ਬਿਨਾਂ ਦੇਰ ਕੀਤਿਆਂ ਦੁਬਾਰਾ ਮਿਲਣ ਜਾਓ
1 “ਅੱਜ ਦਾ ਕੰਮ ਕਦੇ ਵੀ ਕੱਲ੍ਹ ਤੇ ਨਾ ਛੱਡੋ।” ਕਈ ਲੋਕ ਇਹ ਕਹਾਵਤ ਜਾਣਦੇ ਹਨ ਜਿਸ ਤੋਂ ਜ਼ਰੂਰੀ ਕੰਮ ਤੁਰੰਤ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ। ਇਹ ਕਹਾਵਤ ਸਾਡੇ ਪ੍ਰਚਾਰ ʼਤੇ ਵੀ ਲਾਗੂ ਹੁੰਦੀ ਹੈ ਜਿਵੇਂ ਅਸੀਂ ਥੱਲੇ ਦੱਸੇ ਤਜਰਬੇ ਤੋਂ ਦੇਖਦੇ ਹਾਂ।
2 ਇਕ ਭੈਣ ਨੇ ਇਕ ਆਦਮੀ ਨੂੰ ਕਿਤਾਬ ਦਿੱਤੀ ਤੇ ਕਿਹਾ ਕਿ ਉਹ ਦੁਬਾਰਾ ਆਵੇਗੀ। ਇਕ ਘੰਟੇ ਬਾਅਦ ਇਕ ਹੋਰ ਭੈਣ ਗ਼ਲਤੀ ਨਾਲ ਉਸ ਘਰ ਪ੍ਰਚਾਰ ਕਰਨ ਚਲੀ ਗਈ। ਆਦਮੀ ਹੱਥ ਵਿਚ ਕਿਤਾਬ ਫੜੀ ਦਰਵਾਜ਼ੇ ʼਤੇ ਆਇਆ ਅਤੇ ਭੈਣ ਨੂੰ ਕਿਹਾ: “ਜਦ ਤੂੰ ਕਿਹਾ ਸੀ ਕਿ ਤੂੰ ਵਾਪਸ ਆਵੇਂਗੀ, ਤਾਂ ਮੈਂ ਇਹ ਨਹੀਂ ਸੋਚਿਆ ਕਿ ਤੂੰ ਇੰਨੀ ਜਲਦੀ ਆ ਜਾਵੇਂਗੀ। ਪਰ ਕੋਈ ਗੱਲ ਨਹੀਂ, ਅੰਦਰ ਆਜਾ, ਮੈਂ ਸਟੱਡੀ ਕਰਨ ਲਈ ਤਿਆਰ ਹਾਂ।” ਭਾਵੇਂ ਅਸੀਂ ਆਮ ਕਰਕੇ ਇੰਨੀ ਜਲਦੀ ਰਿਟਰਨ ਵਿਜ਼ਿਟ ਨਹੀਂ ਕਰਦੇ, ਪਰ ਇਹ ਤਜਰਬਾ ਦਿਖਾਉਂਦਾ ਹੈ ਕਿ ਸਾਨੂੰ ਦਿਲਚਸਪੀ ਰੱਖਣ ਵਾਲਿਆਂ ਨੂੰ ਬਿਨਾਂ ਦੇਰ ਕੀਤਿਆਂ ਦੁਬਾਰਾ ਮਿਲਣਾ ਚਾਹੀਦਾ ਹੈ।
3 ਲੋਕਾਂ ਨੂੰ ਹੋਰ ਮਦਦ ਦੀ ਲੋੜ ਹੈ: ਲੋਕਾਂ ਨੂੰ ਪਹਿਲੀ ਵਾਰ ਮਿਲਣ ਤੋਂ ਬਾਅਦ ਸਾਨੂੰ ਕੁਝ ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਕੋਲ ਦੁਬਾਰਾ ਜਾਣ ਦੀ ਲੋੜ ਹੈ। ਇਸ ਤਰ੍ਹਾਂ ਅਸੀਂ ਆਪਣੇ ਪ੍ਰਕਾਸ਼ਨਾਂ ਵਿਚਲੀ ਜਾਣਕਾਰੀ ਨੂੰ ਸਮਝਣ ਅਤੇ ਇਹ ਦੇਖਣ ਵਿਚ ਉਨ੍ਹਾਂ ਦੀ ਮਦਦ ਕਰ ਸਕਾਂਗੇ ਕਿ ਇਹ ਜਾਣਕਾਰੀ ਉਨ੍ਹਾਂ ਦੀ ਜ਼ਿੰਦਗੀ ਅਤੇ ਭਵਿੱਖ ʼਤੇ ਕਿਵੇਂ ਲਾਗੂ ਹੁੰਦੀ ਹੈ। ਇਹ ਅਸੀਂ ਕਿਵੇਂ ਕਰਾਂਗੇ? ਜੇ ਅਸੀਂ ਵਿਅਕਤੀ ਨੂੰ ਦੱਸੀਏ ਕਿ ਅਸੀਂ ਦੁਬਾਰਾ ਆਵਾਂਗੇ, ਤਾਂ ਸਾਨੂੰ ਕੁਝ ਹੱਦ ਤਕ ਉਸ ਦੀ ਦਿਲਚਸਪੀ ਦਾ ਪਤਾ ਲੱਗ ਸਕਦਾ ਹੈ।
4 ਦੁਬਾਰਾ ਮਿਲਣ ਲਈ ਉਸ ਨੂੰ ਰਾਜ਼ੀ ਕਰੋ: ਅੱਜ ਦੀ ਦੁਨੀਆਂ ਵਿਚ ਕਿਸੇ ਨੂੰ ਪੱਕੇ ਸਮੇਂ ਤੇ ਮਿਲਣਾ ਇੰਨਾ ਆਸਾਨ ਨਹੀਂ ਹੈ ਤੇ ਹੋ ਸਕਦਾ ਕਿ ਘਰ-ਮਾਲਕ ਨੂੰ ਯਾਦ ਨਾ ਰਹੇ ਕਿ ਅਸੀਂ ਕਦੋਂ ਆਉਣਾ ਹੈ। ਫਿਰ ਵੀ ਜੇ ਤੁਸੀਂ ਰਿਟਰਨ ਵਿਜ਼ਿਟ ਦੇ ਸਮੇਂ ਨੂੰ ਧਿਆਨ ਨਾਲ ਲਿਖ ਲਓ ਤੇ ਜੇ ਹੋ ਸਕੇ ਕੁਝ ਦਿਨਾਂ ਦੇ ਅੰਦਰ ਉਸ ਨੂੰ ਦੁਬਾਰਾ ਮਿਲਣ ਜਾਓ, ਤਾਂ ਤੁਸੀਂ ਆਪਣੀ ਇਸ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈ ਰਹੇ ਹੋਵੋਗੇ। ਜੇ ਵਿਅਕਤੀ ਘਰ ਨਹੀਂ ਮਿਲਦਾ, ਤਾਂ ਉਸ ਨੂੰ ਵਾਰ-ਵਾਰ ਮਿਲਣ ਦੀ ਕੋਸ਼ਿਸ਼ ਕਰਦੇ ਰਹੋ। ਜਦੋਂ ਉਹ ਦੇਖਦਾ ਹੈ ਕਿ ਤੁਸੀਂ ਉਸ ਨੂੰ ਮਿਲਣ ਦੀ ਕਿੰਨੀ ਕੋਸ਼ਿਸ਼ ਕਰ ਰਹੇ ਹੋ, ਤਾਂ ਉਹ ਸ਼ਾਇਦ ਤੁਹਾਡੀ ਗੱਲ ਸੁਣਨ ਲਈ ਤਿਆਰ ਹੋ ਜਾਵੇ।
5 ਪਹਿਲੀ ਵਾਰ ਮਿਲਣ ਤੇ ਅਸੀਂ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਕੋਈ ਵਿਅਕਤੀ ਕਿੰਨੀ ਕੁ ਦਿਲਚਸਪੀ ਰੱਖਦਾ ਹੈ, ਫਿਰ ਵੀ ਸਾਨੂੰ ਉਸ ਨੂੰ ਦੁਬਾਰਾ ਮਿਲਣ ਦਾ ਸਮਾਂ ਲਿਖ ਲੈਣਾ ਚਾਹੀਦਾ ਹੈ ਭਾਵੇਂ ਉਸ ਨੇ ਥੋੜ੍ਹੀ ਜਿਹੀ ਦਿਲਚਸਪੀ ਦਿਖਾਈ ਹੋਵੇ। ਇਸ ਦਿਲਚਸਪੀ ਨੂੰ ਵਧਾਉਣ ਲਈ ਵਧੀਆ ਹੋਵੇਗਾ ਜੇ ਅਸੀਂ ਬਿਨਾਂ ਦੇਰ ਕੀਤਿਆਂ ਉਸ ਨੂੰ ਮਿਲਣ ਜਾਈਏ। ਹੋ ਸਕਦਾ ਕਿ ਤੁਸੀਂ ਉਸ ਦੀ ਦਿਲਚਸਪੀ ਜਗਾ ਦਿੱਤੀ ਹੋਵੇ ਅਤੇ ਉਸ ਨੂੰ ਦੁਬਾਰਾ ਮਿਲਣ ਤੇ ਸ਼ਾਇਦ ਹੈਰਾਨ ਹੋ ਜਾਵੋ ਜਦੋਂ ਉਹ ਤੁਹਾਡੀ ਗੱਲ ਸੁਣਨ ਲਈ ਤਿਆਰ ਹੋਵੇ। ਇਸ ਲਈ ਬਿਨਾਂ ਦੇਰ ਕੀਤਿਆਂ ਦੁਬਾਰਾ ਮਿਲਣ ਜਾਓ!