ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਵਜੋਂ ਪੂਰੀ ਤਰ੍ਹਾਂ ਤਿਆਰ
‘ਪਰਮੇਸ਼ੁਰ ਨੇ ਸਾਨੂੰ ਸੇਵਕ ਹੋਣ ਦੇ ਜੋਗ ਬਣਾਇਆ ਹੈ।’—2 ਕੁਰਿੰਥੀਆਂ 3:5, 6.
1, 2. ਪ੍ਰਚਾਰ ਕਰਨ ਲਈ ਕਿਹੜੇ ਜਤਨ ਕਦੀ-ਕਦੀ ਕੀਤੇ ਗਏ ਹਨ, ਪਰ ਇਹ ਅਕਸਰ ਅਸਫ਼ਲ ਕਿਉਂ ਹੁੰਦੇ ਹਨ?
ਜੇਕਰ ਤੁਹਾਨੂੰ ਅਜਿਹਾ ਕੋਈ ਕੰਮ ਦਿੱਤਾ ਜਾਵੇ ਜਿਸ ਨੂੰ ਤੁਸੀਂ ਪੂਰਾ ਕਰਨ ਦੇ ਕਾਬਲ ਨਹੀਂ ਹੋ, ਤਾਂ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰੋਗੇ? ਕਲਪਨਾ ਕਰੋ ਕਿ ਇਸ ਕੰਮ ਨੂੰ ਕਰਨ ਦਾ ਸਾਰਾ ਸਾਮਾਨ ਤੁਹਾਡੇ ਸਾਮ੍ਹਣੇ ਪਿਆ ਹੈ ਅਤੇ ਸਾਰੇ ਲੋੜੀਂਦੇ ਸੰਦ ਤੁਹਾਡੇ ਕੋਲ ਹਨ। ਪਰ ਤੁਹਾਨੂੰ ਇਹ ਬਿਲਕੁਲ ਨਹੀਂ ਪਤਾ ਕਿ ਇਹ ਕੰਮ ਕਿੱਦਾਂ ਪੂਰਾ ਕਰਨਾ ਹੈ। ਇਸ ਤੋਂ ਇਲਾਵਾ ਇਹ ਕੰਮ ਬਹੁਤ ਹੀ ਜ਼ਰੂਰੀ ਹੈ। ਅਤੇ ਕੰਮ ਪੂਰਾ ਕਰਨ ਲਈ ਲੋਕ ਤੁਹਾਡੇ ਵੱਲ ਦੇਖ ਰਹੇ ਹਨ। ਇਹ ਕਿੰਨੀ ਪਰੇਸ਼ਾਨੀ ਦੀ ਗੱਲ ਹੋਵੇਗੀ!
2 ਇਹ ਸਿਰਫ਼ ਇਕ ਕਲਪਿਤ ਸਥਿਤੀ ਨਹੀਂ, ਪਰ ਇਸ ਤਰ੍ਹਾਂ ਸੱਚ-ਮੁੱਚ ਹੁੰਦਾ ਹੈ। ਮਿਸਾਲ ਲਈ, ਸਮੇਂ-ਸਮੇਂ ਤੇ ਈਸਾਈ-ਜਗਤ ਦੇ ਕਿਸੇ ਚਰਚ ਨੇ ਘਰ-ਘਰ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਅਕਸਰ ਅਜਿਹੇ ਜਤਨ ਅਸਫ਼ਲ ਹੋਏ ਹਨ ਅਤੇ ਕੁਝ ਹੀ ਹਫ਼ਤਿਆਂ ਜਾਂ ਮਹੀਨਿਆਂ ਵਿਚ ਕੰਮ ਬੰਦ ਹੋ ਜਾਂਦਾ ਹੈ। ਇਸ ਤਰ੍ਹਾਂ ਕਿਉਂ ਹੁੰਦਾ ਹੈ? ਕਿਉਂਕਿ ਈਸਾਈ-ਜਗਤ ਨੇ ਆਪਣਿਆਂ ਲੋਕਾਂ ਨੂੰ ਅਜਿਹਾ ਕੰਮ ਕਰਨ ਦੇ ਯੋਗ ਨਹੀਂ ਬਣਾਇਆ ਹੈ। ਉਨ੍ਹਾਂ ਦੇ ਪਾਦਰੀ ਵੀ ਪ੍ਰਚਾਰ ਕਰਨ ਦੇ ਯੋਗ ਨਹੀਂ ਹਨ, ਭਾਵੇਂ ਕਿ ਉਨ੍ਹਾਂ ਨੇ ਕਈ ਸਾਲਾਂ ਲਈ ਸਕੂਲਾਂ ਵਿਚ ਅਤੇ ਪਾਦਰੀਆਂ ਦੇ ਕਾਲਜਾਂ ਵਿਚ ਵਿਦਿਆ ਹਾਸਲ ਕੀਤੀ ਹੈ। ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ?
3. ਕੁਰਿੰਥੀਆਂ ਦੀ ਦੂਜੀ ਪੱਤਰੀ 3:5, 6 ਵਿਚ ਕਿਹੜਾ ਸ਼ਬਦ ਤਿੰਨ ਵਾਰ ਵਰਤਿਆ ਗਿਆ ਹੈ, ਅਤੇ ਉਸ ਦਾ ਮਤਲਬ ਕੀ ਹੈ?
3 ਪਰਮੇਸ਼ੁਰ ਦਾ ਬਚਨ ਸਾਨੂੰ ਸਮਝਾਉਂਦਾ ਹੈ ਕਿ ਖ਼ੁਸ਼ ਖ਼ਬਰੀ ਦੇ ਸੱਚੇ ਪ੍ਰਚਾਰਕਾਂ ਨੂੰ ਕਿਹੜੀ ਚੀਜ਼ ਯੋਗ ਬਣਾਉਂਦੀ ਹੈ। ਪੌਲੁਸ ਰਸੂਲ ਨੇ ਪ੍ਰੇਰਣਾ ਅਧੀਨ ਲਿਖਿਆ: ‘ਇਹ ਨਹੀਂ ਭਈ ਅਸੀਂ ਆਪ ਤੋਂ ਇਸ ਜੋਗੇ ਹਾਂ ਜੋ ਕਿਸੇ ਗੱਲ ਨੂੰ ਆਪਣੀ ਹੀ ਵੱਲੋਂ ਸਮਝੀਏ ਸਗੋਂ ਸਾਡੀ ਜੋਗਤਾ ਪਰਮੇਸ਼ੁਰ ਵੱਲੋਂ ਹੈ, ਜਿਹ ਨੇ ਸਾਨੂੰ ਸੇਵਕ ਹੋਣ ਦੇ ਜੋਗ ਬਣਾਇਆ ਹੈ।’ (2 ਕੁਰਿੰਥੀਆਂ 3:5, 6) ਧਿਆਨ ਦਿਓ ਕਿ ਇੱਥੇ ਸ਼ਬਦ “ਜੋਗ” ਤਿੰਨ ਵਾਰ ਵਰਤਿਆ ਗਿਆ ਹੈ। ਇਸ ਦਾ ਕੀ ਮਤਲਬ ਹੈ? ਇਕ ਸ਼ਬਦ-ਕੋਸ਼ ਕਹਿੰਦਾ ਹੈ ਕਿ ‘ਜਦੋਂ ਯੂਨਾਨੀ ਸ਼ਬਦ “ਜੋਗ” ਚੀਜ਼ਾਂ ਲਈ ਵਰਤਿਆ ਜਾਂਦਾ ਹੈ, ਤਾਂ ਇਸ ਦਾ ਅਰਥ “ਕਾਫ਼ੀ” ਹੁੰਦਾ ਹੈ; ਜਦੋਂ ਇਹ ਸ਼ਬਦ ਕਿਸੇ ਵਿਅਕਤੀ ਦੇ ਸੰਬੰਧ ਵਿਚ ਵਰਤਿਆ ਜਾਂਦਾ ਹੈ, ਤਾਂ ਇਸ ਦਾ ਅਰਥ “ਕਾਬਲ” ਜਾਂ “ਲਾਇਕ” ਹੁੰਦਾ ਹੈ।’ ਇਸ ਲਈ ਜੋ ਵਿਅਕਤੀ ਕਿਸੇ ਕੰਮ ਲਈ “ਜੋਗ” ਹੁੰਦਾ ਹੈ, ਉਹ ਉਸ ਨੂੰ ਪੂਰਾ ਕਰਨ ਦੇ ਕਾਬਲ ਅਤੇ ਲਾਇਕ ਹੁੰਦਾ ਹੈ। ਜੀ ਹਾਂ, ਖ਼ੁਸ਼ ਖ਼ਬਰੀ ਦੇ ਸੱਚੇ ਸੇਵਕ ਪ੍ਰਚਾਰ ਕਰਨ ਦੇ ਯੋਗ ਹੁੰਦੇ ਹਨ, ਯਾਨੀ ਉਹ ਇਹ ਕੰਮ ਕਰਨ ਦੇ ਕਾਬਲ ਜਾਂ ਲਾਇਕ ਹੁੰਦੇ ਹਨ।
4. (ੳ) ਪੌਲੁਸ ਦੀ ਉਦਾਹਰਣ ਕਿਵੇਂ ਦਿਖਾਉਂਦੀ ਹੈ ਕਿ ਮਸੀਹੀ ਸੇਵਕਾਈ ਸਿਰਫ਼ ਕੁਝ ਹੀ ਖ਼ਾਸ ਲੋਕਾਂ ਲਈ ਨਹੀਂ ਹੈ? (ਅ) ਉਹ ਤਿੰਨ ਚੀਜ਼ਾਂ ਕੀ ਹਨ ਜੋ ਯਹੋਵਾਹ ਸਾਨੂੰ ਯੋਗ ਬਣਾਉਣ ਲਈ ਵਰਤਦਾ ਹੈ?
4 ਪਰ ਇਹ ਯੋਗਤਾ ਕਿੱਥੋਂ ਮਿਲਦੀ ਹੈ? ਆਪਣੀ ਨਿੱਜੀ ਕਾਬਲੀਅਤ ਤੋਂ? ਉੱਤਮ ਬੁੱਧੀ ਤੋਂ? ਜਾਂ ਪ੍ਰਸਿੱਧ ਸਕੂਲਾਂ ਵਿਚ ਵਿਸ਼ੇਸ਼ ਵਿਦਿਆ ਤੋਂ? ਅਸੀਂ ਜਾਣਦੇ ਹਾਂ ਕਿ ਪੌਲੁਸ ਰਸੂਲ ਕੋਲ ਇਹ ਸਾਰੀਆਂ ਚੀਜ਼ਾਂ ਸਨ। (ਰਸੂਲਾਂ ਦੇ ਕਰਤੱਬ 22:3; ਫ਼ਿਲਿੱਪੀਆਂ 3:4, 5) ਲੇਕਿਨ ਉਸ ਨੇ ਨਿਮਰਤਾ ਨਾਲ ਸਵੀਕਾਰ ਕੀਤਾ ਕਿ ਸੇਵਕ ਜਾਂ ਸਿੱਖਿਅਕ ਵਜੋਂ ਉਸ ਦੀਆਂ ਯੋਗਤਾਵਾਂ ਉੱਚ ਵਿਦਿਆ ਦੇ ਸਕੂਲਾਂ ਤੋਂ ਨਹੀਂ, ਪਰ ਯਹੋਵਾਹ ਪਰਮੇਸ਼ੁਰ ਵੱਲੋਂ ਸਨ। ਕੁਰਿੰਥੀ ਕਲੀਸਿਯਾ ਨੂੰ ਪੌਲੁਸ ਨੇ ‘ਸਾਡੀ ਜੋਗਤਾ’ ਬਾਰੇ ਲਿਖਿਆ ਸੀ। ਇਸ ਤੋਂ ਸੰਕੇਤ ਹੁੰਦਾ ਹੈ ਕਿ ਇਹ ਯੋਗਤਾਵਾਂ ਸਿਰਫ਼ ਕੁਝ ਹੀ ਖ਼ਾਸ ਲੋਕਾਂ ਲਈ ਨਹੀਂ ਸਨ। ਯਹੋਵਾਹ ਨੇ ਅਜਿਹੇ ਪ੍ਰਬੰਧ ਕੀਤੇ ਹਨ ਜਿਨ੍ਹਾਂ ਕਰਕੇ ਉਸ ਦੇ ਸਾਰੇ ਵਫ਼ਾਦਾਰ ਸੇਵਕ ਉਹ ਕੰਮ ਕਰਨ ਦੇ ਯੋਗ ਅਤੇ ਕਾਬਲ ਬਣ ਸਕਦੇ ਹਨ ਜੋ ਉਸ ਨੇ ਉਨ੍ਹਾਂ ਨੂੰ ਦਿੱਤਾ ਹੈ। ਯਹੋਵਾਹ ਅੱਜ ਸੱਚੇ ਮਸੀਹੀਆਂ ਨੂੰ ਕਿਵੇਂ ਯੋਗ ਬਣਾਉਂਦਾ ਹੈ? ਆਓ ਆਪਾਂ ਤਿੰਨ ਚੀਜ਼ਾਂ ਵੱਲ ਧਿਆਨ ਦੇਈਏ ਜੋ ਯਹੋਵਾਹ ਸਾਨੂੰ ਯੋਗ ਬਣਾਉਣ ਲਈ ਵਰਤਦਾ ਹੈ: (1) ਉਸ ਦਾ ਬਚਨ, (2) ਉਸ ਦੀ ਪਵਿੱਤਰ ਆਤਮਾ, ਅਤੇ (3) ਧਰਤੀ ਉੱਤੇ ਉਸ ਦਾ ਸੰਗਠਨ।
ਯਹੋਵਾਹ ਦਾ ਬਚਨ ਸਾਨੂੰ ਯੋਗ ਬਣਾਉਂਦਾ ਹੈ
5, 6. ਸੱਚੇ ਮਸੀਹੀਆਂ ਉੱਤੇ ਬਾਈਬਲ ਦਾ ਕਿਹੋ ਜਿਹਾ ਅਸਰ ਪੈਂਦਾ ਹੈ?
5 ਪਰਮੇਸ਼ੁਰ ਦਾ ਬਚਨ ਸਾਨੂੰ ਸਿੱਖਿਅਕਾਂ ਵਜੋਂ ਯੋਗ ਕਿੱਦਾਂ ਬਣਾਉਂਦਾ ਹੈ? ਪੌਲੁਸ ਨੇ ਲਿਖਿਆ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।” (2 ਤਿਮੋਥਿਉਸ 3:16, 17) ਤਾਂ ਫਿਰ, ਬਾਈਬਲ ਸਾਨੂੰ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਬਾਰੇ ਸਿਖਾਉਣ ਦਾ ‘ਭਲਾ ਕੰਮ’ ਕਰਨ ਲਈ ‘ਕਾਬਲ ਅਤੇ ਪੂਰੀ ਤਰ੍ਹਾਂ ਤਿਆਰ’ ਕਰਦੀ ਹੈ। ਪਰ ਈਸਾਈ-ਜਗਤ ਦੇ ਚਰਚਾਂ ਵਿਚ ਜਾਣ ਵਾਲਿਆਂ ਮੈਂਬਰਾਂ ਬਾਰੇ ਕੀ? ਉਨ੍ਹਾਂ ਕੋਲ ਵੀ ਬਾਈਬਲਾਂ ਹਨ। ਤਾਂ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਬਾਈਬਲ ਦੀ ਮਦਦ ਨਾਲ ਕੁਝ ਲੋਕ ਕਾਬਲ ਸਿੱਖਿਅਕ ਬਣਦੇ ਹਨ ਪਰ ਦੂਸਰੇ ਨਹੀਂ? ਬਾਈਬਲ ਬਾਰੇ ਸਾਡੇ ਰਵੱਈਏ ਤੋਂ ਇਸ ਦਾ ਜਵਾਬ ਮਿਲਦਾ ਹੈ।
6 ਅਫ਼ਸੋਸ ਦੀ ਗੱਲ ਹੈ ਕਿ ਅੱਜ-ਕੱਲ੍ਹ ਬਹੁਤ ਹੀ ਲੋਕ ਜੋ ਚਰਚ ਨੂੰ ਜਾਂਦੇ ਹਨ ਬਾਈਬਲ ਦੇ ਸੰਦੇਸ਼ ਨੂੰ ‘ਸੱਚੀਂ ਮੁੱਚੀਂ ਪਰਮੇਸ਼ੁਰ ਦੇ ਬਚਨ ਵੱਜੋਂ ਕਬੂਲ’ ਨਹੀਂ ਕਰਦੇ। (1 ਥੱਸਲੁਨੀਕੀਆਂ 2:13) ਈਸਾਈ-ਜਗਤ ਨੇ ਇਸ ਗੱਲ ਵਿਚ ਇਕ ਬਹੁਤ ਹੀ ਬੁਰਾ ਰਿਕਾਰਡ ਕਾਇਮ ਕੀਤਾ ਹੈ। ਧਰਮ ਸੰਬੰਧੀ ਖ਼ਾਸ ਕਾਲਜਾਂ ਵਿਚ ਕਈ ਸਾਲ ਵਿਦਿਆ ਹਾਸਲ ਕਰਨ ਤੋਂ ਬਾਅਦ, ਕੀ ਪਾਦਰੀ ਪਰਮੇਸ਼ੁਰ ਦਾ ਬਚਨ ਸਿਖਾਉਣ ਲਈ ਤਿਆਰ ਹੁੰਦੇ ਹਨ? ਬਿਲਕੁਲ ਨਹੀਂ। ਕੁਝ ਵਿਦਿਆਰਥੀ, ਪਾਦਰੀਆਂ ਦੇ ਕਾਲਜਾਂ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਬਾਈਬਲ ਨੂੰ ਮੰਨਣ ਵਾਲੇ ਹੁੰਦੇ ਹਨ ਪਰ ਜਦੋਂ ਉਹ ਵਿਦਿਆ ਪ੍ਰਾਪਤ ਕਰ ਕੇ ਡਿਗਰੀਆਂ ਹਾਸਲ ਕਰਦੇ ਹਨ ਤਾਂ ਉਨ੍ਹਾਂ ਦੀ ਨਿਹਚਾ ਘੱਟ ਗਈ ਹੁੰਦੀ ਹੈ। ਉਹ ਪਰਮੇਸ਼ੁਰ ਦੇ ਬਚਨ ਵਿਚ ਅੱਗੇ ਵਾਂਗ ਵਿਸ਼ਵਾਸ ਨਹੀਂ ਕਰਦੇ। ਇਸ ਲਈ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਦੀ ਬਜਾਇ ਉਹ ਆਪਣੀ ਸੇਵਕਾਈ ਹੋਰ ਤਰੀਕਿਆਂ ਵਿਚ ਕਰਨ ਲੱਗ ਪੈਂਦੇ ਹਨ। ਉਹ ਰਾਜਨੀਤਿਕ ਬਹਿਸਾਂ ਵਿਚ ਹਿੱਸਾ ਲੈਂਦੇ ਹਨ, ਸਮਾਜਕ ਸਮੱਸਿਆਵਾਂ ਨੂੰ ਸੁਲਝਾਉਣ ਲਈ ਅਖਾਉਤੀ ਮਸੀਹੀ ਸਿਧਾਂਤ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਾਂ ਆਪਣਿਆਂ ਭਾਸ਼ਣਾਂ ਵਿਚ ਇਸ ਦੁਨੀਆਂ ਦੀਆਂ ਫ਼ਿਲਾਸਫ਼ੀਆਂ ਸਿਖਾਉਂਦੇ ਹਨ। (2 ਤਿਮੋਥਿਉਸ 4:3) ਸੱਚੇ ਮਸੀਹੀ ਇਨ੍ਹਾਂ ਤੋਂ ਵੱਖਰੇ ਹਨ ਕਿਉਂਕਿ ਉਹ ਯਿਸੂ ਮਸੀਹ ਦੀ ਮਿਸਾਲ ਦੀ ਨਕਲ ਕਰਦੇ ਹਨ।
7, 8. ਪਰਮੇਸ਼ੁਰ ਦੇ ਬਚਨ ਬਾਰੇ ਯਿਸੂ ਦਾ ਰਵੱਈਆ ਧਾਰਮਿਕ ਆਗੂਆਂ ਤੋਂ ਕਿਵੇਂ ਵੱਖਰਾ ਸੀ?
7 ਯਿਸੂ ਨੇ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਨੂੰ ਉਸ ਦੀ ਸੋਚਣੀ ਉੱਤੇ ਕੋਈ ਅਸਰ ਨਹੀਂ ਪਾਉਣ ਦਿੱਤਾ ਸੀ। ਉਸ ਨੇ ਪਵਿੱਤਰ ਲਿਖਤਾਂ ਨੂੰ ਚੰਗੀ ਤਰ੍ਹਾਂ ਵਰਤਿਆ ਸੀ ਚਾਹੇ ਉਹ ਆਪਣੇ ਰਸੂਲਾਂ ਦੇ ਛੋਟੇ ਜਿਹੇ ਸਮੂਹ ਨੂੰ ਸਿਖਾ ਰਿਹਾ ਸੀ ਜਾਂ ਕਿਸੇ ਵੱਡੀ ਭੀੜ ਨੂੰ। (ਮੱਤੀ 13:10-17; 15:1-11) ਇਸ ਤਰ੍ਹਾਂ ਕਰਨ ਰਾਹੀਂ ਉਹ ਉਨ੍ਹਾਂ ਦਿਨਾਂ ਦੇ ਧਾਰਮਿਕ ਆਗੂਆਂ ਤੋਂ ਵੱਖਰਾ ਸੀ। ਧਾਰਮਿਕ ਆਗੂ ਆਮ ਲੋਕਾਂ ਨੂੰ ਪਰਮੇਸ਼ੁਰ ਦੀਆਂ ਡੂੰਘੀਆਂ ਗੱਲਾਂ ਸਿੱਖਣ ਤੋਂ ਬਿਲਕੁਲ ਮਨ੍ਹਾ ਕਰਦੇ ਸਨ। ਅਤੇ ਉਨ੍ਹਾਂ ਦਿਨਾਂ ਦੇ ਗੁਰੂ ਆਮ ਤੌਰ ਤੇ ਮੰਨਦੇ ਸਨ ਕਿ ਸ਼ਾਸਤਰ ਦੇ ਕੁਝ ਹਿੱਸੇ ਇੰਨੇ ਡੂੰਘੇ ਸਨ ਕਿ ਇਨ੍ਹਾਂ ਦੀ ਚਰਚਾ ਸਿਰਫ਼ ਉਨ੍ਹਾਂ ਦੇ ਸਭ ਤੋਂ ਵਧੀਆ ਚੇਲਿਆਂ ਨਾਲ ਹੀ ਕੀਤੀ ਜਾ ਸਕਦੀ ਸੀ। ਅਤੇ ਜਦੋਂ ਇਨ੍ਹਾਂ ਦੀ ਚਰਚਾ ਕੀਤੀ ਵੀ ਜਾਂਦੀ ਸੀ ਤਾਂ ਇਹ ਸਿਰ ਢੱਕ ਕੇ ਧੀਮੀ ਆਵਾਜ਼ ਵਿਚ ਕੀਤੀ ਜਾਂਦੀ ਸੀ! ਜੀ ਹਾਂ, ਉਹ ਧਾਰਮਿਕ ਆਗੂ ਬਾਈਬਲ ਦੇ ਕੁਝ ਹਿੱਸਿਆਂ ਬਾਰੇ ਗੱਲ ਕਰਨ ਵਿਚ ਉੱਨੇ ਹੀ ਵਹਿਮੀ ਸਨ ਜਿੰਨਾ ਕਿ ਉਹ ਰੱਬ ਦਾ ਨਾਂ ਲੈਣ ਬਾਰੇ ਸਨ!
8 ਯਿਸੂ ਇਸ ਤਰ੍ਹਾਂ ਨਹੀਂ ਕਰਦਾ ਸੀ। ਉਹ ਮੰਨਦਾ ਸੀ ਕਿ ਸਿਰਫ਼ ਕੁਝ ਗਿਣੇ-ਚੁਣੇ ਸ਼ਾਸਤਰੀਆਂ ਨੂੰ ਹੀ ਨਹੀਂ ਪਰ ਸਾਰਿਆਂ ਲੋਕਾਂ ਨੂੰ ‘ਯਹੋਵਾਹ ਦੇ ਮੁਖੋਂ ਨਿੱਕਲਦੇ ਹਰੇਕ ਵਾਕ’ ਵੱਲ ਧਿਆਨ ਦੇਣ ਦੀ ਲੋੜ ਸੀ। ਯਿਸੂ ਦਾ ਇਹ ਇਰਾਦਾ ਨਹੀਂ ਸੀ ਕਿ ਉਹ ਵਿਦਵਾਨਾਂ ਦੇ ਕਿਸੇ ਖ਼ਾਸ ਸਮੂਹ ਨੂੰ ਗਿਆਨ ਦੇਵੇ। ਉਸ ਨੇ ਆਪਣਿਆਂ ਚੇਲਿਆਂ ਨੂੰ ਕਿਹਾ: “ਜੋ ਕੁਝ ਮੈਂ ਤੁਹਾਨੂੰ ਅਨ੍ਹੇਰੇ ਵਿੱਚ ਦੱਸਾਂ ਤੁਸੀਂ ਉਹ ਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਤੁਸੀਂ ਕੰਨਾਂ ਵਿੱਚ ਸੁਣਦੇ ਹੋ ਕੋਠਿਆਂ ਉੱਤੇ ਉਹ ਦਾ ਪਰਚਾਰ ਕਰੋ।” (ਮੱਤੀ 4:4; 10:27) ਯਿਸੂ ਦੀ ਤੀਬਰ ਇੱਛਾ ਸੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਰਮੇਸ਼ੁਰ ਦੇ ਗਿਆਨ ਬਾਰੇ ਦੱਸੇ।
9. ਸੱਚੇ ਮਸੀਹੀ ਬਾਈਬਲ ਨੂੰ ਕਿਵੇਂ ਵਰਤਦੇ ਹਨ?
9 ਸਿਖਲਾਈ ਦੇ ਕੰਮ ਵਿਚ ਸਾਨੂੰ ਹਮੇਸ਼ਾ ਪਰਮੇਸ਼ੁਰ ਦਾ ਬਚਨ ਵਰਤਣਾ ਚਾਹੀਦਾ ਹੈ। ਮਿਸਾਲ ਲਈ, ਜਦੋਂ ਅਸੀਂ ਕਿੰਗਡਮ ਹਾਲ ਵਿਚ ਭਾਸ਼ਣ ਦੇ ਰਹੇ ਹੋਈਏ, ਤਾਂ ਆਮ ਤੌਰ ਤੇ ਬਾਈਬਲ ਵਿੱਚੋਂ ਕੁਝ ਚੋਣਵੇਂ ਹਵਾਲੇ ਪੜ੍ਹਨੇ ਕਾਫ਼ੀ ਨਹੀਂ। ਸਾਨੂੰ ਇਨ੍ਹਾਂ ਹਵਾਲਿਆਂ ਨੂੰ ਸਮਝਾਉਣ ਅਤੇ ਲਾਗੂ ਕਰਨ ਦੇ ਤਰੀਕੇ ਵੀ ਦੱਸਣੇ ਚਾਹੀਦੇ ਹਨ। ਸਾਡਾ ਟੀਚਾ ਹੈ ਕਿ ਅਸੀਂ ਬਾਈਬਲ ਦੇ ਸੰਦੇਸ਼ ਨੂੰ ਸੁਣਨ ਵਾਲਿਆਂ ਦੇ ਦਿਲਾਂ ਵਿਚ ਬਿਠਾਈਏ। (ਨਹਮਯਾਹ 8:8, 12) ਜਦੋਂ ਕਲੀਸਿਯਾ ਵਿਚ ਕਿਸੇ ਨੂੰ ਸਲਾਹ ਦੇਣ ਜਾਂ ਕਿਸੇ ਨੂੰ ਸੁਧਾਰਨ ਲਈ ਤਾੜਨਾ ਦੀ ਲੋੜ ਪੈਂਦੀ ਹੈ, ਤਾਂ ਬਾਈਬਲ ਵਰਤਣੀ ਚਾਹੀਦੀ ਹੈ। ਭਾਵੇਂ ਕਿ ਯਹੋਵਾਹ ਦੇ ਲੋਕ ਵੱਖਰੀਆਂ-ਵੱਖਰੀਆਂ ਬੋਲੀਆਂ ਬੋਲਦੇ ਹਨ ਅਤੇ ਉਨ੍ਹਾਂ ਦੇ ਵੱਖੋ-ਵੱਖਰੇ ਪਿਛੋਕੜ ਹਨ, ਉਹ ਸਾਰੇ ਸਭ ਤੋਂ ਮਹਾਨ ਪੁਸਤਕ, ਬਾਈਬਲ, ਦੇ ਅਨੁਸਾਰ ਚੱਲਦੇ ਹਨ।
10. ਪਰਮੇਸ਼ੁਰ ਵੱਲੋਂ ਬਾਈਬਲ ਦੇ ਸੰਦੇਸ਼ ਦਾ ਸਾਡੇ ਉੱਤੇ ਕਿਹੋ ਜਿਹਾ ਅਸਰ ਪੈ ਸਕਦਾ ਹੈ?
10 ਜਦੋਂ ਬਾਈਬਲ ਨੂੰ ਆਦਰ ਨਾਲ ਵਰਤਿਆ ਜਾਂਦਾ ਹੈ, ਤਾਂ ਇਸ ਦੇ ਸੰਦੇਸ਼ ਦੀ ਸ਼ਕਤੀ ਜ਼ਾਹਰ ਹੁੰਦੀ ਹੈ। (ਇਬਰਾਨੀਆਂ 4:12) ਇਸ ਦਾ ਸੰਦੇਸ਼ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕਰਨ ਲਈ ਪ੍ਰੇਰਦਾ ਹੈ। ਕਈ ਲੋਕ ਵਿਭਚਾਰ, ਜ਼ਨਾਹ, ਮੂਰਤੀ-ਪੂਜਾ, ਨਸ਼ੇਬਾਜ਼ੀ, ਅਤੇ ਚੋਰੀ ਵਰਗੇ ਗ਼ਲਤ ਕੰਮ ਕਰਨ ਤੋਂ ਹਟ ਗਏ ਹਨ। ਬਾਈਬਲ ਨੇ ਕਈਆਂ ਨੂੰ ਪੁਰਾਣੀ ਇਨਸਾਨੀਅਤ ਲਾਹ ਕੇ ਨਵੀਂ ਇਨਸਾਨੀਅਤ ਪਹਿਨਣ ਵਿਚ ਮਦਦ ਦਿੱਤੀ ਹੈ। (ਅਫ਼ਸੀਆਂ 4:20-24) ਜੀ ਹਾਂ, ਜੇਕਰ ਅਸੀਂ ਕਿਸੇ ਵੀ ਇਨਸਾਨੀ ਖ਼ਿਆਲ ਜਾਂ ਰੀਤ-ਰਿਵਾਜ ਨਾਲੋਂ ਬਾਈਬਲ ਦੀ ਜ਼ਿਆਦਾ ਕਦਰ ਕਰੀਏ ਅਤੇ ਇਸ ਨੂੰ ਸਹੀ ਤਰੀਕੇ ਵਿਚ ਵਰਤੀਏ, ਤਾਂ ਇਹ ਸਾਨੂੰ ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਵਜੋਂ ਕਾਬਲ ਅਤੇ ਪੂਰੀ ਤਰ੍ਹਾਂ ਤਿਆਰ ਕਰੇਗਾ।
ਯਹੋਵਾਹ ਦੀ ਆਤਮਾ ਸਾਨੂੰ ਯੋਗ ਬਣਾਉਂਦੀ ਹੈ
11. ਯਹੋਵਾਹ ਦੀ ਪਵਿੱਤਰ ਸ਼ਕਤੀ ਨੂੰ “ਸਹਾਇਕ” ਕਿਉਂ ਸੱਦਿਆ ਗਿਆ ਹੈ?
11 ਆਓ ਆਪਾਂ ਦੂਸਰੀ ਚੀਜ਼ ਵੱਲ ਧਿਆਨ ਦੇਈਏ ਜੋ ਯਹੋਵਾਹ ਸਾਨੂੰ ਪੂਰੀ ਤਰ੍ਹਾਂ ਤਿਆਰ ਕਰਨ ਲਈ ਵਰਤਦਾ ਹੈ, ਯਾਨੀ ਉਸ ਦੀ ਪਵਿੱਤਰ ਆਤਮਾ, ਜਾਂ ਸ਼ਕਤੀ। ਸਾਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ ਕਿ ਯਹੋਵਾਹ ਦੀ ਸ਼ਕਤੀ ਸਭ ਤੋਂ ਵੱਡੀ ਤਾਕਤ ਹੈ। ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਇਹ ਵੱਡੀ ਤਾਕਤ ਬਖ਼ਸ਼ੀ ਹੈ ਤਾਂਕਿ ਉਹ ਯਹੋਵਾਹ ਦੇ ਸਾਰੇ ਸੱਚੇ ਮਸੀਹੀਆਂ ਲਈ ਇਸ ਨੂੰ ਵਰਤ ਸਕੇ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਯਿਸੂ ਨੇ ਪਵਿੱਤਰ ਸ਼ਕਤੀ ਨੂੰ “ਸਹਾਇਕ” ਕਿਉਂ ਸੱਦਿਆ ਸੀ। (ਯੂਹੰਨਾ 16:7) ਉਸ ਨੇ ਆਪਣੇ ਚੇਲਿਆਂ ਨੂੰ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗਣ ਲਈ ਕਿਹਾ ਸੀ, ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਯਹੋਵਾਹ ਖੁੱਲ੍ਹੇ ਦਿਲ ਨਾਲ ਉਨ੍ਹਾਂ ਨੂੰ ਆਪਣੀ ਆਤਮਾ ਦੇਵੇਗਾ।—ਲੂਕਾ 11:10-13; ਯਾਕੂਬ 1:17.
12, 13. (ੳ) ਸੇਵਕਾਈ ਵਿਚ ਮਦਦ ਹਾਸਲ ਕਰਨ ਲਈ ਸਾਨੂੰ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਨ ਦੀ ਕਿਉਂ ਜ਼ਰੂਰਤ ਹੈ? (ਅ) ਫ਼ਰੀਸੀਆਂ ਨੇ ਕਿਵੇਂ ਦਿਖਾਇਆ ਸੀ ਕਿ ਪਵਿੱਤਰ ਆਤਮਾ ਉਨ੍ਹਾਂ ਉੱਤੇ ਕੋਈ ਅਸਰ ਨਹੀਂ ਪਾ ਰਹੀ ਸੀ?
12 ਸਾਨੂੰ ਹਰ ਰੋਜ਼ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਖ਼ਾਸ ਕਰਕੇ ਸੇਵਕਾਈ ਵਿਚ ਮਦਦ ਹਾਸਲ ਕਰਨ ਲਈ। ਉਸ ਸ਼ਕਤੀ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ? ਇਹ ਸਾਡੇ ਮਨ ਅਤੇ ਦਿਲ ਉੱਤੇ ਅਸਰ ਪਾਉਂਦੀ ਹੈ ਅਤੇ ਰੂਹਾਨੀ ਤੌਰ ਤੇ ਤਰੱਕੀ ਕਰਨ ਵਿਚ, ਯਾਨੀ ਪੁਰਾਣੀ ਇਨਸਾਨੀਅਤ ਲਾਹ ਕੇ ਨਵੀਂ ਇਨਸਾਨੀਅਤ ਪਹਿਨਣ ਵਿਚ, ਸਾਡੀ ਮਦਦ ਕਰਦੀ ਹੈ। (ਕੁਲੁੱਸੀਆਂ 3:9, 10) ਇਹ ਸਾਨੂੰ ਮਸੀਹ ਵਰਗੇ ਵਧੀਆ ਗੁਣ ਪੈਦਾ ਕਰਨ ਵਿਚ ਵੀ ਮਦਦ ਦਿੰਦੀ ਹੈ। ਸਾਡੇ ਵਿੱਚੋਂ ਕਈਆਂ ਨੂੰ ਗਲਾਤੀਆਂ 5:22, 23 ਦੇ ਸ਼ਬਦ ਮੂੰਹ-ਜ਼ਬਾਨੀ ਯਾਦ ਹਨ। ਇਨ੍ਹਾਂ ਆਇਤਾਂ ਵਿਚ ਪਰਮੇਸ਼ੁਰ ਦੀ ਆਤਮਾ ਦੇ ਫਲ ਦੱਸੇ ਗਏ ਹਨ। ਇਨ੍ਹਾਂ ਵਿਚ ਪਹਿਲਾ ਗੁਣ ਪ੍ਰੇਮ ਹੈ। ਇਹ ਗੁਣ ਸਾਡੀ ਸੇਵਕਾਈ ਵਿਚ ਬਹੁਤ ਹੀ ਜ਼ਰੂਰੀ ਹੈ। ਪਰ ਕਿਉਂ?
13 ਪ੍ਰੇਮ ਵਿਚ ਇੰਨੀ ਸ਼ਕਤੀ ਹੈ ਕਿ ਇਨਸਾਨ ਇਸ ਦੀ ਖ਼ਾਤਰ ਕੁਝ ਵੀ ਕਰਨ ਲਈ ਤਿਆਰ ਹੁੰਦਾ ਹੈ। ਸੱਚੇ ਮਸੀਹੀ ਖ਼ੁਸ਼ ਖ਼ਬਰੀ ਸੁਣਾਉਣ ਲਈ ਇਸ ਲਈ ਪ੍ਰੇਰਿਤ ਹੁੰਦੇ ਹਨ ਕਿਉਂਕਿ ਉਹ ਯਹੋਵਾਹ ਨਾਲ ਅਤੇ ਦੂਸਰਿਆਂ ਇਨਸਾਨਾਂ ਨਾਲ ਪ੍ਰੇਮ ਕਰਦੇ ਹਨ। (ਮਰਕੁਸ 12:28-31) ਅਜਿਹੇ ਪ੍ਰੇਮ ਤੋਂ ਬਗੈਰ ਅਸੀਂ ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਵਜੋਂ ਕਦੇ ਵੀ ਪੂਰੀ ਤਰ੍ਹਾਂ ਕਾਬਲ ਨਹੀਂ ਹੋ ਸਕਦੇ। ਉਸ ਫ਼ਰਕ ਵੱਲ ਧਿਆਨ ਦਿਓ ਜੋ ਯਿਸੂ ਅਤੇ ਫ਼ਰੀਸੀਆਂ ਦੇ ਵਿਚਕਾਰ ਸੀ। ਮੱਤੀ 9:36 ਵਿਚ ਯਿਸੂ ਬਾਰੇ ਲਿਖਿਆ ਹੈ “ਅਤੇ ਜਾਂ ਉਹ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” ਆਮ ਲੋਕਾਂ ਪ੍ਰਤੀ ਧਾਰਮਿਕ ਆਗੂਆਂ ਦਾ ਕਿਹੋ ਜਿਹਾ ਰਵੱਈਆ ਸੀ? ਉਨ੍ਹਾਂ ਨੇ ਕਿਹਾ: “ਪਰ ਲਾਨਤ ਹੈ ਇਨ੍ਹਾਂ ਲੋਕਾਂ ਉੱਤੇ ਜਿਹੜੇ ਸ਼ਰਾ ਨੂੰ ਨਹੀਂ ਜਾਣਦੇ ਹਨ!” (ਟੇਢੇ ਟਾਈਪ ਸਾਡੇ) (ਯੂਹੰਨਾ 7:49) ਉਨ੍ਹਾਂ ਫ਼ਰੀਸੀਆਂ ਦੇ ਦਿਲਾਂ ਵਿਚ ਲੋਕਾਂ ਲਈ ਪ੍ਰੇਮ ਦੀ ਬਜਾਇ ਸਿਰਫ਼ ਨਫ਼ਰਤ ਹੀ ਨਫ਼ਰਤ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯਹੋਵਾਹ ਦੀ ਆਤਮਾ ਉਨ੍ਹਾਂ ਉੱਤੇ ਕੋਈ ਅਸਰ ਨਹੀਂ ਪਾ ਰਹੀ ਸੀ।
14. ਸੇਵਕਾਈ ਵਿਚ ਯਿਸੂ ਦੇ ਪ੍ਰੇਮ ਦੀ ਮਿਸਾਲ ਕਾਰਨ ਸਾਨੂੰ ਕੀ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ?
14 ਯਿਸੂ ਨੂੰ ਲੋਕਾਂ ਉੱਤੇ ਤਰਸ ਆਇਆ। ਉਹ ਉਨ੍ਹਾਂ ਦਾ ਦੁੱਖ ਸਮਝਦਾ ਸੀ। ਉਸ ਨੂੰ ਪਤਾ ਸੀ ਕਿ ਉਨ੍ਹਾਂ ਨਾਲ ਭੈੜਾ ਸਲੂਕ ਕੀਤਾ ਗਿਆ ਸੀ। ਉਹ ਅਜਿਹੀਆਂ ਭੇਡਾਂ ਵਾਂਗ ਸਨ ਜੋ ਮਾੜੇ ਹਾਲ ਵਿਚ ਡਾਵਾਂ-ਡੋਲ ਫਿਰਦੀਆਂ ਸਨ ਅਤੇ ਜਿਨ੍ਹਾਂ ਦਾ ਕੋਈ ਅਯਾਲੀ ਨਹੀਂ ਸੀ। ਯੂਹੰਨਾ 2:25 ਵਿਚ ਸਾਨੂੰ ਦੱਸਿਆ ਗਿਆ ਹੈ ਕਿ ਯਿਸੂ “ਜਾਣਦਾ ਸੀ ਭਈ ਮਨੁੱਖ ਦੇ ਅੰਦਰ ਕੀ ਹੈ।” ਜਦੋਂ ਯਹੋਵਾਹ ਸਭ ਕੁਝ ਸ੍ਰਿਸ਼ਟ ਕਰ ਰਿਹਾ ਸੀ, ਤਾਂ ਯਿਸੂ ਨੇ ਰਾਜ ਮਿਸਤਰੀ ਵਜੋਂ ਉਸ ਨਾਲ ਕੰਮ ਕੀਤਾ ਸੀ। (ਕਹਾਉਤਾਂ 8:30, 31) ਇਸ ਲਈ ਸ਼ੁਰੂ ਤੋਂ ਹੀ ਯਿਸੂ ਨੂੰ ਇਨਸਾਨੀ ਸੁਭਾਅ ਦੀ ਡੂੰਘੀ ਸਮਝ ਸੀ। ਇਸ ਸਮਝ ਨੇ ਉਸ ਦੇ ਪ੍ਰੇਮ ਨੂੰ ਹੋਰ ਵੀ ਗਹਿਰਾ ਬਣਾਇਆ। ਆਓ ਆਪਾਂ ਵੀ ਸਾਰੇ ਜਣੇ ਇਸ ਪ੍ਰੇਮ ਕਾਰਨ ਆਪਣੀ ਸੇਵਕਾਈ ਵਿਚ ਤਰੱਕੀ ਕਰੀਏ! ਜੇਕਰ ਸਾਨੂੰ ਲੱਗਦਾ ਹੈ ਕਿ ਸਾਨੂੰ ਇਸ ਮਾਮਲੇ ਵਿਚ ਕੁਝ ਸੁਧਾਰ ਕਰਨ ਦੀ ਲੋੜ ਹੈ, ਤਾਂ ਆਓ ਆਪਾਂ ਯਹੋਵਾਹ ਦੀ ਪਵਿੱਤਰ ਸ਼ਕਤੀ ਲਈ ਪ੍ਰਾਰਥਨਾ ਕਰੀਏ ਅਤੇ ਫਿਰ ਆਪਣੀਆਂ ਪ੍ਰਾਰਥਨਾਵਾਂ ਦੇ ਅਨੁਸਾਰ ਚੱਲੀਏ। ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਜ਼ਰੂਰ ਸੁਣੇਗਾ। ਉਹ ਸਾਨੂੰ ਇਹ ਸ਼ਕਤੀ ਦੇਵੇਗਾ ਤਾਂਕਿ ਅਸੀਂ ਮਸੀਹ ਵਰਗੇ ਬਣ ਸਕੀਏ, ਜੋ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਵਜੋਂ ਹਰ ਤਰ੍ਹਾਂ ਯੋਗ ਸੀ।
15. ਯਸਾਯਾਹ 61:1-3 ਦੇ ਸ਼ਬਦ ਯਿਸੂ ਉੱਤੇ ਕਿਵੇਂ ਲਾਗੂ ਹੋਏ ਸਨ, ਅਤੇ ਇਨ੍ਹਾਂ ਨੇ ਗ੍ਰੰਥੀ ਤੇ ਫ਼ਰੀਸੀਆਂ ਨੂੰ ਪਖੰਡੀ ਸਾਬਤ ਕਿਵੇਂ ਕੀਤਾ ਸੀ?
15 ਯਿਸੂ ਕਿਸ ਤਰ੍ਹਾਂ ਯੋਗ ਬਣਿਆ ਸੀ? ਉਸ ਨੇ ਦੱਸਿਆ: “ਪ੍ਰਭੁ ਦਾ ਆਤਮਾ ਮੇਰੇ ਉੱਤੇ ਹੈ।” (ਲੂਕਾ 4:17-21) ਜੀ ਹਾਂ, ਯਹੋਵਾਹ ਨੇ ਪਵਿੱਤਰ ਸ਼ਕਤੀ ਰਾਹੀਂ ਖ਼ੁਦ ਯਿਸੂ ਨੂੰ ਨਿਯੁਕਤ ਕੀਤਾ ਸੀ। ਯਿਸੂ ਨੂੰ ਕਿਸੇ ਇਨਸਾਨੀ ਸੋਮੇ ਤੋਂ ਮਨਜ਼ੂਰੀ ਹਾਸਲ ਕਰਨ ਦੀ ਜ਼ਰੂਰਤ ਨਹੀਂ ਸੀ। ਪਰ ਉਨ੍ਹਾਂ ਧਾਰਮਿਕ ਆਗੂਆਂ ਬਾਰੇ ਕੀ? ਕੀ ਉਹ ਪਵਿੱਤਰ ਸ਼ਕਤੀ ਦੁਆਰਾ ਨਿਯੁਕਤ ਕੀਤੇ ਗਏ ਸਨ? ਨਹੀਂ, ਅਤੇ ਨਾ ਹੀ ਉਹ ਯਸਾਯਾਹ 61:1-3 ਦੇ ਸ਼ਬਦ ਪੂਰੇ ਕਰਨ ਦੇ ਕਾਬਲ ਸਨ, ਜੋ ਯਿਸੂ ਨੇ ਉੱਚੀ ਆਵਾਜ਼ ਵਿਚ ਪੜ੍ਹ ਕੇ ਆਪਣੇ ਆਪ ਉੱਤੇ ਲਾਗੂ ਕੀਤੇ ਸਨ। ਇਨ੍ਹਾਂ ਆਇਤਾਂ ਨੂੰ ਪੜ੍ਹ ਕੇ ਖ਼ੁਦ ਦੇਖੋ ਕਿ ਪਖੰਡੀ ਗ੍ਰੰਥੀ ਅਤੇ ਫ਼ਰੀਸੀ ਕਿਵੇਂ ਇਨ੍ਹਾਂ ਸ਼ਬਦਾਂ ਤੇ ਪੂਰੇ ਨਹੀਂ ਉੱਤਰੇ ਸਨ। ਉਨ੍ਹਾਂ ਕੋਲ ਗ਼ਰੀਬਾਂ ਲਈ ਕੋਈ ਖ਼ੁਸ਼ ਖ਼ਬਰੀ ਨਹੀਂ ਸੀ। ਉਹ ਲੋਕਾਂ ਨੂੰ ਗ਼ੁਲਾਮੀ ਤੋਂ ਰਿਹਾਈ ਪਾਉਣ ਬਾਰੇ ਅਤੇ ਅੰਨ੍ਹਿਆਂ ਦੇ ਸੁਜਾਖੇ ਹੋਣ ਬਾਰੇ ਕਿੱਦਾਂ ਪ੍ਰਚਾਰ ਕਰ ਸਕਦੇ ਸਨ? ਰੂਹਾਨੀ ਤੌਰ ਤੇ ਉਹ ਖ਼ੁਦ ਗ਼ੁਲਾਮ ਅਤੇ ਅੰਨ੍ਹੇ ਸਨ! ਉਹ ਮਨੁੱਖਾਂ ਦੇ ਬਣਾਏ ਗਏ ਰੀਤਾਂ-ਰਿਵਾਜਾਂ ਦੇ ਗ਼ੁਲਾਮ ਸਨ। ਇਨ੍ਹਾਂ ਫ਼ਰੀਸੀਆਂ ਤੋਂ ਭਿੰਨ ਕੀ ਅਸੀਂ ਲੋਕਾਂ ਨੂੰ ਸਿੱਖਿਆ ਦੇਣ ਦੇ ਯੋਗ ਹਾਂ?
16. ਸੇਵਕਾਂ ਵਜੋਂ ਯੋਗ ਹੋਣ ਦੇ ਸੰਬੰਧ ਵਿਚ ਯਹੋਵਾਹ ਦੇ ਲੋਕ ਕਿਹੜਾ ਭਰੋਸਾ ਰੱਖ ਸਕਦੇ ਹਨ?
16 ਇਹ ਸੱਚ ਹੈ ਕਿ ਅਸੀਂ ਈਸਾਈ-ਜਗਤ ਦੇ ਕਾਲਜਾਂ ਵਿਚ ਉੱਚ ਵਿਦਿਆ ਹਾਸਲ ਨਹੀਂ ਕੀਤੀ ਹੈ। ਕਿਸੇ ਧਾਰਮਿਕ ਕਾਲਜ ਨੇ ਸਾਨੂੰ ਸਿਖਾਉਣ ਵਾਲਿਆਂ ਵਜੋਂ ਨਿਯੁਕਤ ਨਹੀਂ ਕੀਤਾ ਹੈ। ਤਾਂ ਫਿਰ ਕੀ ਸਾਡੀ ਯੋਗਤਾ ਵਿਚ ਕੋਈ ਕਮੀ ਹੈ? ਬਿਲਕੁਲ ਨਹੀਂ! ਯਹੋਵਾਹ ਦੇ ਗਵਾਹਾਂ ਵਜੋਂ ਸਾਡੀ ਨਿਯੁਕਤੀ ਯਹੋਵਾਹ ਪਰਮੇਸ਼ੁਰ ਵੱਲੋਂ ਹੈ। (ਯਸਾਯਾਹ 43:10-12) ਜੇਕਰ ਅਸੀਂ ਉਸ ਦੀ ਆਤਮਾ ਲਈ ਪ੍ਰਾਰਥਨਾ ਕਰੀਏ ਅਤੇ ਉਸ ਪ੍ਰਾਰਥਨਾ ਅਨੁਸਾਰ ਚੱਲੀਏ, ਤਾਂ ਸਾਡੇ ਕੋਲ ਸਭ ਤੋਂ ਉੱਤਮ ਯੋਗਤਾ ਹੋਵੇਗੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਸਾਰੇ ਅਪੂਰਣ ਹਾਂ ਅਤੇ ਮਹਾਨ ਸਿੱਖਿਅਕ, ਯਿਸੂ ਮਸੀਹ, ਦੀ ਮਿਸਾਲ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦੇ। ਫਿਰ ਵੀ ਕੀ ਅਸੀਂ ਸ਼ੁਕਰਗੁਜ਼ਾਰ ਨਹੀਂ ਹਾਂ ਕਿ ਯਹੋਵਾਹ ਆਪਣੀ ਆਤਮਾ ਰਾਹੀਂ ਸਾਨੂੰ ਆਪਣਾ ਬਚਨ ਸਿਖਾਉਣ ਵਾਲਿਆਂ ਵਜੋਂ ਯੋਗ ਬਣਾਉਂਦਾ ਅਤੇ ਤਿਆਰ ਕਰਦਾ ਹੈ?
ਯਹੋਵਾਹ ਦਾ ਸੰਗਠਨ ਸਾਨੂੰ ਯੋਗ ਬਣਾਉਂਦਾ ਹੈ
17-19. ਹਫ਼ਤੇ ਵਿਚ ਪੰਜ ਸਭਾਵਾਂ, ਜੋ ਯਹੋਵਾਹ ਦੇ ਸੰਗਠਨ ਰਾਹੀਂ ਤਿਆਰ ਕੀਤੀਆਂ ਗਈਆਂ ਹਨ, ਸਾਨੂੰ ਸਿੱਖਿਅਕ ਬਣਨ ਦੇ ਯੋਗ ਕਿਵੇਂ ਬਣਾਉਂਦੀਆਂ ਹਨ?
17 ਅਖ਼ੀਰ ਵਿਚ, ਆਓ ਆਪਾਂ ਤੀਜੀ ਚੀਜ਼ ਵੱਲ ਧਿਆਨ ਦੇਈਏ ਜੋ ਯਹੋਵਾਹ ਸਾਨੂੰ ਉਸ ਦਾ ਬਚਨ ਸਿਖਾਉਣ ਵਾਲਿਆਂ ਵਜੋਂ ਤਿਆਰ ਕਰਨ ਲਈ ਵਰਤਦਾ ਹੈ, ਯਾਨੀ ਧਰਤੀ ਉੱਤੇ ਉਸ ਦੀ ਕਲੀਸਿਯਾ, ਜਾਂ ਉਸ ਦਾ ਸੰਗਠਨ। ਇਹ ਸੰਗਠਨ ਸਾਨੂੰ ਸਿੱਖਿਅਕ ਬਣਨ ਦੀ ਸਿਖਲਾਈ ਕਿਵੇਂ ਦਿੰਦਾ ਹੈ? ਸਿਖਲਾਈ ਦੇ ਉਸ ਪ੍ਰੋਗ੍ਰਾਮ ਬਾਰੇ ਜ਼ਰਾ ਸੋਚੋ ਜਿਸ ਦਾ ਅਸੀਂ ਆਨੰਦ ਮਾਣਦੇ ਹਾਂ! ਹਰ ਹਫ਼ਤੇ, ਅਸੀਂ ਪੰਜ ਮਸੀਹੀ ਸਭਾਵਾਂ ਵਿਚ ਹਾਜ਼ਰ ਹੁੰਦੇ ਹਾਂ। (ਇਬਰਾਨੀਆਂ 10:24, 25) ਅਸੀਂ ਬੁੱਕ ਸਟੱਡੀ ਕਰਨ ਲਈ ਛੋਟਿਆਂ ਸਮੂਹਾਂ ਵਿਚ ਇਕੱਠੇ ਹੁੰਦੇ ਹਾਂ। ਇਨ੍ਹਾਂ ਸਭਾਵਾਂ ਤੇ ਅਸੀਂ ਯਹੋਵਾਹ ਦੇ ਸੰਗਠਨ ਰਾਹੀਂ ਤਿਆਰ ਕੀਤੀ ਗਈ ਪੁਸਤਕ ਦੀ ਮਦਦ ਨਾਲ ਬਾਈਬਲ ਦਾ ਡੂੰਘਾ ਅਧਿਐਨ ਕਰਦੇ ਹਾਂ। ਸੁਣਨ ਅਤੇ ਟਿੱਪਣੀਆਂ ਕਰਨ ਦੁਆਰਾ ਅਸੀਂ ਇਕ ਦੂਸਰੇ ਤੋਂ ਸਿੱਖਦੇ ਹਾਂ ਅਤੇ ਇਕ ਦੂਸਰੇ ਦਾ ਹੌਸਲਾ ਵਧਾਉਂਦੇ ਹਾਂ। ਬੁੱਕ ਸਟੱਡੀ ਦੇ ਨਿਗਾਹਬਾਨ ਤੋਂ ਸਾਨੂੰ ਨਿੱਜੀ ਸਿੱਖਿਆ ਅਤੇ ਮਦਦ ਮਿਲਦੀ ਹੈ। ਪਬਲਿਕ ਸਭਾ ਅਤੇ ਪਹਿਰਾਬੁਰਜ ਦੇ ਅਧਿਐਨ ਤੇ ਅਸੀਂ ਬਹੁਤ ਸਾਰੀਆਂ ਰੂਹਾਨੀ ਗੱਲਾਂ ਸਿੱਖਦੇ ਹਾਂ।
18 ਸਾਡਾ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਸਾਨੂੰ ਸਿਖਲਾਈ ਦੇਣ ਦੇ ਯੋਗ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਭਾਸ਼ਣਾਂ ਦੀ ਤਿਆਰੀ ਕਰਨ ਦੁਆਰਾ ਅਸੀਂ ਵੱਖੋ-ਵੱਖਰਿਆਂ ਵਿਸ਼ਿਆਂ ਬਾਰੇ ਦੂਜਿਆਂ ਨੂੰ ਸਿਖਾਉਣ ਲਈ ਬਾਈਬਲ ਵਰਤਣੀ ਸਿੱਖਦੇ ਹਾਂ। (1 ਪਤਰਸ 3:15) ਕੀ ਤੁਹਾਨੂੰ ਕਦੀ ਕਿਸੇ ਜਾਣੇ-ਪਛਾਣੇ ਵਿਸ਼ੇ ਉੱਤੇ ਭਾਸ਼ਣ ਦੇਣ ਦਾ ਮੌਕਾ ਮਿਲਿਆ ਹੈ, ਜਿਸ ਨੂੰ ਤਿਆਰ ਕਰਦੇ ਸਮੇਂ ਤੁਸੀਂ ਉਸ ਬਾਰੇ ਕੋਈ ਨਵੀਂ ਗੱਲ ਸਿੱਖੀ ਹੋਵੇ? ਕਈ ਵਾਰ ਇਸ ਤਰ੍ਹਾਂ ਹੁੰਦਾ ਹੈ। ਕਿਸੇ ਵਿਸ਼ੇ ਬਾਰੇ ਦੂਸਰਿਆਂ ਨੂੰ ਸਿਖਾਉਣ ਦੁਆਰਾ ਅਸੀਂ ਆਪਣੇ ਗਿਆਨ ਨੂੰ ਹੋਰ ਵੀ ਵਧਾਉਂਦੇ ਹਾਂ। ਲੇਕਿਨ ਅਸੀਂ ਦੂਸਰਿਆਂ ਦੇ ਭਾਸ਼ਣ ਸੁਣਨ ਦੁਆਰਾ ਵੀ ਬਿਹਤਰ ਸਿਖਾਉਣ ਵਾਲੇ ਬਣਨਾ ਸਿੱਖਦੇ ਹਾਂ। ਅਸੀਂ ਹਰੇਕ ਸਿੱਖਿਆਰਥੀ ਦੇ ਚੰਗੇ ਗੁਣ ਦੇਖ ਕੇ ਇਨ੍ਹਾਂ ਗੁਣਾਂ ਦੀ ਰੀਸ ਕਰਨ ਦੇ ਤਰੀਕਿਆਂ ਬਾਰੇ ਸੋਚ ਸਕਦੇ ਹਾਂ।
19 ਸੇਵਾ ਸਭਾ ਵੀ ਸਾਨੂੰ ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਵਜੋਂ ਤਿਆਰ ਕਰਦੀ ਹੈ। ਹਰ ਹਫ਼ਤੇ ਅਸੀਂ ਆਪਣੀ ਸੇਵਕਾਈ ਦੇ ਸੰਬੰਧ ਵਿਚ ਜੋਸ਼ੀਲੇ ਭਾਸ਼ਣਾਂ, ਚਰਚਿਆਂ, ਅਤੇ ਪ੍ਰਦਰਸ਼ਨਾਂ ਦਾ ਆਨੰਦ ਮਾਣਦੇ ਹਾਂ। ਪ੍ਰਚਾਰ ਕਰਦੇ ਹੋਏ ਅਸੀਂ ਕਿਹੜੀ ਪੇਸ਼ਕਾਰੀ ਵਰਤਾਂਗੇ? ਅਸੀਂ ਆਪਣੇ ਇਲਾਕੇ ਦੀਆਂ ਖ਼ਾਸ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ? ਪ੍ਰਚਾਰ ਕਰਨ ਦੇ ਹੋਰ ਕਿਹੜੇ ਤਰੀਕੇ ਹਨ ਜਿਨ੍ਹਾਂ ਵੱਲ ਸਾਨੂੰ ਹੋਰ ਧਿਆਨ ਦੇਣਾ ਚਾਹੀਦਾ ਹੈ? ਕਿਸੇ ਨਾਲ ਦੁਬਾਰਾ ਮੁਲਾਕਾਤ ਕਰਨ ਵੇਲੇ ਜਾਂ ਬਾਈਬਲ ਸਟੱਡੀ ਕਰਦੇ ਸਮੇਂ ਕਿਹੜੀਆਂ ਗੱਲਾਂ ਸਾਨੂੰ ਬਿਹਤਰ ਤਰੀਕੇ ਨਾਲ ਸਿਖਾਉਣ ਵਾਲੇ ਬਣਾਉਣਗੀਆਂ? (1 ਕੁਰਿੰਥੀਆਂ 9:19-22) ਸੇਵਾ ਸਭਾ ਵਿਚ ਅਜਿਹੇ ਅਤੇ ਕਈ ਹੋਰ ਸਵਾਲਾਂ ਦੀ ਚਰਚਾ ਕੀਤੀ ਜਾਂਦੀ ਹੈ। ਸੇਵਾ ਸਭਾ ਦੇ ਕਈ ਭਾਸ਼ਣ ਸਾਡੀ ਰਾਜ ਸੇਵਕਾਈ ਦੇ ਲੇਖਾਂ ਤੋਂ ਲਏ ਗਏ ਹੁੰਦੇ ਹਨ। ਇਹ ਇਕ ਹੋਰ ਸੰਦ ਹੈ ਜੋ ਪ੍ਰਚਾਰ ਦੇ ਮਹੱਤਵਪੂਰਣ ਕੰਮ ਵਿਚ ਸਾਡੀ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ।
20. ਸਭਾਵਾਂ ਅਤੇ ਸੰਮੇਲਨਾਂ ਤੋਂ ਅਸੀਂ ਪੂਰਾ ਲਾਭ ਕਿਵੇਂ ਉਠਾ ਸਕਦੇ ਹਾਂ?
20 ਸਭਾਵਾਂ ਲਈ ਤਿਆਰੀ ਕਰਨ, ਉਨ੍ਹਾਂ ਤੇ ਹਾਜ਼ਰ ਹੋਣ, ਅਤੇ ਫਿਰ ਸਿੱਖੀਆਂ ਗਈਆਂ ਗੱਲਾਂ ਨੂੰ ਆਪਣੇ ਸਿਖਾਉਣ ਦੇ ਕੰਮ ਵਿਚ ਲਾਗੂ ਕਰਨ ਦੁਆਰਾ ਅਸੀਂ ਸਿੱਖਿਅਕਾਂ ਵਜੋਂ ਕਾਬਲ ਬਣਨ ਦੀ ਬਹੁਤ ਚੰਗੀ ਟ੍ਰੇਨਿੰਗ ਹਾਸਲ ਕਰਦੇ ਹਾਂ। ਪਰ ਇਨ੍ਹਾਂ ਪੰਜ ਸਭਾਵਾਂ ਤੋਂ ਇਲਾਵਾ ਸਾਡੇ ਵੱਡੇ ਅਤੇ ਛੋਟੇ ਸੰਮੇਲਨ ਵੀ ਹੁੰਦੇ ਹਨ ਜੋ ਸਾਨੂੰ ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਵਜੋਂ ਤਿਆਰ ਕਰਨ ਲਈ ਤੈ ਕੀਤੇ ਜਾਂਦੇ ਹਨ। ਇਨ੍ਹਾਂ ਵਿਚ ਦਿੱਤੀ ਗਈ ਸਲਾਹ ਨੂੰ ਲਾਗੂ ਕਰਨ ਲਈ ਅਸੀਂ ਕਿੰਨੇ ਉਤਾਵਲੇ ਹੁੰਦੇ ਹਾਂ!—ਲੂਕਾ 8:18.
21. ਕਿਹੜੇ ਸਬੂਤ ਦਿਖਾਉਂਦੇ ਹਨ ਕਿ ਸਾਡੀ ਸਿਖਲਾਈ ਕਾਮਯਾਬ ਸਾਬਤ ਹੋਈ ਹੈ, ਅਤੇ ਇਸ ਲਈ ਕਿਸ ਦੀ ਵਡਿਆਈ ਕੀਤੀ ਜਾਂਦੀ ਹੈ?
21 ਕੀ ਯਹੋਵਾਹ ਵੱਲੋਂ ਇਹ ਸਾਰੀ ਸਿਖਲਾਈ ਕਾਮਯਾਬ ਸਾਬਤ ਹੋਈ ਹੈ? ਸਬੂਤ ਖ਼ੁਦ ਇਸ ਦਾ ਜਵਾਬ ਦਿੰਦੇ ਹਨ। ਹਰ ਸਾਲ ਹਜ਼ਾਰਾਂ ਹੀ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਤਾਂਕਿ ਉਹ ਬਾਈਬਲ ਦੀਆਂ ਮੁੱਖ ਸਿੱਖਿਆਵਾਂ ਸਿੱਖ ਸਕਣ ਅਤੇ ਪਰਮੇਸ਼ੁਰ ਦੀਆਂ ਮੰਗਾਂ ਅਨੁਸਾਰ ਜੀ ਸਕਣ। ਸਾਡੀ ਗਿਣਤੀ ਵਧਦੀ ਜਾਂਦੀ ਹੈ, ਪਰ ਇਹ ਕਿਸੇ ਇਕ ਵਿਅਕਤੀ ਕਰਕੇ ਨਹੀਂ। ਇਸ ਗੱਲ ਬਾਰੇ ਅਸੀਂ ਯਿਸੂ ਵਾਂਗ ਸੋਚਦੇ ਹਾਂ। ਉਸ ਨੇ ਕਿਹਾ ਸੀ ਕਿ “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” ਆਮ ਤੌਰ ਤੇ ਅਸੀਂ ਵੀ ਰਸੂਲਾਂ ਵਾਂਗ ਹਾਂ ਜੋ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਗੋਂ ਸਾਧਾਰਣ ਲੋਕ ਸਨ। (ਯੂਹੰਨਾ 6:44; ਰਸੂਲਾਂ ਦੇ ਕਰਤੱਬ 4:13) ਸਾਡੀ ਸਫ਼ਲਤਾ ਯਹੋਵਾਹ ਕਰਕੇ ਹੈ ਜੋ ਨੇਕਦਿਲ ਲੋਕਾਂ ਨੂੰ ਸੱਚਾਈ ਵੱਲ ਖਿੱਚਦਾ ਹੈ। ਇਹ ਗੱਲ ਪੌਲੁਸ ਰਸੂਲ ਨੇ ਸੋਹਣੀ ਤਰ੍ਹਾਂ ਜ਼ਾਹਰ ਕੀਤੀ ਸੀ ਜਦੋਂ ਉਸ ਨੇ ਕਿਹਾ: “ਮੈਂ ਤਾਂ ਬੂਟਾ ਲਾਇਆ ਅਤੇ ਅਪੁੱਲੋਸ ਨੇ ਸਿੰਜਿਆ ਪਰ ਪਰਮੇਸ਼ੁਰ ਨੇ ਵਧਾਇਆ।”—1 ਕੁਰਿੰਥੀਆਂ 3:6.
22. ਮਸੀਹੀ ਸੇਵਕਾਈ ਵਿਚ ਪੂਰਾ ਹਿੱਸਾ ਲੈਣ ਵਿਚ ਸਾਨੂੰ ਹੌਸਲਾ ਕਿਉਂ ਨਹੀਂ ਹਾਰਨਾ ਚਾਹੀਦਾ?
22 ਜੀ ਹਾਂ, ਪਰਮੇਸ਼ੁਰ ਦਾ ਬਚਨ ਸਿਖਾਉਣ ਦੇ ਸਾਡੇ ਕੰਮ ਵਿਚ ਯਹੋਵਾਹ ਪਰਮੇਸ਼ੁਰ ਵੱਡਾ ਹਿੱਸਾ ਲੈਂਦਾ ਹੈ। ਹੋ ਸਕਦਾ ਹੈ ਕਿ ਅਸੀਂ ਆਪਣੇ ਆਪ ਨੂੰ ਸਿਖਾਉਣ ਵਾਲਿਆਂ ਵਜੋਂ ਹਮੇਸ਼ਾ ਯੋਗ ਨਾ ਸਮਝੀਏ। ਪਰ ਯਾਦ ਰੱਖੋ ਕਿ ਯਹੋਵਾਹ ਹੀ ਲੋਕਾਂ ਨੂੰ ਆਪਣੇ ਅਤੇ ਆਪਣੇ ਪੁੱਤਰ ਵੱਲ ਖਿੱਚਦਾ ਹੈ। ਯਹੋਵਾਹ ਹੀ ਆਪਣੇ ਬਚਨ, ਆਪਣੀ ਪਵਿੱਤਰ ਆਤਮਾ, ਅਤੇ ਧਰਤੀ ਉੱਤੇ ਆਪਣੇ ਸੰਗਠਨ ਰਾਹੀਂ ਸਾਨੂੰ ਨਵੇਂ ਵਿਅਕਤੀਆਂ ਨੂੰ ਸਿੱਖਿਆ ਦੇਣ ਦੇ ਕਾਬਲ ਬਣਾਉਂਦਾ ਹੈ। ਆਓ ਆਪਾਂ ਯਹੋਵਾਹ ਦੀ ਸਿਖਲਾਈ ਕਬੂਲ ਕਰੀਏ। ਆਓ ਆਪਾਂ ਉਨ੍ਹਾਂ ਚੰਗੀਆਂ ਗੱਲਾਂ ਉੱਤੇ ਅਮਲ ਕਰੀਏ ਜੋ ਯਹੋਵਾਹ ਸਾਨੂੰ ਸਿਖਾਉਂਦਾ ਹੈ ਤਾਂਕਿ ਅਸੀਂ ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲਿਆਂ ਵਜੋਂ ਪੂਰੀ ਤਰ੍ਹਾਂ ਤਿਆਰ ਰਹੀਏ!
ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
• ਬਾਈਬਲ ਸਾਨੂੰ ਪ੍ਰਚਾਰ ਦੇ ਕੰਮ ਲਈ ਕਿਵੇਂ ਤਿਆਰ ਕਰਦੀ ਹੈ?
• ਸਿੱਖਿਆ ਦੇਣ ਦੇ ਯੋਗ ਬਣਨ ਲਈ ਪਵਿੱਤਰ ਆਤਮਾ ਸਾਡੀ ਕਿਵੇਂ ਮਦਦ ਕਰਦੀ ਹੈ?
• ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਵਜੋਂ ਯੋਗ ਬਣਨ ਲਈ, ਧਰਤੀ ਉੱਤੇ ਯਹੋਵਾਹ ਦੇ ਸੰਗਠਨ ਨੇ ਕਿਨ੍ਹਾਂ ਤਰੀਕਿਆਂ ਦੁਆਰਾ ਤੁਹਾਡੀ ਮਦਦ ਕੀਤੀ ਹੈ?
• ਸੇਵਕਾਈ ਵਿਚ ਹਿੱਸਾ ਲੈਂਦੇ ਸਮੇਂ ਅਸੀਂ ਹੌਸਲਾ ਕਿਉਂ ਰੱਖ ਸਕਦੇ ਹਾਂ?
[ਸਫ਼ੇ 25 ਉੱਤੇ ਤਸਵੀਰ]
ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ ਵਜੋਂ, ਯਿਸੂ ਨੇ ਲੋਕਾਂ ਨੂੰ ਪ੍ਰੇਮ ਦਿਖਾਇਆ ਸੀ