“ਅਸੀਂ ਆਪਣੇ ਖੇਤਰ ਵਿਚ ਬਹੁਤ ਵਾਰ ਪ੍ਰਚਾਰ ਕਰ ਚੁੱਕੇ ਹਾਂ!”
1 ਕੀ ਤੁਸੀਂ ਕਦੇ ਇੱਦਾਂ ਮਹਿਸੂਸ ਕੀਤਾ ਕਿ ਤੁਹਾਡੇ ਖੇਤਰ ਵਿਚ ਐਨੀ ਵਾਰੀ ਪ੍ਰਚਾਰ ਹੋ ਚੁੱਕਾ ਹੈ ਕਿ ਉੱਥੇ ਹੁਣ ਹੋਰ ਭੇਡ-ਸਮਾਨ ਲੋਕ ਨਹੀਂ ਹਨ? ਸ਼ਾਇਦ ਤੁਸੀਂ ਸੋਚਿਆ ਹੋਵੇ: ‘ਮੈਨੂੰ ਪਤਾ ਹੈ ਕਿ ਲੋਕ ਕਿੱਦਾਂ ਦਾ ਹੁੰਗਾਰਾ ਭਰਨਗੇ। ਫਿਰ ਕਿਉਂ ਉਨ੍ਹਾਂ ਲੋਕਾਂ ਕੋਲ ਜਾ ਕੇ ਆਪਣਾ ਸਮਾਂ ਬਰਬਾਦ ਕਰੀਏ ਜਿਹੜੇ ਸਾਡੀ ਗੱਲ ਹੀ ਨਹੀਂ ਸੁਣਦੇ?’ ਇਹ ਸੱਚ ਹੈ ਕਿ ਬਹੁਤ ਸਾਰੇ ਖੇਤਰਾਂ ਵਿਚ ਵਾਰ-ਵਾਰ ਪ੍ਰਚਾਰ ਕੀਤਾ ਜਾਂਦਾ ਹੈ। ਪਰ ਫਿਰ ਵੀ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਸਹੀ ਰਵੱਈਆ ਰੱਖਣਾ ਚਾਹੀਦਾ ਹੈ। ਕਿਉਂ? ਇਸ ਦੇ ਜਵਾਬ ਲਈ ਹੇਠ ਦਿੱਤੇ ਚਾਰ ਕਾਰਨਾਂ ਵੱਲ ਧਿਆਨ ਦਿਓ।
2 ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲਿਆ ਹੈ: ਯਿਸੂ ਨੇ ਕਿਹਾ: “ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਨੂੰ ਵਾਢੇ ਘੱਲ ਦੇਵੇ।” (ਲੂਕਾ 10:2) ਦਹਾਕਿਆਂ ਤੋਂ ਅਸੀਂ ਯਹੋਵਾਹ ਨੂੰ ਬੇਨਤੀ ਕਰਦੇ ਆਏ ਹਾਂ ਕਿ ਉਹ ਹੋਰ ਵਾਢੇ ਘੱਲੇ। ਕਈ ਥਾਵਾਂ ਤੇ ਹੁਣ ਸਾਡੇ ਕੋਲ ਜ਼ਰੂਰਤ ਤੋਂ ਵੱਧ ਵਾਢੇ ਹਨ ਜਿਸ ਕਰਕੇ ਅਸੀਂ ਇੱਕੋ ਖੇਤਰ ਵਿਚ ਵਾਰ-ਵਾਰ ਪ੍ਰਚਾਰ ਕਰ ਰਹੇ ਹਾਂ। ਕੀ ਸਾਡੇ ਲਈ ਇਹ ਖ਼ੁਸ਼ੀ ਦੀ ਗੱਲ ਨਹੀਂ ਹੈ ਕਿ ਯਹੋਵਾਹ ਨੇ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਹੈ?
3 ਪ੍ਰਚਾਰ ਕਰਦੇ ਰਹਿਣ ਦਾ ਚੰਗਾ ਫਲ ਮਿਲਦਾ ਹੈ: ਜਿਨ੍ਹਾਂ ਖੇਤਰਾਂ ਵਿਚ ਵਾਰ-ਵਾਰ ਪ੍ਰਚਾਰ ਕੀਤਾ ਗਿਆ ਹੈ, ਉੱਥੇ ਵੀ ਲੋਕ ਰਾਜ ਸੰਦੇਸ਼ ਨੂੰ ਸੁਣ ਰਹੇ ਹਨ ਤੇ ਸੱਚਾਈ ਦਾ ਗਿਆਨ ਲੈ ਰਹੇ ਹਨ। ਇਸ ਲਈ ਸਾਨੂੰ ਚੰਗੇ ਦਿਲ ਵਾਲੇ ਲੋਕਾਂ ਨੂੰ ਲੱਭਣ ਦੀ ਉਮੀਦ ਨਾਲ ਆਪਣੇ ਖੇਤਰ ਵਿਚ ਵਾਰ-ਵਾਰ ਪ੍ਰਚਾਰ ਕਰਨਾ ਚਾਹੀਦਾ ਹੈ। (ਯਸਾ. 6:8-11) ਯਿਸੂ ਦੇ ਪਹਿਲੇ ਚੇਲਿਆਂ ਵਾਂਗ, ਸਾਨੂੰ ਵੀ ਆਪਣੇ ਇਲਾਕੇ ਦੇ ਲੋਕਾਂ ਕੋਲ ‘ਵਾਰ-ਵਾਰ ਜਾਣਾ’ ਚਾਹੀਦਾ ਹੈ ਅਤੇ ਪਰਮੇਸ਼ੁਰ ਦੇ ਰਾਜ ਵਿਚ ਉਨ੍ਹਾਂ ਦੀ ਦਿਲਚਸਪੀ ਨੂੰ ਜਗਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਮੱਤੀ 10:6, 7, ਨਿ ਵ.
4 ਪੁਰਤਗਾਲ ਵਿਚ ਬਹੁਤ ਸਾਰੀਆਂ ਕਲੀਸਿਯਾਵਾਂ ਦੇ ਭੈਣ-ਭਰਾ ਹਰ ਹਫ਼ਤੇ ਇੱਕੋ ਖੇਤਰ ਵਿਚ ਵਾਰ-ਵਾਰ ਪ੍ਰਚਾਰ ਕਰਦੇ ਹਨ, ਪਰ ਉਨ੍ਹਾਂ ਨੂੰ ਅਜੇ ਵੀ ਉਸ ਖੇਤਰ ਵਿਚ ਭੇਡ-ਸਮਾਨ ਲੋਕ ਮਿਲ ਰਹੇ ਹਨ। ਖ਼ਾਸਕਰ ਇਕ ਭੈਣ ਦਾ ਇਸ ਪ੍ਰਤੀ ਬੜਾ ਵਧੀਆ ਰਵੱਈਆ ਹੈ। ਉਹ ਕਹਿੰਦੀ ਹੈ: “ਹਰ ਸਵੇਰ ਪ੍ਰਚਾਰ ਤੇ ਜਾਣ ਤੋਂ ਪਹਿਲਾਂ, ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਲੱਭਣ ਵਿਚ ਮੇਰੀ ਮਦਦ ਕਰੇ ਜੋ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਜਾਵੇ।” ਇਕ ਦਿਨ ਉਸ ਨੇ ਹੇਅਰ-ਡਰੈੱਸਰ ਦੀ ਦੁਕਾਨ ਵਿਚ ਕੰਮ ਕਰ ਰਹੇ ਵਿਅਕਤੀਆਂ ਨੂੰ ਸਟੱਡੀ ਕਰਾਉਣ ਦਾ ਇੰਤਜ਼ਾਮ ਕੀਤਾ। ਪਰ ਬਾਅਦ ਵਿਚ ਸਿਰਫ਼ ਇਕ ਤੀਵੀਂ ਹੀ ਸਟੱਡੀ ਕਰਨ ਲਈ ਇਸ ਭੈਣ ਕੋਲ ਆਈ। ਉਸ ਨੇ ਕਿਹਾ: “ਦੂਜੇ ਸਟੱਡੀ ਕਰਨ ਵਿਚ ਦਿਲਚਸਪੀ ਨਹੀਂ ਰੱਖਦੇ, ਪਰ ਮੈਂ ਰੱਖਦੀ ਹਾਂ।” ਇਕ ਮਹੀਨੇ ਦੇ ਅੰਦਰ-ਅੰਦਰ ਇਹ ਤੀਵੀਂ ਖ਼ੁਦ ਵੀ ਦੋ ਸਟੱਡੀਆਂ ਕਰਾ ਰਹੀ ਸੀ। ਉਸ ਤੋਂ ਜਲਦੀ ਬਾਅਦ ਉਸ ਦਾ ਬਪਤਿਸਮਾ ਹੋ ਗਿਆ ਤੇ ਬਾਅਦ ਵਿਚ ਉਹ ਪਾਇਨੀਅਰੀ ਕਰਨ ਲੱਗ ਪਈ!
5 ਕੰਮ ਹੋ ਰਿਹਾ ਹੈ: ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋ ਰਿਹਾ ਹੈ, ਜਿਵੇਂ ਯਿਸੂ ਨੇ ਭਵਿੱਖਬਾਣੀ ਕੀਤੀ ਸੀ। (ਮੱਤੀ 24:14) ਇੱਥੋਂ ਤਕ ਕਿ ਉਨ੍ਹਾਂ ਥਾਵਾਂ ਤੇ ਵੀ ਪ੍ਰਚਾਰ ਕੰਮ ਦੁਆਰਾ ਲੋਕਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਜਿੱਥੋਂ ਦੇ ਲੋਕ ‘ਸਾਡੀ ਨਹੀਂ ਸੁਣਨਾ ਚਾਹੁੰਦੇ।’ ਸਾਨੂੰ ਪਤਾ ਹੈ ਕਿ ਕੁਝ ਲੋਕ ਸੱਚਾਈ ਨੂੰ ਨਹੀਂ ਅਪਣਾਉਣਗੇ ਜਾਂ ਉਹ ਸੱਚਾਈ ਦਾ ਵਿਰੋਧ ਵੀ ਕਰਨਗੇ। ਪਰ ਅਜਿਹੇ ਲੋਕਾਂ ਨੂੰ ਯਹੋਵਾਹ ਦੇ ਆਉਣ ਵਾਲੇ ਨਿਆਂ ਦੀ ਚੇਤਾਵਨੀ ਜ਼ਰੂਰ ਦਿੱਤੀ ਜਾਣੀ ਹੈ।—ਹਿਜ਼. 2:4, 5; 3:7, 8, 19.
6 ਸਾਡਾ ਕੰਮ ਅਜੇ ਖ਼ਤਮ ਨਹੀਂ ਹੋਇਆ: ਇਹ ਫ਼ੈਸਲਾ ਕਰਨਾ ਸਾਡੇ ਹੱਥ ਵਿਚ ਨਹੀਂ ਹੈ ਕਿ ਅਸੀਂ ਪ੍ਰਚਾਰ ਕਰਨਾ ਕਦੋਂ ਬੰਦ ਕਰੀਏ। ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਇਹ ਕਦੋਂ ਬੰਦ ਕਰਨਾ ਹੈ। ਉਹ ਜਾਣਦਾ ਹੈ ਕਿ ਸਾਡੇ ਖੇਤਰ ਵਿਚ ਖ਼ੁਸ਼ ਖ਼ਬਰੀ ਨੂੰ ਸੁਣਨ ਵਾਲੇ ਲੋਕ ਅਜੇ ਵੀ ਬਾਕੀ ਹਨ ਜਾਂ ਨਹੀਂ। ਅੱਜ ਕੁਝ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਨ ਵਿਚ ਕੋਈ ਦਿਲਚਸਪੀ ਨਹੀਂ ਹੈ, ਪਰ ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਵੱਡੀਆਂ ਤਬਦੀਲੀਆਂ ਆ ਸਕਦੀਆਂ ਹਨ ਜਿੱਦਾਂ ਨੌਕਰੀ ਚਲੀ ਜਾਣੀ, ਗੰਭੀਰ ਬਿਮਾਰੀ ਹੋਣੀ ਜਾਂ ਕਿਸੇ ਪਿਆਰੇ ਦੀ ਮੌਤ ਹੋ ਜਾਣੀ। ਇਨ੍ਹਾਂ ਹਾਲਾਤਾਂ ਕਰਕੇ ਸ਼ਾਇਦ ਅਗਲੀ ਵਾਰ ਉਹ ਸਾਡੀ ਗੱਲ ਸੁਣਨ ਨੂੰ ਤਿਆਰ ਹੋ ਜਾਣ। ਹੋ ਸਕਦਾ ਉਨ੍ਹਾਂ ਨੇ ਪਹਿਲਾਂ ਹੀ ਸਾਡੇ ਬਾਰੇ ਗ਼ਲਤ ਰਾਇ ਕਾਇਮ ਕਰਨ ਕਰਕੇ ਜਾਂ ਬਹੁਤ ਜ਼ਿਆਦਾ ਰੁੱਝੇ ਹੋਣ ਕਰਕੇ ਕਦੇ ਸੁਣਿਆ ਹੀ ਨਹੀਂ ਕਿ ਅਸੀਂ ਕੀ ਪ੍ਰਚਾਰ ਕਰਦੇ ਹਾਂ। ਵਾਰ-ਵਾਰ ਉਨ੍ਹਾਂ ਨੂੰ ਦੋਸਤਾਨਾ ਤਰੀਕੇ ਨਾਲ ਮਿਲਣ ਨਾਲ ਸ਼ਾਇਦ ਉਹ ਸਾਡੀ ਗੱਲ ਸੁਣਨ ਲਈ ਤਿਆਰ ਹੋ ਜਾਣ।
7 ਜਿਹੜੇ ਬੱਚੇ ਹਾਲ ਹੀ ਦੇ ਸਾਲਾਂ ਵਿਚ ਵੱਡੇ ਹੋਏ ਹਨ ਤੇ ਜਿਨ੍ਹਾਂ ਦੇ ਹੁਣ ਆਪਣੇ ਪਰਿਵਾਰ ਹਨ, ਉਹ ਆਪਣੀ ਜ਼ਿੰਦਗੀ ਬਾਰੇ ਗੰਭੀਰਤਾ ਨਾਲ ਸੋਚ ਰਹੇ ਹਨ ਤੇ ਇੱਦਾਂ ਦੇ ਸਵਾਲ ਪੁੱਛ ਰਹੇ ਹਨ ਜਿਨ੍ਹਾਂ ਦਾ ਜਵਾਬ ਸਿਰਫ਼ ਪਰਮੇਸ਼ੁਰ ਦਾ ਬਚਨ ਹੀ ਦੇ ਸਕਦਾ ਹੈ। ਇਕ ਜਵਾਨ ਮਾਂ ਨੇ ਦੋ ਗਵਾਹਾਂ ਨੂੰ ਆਪਣੇ ਘਰ ਬੁਲਾਇਆ ਤੇ ਕਿਹਾ: “ਜਦੋਂ ਮੈਂ ਛੋਟੀ ਹੁੰਦੀ ਸੀ, ਤਾਂ ਮੈਂ ਸਮਝ ਨਹੀਂ ਸਕੀ ਕਿ ਕਿਉਂ ਮੇਰੇ ਮੰਮੀ ਗਵਾਹਾਂ ਨੂੰ ਦਰਵਾਜ਼ਿਓਂ ਹੀ ਮੋੜ ਦਿੰਦੇ ਸਨ ਤੇ ਉਨ੍ਹਾਂ ਨੂੰ ਕਹਿੰਦੇ ਸਨ ਕਿ ਉਹ ਉਨ੍ਹਾਂ ਦੀ ਗੱਲ ਨਹੀਂ ਸੁਣਨਾ ਚਾਹੁੰਦੇ, ਜਦ ਕਿ ਗਵਾਹ ਬਾਈਬਲ ਬਾਰੇ ਗੱਲ ਕਰਨੀ ਚਾਹੁੰਦੇ ਸਨ। ਤਦ ਮੈਂ ਆਪਣਾ ਮਨ ਬਣਾਇਆ ਕਿ ਜਦੋਂ ਮੈਂ ਵੱਡੀ ਹੋਵਾਂਗੀ ਤੇ ਵਿਆਹ ਕਰਾ ਕੇ ਆਪਣਾ ਘਰ ਵਸਾਂਵਾਂਗੀ, ਤਾਂ ਮੈਂ ਯਹੋਵਾਹ ਦੇ ਗਵਾਹਾਂ ਨੂੰ ਅੰਦਰ ਬੁਲਾ ਕੇ ਕਹਾਂਗੀ ਕਿ ਮੈਨੂੰ ਬਾਈਬਲ ਬਾਰੇ ਦੱਸੋ।” ਅਤੇ ਉਸ ਨੇ ਇੱਦਾਂ ਹੀ ਕੀਤਾ। ਜਿਨ੍ਹਾਂ ਗਵਾਹਾਂ ਨੂੰ ਉਸ ਨੇ ਅੰਦਰ ਬੁਲਾਇਆ, ਉਨ੍ਹਾਂ ਲਈ ਇਹ ਬੜੀ ਖ਼ੁਸ਼ੀ ਦੀ ਗੱਲ ਸੀ।
8 ਕੀ ਤੁਸੀਂ ਹੋਰ ਚੰਗੇ ਤਰੀਕੇ ਨਾਲ ਪ੍ਰਚਾਰ ਕਰ ਸਕਦੇ ਹੋ? ਇਹ ਜ਼ਰੂਰੀ ਨਹੀਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਮਿਲਦੇ ਹਾਂ, ਉਨ੍ਹਾਂ ਕਰਕੇ ਖੇਤਰ ਵਿਚ ਵਾਰ-ਵਾਰ ਪ੍ਰਚਾਰ ਕਰਨਾ ਸਾਨੂੰ ਮੁਸ਼ਕਲ ਲੱਗੇ। ਕਈ ਵਾਰੀ ਅਸੀਂ ਆਪ ਹੀ ਇੱਦਾਂ ਕਰਨਾ ਮੁਸ਼ਕਲ ਬਣਾਉਂਦੇ ਹਾਂ। ਕੀ ਅਸੀਂ ਇੱਦਾਂ ਦੇ ਵਿਚਾਰ ਮਨ ਵਿਚ ਰੱਖ ਕੇ ਪ੍ਰਚਾਰ ਸ਼ੁਰੂ ਕਰਦੇ ਹਾਂ ਕਿ ਪਤਾ ਨਹੀਂ ਲੋਕਾਂ ਨੇ ਸੁਣਨਾ ਹੈ ਜਾਂ ਨਹੀਂ? ਇੱਦਾਂ ਦੇ ਵਿਚਾਰਾਂ ਦਾ ਸਾਡੇ ਰਵੱਈਏ, ਸਾਡੇ ਬੋਲਣ ਦੇ ਲਹਿਜੇ ਤੇ ਚਿਹਰੇ ਦੇ ਹਾਵ-ਭਾਵਾਂ ਉੱਤੇ ਅਸਰ ਪੈ ਸਕਦਾ ਹੈ। ਇਸ ਲਈ ਸਹੀ ਰਵੱਈਆ ਰੱਖੋ ਅਤੇ ਚਿਹਰੇ ਤੇ ਵੀ ਖ਼ੁਸ਼ੀ ਜ਼ਾਹਰ ਕਰੋ। ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨਾਲ ਗੱਲਬਾਤ ਸ਼ੁਰੂ ਕਰੋ। ਵੱਖਰੀਆਂ-ਵੱਖਰੀਆਂ ਪੇਸ਼ਕਾਰੀਆਂ ਵਰਤੋ ਤੇ ਇਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਸ਼ਾਇਦ ਤੁਸੀਂ ਸ਼ੁਰੂ ਵਿਚ ਕੋਈ ਨਵਾਂ ਸਵਾਲ ਪੁੱਛ ਸਕਦੇ ਹੋ ਜਾਂ ਆਪਣੀ ਗੱਲਬਾਤ ਵਿਚ ਕੋਈ ਦੂਸਰੀ ਆਇਤ ਨੂੰ ਵਰਤ ਸਕਦੇ ਹੋ। ਹੋਰਨਾਂ ਭੈਣ-ਭਰਾਵਾਂ ਨੂੰ ਪੁੱਛੋ ਕਿ ਉਸ ਇਲਾਕੇ ਵਿਚ ਪ੍ਰਚਾਰ ਕਰਨ ਵਿਚ ਉਨ੍ਹਾਂ ਨੂੰ ਕਿੱਦਾਂ ਕਾਮਯਾਬੀ ਮਿਲੀ ਹੈ। ਅਲੱਗ-ਅਲੱਗ ਪ੍ਰਕਾਸ਼ਕਾਂ ਤੇ ਪਾਇਨੀਅਰਾਂ ਨਾਲ ਪ੍ਰਚਾਰ ਕਰੋ ਅਤੇ ਧਿਆਨ ਦਿਓ ਕਿ ਕਿਹੜੀ ਗੱਲ ਉਨ੍ਹਾਂ ਦੀ ਸੇਵਕਾਈ ਨੂੰ ਅਸਰਦਾਰ ਬਣਾਉਂਦੀ ਹੈ।
9 ਰਾਜ ਦੇ ਪ੍ਰਚਾਰ ਦਾ ਕੰਮ ਯਹੋਵਾਹ ਦੀ ਮਰਜ਼ੀ ਨਾਲ ਹੁੰਦਾ ਹੈ ਤੇ ਉਹ ਇਸ ਉੱਤੇ ਬਰਕਤ ਪਾਉਂਦਾ ਹੈ। ਇਸ ਵਿਚ ਹਿੱਸਾ ਲੈ ਕੇ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਯਹੋਵਾਹ ਤੇ ਆਪਣੇ ਗੁਆਂਢੀ ਨੂੰ ਪਿਆਰ ਕਰਦੇ ਹਾਂ। (ਮੱਤੀ 22:37-39) ਇਸ ਲਈ ਆਓ ਆਪਾਂ ਆਪਣੇ ਪ੍ਰਚਾਰ ਦਾ ਕੰਮ ਪੂਰਾ ਕਰੀਏ ਤੇ ਆਪਣੇ ਖੇਤਰ ਵਿਚ ਵਾਰ-ਵਾਰ ਪ੍ਰਚਾਰ ਕਰਨ ਤੋਂ ਨਾ ਥੱਕੀਏ।