ਪ੍ਰਸ਼ਨ ਡੱਬੀ
◼ ਦੈਵ-ਸ਼ਾਸਕੀ ਸੇਵਕਾਈ ਸਕੂਲ ਲਾਇਬ੍ਰੇਰੀ ਵਿਚ ਕਿਹੜੇ ਪ੍ਰਕਾਸ਼ਨ ਰੱਖੇ ਜਾਣੇ ਚਾਹੀਦੇ ਹਨ?
ਪਰਮੇਸ਼ੁਰ ਦੇ ਲੋਕਾਂ ਦੇ ਲਾਭ ਲਈ ਭਰਪੂਰ ਅਧਿਆਤਮਿਕ ਪ੍ਰਕਾਸ਼ਨ ਮੁਹੱਈਆ ਕੀਤੇ ਗਏ ਹਨ। ਕਿਉਂਕਿ ਅਨੇਕ ਪ੍ਰਕਾਸ਼ਕਾਂ ਕੋਲ ਨਿੱਜੀ ਤੌਰ ਤੇ ਇਹ ਸਾਰੇ ਪ੍ਰਕਾਸ਼ਨ ਨਹੀਂ ਹਨ, ਰਾਜ ਗ੍ਰਹਿ ਵਿਖੇ ਦੈਵ-ਸ਼ਾਸਕੀ ਸੇਵਕਾਈ ਸਕੂਲ ਲਾਇਬ੍ਰੇਰੀ ਉਨ੍ਹਾਂ ਪ੍ਰਕਾਸ਼ਨਾਂ ਵਿੱਚੋਂ ਖੋਜ ਕਰਨ ਦੇ ਸਾਧਨ ਪ੍ਰਦਾਨ ਕਰਦੀ ਹੈ ਜੋ ਸ਼ਾਇਦ ਉਪਲਬਧ ਨਾ ਹੁੰਦੇ। ਇਸ ਲਈ, ਇਸ ਵਿਚ ਤਰ੍ਹਾਂ-ਤਰ੍ਹਾਂ ਦੇ ਬਾਈਬਲ ਤਰਜਮੇ, ਸੰਸਥਾ ਦੇ ਵਰਤਮਾਨ ਪ੍ਰਕਾਸ਼ਨ, ਸਾਡੀ ਰਾਜ ਸੇਵਕਾਈ ਦੀਆਂ ਕਾਪੀਆਂ, ਪਹਿਰਾਬੁਰਜ ਅਤੇ ਅਵੇਕ! ਦੇ ਜਿਲਦਬੱਧ ਖੰਡ, ਅਤੇ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ (ਅੰਗ੍ਰੇਜ਼ੀ) ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਇਕ ਚੰਗਾ ਆਧੁਨਿਕ ਸ਼ਬਦ-ਕੋਸ਼ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਜੇਕਰ ਉਪਲਬਧ ਹੋਵੇ, ਤਾਂ ਵਿਸ਼ਵ-ਕੋਸ਼, ਅਟਲਸ, ਜਾਂ ਵਿਆਕਰਣ ਅਤੇ ਇਤਿਹਾਸ ਦੀਆਂ ਰੈਫ਼ਰੈਂਸ ਪੁਸਤਕਾਂ ਸ਼ਾਇਦ ਲਾਭਦਾਇਕ ਹੋਣ। ਪਰੰਤੂ, ਪ੍ਰਮੁੱਖ ਮਹੱਤਤਾ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਮੁਹੱਈਆ ਕੀਤੇ ਗਏ ਪ੍ਰਕਾਸ਼ਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ।—ਮੱਤੀ 24:45.
ਕਈ ਮਾਮਲਿਆਂ ਵਿਚ ਇਹ ਰਿਪੋਰਟ ਕੀਤਾ ਗਿਆ ਹੈ ਕਿ ਦੈਵ-ਸ਼ਾਸਕੀ ਸੇਵਕਾਈ ਸਕੂਲ ਲਾਇਬ੍ਰੇਰੀ ਵਿਚ ਇਤਰਾਜ਼ਯੋਗ ਕਿਸਮ ਦੀਆਂ ਪੁਸਤਕਾਂ ਰੱਖੀਆਂ ਗਈਆਂ ਹਨ। ਇਸ ਵਿਚ ਨਾਵਲ, ਬਾਈਬਲ ਵਿਆਖਿਆਵਾਂ ਜੋ ਮੂਲ-ਪਾਠ ਸਮੀਖਿਆ ਨੂੰ ਉਜਾਗਰ ਕਰਦੀਆਂ ਹਨ, ਜਾਂ ਫ਼ਲਸਫ਼ਾ ਜਾਂ ਪ੍ਰੇਤਵਾਦ ਦੀਆਂ ਪੁਸਤਕਾਂ ਨੂੰ ਸ਼ਾਮਲ ਕਰਨਾ ਢੁਕਵਾਂ ਨਹੀਂ ਹੋਵੇਗਾ। ਦੈਵ-ਸ਼ਾਸਕੀ ਸੇਵਕਾਈ ਸਕੂਲ ਲਾਇਬ੍ਰੇਰੀ ਵਿਚ ਕੇਵਲ ਉਹ ਸਾਮੱਗਰੀ ਹੋਣੀ ਚਾਹੀਦੀ ਹੈ ਜੋ ਇਸ ਦੀ ਵਰਤੋਂ ਕਰਨ ਵਾਲਿਆਂ ਨੂੰ ਲਗਾਤਾਰ ਅਧਿਆਤਮਿਕ ਤਰੱਕੀ ਕਰਨ ਦੇ ਯੋਗ ਬਣਾਵੇਗੀ।—1 ਤਿਮੋ. 4:15.
ਸਕੂਲ ਨਿਗਾਹਬਾਨ ਲਾਇਬ੍ਰੇਰੀ ਲਈ ਜ਼ਿੰਮੇਵਾਰ ਹੁੰਦਾ ਹੈ, ਹਾਲਾਂਕਿ ਇਸ ਦੀ ਦੇਖ-ਭਾਲ ਕਰਨ ਵਿਚ ਉਸ ਦੀ ਮਦਦ ਕਰਨ ਲਈ ਕਿਸੇ ਦੂਜੇ ਭਰਾ ਨੂੰ ਨਿਯੁਕਤ ਕੀਤਾ ਜਾ ਸਕਦਾ ਹੈ। ਉਸ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਨਵੇਂ ਪ੍ਰਕਾਸ਼ਨ ਉਪਲਬਧ ਹੁੰਦੇ ਹੀ ਲਾਇਬ੍ਰੇਰੀ ਵਿਚ ਸ਼ਾਮਲ ਕੀਤੇ ਜਾਣ। ਹਰੇਕ ਪੁਸਤਕ ਦੇ ਪਹਿਲੇ ਸਫ਼ੇ ਉੱਤੇ ਉਸ ਕਲੀਸਿਯਾ ਦੇ ਨਾਂ ਦੀ ਸਪੱਸ਼ਟ ਛਾਪ ਹੋਣੀ ਚਾਹੀਦੀ ਹੈ ਜਿਸ ਦੀ ਇਹ ਪੁਸਤਕ ਹੈ। ਹਰ ਸਾਲ ਪੁਸਤਕਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਕਿਸੇ ਪੁਸਤਕ ਨੂੰ ਮੁਰੰਮਤ ਕਰਨ ਜਾਂ ਬਦਲਣ ਦੀ ਲੋੜ ਤਾਂ ਨਹੀਂ।
ਲਾਇਬ੍ਰੇਰੀ ਦੀ ਦੇਖ-ਭਾਲ ਕਰਨ ਵਿਚ ਸਾਰੇ ਸਹਿਯੋਗ ਦੇ ਸਕਦੇ ਹਨ। ਪੁਸਤਕਾਂ ਦੀ ਵਰਤੋਂ ਵਿਚ ਸਾਵਧਾਨੀ ਵਰਤਣੀ ਚਾਹੀਦੀ ਹੈ। ਬੱਚਿਆਂ ਨੂੰ ਇਨ੍ਹਾਂ ਦੇ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ, ਅਤੇ ਨਾ ਹੀ ਕਿਸੇ ਨੂੰ ਇਨ੍ਹਾਂ ਵਿਚ ਨਿਸ਼ਾਨ ਲਾਉਣੇ ਚਾਹੀਦੇ ਹਨ। ਇਕ ਸਾਫ਼-ਸੁਥਰਾ ਸੂਚਨਾ ਫੱਟਾ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ, ਇਹ ਯਾਦ ਦਿਲਾਉਣ ਲਈ ਕਿ ਪੁਸਤਕਾਂ ਨੂੰ ਰਾਜ ਗ੍ਰਹਿ ਤੋਂ ਬਾਹਰ ਨਹੀਂ ਲੈ ਜਾਣਾ ਚਾਹੀਦਾ ਹੈ।
ਲਗਾਤਾਰ ਨਵੀਆਂ ਕਲੀਸਿਯਾਵਾਂ ਕਾਇਮ ਹੋਣ ਨਾਲ, ਹੋ ਸਕਦਾ ਹੈ ਕਿ ਅਨੇਕ ਲਾਇਬ੍ਰੇਰੀਆਂ ਵਿਚ ਸੀਮਿਤ ਪੁਸਤਕਾਂ ਹੋਣ। ਕੁਝ ਪ੍ਰਕਾਸ਼ਕ ਜਿਨ੍ਹਾਂ ਕੋਲ ਸਾਡੇ ਪੁਰਾਣੇ ਪ੍ਰਕਾਸ਼ਨ ਹਨ, ਸ਼ਾਇਦ ਇਨ੍ਹਾਂ ਨੂੰ ਕਲੀਸਿਯਾ ਨੂੰ ਦਾਨ ਕਰਨ ਬਾਰੇ ਵਿਚਾਰ ਕਰਨ। ਬਜ਼ੁਰਗ ਸ਼ਾਇਦ ਸੰਸਥਾ ਵੱਲੋਂ ਪਹਿਰਾਬੁਰਜ ਦੇ ਮੁੜ ਛਾਪੇ ਗਏ ਜਿਲਦਬੱਧ ਖੰਡਾਂ ਦਾ ਆਰਡਰ ਕਰਨਾ ਚਾਹੁਣ ਜੇਕਰ ਇਹ ਉਪਲਬਧ ਹਨ ਜਾਂ ਜਦੋਂ ਇਹ ਉਪਲਬਧ ਹੋਣ। ਇਨ੍ਹਾਂ ਤਰੀਕਿਆਂ ਵਿਚ, ਦੈਵ-ਸ਼ਾਸਕੀ ਸੇਵਕਾਈ ਸਕੂਲ ਲਾਇਬ੍ਰੇਰੀ ਸਾਰਿਆਂ ਨੂੰ ਪਰਮੇਸ਼ੁਰ ਦੇ ਬਚਨ, ਜੋ ਗਿਆਨ, ਬੁੱਧ, ਅਤੇ ਸਮਝ ਦਿੰਦਾ ਹੈ, ਵਿੱਚੋਂ ਗੁਪਤ ਧਨ ਹਾਸਲ ਕਰਨ ਵਿਚ ਮਦਦ ਦੇਣ ਲਈ ਬਹੁਤ ਲਾਭਦਾਇਕ ਸਾਬਤ ਹੋਵੇਗੀ।—ਕਹਾ. 2:4-6.