ਬਿਨਾਂ ਹਟੇ ਖ਼ੁਸ਼ ਖ਼ਬਰੀ ਦਾ ਐਲਾਨ ਕਰਨਾ
1 ਮੁਢਲੇ ਮਸੀਹੀ ਆਪਣੀ ਸੇਵਕਾਈ ਨੂੰ ਅਤਿ ਗੰਭੀਰਤਾ ਨਾਲ ਵਿਚਾਰਦੇ ਸਨ। ਲੂਕਾ ਨੇ ਰਿਪੋਰਟ ਕੀਤਾ: “ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ।” (ਰਸੂ. 5:42) ਕੋਈ ਵੀ ਚੀਜ਼, ਇੱਥੋਂ ਤਕ ਕਿ ਸਤਾਹਟ ਵੀ, ਉਨ੍ਹਾਂ ਨੂੰ ਰੋਕ ਨਹੀਂ ਸਕੀ! (ਰਸੂ. 8:4) ਉਹ ਹਰ ਰੋਜ਼ ਦੂਜਿਆਂ ਨਾਲ ਸੱਚਾਈ ਬਾਰੇ ਗੱਲ ਕਰਦੇ ਸਨ।
2 ਸਾਡੇ ਬਾਰੇ ਕੀ? ਆਪਣੇ ਆਪ ਨੂੰ ਪੁੱਛੋ: ‘ਕੀ ਮੈਂ ਸਮਿਆਂ ਦੀ ਤੀਬਰਤਾ ਨੂੰ ਸਮਝਦਾ ਹਾਂ? ਕੀ ਮੈਂ ਬਿਨਾਂ ਹਟੇ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਵੱਲ ਰੁਝਾਨ ਰੱਖਦਾ ਹਾਂ?’
3 ਬਿਨਾਂ ਹਟੇ ਪ੍ਰਚਾਰ ਕਰਨ ਦੇ ਆਧੁਨਿਕ-ਦਿਨ ਦੇ ਉਦਾਹਰਣ: ਇਕ ਭੈਣ, ਪੋਲੀਓ ਦੀ ਸ਼ਿਕਾਰ, ਸਾਹ ਲੈਣ ਲਈ ਲੋਹੇ ਦੇ ਯੰਤਰ ਦੇ ਕਾਰਨ ਸੀਮਿਤ ਸੀ। ਉਹ ਰਾਜ ਗ੍ਰਹਿ ਜਾਣ ਜਾਂ ਸੰਮੇਲਨ ਵਿਚ ਹਾਜ਼ਰ ਹੋਣ ਲਈ ਅਸਮਰਥ ਸੀ। ਪਰੰਤੂ ਉਹ ਖ਼ੁਸ਼ ਖ਼ਬਰੀ ਐਲਾਨ ਕਰਨ ਵਿਚ ਤੀਬਰਤਾ ਨਾਲ ਰੁੱਝੀ ਹੋਈ ਸੀ। ਆਪਣੇ 37-ਸਾਲ ਦੇ ਬੰਦਸ਼ ਦੇ ਦੌਰਾਨ, ਉਹ 17 ਲੋਕਾਂ ਨੂੰ ਸੱਚਾਈ ਸਿੱਖਣ ਵਿਚ ਮਦਦ ਕਰਨ ਦੇ ਯੋਗ ਹੋਈ! ਉਸ ਨੇ ਇੰਜ ਕਿਵੇਂ ਕੀਤਾ? ਭਾਵੇਂ ਕਿ ਉਹ ਘਰ-ਘਰ ਨਹੀਂ ਜਾ ਸਕਦੀ ਸੀ, ਉਸ ਨੇ ਆਪਣੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦੇ ਲਈ ਹਰ ਰੋਜ਼ ਕੋਈ-ਨਾ-ਕੋਈ ਤਰੀਕਾ ਲੱਭਿਆ।
4 ਬੋਸਨੀਆ ਵਿਚ ਸਾਡੇ ਭਰਾਵਾਂ ਨੂੰ ਯੁੱਧ ਅਤੇ ਵੰਚਨ ਦਾ ਸਾਮ੍ਹਣਾ ਕਰਨਾ ਪਿਆ ਹੈ। ਫਿਰ ਵੀ, ਉਹ ਦੂਜਿਆਂ ਨੂੰ ਨਿਯਮਿਤ ਤੌਰ ਤੇ ਪ੍ਰਚਾਰ ਕਰਨਾ ਜਾਰੀ ਰੱਖਦੇ ਹਨ। ਸਾਰਾਜੇਵੋ ਵਿਚ ਪ੍ਰਕਾਸ਼ਕ ਦੂਜਿਆਂ ਨਾਲ ਖ਼ੁਸ਼ ਖ਼ਬਰੀ ਦੇ ਬਾਰੇ ਗੱਲ ਕਰਨ ਵਿਚ ਹਰ ਮਹੀਨੇ ਔਸਤਨ 20 ਘੰਟੇ ਬਿਤਾਉਂਦੇ ਰਹੇ ਹਨ, ਅਤੇ ਹਰੇਕ ਪ੍ਰਕਾਸ਼ਕ ਔਸਤਨ ਦੋ ਬਾਈਬਲ ਅਧਿਐਨ ਸੰਚਾਲਿਤ ਕਰਦਾ ਹੈ। ਉਨ੍ਹਾਂ ਦੀਆਂ ਸਖ਼ਤ ਹਾਲਾਤਾਂ ਦੇ ਬਾਵਜੂਦ, ਉਹ ਬਿਨਾਂ ਹਟੇ ਪ੍ਰਚਾਰ ਕਰਦੇ ਅਤੇ ਸਿੱਖਿਆ ਦਿੰਦੇ ਹਨ।
5 ਨੌਜਵਾਨ ਵੀ ਸੇਵਕਾਈ ਲਈ ਸਰਗਰਮੀ ਦਿਖਾਉਂਦੇ ਹਨ। ਰਵਾਂਡਾ ਵਿਚ ਗਵਾਹਾਂ ਦੇ ਇਕ ਪਰਿਵਾਰ ਨੂੰ ਇਕ ਕਮਰੇ ਵਿਚ ਰੱਖਿਆ ਗਿਆ ਸੀ ਜਿੱਥੇ ਸੈਨਿਕਾਂ ਨੇ ਉਨ੍ਹਾਂ ਨੂੰ ਮਾਰਨ ਦੀ ਤਿਆਰੀ ਕੀਤੀ। ਪਰਿਵਾਰ ਨੇ ਪਹਿਲਾਂ ਪ੍ਰਾਰਥਨਾ ਕਰਨ ਦੀ ਇਜਾਜ਼ਤ ਮੰਗੀ। ਇਜਾਜ਼ਤ ਦਿੱਤੀ ਗਈ, ਅਤੇ ਛੋਟੀ ਧੀ, ਡੈਬਰਾ ਨੇ ਉੱਚੀ ਆਵਾਜ਼ ਵਿਚ ਪ੍ਰਾਰਥਨਾ ਕੀਤੀ: “ਯਹੋਵਾਹ, ਇਸ ਹਫ਼ਤੇ ਮੈਂ ਅਤੇ ਪਾਪਾ ਨੇ ਪੰਜ ਰਸਾਲੇ ਦਿੱਤੇ। ਅਸੀਂ ਉਨ੍ਹਾਂ ਲੋਕਾਂ ਨੂੰ ਸੱਚਾਈ ਸਿਖਾਉਣ ਅਤੇ ਜੀਵਨ ਪ੍ਰਾਪਤ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ ਦੇ ਲਈ ਕਿਵੇਂ ਵਾਪਸ ਜਾਵਾਂਗੇ?” ਉਸ ਦੀ ਮਜ਼ਬੂਤ ਨਿਹਚਾ ਅਤੇ ਸੇਵਕਾਈ ਲਈ ਉਸ ਦੇ ਪ੍ਰੇਮ ਦੇ ਕਾਰਨ, ਪੂਰੇ ਪਰਿਵਾਰ ਨੂੰ ਬਖ਼ਸ਼ ਦਿੱਤਾ ਗਿਆ।
6 ਅੱਜ, ਦੂਜਿਆਂ ਨੂੰ ਗਵਾਹੀ ਦੇਣ ਦੇ ਲਈ ਮੌਕਿਆਂ ਦੀ ਤਾੜ ਵਿਚ ਰਹਿਣ ਅਤੇ ‘ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਣ’ ਵਾਲੇ ਲੋਕਾਂ ਨੂੰ ਭਾਲਣ ਦੀ ਜ਼ਰੂਰਤ ਹੈ। (ਰਸੂ. 13:48) ਸਥਾਨਕ ਹਾਲਾਤ ਦੇ ਅਨੁਸਾਰ, ਕਲੀਸਿਯਾ ਦੇ ਬਜ਼ੁਰਗ ਉਪਯੁਕਤ ਸਮੇਂ ਤੇ ਸਮੂਹ ਗਵਾਹੀ ਲਈ ਪ੍ਰਬੰਧ ਬਣਾਉਂਦੇ ਹਨ, ਚਾਹੇ ਸਵੇਰ ਨੂੰ, ਬਾਅਦ ਦੁਪਹਿਰ ਨੂੰ, ਜਾਂ ਸ਼ਾਮ ਨੂੰ। ਰਾਜ ਗਵਾਹੀ ਦੇ ਵਿਭਿੰਨ ਤਰੀਕਿਆਂ ਵਿਚ ਹਿੱਸਾ ਲੈਣ ਦੇ ਲਈ ਸਾਡੀ ਰਾਜ ਸੇਵਕਾਈ ਦੇ ਲੇਖ ਅਤੇ ਸੇਵਾ ਸਭਾਵਾਂ, ਸਰਕਟ ਸੰਮੇਲਨ, ਅਤੇ ਜ਼ਿਲ੍ਹਾ ਮਹਾਂ-ਸੰਮੇਲਨ ਦੇ ਭਾਗ, ਸਮੇਂ-ਅਨੁਕੂਲ ਸੁਝਾਵਾਂ ਅਤੇ ਉਤਸ਼ਾਹ ਪੇਸ਼ ਕਰਦੇ ਹਨ। ਇਸ ਤੋਂ ਇਲਾਵਾ, ਸਰਕਟ ਅਤੇ ਜ਼ਿਲ੍ਹਾ ਨਿਗਾਹਬਾਨ, ਪ੍ਰਕਾਸ਼ਕਾਂ ਨੂੰ ਸੜਕ ਗਵਾਹੀ ਵਿਚ ਸਿਖਲਾਈ ਦਿੰਦੇ ਹਨ, ਨਾਲੇ ਦਿਖਾਉਂਦੇ ਹਨ ਕਿ ਵਪਾਰ ਖੇਤਰ ਵਿਚ ਕੰਮ ਕਿਵੇਂ ਕਰਨਾ ਹੈ, ਅਤੇ ਜਿੱਥੇ ਵੀ ਲੋਕ ਪਾਏ ਜਾਂਦੇ ਹਨ ਉੱਥੇ ਗਵਾਹੀ ਦੇਣ ਦੇ ਲਈ ਹੋਰ ਤਰੀਕੇ ਦੱਸਦੇ ਹਨ। ਇਹ ਸਾਰੀ ਗੱਲ ਬਿਨਾਂ ਹਟੇ ਖ਼ੁਸ਼ ਖ਼ਬਰੀ ਦਾ ਐਲਾਨ ਕਰਨ ਉੱਤੇ ਜ਼ੋਰ ਦਿੰਦੀ ਹੈ!
7 ਯਿਸੂ ਦੇ ਰਸੂਲਾਂ ਨੇ ਦਲੇਰੀ ਨਾਲ ਐਲਾਨ ਕੀਤਾ: “ਇਹ ਸਾਥੋਂ ਹੋ ਨਹੀਂ ਸੱਕਦਾ ਕਿ ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ ਓਹ ਨਾ ਆਖੀਏ।” ਸਾਰੀਆਂ ਅੜਚਣਾਂ ਦੇ ਬਾਵਜੂਦ ਉਹ ਕਿਵੇਂ ਜੁਟੇ ਰਹੇ? ਉਨ੍ਹਾਂ ਨੇ ਯਹੋਵਾਹ ਤੋਂ ਮਦਦ ਮੰਗੀ, ਜੋ ਕਿ ਉਸ ਨੇ ਦਿੱਤੀ, ਅਤੇ ਉਹ “ਸੱਭੋ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਗਏ ਅਰ ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ।” (ਰਸੂ. 4:20, 29, 31) ਸੇਵਕਾਈ ਵਿਚ ਸਾਰੇ ਲੋਕੀ ਸ਼ਾਇਦ ਵਿਸ਼ੇਸ਼ ਅਨੁਭਵਾਂ ਨਾਲ ਵਰੋਸਾਏ ਨਾ ਜਾਣ, ਪਰੰਤੂ ਜੇਕਰ ਅਸੀਂ ਬਿਨਾਂ ਹਟੇ ਖ਼ੁਸ਼ ਖ਼ਬਰੀ ਐਲਾਨ ਕਰਨ ਦੇ ਸੱਚ-ਮੁੱਚ ਇੱਛੁਕ ਹਾਂ ਅਤੇ ਜੇਕਰ ਅਸੀਂ ਇੰਜ ਕਰਨ ਦੇ ਲਈ ਰੋਜ਼ ਹੀ ਜਤਨ ਕਰਦੇ ਹਾਂ, ਤਾਂ ਯਹੋਵਾਹ ਸਾਡੀ ਮਦਦ ਕਰੇਗਾ।