ਪ੍ਰਚਾਰ ਕਰਨਾ ਨਾ ਛੱਡੋ
1 ਕਦੇ-ਕਦੇ ਸਾਡੇ ਮਨ ਵਿਚ ਇਹ ਖ਼ਿਆਲ ਆ ਸਕਦਾ ਹੈ ਕਿ ਸਾਡੇ ਇਲਾਕੇ ਵਿਚ ਬਹੁਤ ਵਾਰੀ ਪ੍ਰਚਾਰ ਹੋ ਚੁੱਕਾ ਹੈ ਅਤੇ ਲੋਕਾਂ ਨੂੰ ਸਾਡੇ ਸੰਦੇਸ਼ ਵਿਚ ਉੱਕਾ ਵੀ ਦਿਲਚਸਪੀ ਨਹੀਂ। ਪਰ ਸਾਨੂੰ ਕਿਉਂ ਫਿਰ ਵੀ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ?—ਮੱਤੀ 28:19, 20.
2 ਸਾਡਾ ਮਕਸਦ ਹੈ ਸਾਖੀ ਭਰਨੀ: ਯਿਸੂ ਨੇ ਦੱਸਿਆ ਸੀ ਕਿ “ਜੁਗ ਦੇ ਅੰਤ” ਦੀ ਇਕ ਨਿਸ਼ਾਨੀ ਇਹ ਹੋਵੇਗੀ ਕਿ ਸਾਰੀ ਦੁਨੀਆਂ ਵਿਚ ਰਾਜ ਦਾ ਪ੍ਰਚਾਰ ਕੀਤਾ ਜਾਵੇਗਾ ਤਾਂਕਿ “ਸਭ ਕੌਮਾਂ ਉੱਤੇ ਸਾਖੀ ਹੋਵੇ।” (ਮੱਤੀ 24:3, 14) ਜਦੋਂ ਲੋਕ ਸਾਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦਿਆਂ ਦੇਖਦੇ ਹਨ, ਤਾਂ ਇਹ ਆਪਣੇ ਆਪ ਵਿਚ ਇਕ ਜ਼ਬਰਦਸਤ ਸਾਖੀ ਹੈ। ਭਾਵੇਂ ਲੋਕ ਸਾਡੀ ਗੱਲ ਨਹੀਂ ਵੀ ਸੁਣਦੇ, ਪਰ ਉਹ ਸ਼ਾਇਦ ਸਾਡੇ ਜਾਣ ਤੋਂ ਬਾਅਦ ਕਾਫ਼ੀ ਸਮੇਂ ਤਕ ਜਾਂ ਕਈ ਦਿਨਾਂ ਤਕ ਸਾਡੇ ਪ੍ਰਚਾਰ ਬਾਰੇ ਗੱਲ ਕਰਨ। ਆਪਣੀ ਸੇਵਕਾਈ ਦੇ ਮਕਸਦ ਨੂੰ ਚੇਤੇ ਰੱਖਣ ਨਾਲ ਅਸੀਂ ਕਦੇ ਵੀ ਪ੍ਰਚਾਰ ਕਰਨੋਂ ਨਹੀਂ ਥੱਕਾਂਗੇ। ਪ੍ਰਚਾਰ ਕਰਦੇ ਰਹਿਣ ਨਾਲ ਅਸੀਂ ਯਹੋਵਾਹ ਨੂੰ ਖ਼ੁਸ਼ ਕਰਦੇ ਹਾਂ, ਬਾਈਬਲ ਭਵਿੱਖਬਾਣੀ ਦੀ ਪੂਰਤੀ ਵਿਚ ਹਿੱਸਾ ਲੈਂਦੇ ਹਾਂ ਅਤੇ ਲੋਕਾਂ ਨੂੰ ਜ਼ਰੂਰੀ ਚੇਤਾਵਨੀ ਦਿੰਦੇ ਹਾਂ।—2 ਥੱਸ. 1:6-9.
3 ਸਖ਼ਤ ਮਿਹਨਤ ਦੀ ਲੋੜ: ਅੱਜ-ਕੱਲ੍ਹ ਦੀ ਭੱਜ-ਦੌੜ ਦੀ ਜ਼ਿੰਦਗੀ ਜੀ ਰਹੇ ਲੋਕਾਂ ਕੋਲ ਗੱਲ ਕਰਨ ਦਾ ਵੀ ਵੇਲਾ ਨਹੀਂ ਹੈ। ਸੋ ਪਰਮੇਸ਼ੁਰ ਦਾ ਗਿਆਨ ਲੈਣ ਦੇ ਚਾਹਵਾਨ ਲੋਕਾਂ ਨੂੰ ਦੁਬਾਰਾ ਮਿਲਣ ਲਈ ਸਾਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ। ਇਕ ਤੀਵੀਂ ਦੀ ਮਿਸਾਲ ਲਓ। ਯਹੋਵਾਹ ਦੇ ਗਵਾਹ ਹਰ ਹਫ਼ਤੇ ਉਸ ਨੂੰ ਮਿਲਣ ਜਾਂਦੇ ਸਨ। ਪਰ ਉਸ ਨੇ ਇਕ ਸਾਲ ਬਾਅਦ ਜਾ ਕੇ ਉਨ੍ਹਾਂ ਨੂੰ ਘਰ ਅੰਦਰ ਬੁਲਾਉਣ ਦਾ ਫ਼ੈਸਲਾ ਕੀਤਾ। ਬਾਈਬਲ ਦੀਆਂ ਗੱਲਾਂ ਸੁਣ ਕੇ ਉਸ ਨੂੰ ਇੰਨਾ ਚੰਗਾ ਲੱਗਾ ਕਿ ਉਹ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਗਈ। ਉਸ ਨੇ ਸਭਾਵਾਂ ਵਿਚ ਆਉਣਾ ਸ਼ੁਰੂ ਕਰ ਦਿੱਤਾ ਅਤੇ ਛੇਤੀ ਹੀ ਬਪਤਿਸਮਾ ਲੈਣ ਦੀ ਇੱਛਾ ਜ਼ਾਹਰ ਕੀਤੀ।
4 ਦੁਨੀਆਂ ਦੇ ਹਾਲਾਤ ਦਿਨ-ਬ-ਦਿਨ ਬਦਲ ਰਹੇ ਹਨ ਤੇ ਇਸ ਦੇ ਨਾਲ-ਨਾਲ ਲੋਕ ਵੀ ਬਦਲ ਜਾਂਦੇ ਹਨ। ਜੋ ਲੋਕ ਪਹਿਲਾਂ ਸਾਡਾ ਸੰਦੇਸ਼ ਸੁਣਨ ਲਈ ਤਿਆਰ ਨਹੀਂ ਸਨ, ਉਹ ਸ਼ਾਇਦ ਹੁਣ ਖ਼ੁਸ਼ੀ ਨਾਲ ਸਾਡੀ ਗੱਲ ਸੁਣਨ। ਜੇਕਰ ਇਕ ਵੀ ਬੰਦਾ ਸਾਡਾ ਸੰਦੇਸ਼ ਸੁਣ ਕੇ ਪਰਮੇਸ਼ੁਰ ਬਾਰੇ ਸਿੱਖਣ ਲਈ ਤਿਆਰ ਹੋ ਜਾਂਦਾ ਹੈ, ਤਾਂ ਸਮਝੋ ਸਾਡੀ ਮਿਹਨਤ ਸਫ਼ਲ ਹੋਈ।
5 ਸੰਸਾਰ ਭਰ ਵਿਚ ਬਹੁਤ ਸਾਰੇ ਲੋਕ ‘ਘਿਣਾਉਣੇ ਕੰਮਾਂ ਦੇ ਕਾਰਨ ਆਹਾਂ ਭਰਦੇ, ਅਤੇ ਰੋਂਦੇ ਹਨ।’ (ਹਿਜ਼. 9:4) ਸਾਲਾਨਾ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਪ੍ਰਚਾਰ ਕਰਕੇ ਬਹੁਤ ਸਾਰੇ ਨੇਕਦਿਲ ਲੋਕ ਪਰਮੇਸ਼ੁਰ ਦੇ ਸੇਵਕ ਬਣ ਰਹੇ ਹਨ। (ਯਸਾ. 2:2, 3) ਸੋ ਆਓ ਆਪਾਂ ਪ੍ਰਚਾਰ ਕਰਨਾ ਕਦੇ ਨਾ ਛੱਡੀਏ, ਸਗੋਂ ਪਿਆਰ ਨਾਲ ਲੋਕਾਂ ਨੂੰ “ਭਲਿਆਈ ਦੀ ਖੁਸ਼ ਖਬਰੀ” ਦੇਣ ਲਈ ਸਖ਼ਤ ਮਿਹਨਤ ਕਰਦੇ ਰਹੀਏ।—ਯਸਾ 52:7; ਰਸੂ. 5:42.