ਕੀ ਮੈਂ ਪ੍ਰਚਾਰ ਕਰਨ ਦੇ ਯੋਗ ਹਾਂ?
1. ਸਾਨੂੰ ਪ੍ਰਚਾਰ ਕਰਨ ਬਾਰੇ ਅਯੋਗ ਕਿਉਂ ਨਹੀਂ ਮਹਿਸੂਸ ਕਰਨਾ ਚਾਹੀਦਾ?
1 ਜੇ ਤੁਸੀਂ ਕਦੇ ਆਪਣੇ ਆਪ ਨੂੰ ਇਹ ਸਵਾਲ ਪੁੱਛਿਆ ਹੈ, ਤਾਂ ਦਿਲ ਨਾ ਹਾਰੋ! ਨਾ ਪੜ੍ਹਾਈ ਤੇ ਨਾ ਹੀ ਕੋਈ ਕੁਦਰਤੀ ਹੁਸ਼ਿਆਰੀ ਸਾਨੂੰ ਪ੍ਰਚਾਰਕਾਂ ਵਜੋਂ ਯੋਗ ਬਣਾਉਂਦੀ ਹੈ। ਕੁਝ ਮੁਢਲੇ ਚੇਲਿਆਂ ਬਾਰੇ ਕਿਹਾ ਗਿਆ ਸੀ ਕਿ ਉਹ “ਵਿਦਵਾਨ ਨਹੀਂ ਸਗੋਂ ਆਮ [ਲੋਕਾਂ] ਵਿੱਚੋਂ” ਸਨ। ਇਸ ਦੇ ਬਾਵਜੂਦ, ਉਹ ਖ਼ੁਸ਼ ਖ਼ਬਰੀ ਦੇ ਅਸਰਕਾਰੀ ਪ੍ਰਚਾਰਕ ਸਨ ਕਿਉਂਕਿ ਉਨ੍ਹਾਂ ਨੇ ਯਿਸੂ ਦੀ ਮਿਸਾਲ ਉੱਤੇ ਚਲਣ ਦਾ ਪੱਕਾ ਮਨ ਬਣਾਇਆ ਸੀ।—ਰਸੂ. 4:13; 1 ਪਤ. 2:21.
2. ਯਿਸੂ ਕਿਸ ਤਰ੍ਹਾਂ ਸਿੱਖਿਆ ਦਿੰਦਾ ਸੀ?
2 ਯਿਸੂ ਨੇ ਕਿਵੇਂ ਸਿਖਾਇਆ: ਉਸ ਦੀਆਂ ਸਿੱਖਿਆਵਾਂ ਸਾਧਾਰਣ ਅਤੇ ਸਮਝਣੀਆਂ ਸੌਖੀਆਂ ਸਨ। ਉਹ ਦੇ ਸਵਾਲ, ਉਸ ਦੀਆਂ ਉਦਾਹਰਣਾਂ ਅਤੇ ਗੱਲਬਾਤ ਸ਼ੁਰੂ ਕਰਨ ਲਈ ਉਸ ਦੇ ਬੋਲ ਸੁਣਨ ਵਾਲਿਆਂ ਦਾ ਧਿਆਨ ਖਿੱਚਦੇ ਸਨ। (ਮੱਤੀ 6:26) ਉਹ ਦਿਲੋਂ ਲੋਕਾਂ ਵਿਚ ਦਿਲਚਸਪੀ ਲੈਂਦਾ ਸੀ। (ਮੱਤੀ 14:14) ਇਸ ਤੋਂ ਇਲਾਵਾ, ਯਿਸੂ ਪੂਰੇ ਵਿਸ਼ਵਾਸ ਤੇ ਇਖ਼ਤਿਆਰ ਨਾਲ ਬੋਲਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਯਹੋਵਾਹ ਨੇ ਉਸ ਨੂੰ ਆਪਣੀ ਸ਼ਕਤੀ ਦੇ ਕੇ ਖ਼ੁਸ਼ ਖ਼ਬਰੀ ਸੁਣਾਉਣ ਲਈ ਨਿਯੁਕਤ ਕੀਤਾ ਸੀ।—ਲੂਕਾ 4:18.
3. ਯਹੋਵਾਹ ਸਾਨੂੰ ਆਪਣੀ ਸੇਵਕਾਈ ਪੂਰੀ ਕਰਨ ਵਿਚ ਕਿੱਦਾਂ ਮਦਦ ਦਿੰਦਾ ਹੈ?
3 ਯਹੋਵਾਹ ਸਾਡੀ ਮਦਦ ਕਰਦਾ ਹੈ: ਸਾਡਾ ਮਹਾਨ ਸਿੱਖਿਅਕ ਆਪਣੇ ਬਚਨ ਅਤੇ ਆਪਣੀ ਸੰਸਥਾ ਦੁਆਰਾ ਸਾਨੂੰ ਉਹ ਸਿਖਲਾਈ ਦਿੰਦਾ ਹੈ ਜਿਸ ਨਾਲ ਅਸੀਂ ਸਫ਼ਲਤਾ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਦੇ ਹਾਂ। (ਯਸਾ. 54:13) ਯਹੋਵਾਹ ਨੇ ਯਿਸੂ ਦੇ ਸਿੱਖਿਆ ਦੇਣ ਦੇ ਤੌਰ-ਤਰੀਕਿਆਂ ਦਾ ਭੰਡਾਰ ਸਾਂਭ ਕੇ ਰੱਖਿਆ ਹੈ। ਇਨ੍ਹਾਂ ਸਦਕਾ ਅਸੀਂ ਉਸ ਦੀਆਂ ਸਿੱਖਿਆਵਾਂ ਦੀ ਜਾਂਚ ਕਰ ਕੇ ਉਸ ਦੀ ਰੀਸ ਕਰ ਸਕਦੇ ਹਾਂ। ਯਹੋਵਾਹ ਸਾਨੂੰ ਆਪਣੀ ਸ਼ਕਤੀ ਦਿੰਦਾ ਹੈ ਅਤੇ ਕਲੀਸਿਯਾ ਦੀਆਂ ਸਭਾਵਾਂ ਰਾਹੀਂ ਸਿਖਲਾਈ ਦਿੰਦਾ ਹੈ। (ਯੂਹੰ. 14:26) ਇਸ ਤੋਂ ਇਲਾਵਾ, ਅਸੀਂ ਤਜਰਬੇਕਾਰ ਪਬਲੀਸ਼ਰਾਂ ਤੋਂ ਅਸਰਕਾਰੀ ਬਣਨਾ ਸਿੱਖਦੇ ਹਾਂ।
4. ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਯੋਗ ਕਿਉਂ ਮਹਿਸੂਸ ਕਰਦੇ ਹਾਂ?
4 “ਸਾਡੀ ਜੋਗਤਾ ਪਰਮੇਸ਼ੁਰ ਵੱਲੋਂ” ਹੋਣ ਕਰਕੇ ਅਸੀਂ ਪ੍ਰਚਾਰ ਕਰਨ ਦੇ ਯੋਗ ਮਹਿਸੂਸ ਕਰ ਸਕਦੇ ਹਾਂ। (2 ਕੁਰਿੰ. 3:5) ਅਸੀਂ ਜਿੰਨਾ ਯਹੋਵਾਹ ਉੱਤੇ ਨਿਰਭਰ ਕਰਾਂਗੇ ਤੇ ਅਤੇ ਵਫ਼ਾਦਾਰੀ ਨਾਲ ਉਸ ਦੇ ਸਾਰੇ ਪ੍ਰਬੰਧਾਂ ਦੀ ਚੰਗੀ ਵਰਤੋਂ ਕਰਾਂਗੇ, ਅਸੀਂ ਉੱਨੇ ਹੀ “ਹਰੇਕ ਭਲੇ ਕੰਮ ਲਈ ਤਿਆਰ” ਹੋਵਾਂਗੇ।—2 ਤਿਮੋ. 3:17.