ਕੌਣ ਪ੍ਰਚਾਰ ਕਰਨ ਦੇ ਯੋਗ ਹੈ?
1 ਜਦੋਂ ਸੇਵਕਾਈ ਦੀ ਗੱਲ ਆਉਂਦੀ ਹੈ, ਤਾਂ ਕੀ ਤੁਸੀਂ ਕਦੇ ਮੂਸਾ ਦੇ ਵਾਂਗ ਮਹਿਸੂਸ ਕੀਤਾ ਹੈ? ਉਸ ਨੇ ਕਿਹਾ: “ਹੇ ਪ੍ਰਭੁ ਮੈਂ ਧੜੱਲੇ ਦਾਰ ਗੱਲਾਂ ਕਰਨ ਵਾਲਾ ਮਨੁੱਖ ਨਹੀਂ ਹਾਂ ਨਾ ਅੱਗੇ ਸਾਂ ਨਾ ਜਦ ਤੋਂ ਤੂੰ ਆਪਣੇ ਦਾਸ ਨਾਲ ਬੋਲਿਆ।” (ਕੂਚ 4:10) ਜੇਕਰ ਤੁਸੀਂ ਅਜਿਹਾ ਮਹਿਸੂਸ ਕਰਦੇ ਹੋ, ਤਾਂ ਤੁਸੀਂ ਸ਼ਾਇਦ ਪਿੱਛੇ ਹਟਣ ਦਾ ਝੁਕਾਉ ਰੱਖ ਸਕਦੇ ਹੋ। ਪਰੰਤੂ, ਯਿਸੂ ਨੇ “ਸਾਨੂੰ ਆਗਿਆ ਦਿੱਤੀ ਭਈ ਲੋਕਾਂ ਦੇ ਅੱਗੇ ਪਰਚਾਰ ਕਰੋ ਅਤੇ ਸਾਖੀ ਦਿਓ।” (ਰਸੂ. 10:42) ਤਾਂ ਫਿਰ, ਅਸੀਂ ਖ਼ੁਸ਼ ਖ਼ਬਰੀ ਦੇ ਯੋਗ ਪ੍ਰਚਾਰਕ ਕਿਵੇਂ ਬਣਦੇ ਹਾਂ?
2 ਇਹ ਸਾਡੀ ਧਰਮ-ਨਿਰਪੇਖ ਸਿੱਖਿਆ ਦੀ ਹੱਦ ਨਹੀਂ ਹੈ ਜੋ ਸਾਨੂੰ ਸੇਵਕਾਈ ਲਈ ਯੋਗ ਬਣਾਉਂਦੀ ਹੈ। ਪੌਲੁਸ ਨੇ ਕਿਹਾ ਕਿ ‘ਸਰੀਰ ਦੇ ਅਨੁਸਾਰ ਬਾਹਲੇ ਬੁੱਧਵਾਨ ਨਹੀਂ ਸੱਦੇ’ ਗਏ ਸਨ ਅਤੇ ਕਿ “ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਭਾਣੇ ਮੂਰਖਪੁਣਾ ਹੈ।” (1 ਕੁਰਿੰ. 1:26; 3:19) ਯਿਸੂ ਨੇ ਆਪਣੇ ਰਸੂਲਾਂ ਨੂੰ ਕਿਰਤੀ ਵਰਗ ਵਿੱਚੋਂ ਚੁਣਿਆ—ਘਟੋ-ਘੱਟ ਚਾਰ ਤਾਂ ਪੇਸ਼ੇ ਤੋਂ ਮਛਿਆਰੇ ਸਨ। ਘਮੰਡੀ ਧਾਰਮਿਕ ਆਗੂ ਉਨ੍ਹਾਂ ਨੂੰ ਇੰਜ ਘਿਰਣਾ ਨਾਲ ਵਿਚਾਰਦੇ ਸਨ, ਮਾਨੋ ਉਹ “ਵਿਦਵਾਨ ਨਹੀਂ ਸਗੋਂ ਆਮ” ਸਨ। ਸੰਸਾਰਕ ਮਿਆਰਾਂ ਤੋਂ ਪਰਖੇ ਜਾਣ ਤੇ, ਰਸੂਲ ਪ੍ਰਚਾਰ ਕਰਨ ਦੇ ਅਯੋਗ ਸਨ। ਫਿਰ ਵੀ, ਪੰਤੇਕੁਸਤ ਦੇ ਦਿਨ ਪਤਰਸ ਦੁਆਰਾ ਦਿੱਤੇ ਗਏ ਪ੍ਰਭਾਵਸ਼ਾਲੀ ਭਾਸ਼ਣ ਨੇ 3,000 ਲੋਕਾਂ ਨੂੰ ਬਪਤਿਸਮਾ ਲੈਣ ਦੇ ਲਈ ਪ੍ਰੇਰਿਤ ਕੀਤਾ!—ਰਸੂ. 2:14, 37-41; 4:13.
3 ਯਹੋਵਾਹ ਸਾਨੂੰ ਪ੍ਰਚਾਰ ਕਰਨ ਦੇ ਯੋਗ ਬਣਾਉਦਾ ਹੈ: ਪੌਲੁਸ ਨੇ ਐਲਾਨ ਕੀਤਾ: “ਸਾਡੀ ਜੋਗਤਾ ਪਰਮੇਸ਼ੁਰ ਵੱਲੋਂ ਹੈ।” (2 ਕੁਰਿੰ. 3:5) ਬੁੱਧ ਦੇ ਸ੍ਰੋਤ, ਯਹੋਵਾਹ ਨੇ ਲੱਖਾਂ ਲੋਕਾਂ ਨੂੰ ਦੂਜਿਆਂ ਨੂੰ ਰਾਜ ਸੱਚਾਈ ਪ੍ਰਚਾਰ ਕਰਨੀ ਸਿਖਾਇਆ ਹੈ। (ਯਸਾ. 54:13) ਇਸ ਕੰਮ ਦੀ ਪ੍ਰਭਾਵਕਤਾ ਅਤੇ ਫਲਦਾਇਕਤਾ ਉਨ੍ਹਾਂ 3,38,491 ਵਿਅਕਤੀਆਂ ਵਿਚ ਦੇਖੀ ਜਾ ਸਕਦੀ ਹੈ ਜਿਨ੍ਹਾਂ ਨੇ ਜੀਉਂਦੀਆਂ “ਨੇਕ ਨਾਮੀ ਦੀਆਂ ਚਿੱਠੀਆਂ” ਦੇ ਤੌਰ ਤੇ ਪਿਛਲੇ ਸਾਲ ਬਪਤਿਸਮਾ ਲਿਆ। (2 ਕੁਰਿੰ. 3:1-3) ਸਾਡੇ ਕੋਲ, ਦਲੇਰੀ ਅਤੇ ਦ੍ਰਿੜ੍ਹ ਵਿਸ਼ਵਾਸ ਨਾਲ, ਯਹੋਵਾਹ ਤੋਂ ਸਿੱਖੀਆਂ ਗੱਲਾਂ ਬਾਰੇ ਪ੍ਰਚਾਰ ਕਰਨ ਦਾ ਹਰ ਕਾਰਨ ਹੈ।
4 ਪਰਮੇਸ਼ੁਰ ਦੇ ਸੰਗਠਨ ਨੇ ਸੇਵਕਾਂ ਦੇ ਲਈ ਇਕ ਅੰਤਰ-ਰਾਸ਼ਟਰੀ ਸਿਖਲਾਈ ਕਾਰਜਕ੍ਰਮ ਸਥਾਪਿਤ ਕੀਤਾ ਹੈ। ਸ਼ਾਸਤਰ ਅਤੇ ਅਧਿਕ ਵਿਵਿਧ ਪ੍ਰਕਾਰ ਦੇ ਬਾਈਬਲ ਅਧਿਐਨ ਸਹਾਇਕ ਸਾਧਨਾਂ ਦੇ ਜ਼ਰੀਏ, ਸਾਨੂੰ ਪ੍ਰਚਾਰ ਕਰਨ ਦੇ ਲਈ ‘ਕਾਬਲ ਅਤੇ ਤਿਆਰ’ ਹੋਣ ਦੇ ਲਈ ਸਿੱਖਿਆ ਅਤੇ ਸਿਖਲਾਈ ਦਿੱਤੀ ਜਾਂਦੀ ਹੈ। (2 ਤਿਮੋ. 3:16, 17) ਅਨੇਕ ਲੋਕ ਸੰਸਥਾ ਦੇ ਪ੍ਰਕਾਸ਼ਨਾਂ ਵਿਚ ਪਾਈ ਜਾਣ ਵਾਲੀ ਵਿਦਵਤਾ ਤੋਂ ਪ੍ਰਭਾਵਿਤ ਹੋਏ ਹਨ। ਮਿਸਾਲ ਲਈ, ਇਕ ਸਵੀਡਿਸ਼ ਰਸਾਲੇ ਨੇ ਕਿਹਾ: “ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਚਾਰ ਕੀਤੇ ਜਾ ਰਹੇ ਧਰਮ ਦੇ ਪਿੱਛੇ ਇਕ ਹੈਰਾਨਕੁਨ ਉੱਚ-ਪੱਧਰ ਦਾ ਅਤੇ ਅੰਤਰਰਾਸ਼ਟਰੀ ਪਹੁੰਚ ਵਾਲਾ ਬਾਈਬਲ ਵਿਗਿਆਨ ਹੈ।”
5 ਸਾਡੀਆਂ ਪੰਜ ਸਪਤਾਹਕ ਸਭਾਵਾਂ ਵਿਚ ਦਿੱਤੇ ਗਏ ਨਿਰਦੇਸ਼ਨ, ਬਾਈਬਲ ਪਠਨ ਅਤੇ ਅਧਿਐਨ ਦੇ ਲਈ ਸਾਡੇ ਕਾਰਜਕ੍ਰਮ, ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਦਿੱਤੀ ਗਈ ਸਲਾਹ, ਦੂਜੇ ਤਜਰਬੇਕਾਰ ਸੇਵਕਾਂ ਦੁਆਰਾ ਨਿੱਜੀ ਮਦਦ, ਅਤੇ ਸਭ ਤੋਂ ਵੱਧ, ਯਹੋਵਾਹ ਦੀ ਪਵਿੱਤਰ ਆਤਮਾ ਦੇ ਸਮਰਥਨ ਦੇ ਨਾਲ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਪ੍ਰਚਾਰ ਕਰਨ ਦੇ ਲਈ ਪੂਰੀ ਤਰ੍ਹਾਂ ਨਾਲ ਯੋਗ ਸਮਝਦਾ ਹੈ। “[ਅਸੀਂ] ਪਰਮੇਸ਼ੁਰ ਦੀ ਵੱਲੋਂ ਪਰਮੇਸ਼ੁਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ।”—2 ਕੁਰਿੰ. 2:17.
6 ਜੇਕਰ ਅਸੀਂ ਪਰਮੇਸ਼ੁਰ ਵੱਲੋਂ ਉਸ ਦੇ ਸੰਗਠਨ ਦੁਆਰਾ ਪ੍ਰਦਾਨ ਕੀਤੀ ਗਈ ਦੈਵ-ਸ਼ਾਸਕੀ ਸਿਖਲਾਈ ਦਾ ਪੂਰਾ ਲਾਭ ਉਠਾਉਂਦੇ ਹਾਂ, ਤਾਂ ਸਾਡੇ ਕੋਲ ਪਿੱਛੇ ਹਟਣ ਦਾ ਜਾਂ ਡਰ ਮਹਿਸੂਸ ਕਰਨ ਦਾ ਕੋਈ ਕਾਰਨ ਨਹੀਂ ਹੈ। ਅਸੀਂ ਖ਼ੁਸ਼ੀ-ਖ਼ੁਸ਼ੀ ਦੂਜਿਆਂ ਨੂੰ ਪ੍ਰਚਾਰ ਕਰ ਸਕਦੇ ਹਾਂ, ਇਹ ਭਰੋਸਾ ਰੱਖਦੇ ਹੋਏ ਕਿ ਯਹੋਵਾਹ ਸਾਡੇ ਜਤਨਾਂ ਉੱਤੇ ਬਰਕਤ ਦੇਵੇਗਾ।—1 ਕੁਰਿੰ. 3:6.