਪੈਰਾ 5 [202]; ਪੁਸਤਕ 9, ਅਧਿਆਇ 4, ਪੈਰਾ 3 [55]; ਪੁਸਤਕ 18, ਅਧਿਆਇ 8, ਪੈਰਾ 6 [284].
b ਅ ਕ੍ਰਿਟੀਕਲ ਲੈਕਸੀਕਨ ਐਂਡ ਕੌਨਕੌਰਡੈਂਸ ਟੂ ਦ ਇੰਗਲਿਸ਼ ਐਂਡ ਗ੍ਰੀਕ ਨਿਊ ਟੈਸਟਾਮੈਂਟ ਵਿਚ, ਈ. ਡਬਲਯੂ. ਬੁਲਿੰਗਰ ਦਿਖਾਉਂਦਾ ਹੈ ਕਿ ਪਰੂਸੀਆ ਦਾ ਅਰਥ ਹੈ ‘ਮੌਜੂਦ ਹੋਣਾ ਜਾਂ ਹੋ ਜਾਣਾ, ਇਸ ਲਈ, ਮੌਜੂਦਗੀ, ਆਗਮਨ; ਇਕ ਅਜਿਹਾ ਆਉਣਾ ਜਿਸ ਵਿਚ ਉਸ ਆਉਣ ਤੋਂ ਅਗਾਂਹ ਇਕ ਸਥਾਈ ਵਾਸ ਦਾ ਵਿਚਾਰ ਸ਼ਾਮਲ ਹੈ।’
c ਇਕ ਸਬੂਤ ਇਹ ਹੈ ਕਿ ਇਸ ਵਿਚ ਇਬਰਾਨੀ ਅਭਿਵਿਅਕਤੀ “ਉਹ ਨਾਂ,” ਪੂਰੇ ਜਾਂ ਸੰਖਿਪਤ ਰੂਪ ਵਿਚ 19 ਵਾਰੀ ਪਾਇਆ ਜਾਂਦਾ ਹੈ। ਪ੍ਰੋਫੈਸਰ ਹਾਵਰਡ ਲਿਖਦਾ ਹੈ: “ਇਕ ਯਹੂਦੀ ਵਾਦ-ਵਿਵਾਦੀ ਦੁਆਰਾ ਉਤਕਥਿਤ ਇਕ ਮਸੀਹੀ ਲਿਖਤ ਵਿਚ ਈਸ਼ਵਰੀ ਨਾਂ ਪੜ੍ਹਨਾ ਮਾਅਰਕੇ ਦੀ ਗੱਲ ਹੈ। ਜੇਕਰ ਇਹ ਇਕ ਯੂਨਾਨੀ ਜਾਂ ਲਾਤੀਨੀ ਮਸੀਹੀ ਲਿਖਤ ਦਾ ਇਕ ਇਬਰਾਨੀ ਅਨੁਵਾਦ ਹੁੰਦਾ, ਤਾਂ ਇਕ ਵਿਅਕਤੀ ਮੂਲ-ਪਾਠ ਵਿਚ ਏਡੋਨਾਏ [ਪ੍ਰਭੂ] ਨੂੰ ਪਾਉਣ ਦੀ ਆਸ ਰੱਖਦਾ, ਨਾ ਕਿ ਅਕੱਥ ਈਸ਼ਵਰੀ ਨਾਂ ਦੇ ਲਈ ਇਕ ਪ੍ਰਤੀਕ YHWH. . . . ਉਸ ਦੇ ਲਈ ਅਕੱਥ ਨਾਂ ਨੂੰ ਸ਼ਾਮਲ ਕਰਨਾ ਵਿਆਖਿਆ-ਅਯੋਗ ਹੈ। ਸਬੂਤ ਜ਼ਬਰਦਸਤ ਤਰੀਕੇ ਤੋਂ ਸੰਕੇਤ ਕਰਦਾ ਹੈ ਕਿ ਜਦੋਂ ਸ਼ੇਮ-ਟੋਬ ਨੂੰ ਮੱਤੀ ਦੀ ਆਪਣੀ ਪ੍ਰਤਿ ਮਿਲੀ ਤਾਂ ਮੂਲ-ਪਾਠ ਵਿਚ ਈਸ਼ਵਰੀ ਨਾਂ ਪਹਿਲਾਂ ਤੋਂ ਹੀ ਸ਼ਾਮਲ ਸੀ ਅਤੇ ਕਿ ਉਸ ਨੇ ਸ਼ਾਇਦ ਇਸ ਨੂੰ ਹਟਾਉਣ ਲਈ ਦੋਸ਼ੀ ਠਹਿਰਨ ਦੇ ਖ਼ਤਰੇ ਨੂੰ ਮੁੱਲ ਲੈਣ ਦੀ ਬਜਾਇ ਇਸ ਨੂੰ ਕਾਇਮ ਰੱਖਿਆ।” ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ—ਵਿਦ ਰੈਫ਼ਰੈਂਸਿਸ ਮਸੀਹੀ ਯੂਨਾਨੀ ਸ਼ਾਸਤਰ ਵਿਚ ਇਸ਼ਵਰੀ ਨਾਂ ਪ੍ਰਯੋਗ ਕਰਨ ਦੇ ਲਈ ਸਮਰਥਨ ਦੇ ਤੌਰ ਤੇ ਸ਼ੇਮ-ਟੋਬ ਦੇ ਮੱਤੀ (J2) ਨੂੰ ਇਸਤੇਮਾਲ ਕਰਦੀ ਹੈ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਉਸ ਵਿਚ ਭਿੰਨਤਾ ਦੇਖਣੀ ਕਿਉਂ ਮਹੱਤਵਪੂਰਣ ਹੈ ਜਿਵੇਂ ਬਾਈਬਲਾਂ ਮੱਤੀ 24:3 ਨੂੰ ਅਨੁਵਾਦ ਕਰਦੀਆਂ ਹਨ?
◻ ਪਰੂਸੀਆ ਦਾ ਕੀ ਅਰਥ ਹੈ, ਅਤੇ ਇਹ ਧਿਆਨ ਦੇਣ ਯੋਗ ਗੱਲ ਕਿਉਂ ਹੈ?
◻ ਯੂਨਾਨੀ ਅਤੇ ਇਬਰਾਨੀ ਵਿਚ, ਮੱਤੀ 24:3 ਵਿਚ ਸ਼ਾਇਦ ਕਿਹੜਾ ਸੰਭਾਵੀ ਸਮਾਨਾਂਤਰ ਮੌਜੂਦ ਹੋਵੇ?
◻ ਮੱਤੀ ਅਧਿਆਇ 24 ਨੂੰ ਸਮਝਣ ਵਿਚ ਸਾਨੂੰ ਸਮੇਂ ਦੇ ਬਾਰੇ ਕਿਹੜਾ ਤੱਤ ਜਾਣਨ ਦੀ ਜ਼ਰੂਰਤ ਹੈ?
[ਸਫ਼ੇ 21 ਉੱਤੇ ਤਸਵੀਰ]
ਜ਼ੈਤੂਨ ਦਾ ਪਹਾੜ, ਜਿੱਥੋਂ ਯਰੂਸ਼ਲਮ ਨਜ਼ਰ ਆਉਦਾ ਹੈ