ਮਸੀਹ ਦੀ ਬਿਵਸਥਾ ਦੇ ਅਨੁਸਾਰ ਜੀਉਣਾ
“ਤੁਸੀਂ ਇਕ ਦੂਏ ਦੇ ਭਾਰ ਚੁੱਕ ਲਵੋ ਅਤੇ ਇਉਂ ਮਸੀਹ ਦੀ ਸ਼ਰਾ ਨੂੰ ਪੂਰਿਆਂ ਕਰੋ।”—ਗਲਾਤੀਆਂ 6:2.
1. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅੱਜ ਮਸੀਹ ਦੀ ਬਿਵਸਥਾ ਭਲਿਆਈ ਦੇ ਲਈ ਇਕ ਜ਼ਬਰਦਸਤ ਸ਼ਕਤੀ ਹੈ?
ਰਵਾਂਡਾ ਵਿਚ, ਯਹੋਵਾਹ ਦੇ ਹੁਟੂ ਅਤੇ ਟੂਟਸੀ ਗਵਾਹਾਂ ਨੇ ਇਕ ਦੂਜੇ ਨੂੰ ਉਸ ਨਸਲੀ ਕਤਲਾਮ ਤੋਂ ਬਚਾਉਣ ਲਈ ਆਪਣੀਆਂ ਜਾਨਾਂ ਨੂੰ ਖ਼ਤਰੇ ਵਿਚ ਪਾਇਆ ਜਿਸ ਨੇ ਹਾਲ ਹੀ ਵਿਚ ਉਸ ਦੇਸ਼ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਸੀ। ਕੋਬੇ, ਜਪਾਨ, ਵਿਚ ਯਹੋਵਾਹ ਦੇ ਗਵਾਹ ਜਿਨ੍ਹਾਂ ਨੇ ਤਬਾਹਕੁੰਨ ਭੁਚਾਲ ਵਿਚ ਆਪਣੇ ਪਰਿਵਾਰਕ ਸਦੱਸਾਂ ਨੂੰ ਖੋਹਿਆ ਸੀ, ਆਪਣੇ ਨੁਕਸਾਨ ਤੋਂ ਟੁੱਟ ਗਏ। ਫਿਰ ਵੀ, ਉਨ੍ਹਾਂ ਨੇ ਦੂਜੇ ਸ਼ਿਕਾਰ ਹੋਏ ਵਿਅਕਤੀਆਂ ਨੂੰ ਬਚਾਉਣ ਦੇ ਲਈ ਤੁਰੰਤ ਕਾਰਵਾਈ ਕੀਤੀ। ਜੀ ਹਾਂ, ਸੰਸਾਰ ਭਰ ਤੋਂ ਮਿਲੇ ਦਿਲ ਨੂੰ ਖ਼ੁਸ਼ ਕਰਨ ਵਾਲੇ ਉਦਾਹਰਣ ਪ੍ਰਦਰਸ਼ਿਤ ਕਰਦੇ ਹਨ ਕਿ ਮਸੀਹ ਦੀ ਬਿਵਸਥਾ ਅੱਜ ਕਾਰਜ ਕਰ ਰਹੀ ਹੈ। ਇਹ ਭਲਿਆਈ ਦੇ ਲਈ ਇਕ ਜ਼ਬਰਦਸਤ ਸ਼ਕਤੀ ਹੈ।
2. ਮਸੀਹੀ-ਜਗਤ ਕਿਵੇਂ ਮਸੀਹ ਦੀ ਬਿਵਸਥਾ ਦੇ ਅਰਥ ਨੂੰ ਸਮਝਣ ਤੋਂ ਚੂਕ ਗਿਆ ਹੈ, ਅਤੇ ਅਸੀਂ ਉਸ ਬਿਵਸਥਾ ਨੂੰ ਪੂਰਿਆਂ ਕਰਨ ਦੇ ਲਈ ਕੀ ਕਰ ਸਕਦੇ ਹਾਂ?
2 ਨਾਲ ਹੀ, ਇਨ੍ਹਾਂ ਕਠਿਨ “ਅੰਤ ਦਿਆਂ ਦਿਨਾਂ” ਬਾਰੇ ਇਕ ਬਾਈਬਲ ਭਵਿੱਖਬਾਣੀ ਪੂਰੀ ਹੋ ਰਹੀ ਹੈ। ਅਨੇਕ ਲੋਕ “ਭਗਤੀ ਦਾ ਰੂਪ” ਧਾਰਦੇ ਹਨ ਪਰੰਤੂ ‘ਉਹ ਦੀ ਸ਼ਕਤੀ ਦੇ ਇਨਕਾਰੀ ਹੁੰਦੇ ਹਨ।’ (2 ਤਿਮੋਥਿਉਸ 3:1, 5) ਖ਼ਾਸ ਕਰਕੇ ਮਸੀਹੀ-ਜਗਤ ਵਿਚ, ਧਰਮ ਅਕਸਰ ਇਕ ਰਸਮ ਦਾ, ਨਾ ਕਿ ਦਿਲ ਦਾ ਮਾਮਲਾ ਹੁੰਦਾ ਹੈ। ਕੀ ਇਹ ਇਸ ਲਈ ਹੈ ਕਿਉਂਕਿ ਮਸੀਹ ਦੀ ਬਿਵਸਥਾ ਦੇ ਅਨੁਸਾਰ ਜੀਉਣਾ ਅਤਿ ਕਠਿਨ ਹੈ? ਜੀ ਨਹੀਂ। ਯਿਸੂ ਸਾਨੂੰ ਅਜਿਹੀ ਬਿਵਸਥਾ ਨਹੀਂ ਦਿੰਦਾ ਜਿਸ ਦੀ ਪਾਲਣਾ ਨਾ ਕੀਤੀ ਜਾ ਸਕੇ। ਮਸੀਹੀ-ਜਗਤ ਕੇਵਲ ਉਸ ਬਿਵਸਥਾ ਦੇ ਅਰਥ ਨੂੰ ਸਮਝਣ ਤੋਂ ਚੂਕ ਗਿਆ ਹੈ। ਉਸ ਨੇ ਇਨ੍ਹਾਂ ਪ੍ਰੇਰਿਤ ਸ਼ਬਦਾਂ ਵੱਲ ਧਿਆਨ ਨਹੀਂ ਦਿੱਤਾ ਹੈ: “ਤੁਸੀਂ ਇਕ ਦੂਏ ਦੇ ਭਾਰ ਚੁੱਕ ਲਵੋ ਅਤੇ ਇਉਂ ਮਸੀਹ ਦੀ ਸ਼ਰਾ ਨੂੰ ਪੂਰਿਆਂ ਕਰੋ।” (ਗਲਾਤੀਆਂ 6:2) ਅਸੀਂ ਇਕ ਦੂਜੇ ਦੇ ਭਾਰ ਚੁੱਕਣ ਦੇ ਦੁਆਰਾ “ਮਸੀਹ ਦੀ ਸ਼ਰਾ ਨੂੰ ਪੂਰਿਆਂ” ਕਰਦੇ ਹਾਂ, ਨਾ ਕਿ ਫ਼ਰੀਸੀਆਂ ਦੀ ਨਕਲ ਕਰਦੇ ਹੋਏ ਅਨੁਚਿਤ ਰੂਪ ਵਿਚ ਆਪਣੇ ਭਰਾਵਾਂ ਦੇ ਭਾਰਾਂ ਨੂੰ ਵਧਾਉਣ ਦੇ ਦੁਆਰਾ।
3. (ੳ) ਕਿਹੜੇ ਕੁਝ ਹੁਕਮ ਹਨ ਜੋ ਮਸੀਹ ਦੀ ਬਿਵਸਥਾ ਵਿਚ ਸ਼ਾਮਲ ਹਨ? (ਅ) ਇਹ ਸਿੱਟਾ ਕੱਢਣਾ ਕਿਉਂ ਗ਼ਲਤ ਹੋਵੇਗਾ ਕਿ ਮਸੀਹੀ ਕਲੀਸਿਯਾ ਵਿਚ ਮਸੀਹ ਦੇ ਸਿੱਧੇ ਹੁਕਮਾਂ ਨੂੰ ਛੱਡ ਹੋਰ ਕੋਈ ਅਸੂਲ ਨਹੀਂ ਹੋਣੇ ਚਾਹੀਦੇ ਹਨ?
3 ਮਸੀਹ ਦੀ ਬਿਵਸਥਾ ਵਿਚ ਮਸੀਹ ਯਿਸੂ ਦੇ ਸਭ ਹੁਕਮ ਸ਼ਾਮਲ ਹਨ—ਭਾਵੇਂ ਇਹ ਪ੍ਰਚਾਰ ਕਰਨਾ ਅਤੇ ਸਿਖਾਉਣਾ, ਅੱਖ ਨੂੰ ਨਿਰਮਲ ਅਤੇ ਸਰਲ ਰੱਖਣਾ, ਆਪਣੇ ਗੁਆਂਢੀ ਦੇ ਨਾਲ ਸ਼ਾਂਤੀ ਰੱਖਣ ਦਾ ਜਤਨ ਕਰਨਾ, ਜਾਂ ਕਲੀਸਿਯਾ ਵਿੱਚੋਂ ਅਸ਼ੁੱਧਤਾ ਨੂੰ ਹਟਾਉਣਾ ਹੋਵੇ। (ਮੱਤੀ 5:27-30; 18:15-17; 28:19, 20; ਪਰਕਾਸ਼ ਦੀ ਪੋਥੀ 2:14-16) ਦਰਅਸਲ, ਮਸੀਹੀ ਬਾਈਬਲ ਵਿਚ ਉਨ੍ਹਾਂ ਸਭ ਹੁਕਮਾਂ ਨੂੰ ਮੰਨਣ ਲਈ ਵਚਨਬੱਧ ਹਨ ਜੋ ਮਸੀਹ ਦੇ ਅਨੁਯਾਈਆਂ ਨੂੰ ਸੰਬੋਧਿਤ ਕੀਤੇ ਗਏ ਹਨ। ਅਤੇ ਇਸ ਤੋਂ ਵੀ ਅਧਿਕ ਗੱਲਾਂ ਸ਼ਾਮਲ ਹਨ। ਯਹੋਵਾਹ ਦੇ ਸੰਗਠਨ, ਅਤੇ ਵਿਅਕਤੀਗਤ ਕਲੀਸਿਯਾਵਾਂ, ਨੂੰ ਚੰਗੀ ਵਿਵਸਥਾ ਕਾਇਮ ਰੱਖਣ ਦੇ ਵਾਸਤੇ ਲੋੜੀਂਦੇ ਅਸੂਲ ਅਤੇ ਕਾਰਜਵਿਧੀ ਸਥਾਪਿਤ ਕਰਨੇ ਜ਼ਰੂਰੀ ਹਨ। (1 ਕੁਰਿੰਥੀਆਂ 14:33, 40) ਕਿਉਂ, ਮਸੀਹੀ ਇਕੱਠੇ ਮਿਲ ਵੀ ਨਹੀਂ ਸਕਦੇ ਜੇਕਰ ਉਨ੍ਹਾਂ ਦੇ ਕੋਲ ਕੋਈ ਅਸੂਲ ਨਾ ਹੋਣ ਕਿ ਅਜਿਹੀਆਂ ਸਭਾਵਾਂ ਕਦੋਂ, ਕਿੱਥੇ, ਅਤੇ ਕਿਵੇਂ ਆਯੋਜਿਤ ਕਰਨੀਆਂ ਹਨ! (ਇਬਰਾਨੀਆਂ 10:24, 25) ਸੰਗਠਨ ਵਿਚ ਅਧਿਕਾਰ ਪ੍ਰਾਪਤ ਵਿਅਕਤੀਆਂ ਦੁਆਰਾ ਕਾਇਮ ਕੀਤੇ ਗਏ ਉਚਿਤ ਮਾਰਗ-ਦਰਸ਼ਨਾਂ ਨੂੰ ਸਹਿਯੋਗ ਦੇਣਾ ਵੀ ਮਸੀਹ ਦੀ ਬਿਵਸਥਾ ਨੂੰ ਪੂਰਿਆਂ ਕਰਨ ਦਾ ਇਕ ਭਾਗ ਹੈ।—ਇਬਰਾਨੀਆਂ 13:17.
4. ਸ਼ੁੱਧ ਉਪਾਸਨਾ ਦੇ ਪਿੱਛੇ ਕਿਹੜੀ ਪ੍ਰੇਰਣਾ ਸ਼ਕਤੀ ਹੈ?
4 ਤਾਂ ਵੀ, ਸੱਚੇ ਮਸੀਹੀ ਆਪਣੀ ਉਪਾਸਨਾ ਨੂੰ ਨਿਯਮਾਂ ਦਾ ਇਕ ਨਿਰਰਥਕ ਢਾਂਚਾ ਨਹੀਂ ਬਣਨ ਦਿੰਦੇ ਹਨ। ਉਹ ਯਹੋਵਾਹ ਦੀ ਕੇਵਲ ਇਸ ਲਈ ਸੇਵਾ ਨਹੀਂ ਕਰਦੇ ਕਿਉਂਕਿ ਕੋਈ ਵਿਅਕਤੀ ਜਾਂ ਸੰਗਠਨ ਉਨ੍ਹਾਂ ਨੂੰ ਇੰਜ ਕਰਨ ਲਈ ਆਖਦਾ ਹੈ। ਇਸ ਦੀ ਬਜਾਇ, ਉਨ੍ਹਾਂ ਦੀ ਉਪਾਸਨਾ ਦੇ ਪਿੱਛੇ ਪ੍ਰੇਰਣਾ ਸ਼ਕਤੀ ਪ੍ਰੇਮ ਹੈ। ਪੌਲੁਸ ਨੇ ਲਿਖਿਆ: “ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ।” (ਟੇਢੇ ਟਾਈਪ ਸਾਡੇ।) (2 ਕੁਰਿੰਥੀਆਂ 5:14) ਯਿਸੂ ਨੇ ਆਪਣੇ ਅਨੁਯਾਈਆਂ ਨੂੰ ਇਕ ਦੂਜੇ ਨਾਲ ਪ੍ਰੇਮ ਕਰਨ ਦਾ ਹੁਕਮ ਦਿੱਤਾ। (ਯੂਹੰਨਾ 15:12, 13) ਆਤਮ-ਬਲੀਦਾਨੀ ਪ੍ਰੇਮ ਮਸੀਹ ਦੀ ਬਿਵਸਥਾ ਦੀ ਬੁਨਿਆਦ ਹੈ, ਅਤੇ ਇਹ ਹਰ ਜਗ੍ਹਾ, ਪਰਿਵਾਰ ਅਤੇ ਕਲੀਸਿਯਾ ਦੋਹਾਂ ਵਿਚ, ਸੱਚੇ ਮਸੀਹੀਆਂ ਨੂੰ ਮਜਬੂਰ ਕਰਦਾ ਹੈ ਜਾਂ ਪ੍ਰੇਰਿਤ ਕਰਦਾ ਹੈ। ਆਓ ਅਸੀਂ ਦੇਖੀਏ ਕਿਵੇਂ।
ਪਰਿਵਾਰ ਵਿਚ
5. (ੳ) ਮਾਪੇ ਘਰ ਵਿਚ ਮਸੀਹ ਦੀ ਬਿਵਸਥਾ ਨੂੰ ਕਿਵੇਂ ਪੂਰਿਆਂ ਕਰ ਸਕਦੇ ਹਨ? (ਅ) ਬੱਚਿਆਂ ਨੂੰ ਆਪਣਿਆਂ ਮਾਪਿਆਂ ਤੋਂ ਕਿਹੜੀ ਚੀਜ਼ ਦੀ ਲੋੜ ਹੈ, ਅਤੇ ਇਸ ਨੂੰ ਮੁਹੱਈਆ ਕਰਨ ਦੇ ਲਈ ਕੁਝ ਮਾਪਿਆਂ ਨੂੰ ਕਿਹੜੇ ਅੜਿੱਕਿਆਂ ਉੱਤੇ ਕਾਬੂ ਪਾਉਣਾ ਪੈਂਦਾ ਹੈ?
5 ਰਸੂਲ ਪੌਲੁਸ ਨੇ ਲਿਖਿਆ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” (ਅਫ਼ਸੀਆਂ 5:25) ਜਦੋਂ ਇਕ ਪਤੀ ਮਸੀਹ ਦਾ ਅਨੁਕਰਣ ਕਰਦਾ ਹੈ ਅਤੇ ਆਪਣੀ ਪਤਨੀ ਨਾਲ ਪ੍ਰੇਮ ਅਤੇ ਸਮਝ ਨਾਲ ਵਰਤਾਉ ਕਰਦਾ ਹੈ, ਤਾਂ ਉਹ ਮਸੀਹ ਦੀ ਬਿਵਸਥਾ ਦਾ ਇਕ ਅਤਿ-ਮਹੱਤਵਪੂਰਣ ਪਹਿਲੂ ਪੂਰਾ ਕਰਦਾ ਹੈ। ਇਸ ਦੇ ਅਤਿਰਿਕਤ, ਯਿਸੂ ਨੇ ਛੋਟੇ ਬੱਚਿਆਂ ਨੂੰ ਆਪਣੀਆਂ ਬਾਹਾਂ ਵਿਚ ਲੈਂਦੇ ਹੋਏ, ਉਨ੍ਹਾਂ ਉੱਤੇ ਆਪਣੇ ਹੱਥ ਰੱਖਦੇ ਹੋਏ, ਅਤੇ ਉਨ੍ਹਾਂ ਨੂੰ ਅਸੀਸ ਦਿੰਦੇ ਹੋਏ ਖੁੱਲ੍ਹੇ ਤੌਰ ਤੇ ਉਨ੍ਹਾਂ ਲਈ ਸਨੇਹ ਦਿਖਾਇਆ। (ਮਰਕੁਸ 10:16) ਮਾਪੇ ਜੋ ਮਸੀਹ ਦੀ ਬਿਵਸਥਾ ਨੂੰ ਪੂਰਿਆਂ ਕਰਦੇ ਹਨ, ਵੀ ਆਪਣੇ ਬੱਚਿਆਂ ਦੇ ਲਈ ਸਨੇਹ ਦਿਖਾਉਂਦੇ ਹਨ। ਸੱਚ ਹੈ, ਅਜਿਹੇ ਕੁਝ ਮਾਪੇ ਹਨ ਜਿਨ੍ਹਾਂ ਨੂੰ ਇਸ ਮਾਮਲੇ ਵਿਚ ਯਿਸੂ ਦੀ ਮਿਸਾਲ ਦਾ ਅਨੁਕਰਣ ਕਰਨਾ ਇਕ ਚੁਣੌਤੀ ਜਾਪਦਾ ਹੈ। ਕੁਝ ਸੁਭਾਅ ਤੋਂ ਹੀ ਪ੍ਰਗਟਾਊ ਨਹੀਂ ਹੁੰਦੇ ਹਨ। ਮਾਪਿਓ, ਅਜਿਹੇ ਕਾਰਨਾਂ ਨੂੰ ਤੁਹਾਨੂੰ ਆਪਣੇ ਬੱਚਿਆਂ ਨੂੰ ਉਹ ਪ੍ਰੇਮ ਦਿਖਾਉਣ ਤੋਂ ਨਾ ਰੋਕਣ ਦਿਓ ਜੋ ਤੁਸੀਂ ਉਨ੍ਹਾਂ ਲਈ ਮਹਿਸੂਸ ਕਰਦੇ ਹੋ! ਤੁਹਾਨੂੰ ਹੀ ਇਹ ਜਾਣਨਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਪ੍ਰੇਮ ਕਰਦੇ ਹੋ ਕਾਫ਼ੀ ਨਹੀਂ ਹੈ। ਉਨ੍ਹਾਂ ਨੂੰ ਵੀ ਇਹ ਜਾਣਨ ਦੀ ਲੋੜ ਹੈ। ਅਤੇ ਉਹ ਇਹ ਨਹੀਂ ਜਾਣਨਗੇ ਜਦ ਤਾਈਂ ਤੁਸੀਂ ਆਪਣਾ ਪ੍ਰੇਮ ਪ੍ਰਦਰਸ਼ਿਤ ਕਰਨ ਦੇ ਲਈ ਤਰੀਕੇ ਨਹੀਂ ਭਾਲਦੇ ਹੋ।—ਤੁਲਨਾ ਕਰੋ ਮਰਕੁਸ 1:11.
6. (ੳ) ਕੀ ਬੱਚਿਆਂ ਨੂੰ ਮਾਪਿਆਂ ਦੇ ਅਸੂਲਾਂ ਦੀ ਲੋੜ ਹੁੰਦੀ ਹੈ, ਅਤੇ ਤੁਸੀਂ ਕਿਉਂ ਇਸ ਤਰ੍ਹਾਂ ਜਵਾਬ ਦਿੰਦੇ ਹੋ? (ਅ) ਬੱਚਿਆਂ ਨੂੰ ਘਰੇਲੂ ਅਸੂਲਾਂ ਦੇ ਪਿੱਛੇ ਕਿਹੜੇ ਬੁਨਿਆਦੀ ਕਾਰਨ ਨੂੰ ਸਮਝਣ ਦੀ ਲੋੜ ਹੈ? (ੲ) ਜਦੋਂ ਘਰ ਵਿਚ ਮਸੀਹ ਦੀ ਬਿਵਸਥਾ ਪ੍ਰਬਲ ਹੁੰਦੀ ਹੈ, ਤਾਂ ਕਿਹੜੇ ਖ਼ਤਰਿਆਂ ਤੋਂ ਬਚਾਉ ਹੁੰਦਾ ਹੈ?
6 ਨਾਲ ਹੀ, ਬੱਚਿਆਂ ਨੂੰ ਸੀਮਾਵਾਂ ਦੀ ਲੋੜ ਹੁੰਦੀ ਹੈ, ਜਿਸ ਦਾ ਅਰਥ ਹੈ ਕਿ ਉਨ੍ਹਾਂ ਦੇ ਮਾਪਿਆਂ ਨੂੰ ਅਸੂਲ ਕਾਇਮ ਕਰਨ ਅਤੇ ਕਦੇ-ਕਦੇ ਇਨ੍ਹਾਂ ਅਸੂਲਾਂ ਨੂੰ ਅਨੁਸ਼ਾਸਨ ਦੁਆਰਾ ਅਮਲ ਵਿਚ ਲਿਆਉਣ ਦੀ ਲੋੜ ਹੈ। (ਇਬਰਾਨੀਆਂ 12:7, 9, 11) ਫਿਰ ਵੀ, ਬੱਚਿਆਂ ਨੂੰ ਇਨ੍ਹਾਂ ਅਸੂਲਾਂ ਦੇ ਬੁਨਿਆਦੀ ਕਾਰਨ ਨੂੰ ਸਮਝਣ ਦੀ ਲਗਾਤਾਰ ਮਦਦ ਕੀਤੀ ਜਾਣੀ ਚਾਹੀਦੀ ਹੈ: ਅਥਵਾ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਪ੍ਰੇਮ ਕਰਦੇ ਹਨ। ਅਤੇ ਉਨ੍ਹਾਂ ਨੂੰ ਸਿੱਖਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਆਪਣੇ ਮਾਪਿਆਂ ਦੇ ਪ੍ਰਤੀ ਆਗਿਆਕਾਰ ਹੋਣ ਦਾ ਬਿਹਤਰੀਨ ਕਾਰਨ ਪ੍ਰੇਮ ਹੈ। (ਅਫ਼ਸੀਆਂ 6:1; ਕੁਲੁੱਸੀਆਂ 3:20; 1 ਯੂਹੰਨਾ 5:3) ਇਕ ਸੂਝਵਾਨ ਮਾਤਾ ਜਾਂ ਪਿਤਾ ਦਾ ਟੀਚਾ ਬੱਚਿਆਂ ਨੂੰ ਉਨ੍ਹਾਂ ਦੀ “ਤਰਕ-ਸ਼ਕਤੀ” ਵਰਤਣ ਲਈ ਸਿਖਾਉਣਾ ਹੈ, ਤਾਂ ਜੋ ਆਖ਼ਰਕਾਰ ਉਹ ਖ਼ੁਦਬਖ਼ੁਦ ਚੰਗੇ ਨਿਰਣੇ ਕਰਨਗੇ। (ਰੋਮੀਆਂ 12:1, ਨਿ ਵ; ਤੁਲਨਾ ਕਰੋ 1 ਕੁਰਿੰਥੀਆਂ 13:11.) ਦੂਜੇ ਪਾਸੇ, ਅਸੂਲਾਂ ਨੂੰ ਅਤਿਅਧਿਕ ਜਾਂ ਅਨੁਸ਼ਾਸਨ ਨੂੰ ਅਤਿ ਕਠੋਰ ਨਹੀਂ ਹੋਣਾ ਚਾਹੀਦਾ ਹੈ। ਪੌਲੁਸ ਕਹਿੰਦਾ ਹੈ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਨੂੰ ਨਾ ਖਿਝਾਓ ਭਈ ਓਹ ਕਿਤੇ ਮਨ ਨਾ ਹਾਰ ਦੇਣ।” (ਕੁਲੁੱਸੀਆਂ 3:21; ਅਫ਼ਸੀਆਂ 6:4) ਜਦੋਂ ਘਰ ਵਿਚ ਮਸੀਹ ਦੀ ਬਿਵਸਥਾ ਪ੍ਰਬਲ ਹੁੰਦੀ ਹੈ, ਤਾਂ ਉੱਥੇ ਬੇਕਾਬੂ ਕ੍ਰੋਧ ਨਾਲ ਦਿੱਤੇ ਗਏ ਅਨੁਸ਼ਾਸਨ ਲਈ ਜਾਂ ਦੁਖਦਾਇਕ ਤਾਅਨੇ ਲਈ ਕੋਈ ਥਾਂ ਨਹੀਂ ਹੈ। ਅਜਿਹੇ ਘਰ ਵਿਚ, ਬੱਚੇ ਸੁਰੱਖਿਅਤ ਅਤੇ ਉਤਸ਼ਾਹਿਤ ਮਹਿਸੂਸ ਕਰਦੇ ਹਨ, ਨਾ ਕਿ ਦੱਬੇ ਹੋਏ ਜਾਂ ਬੇਇੱਜ਼ਤ ਕੀਤੇ।—ਤੁਲਨਾ ਕਰੋ ਜ਼ਬੂਰ 36:7.
7. ਜਦੋਂ ਘਰ ਵਿਚ ਅਸੂਲ ਕਾਇਮ ਕਰਨ ਦੀ ਗੱਲ ਆਉਂਦੀ ਹੈ, ਤਾਂ ਬੈਥਲ ਘਰ ਕਿਨ੍ਹਾਂ ਤਰੀਕਿਆਂ ਵਿਚ ਇਕ ਉਦਾਹਰਣ ਪੇਸ਼ ਕਰਦੇ ਹਨ?
7 ਕੁਝ ਲੋਕ ਜਿਨ੍ਹਾਂ ਨੇ ਵਿਸ਼ਵ ਭਰ ਦੇ ਬੈਥਲ ਘਰਾਂ ਦਾ ਦੌਰਾ ਕੀਤਾ ਹੈ, ਕਹਿੰਦੇ ਹਨ ਕਿ ਇਹ ਇਕ ਪਰਿਵਾਰ ਦੇ ਲਈ ਅਸੂਲ ਦੇ ਮਾਮਲੇ ਵਿਚ ਸੰਤੁਲਨ ਦੇ ਚੰਗੇ ਉਦਾਹਰਣ ਹਨ। ਹਾਲਾਂਕਿ ਇਹ ਬਾਲਗਾਂ ਨਾਲ ਬਣੇ ਹੋਏ ਹਨ, ਅਜਿਹੀਆਂ ਸੰਸਥਾਪਨਾਵਾਂ ਪਰਿਵਾਰਾਂ ਦੇ ਵਾਂਗ ਕੰਮ ਕਰਦੀਆਂ ਹਨ।a ਬੈਥਲ ਕਾਰਵਾਈਆਂ ਜਟਿਲ ਹਨ ਅਤੇ ਕਾਫ਼ੀ ਸਾਰੇ ਅਸੂਲ ਲੋੜਦੀਆਂ ਹਨ—ਨਿਸ਼ਚੇ ਹੀ ਔਸਤਨ ਪਰਿਵਾਰ ਤੋਂ ਵੱਧ। ਫਿਰ ਵੀ, ਬੈਥਲ ਘਰਾਂ, ਆਫਿਸਾਂ ਅਤੇ ਫੈਕਟਰੀ ਕਾਰਵਾਈਆਂ ਵਿਚ ਅਗਵਾਈ ਕਰਨ ਵਾਲੇ ਬਜ਼ੁਰਗ ਮਸੀਹ ਦੀ ਬਿਵਸਥਾ ਨੂੰ ਲਾਗੂ ਕਰਨ ਦਾ ਜਤਨ ਕਰਦੇ ਹਨ। ਉਹ ਨਾ ਕੇਵਲ ਕੰਮ ਨੂੰ ਵਿਵਸਥਿਤ ਕਰਨਾ, ਬਲਕਿ ਆਪਣੇ ਸੰਗੀ ਕਾਮਿਆਂ ਵਿਚ ਅਧਿਆਤਮਿਕ ਉੱਨਤੀ ਅਤੇ “ਯਹੋਵਾਹ ਦਾ ਅਨੰਦ” ਵਧਾਉਣ ਨੂੰ ਆਪਣੀ ਕਾਰਜ-ਨਿਯੁਕਤੀ ਵਿਚਾਰਦੇ ਹਨ। (ਨਹਮਯਾਹ 8:10) ਇਸ ਲਈ, ਉਹ ਇਕ ਸਕਾਰਾਤਮਕ ਅਤੇ ਉਤਸ਼ਾਹਜਨਕ ਤਰੀਕੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਤਰਕਸੰਗਤ ਹੋਣ ਦਾ ਜਤਨ ਕਰਦੇ ਹਨ। (ਅਫ਼ਸੀਆਂ 4:31, 32) ਤਾਂ ਫਿਰ ਕੋਈ ਅਚੰਭੇ ਦੀ ਗੱਲ ਨਹੀਂ ਕਿ ਬੈਥਲ ਪਰਿਵਾਰ ਆਪਣੇ ਆਨੰਦਮਈ ਮਨੋਬਿਰਤੀ ਦੇ ਲਈ ਪ੍ਰਸਿੱਧ ਹਨ!
ਕਲੀਸਿਯਾ ਵਿਚ
8. (ੳ) ਕਲੀਸਿਯਾ ਵਿਚ ਸਾਡਾ ਟੀਚਾ ਹਮੇਸ਼ਾ ਕੀ ਹੋਣਾ ਚਾਹੀਦਾ ਹੈ? (ਅ) ਕੁਝ ਵਿਅਕਤੀਆਂ ਨੇ ਕਿਨ੍ਹਾਂ ਪਰਿਸਥਿਤੀਆਂ ਦੇ ਅਧੀਨ ਅਸੂਲ ਮੰਗੇ ਹਨ ਜਾਂ ਉਨ੍ਹਾਂ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ?
8 ਕਲੀਸਿਯਾ ਵਿਚ ਵੀ ਸਾਡਾ ਟੀਚਾ ਪ੍ਰੇਮ ਦੀ ਆਤਮਾ ਵਿਚ ਇਕ ਦੂਜੇ ਨੂੰ ਮਜ਼ਬੂਤ ਕਰਨਾ ਹੈ। (1 ਥੱਸਲੁਨੀਕੀਆਂ 5:11) ਇਸ ਲਈ ਸਭ ਮਸੀਹੀਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ ਨਿੱਜੀ ਚੋਣ ਦੇ ਮਾਮਲਿਆਂ ਵਿਚ ਆਪਣੇ ਖ਼ੁਦ ਦੇ ਵਿਚਾਰ ਦੂਜਿਆਂ ਤੇ ਥੱਪਣ ਦੇ ਜ਼ਿੰਮੇਵਾਰ ਹੋਣ ਦੁਆਰਾ ਦੂਜਿਆਂ ਦੇ ਭਾਰ ਨੂੰ ਨਾ ਵਧਾਉਣ। ਕਦੇ-ਕਦੇ, ਕੁਝ ਵਿਅਕਤੀ ਵਾਚ ਟਾਵਰ ਸੋਸਾਇਟੀ ਨੂੰ ਅਜਿਹੇ ਮਾਮਲਿਆਂ ਉੱਤੇ ਅਸੂਲ ਮੰਗਣ ਦੇ ਲਈ ਲਿਖਦੇ ਹਨ ਕਿ ਉਨ੍ਹਾਂ ਨੂੰ ਵਿਸ਼ਿਸ਼ਟ ਫ਼ਿਲਮਾਂ, ਪੁਸਤਕਾਂ, ਅਤੇ ਇੱਥੋਂ ਤਕ ਕਿ ਖਿਡੌਣਿਆਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ। ਪਰੰਤੂ, ਸੋਸਾਇਟੀ ਨੂੰ ਅਜਿਹੀਆਂ ਗੱਲਾਂ ਦੀ ਸੂਖਮ ਨਿਰੀਖਣ ਕਰਨ ਅਤੇ ਇਨ੍ਹਾਂ ਉੱਤੇ ਫ਼ੈਸਲਾ ਸੁਣਾਉਣ ਦਾ ਅਧਿਕਾਰ ਨਹੀਂ ਹੈ। ਅਧਿਕਤਰ ਮਾਮਲਿਆਂ ਵਿਚ, ਅਜਿਹੀਆਂ ਗੱਲਾਂ ਉੱਤੇ ਹਰ ਇਕ ਵਿਅਕਤੀ ਨੂੰ ਜਾਂ ਪਰਿਵਾਰਕ ਸਿਰ ਨੂੰ, ਬਾਈਬਲ ਸਿਧਾਂਤਾਂ ਦੇ ਪ੍ਰਤੀ ਪ੍ਰੇਮ ਦੇ ਆਧਾਰ ਤੇ, ਨਿਰਣਾ ਕਰਨਾ ਚਾਹੀਦਾ ਹੈ। ਦੂਜੇ ਲੋਕ ਸੋਸਾਇਟੀ ਦਿਆਂ ਸੁਝਾਵਾਂ ਅਤੇ ਮਾਰਗ-ਦਰਸ਼ਨਾਂ ਨੂੰ ਅਸੂਲ ਬਣਾਉਣ ਵੱਲ ਝੁਕਾਉ ਰੱਖਦੇ ਹਨ। ਮਿਸਾਲ ਵਜੋਂ, ਪਹਿਰਾਬੁਰਜ (ਅੰਗ੍ਰੇਜ਼ੀ) ਦੇ ਮਾਰਚ 15, 1996, ਅੰਕ ਵਿਚ ਇਕ ਵਧੀਆ ਲੇਖ ਸੀ ਜਿਸ ਨੇ ਬਜ਼ੁਰਗਾਂ ਨੂੰ ਕਲੀਸਿਯਾ ਦੇ ਸਦੱਸਾਂ ਨਾਲ ਨਿਯਮਿਤ ਰਹਿਨੁਮਾਈ ਮੁਲਾਕਾਤਾਂ ਕਰਨ ਲਈ ਉਤਸ਼ਾਹਿਤ ਕੀਤਾ। ਕੀ ਇਸ ਦਾ ਉਦੇਸ਼ ਅਸੂਲ ਕਾਇਮ ਕਰਨਾ ਸੀ? ਨਹੀਂ। ਹਾਲਾਂਕਿ ਉਹ ਜੋ ਇਨ੍ਹਾਂ ਸੁਝਾਵਾਂ ਦੀ ਪੈਰਵੀ ਕਰਨ ਦੇ ਯੋਗ ਹਨ, ਅਨੇਕ ਲਾਭ ਹਾਸਲ ਕਰਦੇ ਹਨ, ਕੁਝ ਬਜ਼ੁਰਗ ਇੰਜ ਕਰਨ ਦੀ ਸਥਿਤੀ ਵਿਚ ਨਹੀਂ ਹੁੰਦੇ ਹਨ। ਇਸੇ ਤਰ੍ਹਾਂ, ਪਹਿਰਾਬੁਰਜ (ਅੰਗ੍ਰੇਜ਼ੀ) ਦੇ ਅਪ੍ਰੈਲ 1, 1995, ਦੇ ਅੰਕ ਵਿਚ “ਪਾਠਕਾਂ ਵੱਲੋਂ ਸਵਾਲ” ਲੇਖ ਨੇ ਜੰਗਲੀ ਪਾਰਟੀ ਦੇਣ ਜਾਂ ਜਸ਼ਨ ਆਯੋਜਿਤ ਕਰਨ ਵਰਗੀਆਂ ਹੱਦਾਂ ਤਕ ਜਾਣ ਦੇ ਦੁਆਰਾ ਬਪਤਿਸਮੇ ਦੇ ਮੌਕੇ ਦੇ ਸਤਿਕਾਰ ਨੂੰ ਘਟਾਉਣ ਦੇ ਵਿਰੁੱਧ ਚਿਤਾਇਆ। ਕਈਆਂ ਨੇ ਇਸ ਪ੍ਰੌੜ੍ਹ ਸਲਾਹ ਨੂੰ ਧੁਰ ਤਕ ਪਹੁੰਚਾ ਦਿੱਤਾ ਹੈ, ਇੱਥੋਂ ਤਕ ਕਿ ਇਕ ਅਸੂਲ ਬਣਾਇਆ ਕਿ ਇਸ ਮੌਕੇ ਤੇ ਇਕ ਉਤਸ਼ਾਹਜਨਕ ਕਾਰਡ ਭੇਜਣਾ ਵੀ ਗ਼ਲਤ ਹੋਵੇਗਾ!
9. ਇਹ ਕਿਉਂ ਮਹੱਤਵਪੂਰਣ ਹੈ ਕਿ ਅਸੀਂ ਇਕ ਦੂਜੇ ਦੇ ਬਾਰੇ ਬੇਹੱਦ ਆਲੋਚਨਾਤਮਕ ਅਤੇ ਸਮਾਲੋਚਨਾਤਮਕ ਹੋਣ ਤੋਂ ਪਰਹੇਜ਼ ਕਰੀਏ?
9 ਇਸ ਉੱਤੇ ਵੀ ਗੌਰ ਕਰੋ ਕਿ ਜੇਕਰ “ਆਜ਼ਾਦੀ ਦੀ ਸੰਪੂਰਣ ਬਿਵਸਥਾ” ਨੇ ਸਾਡੇ ਵਿਚਕਾਰ ਪ੍ਰਬਲ ਹੋਣਾ ਹੈ, ਤਾਂ ਸਾਨੂੰ ਸਵੀਕਾਰ ਕਰਨਾ ਪਵੇਗਾ ਕਿ ਸਾਰੇ ਮਸੀਹੀ ਅੰਤਹਕਰਣ ਇਕ ਸਮਾਨ ਨਹੀਂ ਹੁੰਦੇ ਹਨ। (ਯਾਕੂਬ 1:25) ਕੀ ਸਾਨੂੰ ਬਾਤ ਦਾ ਬਤੰਗੜ ਬਣਾਉਣਾ ਚਾਹੀਦਾ ਹੈ ਜੇਕਰ ਲੋਕਾਂ ਦੀਆਂ ਅਜਿਹੀਆਂ ਨਿੱਜੀ ਚੋਣਾਂ ਹਨ ਜੋ ਸ਼ਾਸਤਰ ਸੰਬੰਧੀ ਸਿਧਾਂਤਾਂ ਦੀ ਉਲੰਘਣ ਨਹੀਂ ਕਰਦੀਆਂ ਹਨ? ਨਹੀਂ। ਸਾਡਾ ਇੰਜ ਕਰਨਾ ਫੁੱਟ ਪੈਦਾ ਕਰੇਗਾ। (1 ਕੁਰਿੰਥੀਆਂ 1:10) ਪੌਲੁਸ ਨੇ ਸਾਨੂੰ ਇਕ ਸੰਗੀ ਮਸੀਹੀ ਦੀ ਆਲੋਚਨਾ ਕਰਨ ਦੇ ਵਿਰੁੱਧ ਚਿਤਾਉਂਦੇ ਹੋਏ, ਕਿਹਾ: “ਉਹ ਤਾਂ ਆਪਣੇ ਹੀ ਮਾਲਕ ਦੇ ਅੱਗੇ ਖਲ੍ਹਿਆਰਿਆ ਰਹਿੰਦਾ ਅਥਵਾ ਡਿੱਗ ਪੈਂਦਾ ਹੈ ਪਰ ਉਹ ਖਲ੍ਹਿਆਰਿਆ ਰਹੇਗਾ ਕਿਉਂ ਜੋ ਪ੍ਰਭੁ ਉਹ ਦੇ ਖਲ੍ਹਿਆਰਨ ਨੂੰ ਸਮਰਥ ਹੈ।” (ਰੋਮੀਆਂ 14:4) ਅਸੀਂ ਪਰਮੇਸ਼ੁਰ ਨੂੰ ਨਾਖ਼ੁਸ਼ ਕਰਨ ਦਾ ਖ਼ਤਰਾ ਮੁੱਲ ਲੈਂਦੇ ਹਾਂ ਜੇਕਰ ਅਸੀਂ ਇਕ ਦੂਜੇ ਦੇ ਵਿਰੁੱਧ ਅਜਿਹੇ ਮਾਮਲਿਆਂ ਉੱਤੇ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਵਿਅਕਤੀਗਤ ਅੰਤਹਕਰਣ ਉੱਤੇ ਛੱਡਿਆ ਜਾਣਾ ਚਾਹੀਦਾ ਹੈ।—ਯਾਕੂਬ 4:10-12.
10. ਕਿਨ੍ਹਾਂ ਨੂੰ ਕਲੀਸਿਯਾ ਉੱਤੇ ਨਿਗਾਹ ਰੱਖਣ ਲਈ ਨਿਯੁਕਤ ਕੀਤਾ ਗਿਆ ਹੈ, ਅਤੇ ਸਾਨੂੰ ਉਨ੍ਹਾਂ ਨੂੰ ਕਿਵੇਂ ਸਮਰਥਨ ਦੇਣਾ ਚਾਹੀਦਾ ਹੈ?
10 ਆਓ ਅਸੀਂ ਇਹ ਵੀ ਯਾਦ ਰੱਖੀਏ ਕਿ ਬਜ਼ੁਰਗਾਂ ਨੂੰ ਪਰਮੇਸ਼ੁਰ ਦੇ ਝੁੰਡ ਉੱਤੇ ਨਿਗਾਹ ਰੱਖਣ ਲਈ ਨਿਯੁਕਤ ਕੀਤਾ ਗਿਆ ਹੈ। (ਰਸੂਲਾਂ ਦੇ ਕਰਤੱਬ 20:28) ਉਹ ਉੱਥੇ ਮਦਦ ਕਰਨ ਲਈ ਹਨ। ਸਾਨੂੰ ਸਲਾਹ ਦੇ ਲਈ ਉਨ੍ਹਾਂ ਕੋਲ ਜਾਣ ਵਿਚ ਝਿਜਕ ਮਹਿਸੂਸ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਉਹ ਬਾਈਬਲ ਦੇ ਛਾਤਰ ਹਨ ਅਤੇ ਵਾਚ ਟਾਵਰ ਸੋਸਾਇਟੀ ਦੇ ਸਾਹਿੱਤ ਵਿਚ ਚਰਚਾ ਕੀਤੀਆਂ ਗਈਆਂ ਗੱਲਾਂ ਤੋਂ ਜਾਣੂ ਹੁੰਦੇ ਹਨ। ਜਦੋਂ ਬਜ਼ੁਰਗ ਅਜਿਹਾ ਆਚਰਣ ਦੇਖਦੇ ਹਨ ਜੋ ਸੰਭਵ ਤੌਰ ਤੇ ਸ਼ਾਸਤਰ ਸੰਬੰਧੀ ਸਿਧਾਂਤਾਂ ਦੀ ਉਲੰਘਣਾ ਵੱਲ ਲੈ ਜਾਵੇਗਾ, ਤਾਂ ਉਹ ਨਿਡਰਤਾ ਨਾਲ ਲੋੜੀਂਦੀ ਸਲਾਹ ਪੇਸ਼ ਕਰਦੇ ਹਨ। (ਗਲਾਤੀਆਂ 6:1) ਕਲੀਸਿਯਾ ਦੇ ਸਦੱਸ ਇਨ੍ਹਾਂ ਪ੍ਰਿਅ ਚਰਵਾਹਿਆਂ ਨੂੰ, ਜੋ ਉਨ੍ਹਾਂ ਦੇ ਵਿਚਕਾਰ ਅਗਵਾਈ ਕਰਦੇ ਹਨ, ਸਹਿਯੋਗ ਦੇਣ ਦੇ ਦੁਆਰਾ ਮਸੀਹ ਦੀ ਬਿਵਸਥਾ ਦੀ ਪੈਰਵੀ ਕਰਦੇ ਹਨ।—ਇਬਰਾਨੀਆਂ 13:7.
ਬਜ਼ੁਰਗ ਮਸੀਹ ਦੀ ਬਿਵਸਥਾ ਲਾਗੂ ਕਰਦੇ ਹਨ
11. ਬਜ਼ੁਰਗ ਕਲੀਸਿਯਾ ਵਿਚ ਮਸੀਹ ਦੀ ਬਿਵਸਥਾ ਨੂੰ ਕਿਵੇਂ ਲਾਗੂ ਕਰਦੇ ਹਨ?
11 ਬਜ਼ੁਰਗ ਕਲੀਸਿਯਾ ਵਿਚ ਮਸੀਹ ਦੀ ਬਿਵਸਥਾ ਨੂੰ ਪੂਰਿਆਂ ਕਰਨ ਲਈ ਉਤਸੁਕ ਹਨ। ਉਹ ਖ਼ੁਸ਼ ਖ਼ਬਰੀ ਨੂੰ ਪ੍ਰਚਾਰ ਕਰਨ ਵਿਚ ਅਗਵਾਈ ਕਰਦੇ ਹਨ, ਦਿਲਾਂ ਤਕ ਪਹੁੰਚਣ ਲਈ ਬਾਈਬਲ ਤੋਂ ਸਿਖਾਉਂਦੇ ਹਨ ਅਤੇ, ਪ੍ਰੇਮਮਈ, ਕੋਮਲ ਚਰਵਾਹਿਆਂ ਵਜੋਂ, “ਕਮਦਿਲਿਆਂ” ਨਾਲ ਗੱਲਾਂ ਕਰਦੇ ਹਨ। (1 ਥੱਸਲੁਨੀਕੀਆਂ 5:14) ਉਹ ਉਨ੍ਹਾਂ ਗ਼ੈਰ-ਮਸੀਹੀ ਰਵੱਈਏ ਤੋਂ ਦੂਰ ਰਹਿੰਦੇ ਹਨ ਜੋ ਮਸੀਹੀ-ਜਗਤ ਦੇ ਅਨੇਕ ਧਰਮਾਂ ਵਿਚ ਪਾਏ ਜਾਂਦੇ ਹਨ। ਸੱਚ ਹੈ, ਇਹ ਸੰਸਾਰ ਤੇਜ਼ੀ ਨਾਲ ਪਤਿਤ ਹੋ ਰਿਹਾ ਹੈ, ਅਤੇ ਪੌਲੁਸ ਦੇ ਵਾਂਗ, ਬਜ਼ੁਰਗ ਸ਼ਾਇਦ ਝੁੰਡ ਦੇ ਲਈ ਚਿੰਤਾ ਮਹਿਸੂਸ ਕਰਨ; ਲੇਕਨ ਉਹ ਅਜਿਹੀਆਂ ਚਿੰਤਾਵਾਂ ਉੱਤੇ ਕਾਰਵਾਈ ਕਰਦੇ ਸਮੇਂ ਸੰਤੁਲਨ ਕਾਇਮ ਰੱਖਦੇ ਹਨ।—2 ਕੁਰਿੰਥੀਆਂ 11:28.
12. ਜਦੋਂ ਇਕ ਮਸੀਹੀ ਇਕ ਬਜ਼ੁਰਗ ਕੋਲ ਮਦਦ ਲਈ ਆਉਂਦਾ ਹੈ, ਤਾਂ ਬਜ਼ੁਰਗ ਸ਼ਾਇਦ ਕਿਵੇਂ ਪ੍ਰਤਿਕ੍ਰਿਆ ਦਿਖਾਵੇ?
12 ਮਿਸਾਲ ਲਈ, ਇਕ ਮਸੀਹੀ ਸ਼ਾਇਦ ਇਕ ਅਜਿਹੇ ਮਹੱਤਵਪੂਰਣ ਮਾਮਲੇ ਦੇ ਬਾਰੇ ਇਕ ਬਜ਼ੁਰਗ ਨਾਲ ਮਸ਼ਵਰਾ ਕਰਨਾ ਚਾਹੇ, ਜਿਸ ਬਾਰੇ ਕੋਈ ਸਿੱਧਾ ਸ਼ਾਸਤਰ ਸੰਬੰਧੀ ਨਿਰਦੇਸ਼ਨ ਨਹੀਂ ਹੈ ਜਾਂ ਜੋ ਅਲੱਗ-ਅਲੱਗ ਮਸੀਹੀ ਸਿਧਾਂਤਾਂ ਨੂੰ ਸੰਤੁਲਿਤ ਕਰਨ ਦੀ ਮੰਗ ਕਰਦਾ ਹੈ। ਸ਼ਾਇਦ ਉਸ ਨੂੰ ਨੌਕਰੀ ਵਿਚ ਤਰੱਕੀ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਵਿਚ ਜ਼ਿਆਦਾ ਤਨਖ਼ਾਹ ਹੈ ਲੇਕਨ ਅਧਿਕ ਜ਼ਿੰਮੇਵਾਰੀਆਂ ਹਨ। ਜਾਂ ਇਕ ਨੌਜਵਾਨ ਮਸੀਹੀ ਦਾ ਅਵਿਸ਼ਵਾਸੀ ਪਿਤਾ ਸ਼ਾਇਦ ਆਪਣੇ ਪੁੱਤਰ ਤੋਂ ਅਜਿਹੀਆਂ ਮੰਗਾਂ ਕਰ ਰਿਹਾ ਹੈ ਜੋ ਸ਼ਾਇਦ ਉਸ ਦੀ ਸੇਵਕਾਈ ਨੂੰ ਅਸਰ ਕਰ ਸਕਦੀਆਂ ਹਨ। ਅਜਿਹੀਆਂ ਪਰਿਸਥਿਤੀਆਂ ਵਿਚ ਬਜ਼ੁਰਗ ਇਕ ਨਿੱਜੀ ਰਾਇ ਪੇਸ਼ ਕਰਨ ਤੋਂ ਪਰਹੇਜ਼ ਕਰਦਾ ਹੈ। ਇਸ ਦੀ ਬਜਾਇ, ਉਹ ਸੰਭਵ ਤੌਰ ਤੇ ਬਾਈਬਲ ਖੋਲ੍ਹ ਕੇ ਉਸ ਵਿਅਕਤੀ ਨੂੰ ਪ੍ਰਾਸੰਗਿਕ ਸਿਧਾਂਤਾਂ ਉੱਤੇ ਤਰਕ ਕਰਨ ਲਈ ਮਦਦ ਕਰੇਗਾ। ਜੇਕਰ ਉਪਲਬਧ ਹੋਵੇ, ਤਾਂ ਉਹ ਸ਼ਾਇਦ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ (ਅੰਗ੍ਰੇਜ਼ੀ) ਇਸਤੇਮਾਲ ਕਰੇ, ਇਹ ਲੱਭਣ ਲਈ ਕਿ ਪਹਿਰਾਬੁਰਜ ਅਤੇ ਦੂਜੇ ਪ੍ਰਕਾਸ਼ਨਾਂ ਦੇ ਪੰਨਿਆਂ ਵਿਚ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਉਸ ਵਿਸ਼ੇ ਉੱਤੇ ਕੀ ਕਿਹਾ ਹੈ। (ਮੱਤੀ 24:45) ਉਦੋਂ ਕੀ ਜੇਕਰ ਇਸ ਮਗਰੋਂ ਉਹ ਮਸੀਹੀ ਇਕ ਨਿਰਣਾ ਕਰਦਾ ਹੈ ਜੋ ਉਸ ਬਜ਼ੁਰਗ ਨੂੰ ਸਿਆਣਾ ਨਹੀਂ ਜਾਪਦਾ ਹੈ? ਜੇਕਰ ਨਿਰਣਾ ਸਿੱਧੇ ਤੌਰ ਤੇ ਬਾਈਬਲ ਸਿਧਾਂਤਾਂ ਜਾਂ ਨਿਯਮਾਂ ਦਾ ਉਲੰਘਣ ਨਹੀਂ ਕਰਦਾ ਹੈ, ਤਾਂ ਮਸੀਹੀ ਪਾਏਗਾ ਕਿ ਬਜ਼ੁਰਗ ਵਿਅਕਤੀ ਦੇ ਅਜਿਹੇ ਨਿਰਣੇ ਕਰਨ ਦੇ ਅਧਿਕਾਰ ਨੂੰ ਪਛਾਣਦਾ ਹੈ, ਇਹ ਜਾਣਦੇ ਹੋਏ ਕਿ “ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ।” ਪਰੰਤੂ, ਮਸੀਹੀ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।”—ਗਲਾਤੀਆਂ 6:5, 7.
13. ਸਵਾਲਾਂ ਦੇ ਸਿੱਧੇ ਜਵਾਬ ਦੇਣ ਜਾਂ ਆਪਣੀ ਖ਼ੁਦ ਦੀ ਰਾਇ ਪੇਸ਼ ਕਰਨ ਦੀ ਬਜਾਇ, ਬਜ਼ੁਰਗ ਦੂਜਿਆਂ ਨੂੰ ਮਾਮਲਿਆਂ ਉੱਤੇ ਤਰਕ ਕਰਨ ਲਈ ਕਿਉਂ ਮਦਦ ਕਰਦੇ ਹਨ?
13 ਅਨੁਭਵੀ ਬਜ਼ੁਰਗ ਇਸ ਤਰੀਕੇ ਨਾਲ ਵਰਤਾਉ ਕਿਉਂ ਕਰਦਾ ਹੈ? ਘਟੋ-ਘੱਟ ਦੋ ਕਾਰਨਾਂ ਲਈ। ਪਹਿਲਾ, ਪੌਲੁਸ ਨੇ ਇਕ ਕਲੀਸਿਯਾ ਨੂੰ ਦੱਸਿਆ ਕਿ ਉਹ ‘ਉਨ੍ਹਾਂ ਦੀ ਨਿਹਚਾ ਉੱਤੇ ਮਾਲਕ’ ਨਹੀਂ ਸੀ। (2 ਕੁਰਿੰਥੀਆਂ 1:24, ਨਿ ਵ) ਬਜ਼ੁਰਗ, ਆਪਣੇ ਭਰਾ ਨੂੰ ਸ਼ਾਸਤਰ ਉੱਤੇ ਤਰਕ ਕਰਨ ਅਤੇ ਖ਼ੁਦ ਆਪਣਾ ਜਾਣਕਾਰ ਨਿਰਣਾ ਕਰਨ ਲਈ ਮਦਦ ਕਰਨ ਵਿਚ, ਪੌਲੁਸ ਦੇ ਵਤੀਰੇ ਦਾ ਅਨੁਕਰਣ ਕਰ ਰਿਹਾ ਹੈ। ਉਹ ਪਛਾਣਦਾ ਹੈ ਕਿ ਉਸ ਦੇ ਅਧਿਕਾਰ ਦੀਆਂ ਸੀਮਾਵਾਂ ਹਨ, ਠੀਕ ਜਿਵੇਂ ਯਿਸੂ ਨੇ ਪਛਾਣਿਆ ਸੀ ਕਿ ਉਸ ਦੇ ਅਧਿਕਾਰ ਦੀਆਂ ਸੀਮਾਵਾਂ ਸਨ। (ਲੂਕਾ 12:13, 14; ਯਹੂਦਾਹ 9) ਨਾਲ ਹੀ, ਜਿੱਥੇ ਲੋੜ ਹੈ ਉੱਥੇ ਬਜ਼ੁਰਗ ਖ਼ੁਸ਼ੀ ਨਾਲ ਸਹਾਈ, ਇੱਥੋਂ ਤਕ ਕਿ ਜ਼ੋਰਦਾਰ, ਸ਼ਾਸਤਰ ਸੰਬੰਧੀ ਸਲਾਹ ਵੀ ਪ੍ਰਦਾਨ ਕਰਦੇ ਹਨ। ਦੂਜਾ, ਉਹ ਆਪਣੇ ਸੰਗੀ ਮਸੀਹੀ ਨੂੰ ਸਿਖਲਾਈ ਦੇ ਰਿਹਾ ਹੈ। ਰਸੂਲ ਪੌਲੁਸ ਨੇ ਕਿਹਾ: “ਅੰਨ ਸਿਆਣਿਆਂ ਲਈ ਹੈ ਜਿਨ੍ਹਾਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।” (ਇਬਰਾਨੀਆਂ 5:14) ਇਸ ਲਈ, ਪ੍ਰੌੜ੍ਹਤਾ ਤਕ ਵਧਣ ਲਈ, ਸਾਨੂੰ ਜਵਾਬ ਹਾਸਲ ਕਰਨ ਦੇ ਲਈ ਹਮੇਸ਼ਾ ਕਿਸੇ ਹੋਰ ਉੱਤੇ ਨਿਰਭਰ ਹੋਣ ਦੀ ਬਜਾਇ, ਆਪਣੀਆਂ ਗਿਆਨ ਇੰਦਰੀਆਂ ਨੂੰ ਵਰਤਣਾ ਚਾਹੀਦਾ ਹੈ। ਬਜ਼ੁਰਗ, ਆਪਣੇ ਸੰਗੀ ਮਸੀਹੀ ਨੂੰ ਇਹ ਦਿਖਾਉਣ ਦੇ ਦੁਆਰਾ ਕਿ ਸ਼ਾਸਤਰ ਉੱਤੇ ਕਿਵੇਂ ਤਰਕ ਕਰੀਦਾ ਹੈ, ਉਸ ਨੂੰ ਇਸ ਤਰੀਕੇ ਨਾਲ ਉੱਨਤੀ ਕਰਨ ਲਈ ਮਦਦ ਕਰ ਰਿਹਾ ਹੈ।
14. ਪ੍ਰੌੜ੍ਹ ਵਿਅਕਤੀ ਕਿਵੇਂ ਦਿਖਾ ਸਕਦੇ ਹਨ ਕਿ ਉਹ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ?
14 ਅਸੀਂ ਨਿਹਚਾ ਰੱਖ ਸਕਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਸੱਚੇ ਉਪਾਸਕਾਂ ਦੇ ਦਿਲਾਂ ਨੂੰ ਪ੍ਰਭਾਵਿਤ ਕਰੇਗਾ। ਇਸ ਤਰ੍ਹਾਂ, ਪ੍ਰੌੜ੍ਹ ਮਸੀਹੀ ਆਪਣੇ ਭਰਾਵਾਂ ਦੇ ਦਿਲਾਂ ਨੂੰ ਨਿਵੇਦਨ ਕਰਦੇ ਹਨ, ਅਥਵਾ ਉਨ੍ਹਾਂ ਨੂੰ ਬੇਨਤੀ ਕਰਦੇ ਹਨ, ਜਿਵੇਂ ਰਸੂਲ ਪੌਲੁਸ ਨੇ ਕੀਤਾ ਸੀ। (2 ਕੁਰਿੰਥੀਆਂ 8:8; 10:1; ਫਿਲੇਮੋਨ 8, 9) ਪੌਲੁਸ ਜਾਣਦਾ ਸੀ ਕਿ ਖ਼ਾਸ ਕਰਕੇ ਕੁਧਰਮੀਆਂ ਨੂੰ, ਨਾ ਕਿ ਧਰਮੀਆਂ ਨੂੰ ਸਿੱਧੇ ਰਾਹ ਉੱਤੇ ਰੱਖਣ ਦੇ ਲਈ ਵਿਸਤਾਰਪੂਰਵਕ ਨਿਯਮਾਂ ਦੀ ਲੋੜ ਹੁੰਦੀ ਹੈ। (1 ਤਿਮੋਥਿਉਸ 1:9) ਉਸ ਨੇ ਆਪਣੇ ਭਰਾਵਾਂ ਉੱਤੇ, ਸ਼ੱਕ ਜਾਂ ਬੇਇਤਬਾਰੀ ਨਹੀਂ, ਬਲਕਿ ਨਿਹਚਾ ਪ੍ਰਗਟ ਕੀਤੀ। ਇਕ ਕਲੀਸਿਯਾ ਨੂੰ ਉਸ ਨੇ ਲਿਖਿਆ: “ਸਾਨੂੰ ਪ੍ਰਭੁ ਵਿੱਚ ਤੁਹਾਡੇ ਉੱਤੇ ਭਰੋਸਾ ਹੈ।” (2 ਥੱਸਲੁਨੀਕੀਆਂ 3:4) ਪੌਲੁਸ ਦੀ ਨਿਹਚਾ, ਭਰੋਸੇ, ਅਤੇ ਵਿਸ਼ਵਾਸ ਨੇ ਯਕੀਨਨ ਉਨ੍ਹਾਂ ਮਸੀਹੀਆਂ ਨੂੰ ਅਤਿ ਪ੍ਰੇਰਿਤ ਕੀਤਾ। ਅੱਜ ਬਜ਼ੁਰਗ ਅਤੇ ਸਫ਼ਰੀ ਨਿਗਾਹਬਾਨ ਵੀ ਸਮਾਨ ਟੀਚੇ ਰੱਖਦੇ ਹਨ। ਇਹ ਵਫ਼ਾਦਾਰ ਮਨੁੱਖ ਕਿੰਨੇ ਹੀ ਤਾਜ਼ਗੀਦਾਇਕ ਹਨ, ਜਿਉਂ ਹੀ ਉਹ ਪ੍ਰੇਮਪੂਰਵਕ ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰਦੇ ਹਨ!—ਯਸਾਯਾਹ 32:1, 2; 1 ਪਤਰਸ 5:1-3.
ਮਸੀਹ ਦੀ ਬਿਵਸਥਾ ਦੇ ਅਨੁਸਾਰ ਜੀਉਣਾ
15. ਕੁਝ ਸਵਾਲ ਕਿਹੜੇ ਹਨ ਜੋ ਅਸੀਂ ਖ਼ੁਦ ਨੂੰ ਇਹ ਦੇਖਣ ਲਈ ਪੁੱਛ ਸਕਦੇ ਹਾਂ ਕਿ ਅਸੀਂ ਆਪਣੇ ਭਰਾਵਾਂ ਦੇ ਨਾਲ ਆਪਣੇ ਸੰਬੰਧ ਵਿਚ ਮਸੀਹ ਦੀ ਬਿਵਸਥਾ ਲਾਗੂ ਕਰ ਰਹੇ ਹਾਂ ਜਾਂ ਨਹੀਂ?
15 ਸਾਡੇ ਵਿੱਚੋਂ ਸਾਰਿਆਂ ਨੂੰ ਇਹ ਦੇਖਣ ਲਈ ਖ਼ੁਦ ਨੂੰ ਨਿਯਮਿਤ ਤੌਰ ਤੇ ਜਾਂਚਣ ਦੀ ਲੋੜ ਹੈ ਕਿ ਕੀ ਅਸੀਂ ਮਸੀਹ ਦੀ ਬਿਵਸਥਾ ਦੇ ਅਨੁਸਾਰ ਜੀ ਰਹੇ ਹਾਂ ਅਤੇ ਇਸ ਦਾ ਸਮਰਥਨ ਕਰ ਰਹੇ ਹਾਂ। (2 ਕੁਰਿੰਥੀਆਂ 13:5) ਸੱਚ-ਮੁੱਚ, ਅਸੀਂ ਸਾਰੇ ਇਹ ਪੁੱਛਣ ਦੁਆਰਾ ਲਾਭ ਹਾਸਲ ਕਰ ਸਕਦੇ ਹਾਂ: ‘ਕੀ ਮੈਂ ਉਤਸ਼ਾਹਜਨਕ ਹਾਂ ਜਾਂ ਆਲੋਚਨਾਤਮਕ? ਕੀ ਮੈਂ ਸੰਤੁਲਿਤ ਹਾਂ ਜਾਂ ਇੰਤਹਾ-ਪਸੰਦ ਹਾਂ? ਕੀ ਮੈਂ ਦੂਜਿਆਂ ਦਾ ਲਿਹਾਜ਼ ਕਰਦਾ ਹਾਂ ਜਾਂ ਆਪਣੇ ਹੀ ਅਧਿਕਾਰਾਂ ਉੱਤੇ ਜ਼ੋਰ ਦਿੰਦਾ ਹਾਂ?’ ਇਕ ਮਸੀਹੀ ਆਪਣੇ ਭਰਾ ਨੂੰ ਉਨ੍ਹਾਂ ਮਾਮਲਿਆਂ ਦੇ ਬਾਰੇ ਆਦੇਸ਼ ਦੇਣ ਦੀ ਕੋਸ਼ਿਸ਼ ਨਹੀਂ ਕਰਦਾ ਹੈ ਜੋ ਬਾਈਬਲ ਵਿਚ ਵਿਸ਼ਿਸ਼ਟ ਤੌਰ ਤੇ ਚਰਚਿਤ ਨਹੀਂ ਹਨ ਕਿ ਕਿਹੜੇ ਕਦਮ ਚੁੱਕਣੇ ਜਾਂ ਨਹੀਂ ਚੁੱਕਣੇ ਚਾਹੀਦੇ ਹਨ।—ਰੋਮੀਆਂ 12:1; 1 ਕੁਰਿੰਥੀਆਂ 4:6.
16. ਅਸੀਂ ਮਸੀਹ ਦੀ ਬਿਵਸਥਾ ਦੇ ਇਕ ਅਤਿ-ਮਹੱਤਵਪੂਰਣ ਪਹਿਲੂ ਨੂੰ ਪੂਰਿਆਂ ਕਰਦੇ ਹੋਏ, ਉਨ੍ਹਾਂ ਵਿਅਕਤੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਜੋ ਆਪਣੇ ਬਾਰੇ ਨਕਾਰਾਤਮਕ ਦ੍ਰਿਸ਼ਟੀਕੋਣ ਰੱਖਦੇ ਹਨ?
16 ਇਨ੍ਹਾਂ ਕਠਿਨ ਸਮਿਆਂ ਵਿਚ, ਇਹ ਮਹੱਤਵਪੂਰਣ ਹੈ ਕਿ ਅਸੀਂ ਇਕ ਦੂਸਰੇ ਨੂੰ ਉਤਸ਼ਾਹਿਤ ਕਰਨ ਦੇ ਤਰੀਕੇ ਲੱਭੀਏ। (ਇਬਰਾਨੀਆਂ 10:24, 25; ਤੁਲਨਾ ਕਰੋ ਮੱਤੀ 7:1-5.) ਜਦੋਂ ਅਸੀਂ ਆਪਣੇ ਭੈਣਾਂ-ਭਰਾਵਾਂ ਵੱਲ ਦੇਖਦੇ ਹਾਂ, ਤਾਂ ਕੀ ਉਨ੍ਹਾਂ ਦੀਆਂ ਕਮਜ਼ੋਰੀਆਂ ਨਾਲੋਂ ਉਨ੍ਹਾਂ ਦੇ ਚੰਗੇ ਗੁਣ ਸਾਡੇ ਲਈ ਜ਼ਿਆਦਾ ਅਰਥ ਨਹੀਂ ਰੱਖਦੇ ਹਨ? ਯਹੋਵਾਹ ਦੇ ਲਈ, ਹਰ ਇਕ ਵਿਅਕਤੀ ਕੀਮਤੀ ਹੈ। ਦੁੱਖ ਦੀ ਗੱਲ ਹੈ, ਹਰ ਕੋਈ ਇਸ ਤਰ੍ਹਾਂ ਮਹਿਸੂਸ ਨਹੀਂ ਕਰਦੇ ਹਨ, ਆਪਣੇ ਬਾਰੇ ਵੀ ਨਹੀਂ। ਅਨੇਕ ਕੇਵਲ ਆਪਣੀਆਂ ਖ਼ੁਦ ਦੀਆਂ ਤਰੁੱਟੀਆਂ ਅਤੇ ਅਪੂਰਣਤਾਵਾਂ ਨੂੰ ਹੀ ਦੇਖਣ ਵੱਲ ਝੁਕਾਉ ਹੁੰਦੇ ਹਨ। ਅਜਿਹਿਆਂ ਨੂੰ—ਅਤੇ ਹੋਰਾਂ ਨੂੰ—ਉਤਸ਼ਾਹਿਤ ਕਰਨ ਦੇ ਲਈ, ਕੀ ਅਸੀਂ ਹਰ ਸਭਾ ਤੇ ਇਕ ਜਾਂ ਦੋ ਵਿਅਕਤੀਆਂ ਨਾਲ ਗੱਲ ਕਰਨ ਦਾ ਜਤਨ ਕਰ ਸਕਦੇ ਹਾਂ, ਉਨ੍ਹਾਂ ਨੂੰ ਇਹ ਦੱਸਦੇ ਹੋਏ ਕਿ ਅਸੀਂ ਕਿਉਂ ਉਨ੍ਹਾਂ ਦੀ ਹਾਜ਼ਰੀ ਅਤੇ ਕਲੀਸਿਯਾ ਵਿਚ ਉਨ੍ਹਾਂ ਦੇ ਦਿੱਤੇ ਗਏ ਮਹੱਤਵਪੂਰਣ ਯੋਗਦਾਨ ਦੀ ਕਦਰ ਪਾਉਂਦੇ ਹਾਂ? ਇਸ ਤਰੀਕੇ ਨਾਲ ਉਨ੍ਹਾਂ ਦਾ ਭਾਰ ਹਲਕਾ ਕਰਨਾ ਅਤੇ ਫਲਸਰੂਪ ਮਸੀਹ ਦੀ ਬਿਵਸਥਾ ਨੂੰ ਪੂਰਿਆਂ ਕਰਨਾ ਕਿੰਨਾ ਹੀ ਇਕ ਆਨੰਦ ਹੈ!—ਗਲਾਤੀਆਂ 6:2.
ਮਸੀਹ ਦੀ ਬਿਵਸਥਾ ਕਾਰਜ ਕਰ ਰਹੀ ਹੈ!
17. ਤੁਸੀਂ ਆਪਣੀ ਕਲੀਸਿਯਾ ਵਿਚ ਮਸੀਹ ਦੀ ਬਿਵਸਥਾ ਨੂੰ ਕਿਹੜੇ ਵਿਭਿੰਨ ਤਰੀਕਿਆਂ ਵਿਚ ਕਾਰਜ ਕਰਦੇ ਹੋਏ ਦੇਖਦੇ ਹੋ?
17 ਮਸੀਹ ਦੀ ਬਿਵਸਥਾ ਮਸੀਹੀ ਕਲੀਸਿਯਾ ਵਿਚ ਕਾਰਜ ਕਰ ਰਹੀ ਹੈ। ਅਸੀਂ ਇਸ ਨੂੰ ਰੋਜ਼ਾਨਾ ਦੇਖਦੇ ਹਾਂ—ਜਦੋਂ ਸੰਗੀ ਗਵਾਹ ਉਤਸ਼ਾਹ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਦੇ ਹਨ, ਜਦੋਂ ਉਹ ਇਕ ਦੂਜੇ ਨੂੰ ਦਿਲਾਸਾ ਅਤੇ ਹੌਸਲਾ ਦਿੰਦੇ ਹਨ, ਜਦੋਂ ਉਹ ਅਤਿਅੰਤ ਕਠਿਨ ਸਮੱਸਿਆਵਾਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਕਰਨ ਲਈ ਸੰਘਰਸ਼ ਕਰਦੇ ਹਨ, ਜਦੋਂ ਮਾਪੇ ਆਪਣੇ ਬੱਚਿਆਂ ਨੂੰ ਆਨੰਦਮਈ ਦਿਲਾਂ ਨਾਲ ਯਹੋਵਾਹ ਨੂੰ ਪ੍ਰੇਮ ਕਰਨ ਲਈ ਵੱਡੇ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਦੋਂ ਨਿਗਾਹਬਾਨ ਪ੍ਰੇਮ ਅਤੇ ਨਿੱਘ ਨਾਲ ਪਰਮੇਸ਼ੁਰ ਦਾ ਬਚਨ ਸਿਖਾਉਂਦੇ ਹਨ, ਅਤੇ ਝੁੰਡ ਨੂੰ ਹਮੇਸ਼ਾ ਵਾਸਤੇ ਯਹੋਵਾਹ ਦੀ ਸੇਵਾ ਕਰਨ ਲਈ ਇਕ ਤੀਬਰ ਜੋਸ਼ ਰੱਖਣ ਲਈ ਉਤੇਜਿਤ ਕਰਦੇ ਹਨ। (ਮੱਤੀ 28:19, 20; 1 ਥੱਸਲੁਨੀਕੀਆਂ 5:11, 14) ਜਦੋਂ ਅਸੀਂ ਵਿਅਕਤੀਗਤ ਤੌਰ ਤੇ ਮਸੀਹ ਦੀ ਬਿਵਸਥਾ ਨੂੰ ਆਪਣੇ ਜੀਵਨ ਵਿਚ ਲਾਗੂ ਕਰਦੇ ਹਾਂ, ਤਾਂ ਯਹੋਵਾਹ ਦਾ ਦਿਲ ਕਿੰਨਾ ਆਨੰਦਿਤ ਹੁੰਦਾ ਹੈ! (ਕਹਾਉਤਾਂ 23:15) ਉਹ ਚਾਹੁੰਦਾ ਹੈ ਕਿ ਉਸ ਦੀ ਸੰਪੂਰਣ ਬਿਵਸਥਾ ਨਾਲ ਪ੍ਰੇਮ ਕਰਨ ਵਾਲੇ ਸਾਰੇ ਵਿਅਕਤੀ, ਸਦਾ ਦੇ ਲਈ ਜੀਉਣ। ਆਗਾਮੀ ਪਰਾਦੀਸ ਵਿਚ, ਅਸੀਂ ਇਕ ਅਜਿਹਾ ਸਮਾਂ ਦੇਖਾਂਗੇ ਜਦੋਂ ਮਨੁੱਖਜਾਤੀ ਸੰਪੂਰਣ ਹੋਵੇਗੀ, ਇਕ ਅਜਿਹਾ ਸਮਾਂ ਜਿਸ ਵਿਚ ਕਾਨੂੰਨ ਤੋੜਨ ਵਾਲੇ ਨਹੀਂ ਹੋਣਗੇ, ਅਤੇ ਇਕ ਅਜਿਹਾ ਸਮਾਂ ਜਦੋਂ ਸਾਡੇ ਦਿਲਾਂ ਦਾ ਹਰ ਰੁਝਾਨ ਕਾਬੂ ਵਿਚ ਹੋਵੇਗਾ। ਮਸੀਹ ਦੀ ਬਿਵਸਥਾ ਦੇ ਅਨੁਸਾਰ ਜੀਉਣ ਦਾ ਕਿੰਨਾ ਹੀ ਅਦਭੁਤ ਇਨਾਮ! (w96 9/1)
[ਫੁਟਨੋਟ]
a ਅਜਿਹੇ ਘਰ ਮਸੀਹੀ-ਜਗਤ ਦੇ ਮੱਠਾਂ ਵਾਂਗ ਨਹੀਂ ਹਨ। ਉੱਥੇ ਉਸ ਅਰਥ ਵਿਚ ਕੋਈ “ਐਬਟ,” ਜਾਂ “ਪਿਤਾ” ਨਹੀਂ ਹਨ। (ਮੱਤੀ 23:9) ਜ਼ਿੰਮੇਵਾਰ ਭਰਾਵਾਂ ਨੂੰ ਆਦਰ ਦਿੱਤਾ ਜਾਂਦਾ ਹੈ, ਲੇਕਨ ਉਨ੍ਹਾਂ ਦੀ ਸੇਵਾ ਉਨ੍ਹਾਂ ਹੀ ਸਿਧਾਂਤਾਂ ਦੁਆਰਾ ਨਿਰਦੇਸ਼ਿਤ ਹੁੰਦੀ ਹੈ ਜੋ ਸਾਰੇ ਬਜ਼ੁਰਗਾਂ ਨੂੰ ਨਿਯੰਤ੍ਰਿਤ ਕਰਦੇ ਹਨ।
ਤੁਹਾਡਾ ਕੀ ਵਿਚਾਰ ਹੈ?
◻ ਮਸੀਹੀ-ਜਗਤ ਕਿਉਂ ਮਸੀਹ ਦੀ ਬਿਵਸਥਾ ਦੇ ਅਰਥ ਨੂੰ ਸਮਝਣ ਤੋਂ ਚੂਕ ਗਿਆ ਹੈ?
◻ ਅਸੀਂ ਪਰਿਵਾਰ ਵਿਚ ਮਸੀਹ ਦੀ ਬਿਵਸਥਾ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?
◻ ਕਲੀਸਿਯਾ ਵਿਚ ਮਸੀਹ ਦੀ ਬਿਵਸਥਾ ਨੂੰ ਲਾਗੂ ਕਰਨ ਦੇ ਲਈ, ਸਾਨੂੰ ਕਿਸ ਗੱਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
◻ ਬਜ਼ੁਰਗ ਕਲੀਸਿਯਾ ਦੇ ਨਾਲ ਆਪਣੇ ਵਰਤਾਉ ਵਿਚ ਮਸੀਹ ਦੀ ਬਿਵਸਥਾ ਦੀ ਕਿਵੇਂ ਪਾਲਣਾ ਕਰ ਸਕਦੇ ਹਨ?
[ਸਫ਼ੇ 18 ਉੱਤੇ ਤਸਵੀਰ]
ਤੁਹਾਡੇ ਬੱਚੇ ਨੂੰ ਪ੍ਰੇਮ ਦੀ ਇਕ ਵੱਡੀ ਲੋੜ ਹੈ
[ਸਫ਼ੇ 19 ਉੱਤੇ ਤਸਵੀਰ]
ਪ੍ਰੇਮਪੂਰਣ ਚਰਵਾਹੇ ਕਿੰਨੇ ਹੀ ਤਾਜ਼ਗੀਦਾਇਕ ਹਨ!