ਉਹ ਖ਼ੁਸ਼ ਖ਼ਬਰੀ ਕਿੱਦਾਂ ਸੁਣਨਗੇ?
1. ਪ੍ਰਚਾਰ ਦਾ ਕੰਮ ਕਰਨਾ ਕਿਉਂ ਮੁਸ਼ਕਲ ਲੱਗਦਾ ਹੈ, ਪਰ ਅਸੀਂ ਪ੍ਰਚਾਰ ਕਿਉਂ ਕਰਦੇ ਰਹਿੰਦੇ ਹਾਂ?
1 ਯਹੋਵਾਹ ਦਾ ਦਿਨ ਬਹੁਤ ਜਲਦੀ ਆ ਰਿਹਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਲੋਕਾਂ ਨੂੰ ਪਰਮੇਸ਼ੁਰ ਦਾ ਸਹੀ ਗਿਆਨ ਦੇਈਏ ਅਤੇ ਦੱਸੀਏ ਕਿ ਉਸ ਨੇ ਇਨਸਾਨਾਂ ਲਈ ਕੀ ਮਕਸਦ ਰੱਖਿਆ ਹੈ। (ਯੂਹੰ. 17:3; 2 ਪਤ. 3:9, 10) ਪਰ ਇਹ ਕੰਮ ਕਰਨਾ ਕਦੇ-ਕਦੇ ਮੁਸ਼ਕਲ ਲੱਗਦਾ ਹੈ ਕਿਉਂਕਿ ਕਈ ਲੋਕ ਦਿਲਚਸਪੀ ਨਹੀਂ ਲੈਂਦੇ ਤੇ ਸਾਡੇ ਪ੍ਰਚਾਰ ਦੇ ਕੰਮ ਦਾ ਮਖੌਲ ਉਡਾਉਂਦੇ ਹਨ। (2 ਪਤ. 3:3, 4) ਫਿਰ ਵੀ ਸਾਨੂੰ ਪੂਰਾ ਯਕੀਨ ਹੈ ਕਿ ਸਾਡੇ ਇਲਾਕੇ ਦੇ ਕੁਝ ਲੋਕ ਖ਼ੁਸ਼ ਖ਼ਬਰੀ ਸੁਣਨਗੇ। ਪਰ ਅਜਿਹੇ ਲੋਕ ਖ਼ੁਸ਼ ਖ਼ਬਰੀ ਕਿੱਦਾਂ ਸੁਣਨਗੇ ਜੇ ਅਸੀਂ ਪ੍ਰਚਾਰ ਨਾ ਕਰੀਏ?—ਰੋਮੀ. 10:14, 15.
2. ਪੌਲੁਸ ਦੀ ਮਿਸਾਲ ਤੋਂ ਸਾਨੂੰ ਕੀ ਕਰਨ ਦਾ ਹੌਸਲਾ ਮਿਲਦਾ ਹੈ?
2 ਵਿਰੋਧਤਾ ਦਾ ਸਾਮ੍ਹਣਾ ਕਰਨਾ: ਕਈ ਲੋਕ ਪਰਮੇਸ਼ੁਰ ਦੇ ਰਾਜ ਬਾਰੇ ਸੁਣਨ ਲਈ ਤਿਆਰ ਹਨ, ਇਸ ਲਈ ਸਾਨੂੰ ਖ਼ੁਸ਼ ਖ਼ਬਰੀ ਸੁਣਾਉਣ ਤੋਂ ਪਿਛਾਹਾਂ ਨਹੀਂ ਹਟਣਾ ਚਾਹੀਦਾ। ਯੂਰਪ ਵਿਚ ਫ਼ਿਲਿੱਪੈ ਪਹਿਲਾ ਸ਼ਹਿਰ ਸੀ ਜਿੱਥੇ ਪੌਲੁਸ ਰਸੂਲ ਨੇ ਖ਼ੁਸ਼ ਖ਼ਬਰੀ ਸੁਣਾਈ ਸੀ। ਜਦੋਂ ਲੋਕਾਂ ਨੇ ਪੌਲੁਸ ਅਤੇ ਸੀਲਾਸ ʼਤੇ ਝੂਠੇ ਇਲਜ਼ਾਮ ਲਗਾਏ ਸਨ, ਤਾਂ ਉਨ੍ਹਾਂ ਦੋਵਾਂ ਨੂੰ ਬੈਂਤਾਂ ਨਾਲ ਮਾਰ ਕੇ ਕੈਦਖ਼ਾਨੇ ਵਿੱਚ ਸੁੱਟ ਦਿੱਤਾ ਗਿਆ। (ਰਸੂ. 16:16-24) ਪਰ ਇਸ ਦੇ ਬਾਵਜੂਦ ਪੌਲੁਸ ਡਰ ਦੇ ਮਾਰੇ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਿਆ। ਜਦੋਂ ਉਹ ਆਪਣੇ ਮਿਸ਼ਨਰੀ ਦੌਰੇ ਦੌਰਾਨ ਅਗਲੇ ਸ਼ਹਿਰ ਥੱਸਲੁਨੀਕਾ ਵਿਚ ਗਿਆ, ਤਾਂ ਉਹ ‘ਪਰਮੇਸ਼ੁਰ ਦੇ ਆਸਰੇ ਦਿਲੇਰ ਹੋਇਆ।’ (1 ਥੱਸ. 2:2) ਕੀ ਅਸੀਂ ਪੌਲੁਸ ਦੀ ਮਿਸਾਲ ਤੋਂ ਇਹ ਸਬਕ ਨਹੀਂ ਸਿੱਖਦੇ ਕਿ ਸਾਨੂੰ ਵੀ ਕਦੇ ਪ੍ਰਚਾਰ ਕਰਨ ਤੋਂ ‘ਅੱਕਣਾ ਨਹੀਂ ਚਾਹੀਦਾ’?—ਗਲਾ. 6:9.
3. ਪਹਿਲਾਂ ਜਿਹੜੇ ਲੋਕ ਇਤਰਾਜ਼ ਕਰਦੇ ਸਨ, ਉਹ ਹੁਣ ਸਾਡਾ ਸੰਦੇਸ਼ ਸੁਣਨ ਲਈ ਕਿਉਂ ਤਿਆਰ ਹਨ?
3 ਜਿਹੜੇ ਲੋਕ ਕਈ ਸਾਲਾਂ ਤੋਂ ਸਾਡੀ ਗੱਲ ਨਹੀਂ ਸੀ ਸੁਣਦੇ, ਉਹ ਹੁਣ ਸਾਡੀ ਗੱਲ ਸੁਣਨ ਲਈ ਤਿਆਰ ਹੋ ਜਾਂਦੇ ਹਨ। ਮਹਿੰਗਾਈ, ਬੀਮਾਰੀ, ਕਿਸੇ ਰਿਸ਼ਤੇਦਾਰ ਦੀ ਮੌਤ ਕਾਰਨ ਜਾਂ ਸੰਸਾਰ ਵਿਚ ਹੁੰਦੀਆਂ ਮਾੜੀਆਂ ਘਟਨਾਵਾਂ ਦੀਆਂ ਰਿਪੋਰਟਾਂ ਸੁਣ ਕੇ ਉਹ ਹੁਣ ਸਾਡੀਆਂ ਗੱਲਾਂ ਵੱਲ ਧਿਆਨ ਦੇਣ ਲੱਗ ਪਏ ਹਨ। (1 ਕੁਰਿੰ. 7:31) ਕਈ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਕਾਰਨ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਨਹੀਂ ਮਿਲਿਆ। ਹੁਣ ਉਹ ਬੱਚੇ ਵੱਡੇ ਹੋ ਗਏ ਹਨ ਤੇ ਖ਼ੁਸ਼ ਖ਼ਬਰੀ ਸੁਣਨ ਲਈ ਤਿਆਰ ਹਨ। ਬਾਕਾਇਦਾ ਪ੍ਰਚਾਰ ਕਰਦੇ ਰਹਿਣ ਨਾਲ ਅਸੀਂ ਅਜਿਹੇ ਲੋਕਾਂ ਨੂੰ ਯਹੋਵਾਹ ‘ਪ੍ਰਭੁ ਦਾ ਨਾਮ ਲੈਣ’ ਦਾ ਮੌਕਾ ਦਿੰਦੇ ਹਾਂ।—ਰੋਮੀ. 10:13.
4. ਅਸੀਂ ਖ਼ੁਸ਼ ਖ਼ਬਰੀ ਸੁਣਾਉਣ ਤੋਂ ਪਿੱਛੇ ਕਿਉਂ ‘ਨਹੀਂ ਹਟਦੇ’?
4 ‘ਸੁਣਾਉਣ ਤੋਂ ਨਾ ਹਟੋ’: ਪਰਮੇਸ਼ੁਰ ਅਤੇ ਗੁਆਂਢੀਆਂ ਨਾਲ ਪਿਆਰ ਹੋਣ ਕਰਕੇ ਅਸੀਂ ਪਹਿਲੀ ਸਦੀ ਦੇ ਰਸੂਲਾਂ ਦੀ ਤਰ੍ਹਾਂ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਤੋਂ ਪਿੱਛੇ ‘ਨਹੀਂ ਹੱਟਾਂਗੇ।’ (ਰਸੂ. 5:42) ਕਈ ਲੋਕ ਹੁਣ ਹੋ ਰਹੇ ‘ਘਿਣਾਉਣੇ ਕੰਮਾਂ ਦੇ ਕਾਰਨ ਆਹਾਂ ਭਰਦੇ, ਅਤੇ ਰੋਂਦੇ ਹਨ।’ (ਹਿਜ਼. 9:4) ਅਜਿਹੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣ ਕੇ ਉਮੀਦ ਮਿਲਦੀ ਹੈ! ਜਦੋਂ ਜ਼ਿਆਦਾਤਰ ਲੋਕ ਸਾਡੀ ਗੱਲ ਨਹੀਂ ਵੀ ਸੁਣਦੇ, ਫਿਰ ਵੀ ਬਾਈਬਲ ਸਾਨੂੰ ਯਕੀਨ ਦਿਲਾਉਂਦੀ ਹੈ ਕਿ ਯਹੋਵਾਹ ਸਾਡੇ ਜਤਨਾਂ ਤੋਂ ਬਹੁਤ ਖ਼ੁਸ਼ ਹੈ।—ਇਬ. 13:15, 16.