ਅਸੀਂ ਲੋਕਾਂ ਕੋਲ ਵਾਰ-ਵਾਰ ਕਿਉਂ ਜਾਂਦੇ ਹਾਂ?
1. ਸਾਡੇ ਪ੍ਰਚਾਰ ਕੰਮ ਦੇ ਸੰਬੰਧ ਵਿਚ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ?
1 ਕਈ ਕਲੀਸਿਯਾਵਾਂ ਇੱਕੋ ਇਲਾਕੇ ਵਿਚ ਵਾਰ-ਵਾਰ ਪ੍ਰਚਾਰ ਕਰਦੀਆਂ ਹਨ। ਅਸੀਂ ਵਾਰ-ਵਾਰ ਲੋਕਾਂ ਕੋਲ ਜਾਂਦੇ ਹਾਂ, ਭਾਵੇਂ ਉਨ੍ਹਾਂ ਨੇ ਸਾਨੂੰ ਕਹਿ ਦਿੱਤਾ ਹੈ ਕਿ ਉਨ੍ਹਾਂ ਨੂੰ ਸਾਡੇ ਸੰਦੇਸ਼ ਵਿਚ ਕੋਈ ਦਿਲਚਸਪੀ ਨਹੀਂ ਹੈ। ਅਸੀਂ ਉਨ੍ਹਾਂ ਲੋਕਾਂ ਕੋਲ ਵਾਰ-ਵਾਰ ਕਿਉਂ ਜਾਂਦੇ ਹਾਂ ਜਿਨ੍ਹਾਂ ਨੇ ਪਹਿਲਾਂ ਸਾਡੀ ਗੱਲ ਨਹੀਂ ਸੁਣੀ?
2. ਪ੍ਰਚਾਰ ਵਿਚ ਲੱਗੇ ਰਹਿਣ ਦਾ ਮੁੱਖ ਕਾਰਨ ਕੀ ਹੈ?
2 ਯਹੋਵਾਹ ਅਤੇ ਲੋਕਾਂ ਲਈ ਪਿਆਰ: ਪ੍ਰਚਾਰ ਵਿਚ ਲੱਗੇ ਰਹਿਣ ਦਾ ਮੁੱਖ ਕਾਰਨ ਯਹੋਵਾਹ ਲਈ ਪਿਆਰ ਹੈ। ਸਾਡਾ ਦਿਲ ਸਾਨੂੰ ਪ੍ਰੇਰਦਾ ਹੈ ਕਿ ਅਸੀਂ ਲੋਕਾਂ ਨੂੰ ਆਪਣੇ ਮਹਾਨ ਪਰਮੇਸ਼ੁਰ ਬਾਰੇ ਦੱਸਦੇ ਰਹੀਏ। (ਲੂਕਾ 6:45) ਯਹੋਵਾਹ ਲਈ ਪਿਆਰ ਸਾਨੂੰ ਪ੍ਰੇਰਦਾ ਹੈ ਕਿ ਅਸੀਂ ਉਸ ਦੇ ਹੁਕਮਾਂ ਨੂੰ ਮੰਨੀਏ ਅਤੇ ਦੂਸਰਿਆਂ ਦੀ ਵੀ ਇਹੀ ਕਰਨ ਵਿਚ ਮਦਦ ਕਰੀਏ। (ਕਹਾ. 27:11; 1 ਯੂਹੰ. 5:3) ਸਾਡਾ ਇਸ ਕੰਮ ਵਿਚ ਲੱਗੇ ਰਹਿਣਾ ਇਸ ਗੱਲ ਤੇ ਨਿਰਭਰ ਨਹੀਂ ਕਰਦਾ ਕਿ ਲੋਕ ਸਾਡੀ ਗੱਲ ਸੁਣਨ। ਪਹਿਲੀ ਸਦੀ ਦੇ ਮਸੀਹੀ ਸਤਾਏ ਜਾਣ ਦੇ ਬਾਵਜੂਦ ਵੀ ਪ੍ਰਚਾਰ ਕਰਨ ਤੋਂ “ਨਾ ਹਟੇ।” (ਰਸੂ. 5:42) ਲੋਕਾਂ ਵੱਲੋਂ ਸਾਡੀ ਗੱਲ ਸੁਣਨ ਤੋਂ ਇਨਕਾਰ ਕਰਨ ਤੇ ਅਸੀਂ ਨਿਰਾਸ਼ ਨਹੀਂ ਹੁੰਦੇ, ਸਗੋਂ ਹੋਰ ਦ੍ਰਿੜ੍ਹ ਹੁੰਦੇ ਹਾਂ ਤੇ ਯਹੋਵਾਹ ਲਈ ਆਪਣੇ ਪਿਆਰ ਅਤੇ ਸ਼ਰਧਾ ਦਾ ਸਬੂਤ ਦਿੰਦੇ ਹਾਂ।
3. ਗੁਆਂਢੀ ਲਈ ਪਿਆਰ ਪ੍ਰਚਾਰ ਕਰਦੇ ਰਹਿਣ ਵਿਚ ਕਿਵੇਂ ਸਾਡੀ ਮਦਦ ਕਰਦਾ ਹੈ?
3 ਅਸੀਂ ਇਸ ਕਰਕੇ ਵੀ ਪ੍ਰਚਾਰ ਕੰਮ ਵਿਚ ਲੱਗੇ ਰਹਿੰਦੇ ਹਾਂ ਕਿਉਂਕਿ ਅਸੀਂ ਆਪਣੇ ਗੁਆਂਢੀ ਨਾਲ ਪਿਆਰ ਕਰਦੇ ਹਾਂ। (ਲੂਕਾ 10:27) ਯਹੋਵਾਹ ਨਹੀਂ ਚਾਹੁੰਦਾ ਕਿ ਕਿਸੇ ਦਾ ਵੀ ਨਾਸ਼ ਹੋਵੇ। (2 ਪਤ. 3:9) ਜਿਨ੍ਹਾਂ ਇਲਾਕਿਆਂ ਵਿਚ ਵਾਰ-ਵਾਰ ਪ੍ਰਚਾਰ ਕੀਤਾ ਜਾਂਦਾ ਹੈ, ਉਨ੍ਹਾਂ ਵਿਚ ਵੀ ਅਜਿਹੇ ਲੋਕ ਮਿਲਦੇ ਰਹਿੰਦੇ ਹਨ ਜਿਹੜੇ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ। ਉਦਾਹਰਣ ਲਈ, ਗਵਾਡਲੂਪ ਟਾਪੂ ਉੱਤੇ ਹਰ 56 ਲੋਕਾਂ ਪਿੱਛੇ ਇਕ ਬੰਦਾ ਯਹੋਵਾਹ ਦਾ ਗਵਾਹ ਹੈ। ਉੱਥੇ ਪਿਛਲੇ ਸਾਲ 214 ਲੋਕਾਂ ਨੇ ਬਪਤਿਸਮਾ ਲਿਆ। ਤਕਰੀਬਨ 20,000 ਲੋਕ ਮਸੀਹ ਦੇ ਯਾਦਗਾਰੀ ਸਮਾਰੋਹ ਵਿਚ ਆਏ, ਯਾਨੀ ਹਰ 22 ਲੋਕਾਂ ਪਿੱਛੇ ਇਕ ਜਣਾ ਆਇਆ।
4. ਇਲਾਕੇ ਵਿਚ ਕਿਹੜੀਆਂ ਤਬਦੀਲੀਆਂ ਆਉਂਦੀਆਂ ਹਨ?
4 ਇਲਾਕੇ ਵਿਚ ਤਬਦੀਲੀਆਂ: ਸਾਡੇ ਇਲਾਕੇ ਵਿਚ ਵੀ ਲਗਾਤਾਰ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਅਗਲੀ ਵਾਰ ਉਸ ਘਰ ਜਾਣ ਤੇ ਜਿੱਥੇ ਪਹਿਲਾਂ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਸੀ, ਸ਼ਾਇਦ ਕੋਈ ਹੋਰ ਮੈਂਬਰ ਦਰਵਾਜ਼ਾ ਖੋਲ੍ਹੇ ਜਿਸ ਨੂੰ ਪਹਿਲਾਂ ਸਾਡਾ ਸੰਦੇਸ਼ ਸੁਣਨ ਦਾ ਮੌਕਾ ਨਹੀਂ ਮਿਲਿਆ ਸੀ। ਉਹ ਸ਼ਾਇਦ ਸਾਡੀ ਗੱਲ ਸੁਣੇ। ਜਾਂ ਉਸ ਘਰ ਵਿਚ ਕੋਈ ਹੋਰ ਪਰਿਵਾਰ ਆ ਕੇ ਰਹਿਣ ਲੱਗ ਪਵੇ ਜੋ ਸਾਡੇ ਸੰਦੇਸ਼ ਵਿਚ ਦਿਲਚਸਪੀ ਲਵੇ। ਵਿਰੋਧ ਕਰਨ ਵਾਲੇ ਲੋਕਾਂ ਦੇ ਬੱਚੇ ਵੱਡੇ ਹੋ ਕੇ ਕਿਤੇ ਹੋਰ ਰਹਿਣ ਲੱਗ ਪੈਂਦੇ ਹਨ। ਉਹ ਵੀ ਰਾਜ ਦੇ ਸੰਦੇਸ਼ ਵਿਚ ਦਿਲਚਸਪੀ ਦਿਖਾ ਸਕਦੇ ਹਨ।
5. ਲੋਕ ਕਿਨ੍ਹਾਂ ਗੱਲਾਂ ਕਰਕੇ ਸਾਡੀ ਗੱਲ ਸੁਣ ਸਕਦੇ ਹਨ?
5 ਲੋਕ ਵੀ ਬਦਲ ਜਾਂਦੇ ਹਨ। ਪੌਲੁਸ ਰਸੂਲ ਇਕ ਸਮੇਂ ਤੇ ‘ਕੁਫ਼ਰ ਬਕਣ ਵਾਲਾ ਅਤੇ ਸਤਾਉਣ ਵਾਲਾ ਅਤੇ ਧੱਕੇਖੋਰਾ ਸੀ।’ (1 ਤਿਮੋ. 1:13) ਇਸੇ ਤਰ੍ਹਾਂ, ਅੱਜ ਯਹੋਵਾਹ ਦੀ ਸੇਵਾ ਕਰਨ ਵਾਲੇ ਕਈ ਗਵਾਹਾਂ ਦੀ ਇਕ ਸਮੇਂ ਤੇ ਸੱਚਾਈ ਵਿਚ ਕੋਈ ਦਿਲਚਸਪੀ ਨਹੀਂ ਸੀ। ਕੁਝ ਨੇ ਤਾਂ ਖ਼ੁਸ਼ ਖ਼ਬਰੀ ਦਾ ਵਿਰੋਧ ਵੀ ਕੀਤਾ ਸੀ। ਦੁਨੀਆਂ ਦੇ ਬਦਲਦੇ ਹਾਲਾਤ ਦੇਖ ਕੇ ਕੁਝ ਵਿਰੋਧੀ ਜਾਂ ਬੇਦਿਲੇ ਲੋਕ ਸ਼ਾਇਦ ਸਾਡੀ ਗੱਲ ਸੁਣਨ। ਕਈ ਲੋਕ ਪਰਿਵਾਰ ਦੇ ਕਿਸੇ ਜੀਅ ਦੀ ਮੌਤ, ਨੌਕਰੀ ਚਲੀ ਜਾਣ ਕਰਕੇ, ਪੈਸੇ ਪੱਖੋਂ ਹੱਥ ਤੰਗ ਹੋਣ ਕਰਕੇ, ਸਿਹਤ ਖ਼ਰਾਬ ਹੋ ਜਾਣ ਕਰਕੇ ਜਾਂ ਕਿਸੇ ਹੋਰ ਇਹੋ ਜਿਹੀ ਮੁਸੀਬਤ ਕਰਕੇ ਸਾਡੀ ਗੱਲ ਸੁਣਨ।
6. ਸਾਨੂੰ ਜੋਸ਼ ਨਾਲ ਪ੍ਰਚਾਰ ਵਿਚ ਕਿਉਂ ਲੱਗੇ ਰਹਿਣਾ ਚਾਹੀਦਾ ਹੈ?
6 ਜਿਉਂ-ਜਿਉਂ ਇਹ ਦੁਸ਼ਟ ਦੁਨੀਆਂ ਨਾਸ਼ ਵੱਲ ਵਧ ਰਹੀ ਹੈ, ਤਿਉਂ-ਤਿਉਂ ਸਾਡੇ ਪ੍ਰਚਾਰ ਅਤੇ ਸਿੱਖਿਆ ਦੇ ਕੰਮ ਵਿਚ ਤੇਜ਼ੀ ਆਉਂਦੀ ਜਾ ਰਹੀ ਹੈ। (ਯਸਾ. 60:22) ਇਸ ਲਈ, ਅਸੀਂ ਜੋਸ਼ ਨਾਲ ਪ੍ਰਚਾਰ ਕਰਦੇ ਰਹਿੰਦੇ ਹਾਂ ਅਤੇ ਇਸ ਕੰਮ ਪ੍ਰਤੀ ਸਹੀ ਨਜ਼ਰੀਆ ਰੱਖਦੇ ਹਾਂ। ਅਗਲੀ ਵਾਰ ਸ਼ਾਇਦ ਕੋਈ ਸਾਡੀ ਗੱਲ ਸੁਣ ਲਵੇ। ਇਸ ਲਈ ਅਸੀਂ ਲੋਕਾਂ ਨੂੰ ਸੰਦੇਸ਼ ਦਿੰਦੇ ਰਹਿਣਾ ਹੈ। ‘ਅਸੀਂ ਇਹ ਕਰ ਕੇ ਨਾਲੇ ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਵਾਂਗੇ।’—1 ਤਿਮੋ. 4:16.