ਪੁਰਾਣੀਆਂ ਪੁਸਤਕਾਂ ਦੀ ਚੰਗੀ ਵਰਤੋਂ ਕਰੋ
1 ਮਨੁੱਖ ਨੇ ਧਰਤੀ ਦੇ ਹਰ ਖੂੰਜੇ ਵਿਚ ਲੱਖਾਂ ਹੀ ਪੁਰਾਣੀਆਂ ਕਿਤਾਬਾਂ ਲਾਇਬ੍ਰੇਰੀਆਂ ਵਿਚ ਸਾਂਭ ਕੇ ਰੱਖੀਆਂ ਹੋਈਆਂ ਹਨ। ਪਰ, ਇਨ੍ਹਾਂ ਦਾ ਮਨੁੱਖਜਾਤੀ ਨੂੰ ਕਿਹੜਾ ਸਦੀਵੀ ਲਾਭ ਹੈ? (ਉਪ. 12:12) ਪਰ ਇਨ੍ਹਾਂ ਦੀ ਤੁਲਨਾ ਵਿਚ ਉਨ੍ਹਾਂ ਪ੍ਰਕਾਸ਼ਨਾਂ ਦੀ ਕਿੰਨੀ ਜ਼ਿਆਦਾ ਮਹੱਤਤਾ ਹੈ, ਜੋ ਪਰਮੇਸ਼ੁਰ ਦੇ ਰਾਜ ਵੱਲ ਅਤੇ ਇਹ ਮਨੁੱਖਜਾਤੀ ਦੇ ਲਈ ਕੀ ਕਰੇਗਾ, ਵੱਲ ਧਿਆਨ ਖਿੱਚਦੇ ਹਨ। ਜ਼ਿਆਦਾਤਰ ਕਲੀਸਿਯਾਵਾਂ ਵਿਚ ਇਸ ਤਰ੍ਹਾਂ ਦੀਆਂ ਕਈ ਪੁਸਤਕਾਂ ਉਪਲਬਧ ਹਨ। ਜਨਵਰੀ ਦੇ ਦੌਰਾਨ ਅਸੀਂ ਇਹ ਪੁਰਾਣੀਆਂ ਪੁਸਤਕਾਂ ਲੋਕਾਂ ਨੂੰ ਪੇਸ਼ ਕਰਾਂਗੇ।
2 ਇਨ੍ਹਾਂ ਦਾ ਅਸਲੀ ਮਹੱਤਵ ਹੈ: ਭਾਵੇਂ ਕਿ ਸਾਡੇ ਵਿੱਚੋਂ ਕੁਝ ਸ਼ਾਇਦ ਇਹ ਮਹਿਸੂਸ ਕਰਨ ਕਿ ਸਾਡੇ ਨਵੇਂ ਪ੍ਰਕਾਸ਼ਨਾਂ ਦੀ ਤੁਲਨਾ ਵਿਚ ਇਹ ਪੁਸਤਕਾਂ ਪੁਰਾਣੀਆਂ ਹੋ ਚੁੱਕੀਆਂ ਹਨ, ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਵਿਚ ਬਾਈਬਲ ਦੀ ਸੱਚਾਈ ਪਾਈ ਜਾਂਦੀ ਹੈ। ਅੱਜ ਵੀ ਇਨ੍ਹਾਂ ਵਿਚ ਪਾਇਆ ਜਾਣ ਵਾਲਾ ਰਾਜ ਸੰਦੇਸ਼ ਮਹੱਤਵਪੂਰਣ ਹੈ, ਅਤੇ ਜੇਕਰ ਇਸ ਸੰਦੇਸ਼ ਵੱਲ ਧਿਆਨ ਦਿੱਤਾ ਜਾਵੇ, ਤਾਂ ਜ਼ਿੰਦਗੀਆਂ ਬਚ ਸਕਦੀਆਂ ਹਨ। (ਯੂਹੰ. 17:3) ਇਸ ਕਰਕੇ, ਸਾਨੂੰ ਇਨ੍ਹਾਂ ਪੁਰਾਣੀਆਂ ਪੁਸਤਕਾਂ ਦੀ ਚੰਗੀ ਵਰਤੋਂ ਕਰਨ ਲਈ ਵਧੀਕ ਜਤਨ ਕਰਨੇ ਚਾਹੀਦੇ ਹਨ।
3 ਇਕ ਤੀਵੀਂ ਦਾ ਅਨੁਭਵ ਇਨ੍ਹਾਂ ਪ੍ਰਕਾਸ਼ਨਾਂ ਦੇ ਮਹੱਤਵ ਉੱਤੇ ਜ਼ੋਰ ਦਿੰਦਾ ਹੈ। ਉਸ ਨੂੰ ਆਪਣੀ ਨਾਨੀ ਦੇ ਕੋਲੋਂ ਪੁਰਾਣੇ ਵਾਚ ਟਾਵਰ ਪ੍ਰਕਾਸ਼ਨ ਪ੍ਰਾਪਤ ਹੋਏ। ਇਕ ਗਵਾਹ ਨੇ ਉਸ ਤੀਵੀਂ ਨੂੰ ਪੁੱਛਿਆ ਕਿ ਕੀ ਉਹ ਇਨ੍ਹਾਂ ਪ੍ਰਕਾਸ਼ਨਾਂ ਦੇ ਅਸਲੀ ਮਹੱਤਵ ਨੂੰ ਜਾਣਦੀ ਹੈ। ਤੀਵੀਂ ਨੇ ਜਵਾਬ ਦਿੱਤਾ: “ਮੈਂ ਇਨ੍ਹਾਂ ਦੇ ਮਹੱਤਵ ਨੂੰ ਨਹੀਂ ਜਾਣਦੀ, ਪਰ ਮੈਂ ਕਿਵੇਂ ਪਤਾ ਲਗਾ ਸਕਦੀ ਹਾਂ?” ਤੀਵੀਂ ਨੇ ਬਾਈਬਲ ਅਧਿਐਨ ਕਰਨਾ ਸਵੀਕਾਰ ਕਰ ਲਿਆ। ਸੱਚਾਈ ਵਿਚ ਆਉਣ ਤੋਂ ਬਾਅਦ ਉਸ ਨੇ ਆਪਣੀ ਨਾਨੀ ਦੀ ਲਾਇਬ੍ਰੇਰੀ ਦੀ ਕਦਰ ਕੀਤੀ। ਇਨ੍ਹਾਂ ਪੁਰਾਣੀਆਂ ਪੁਸਤਕਾਂ ਦਾ ਸੰਗ੍ਰਹਿ ਕਿੰਨੀ ਬਹੁਮੁੱਲੀ ਵਿਰਾਸਤ ਸਾਬਤ ਹੋਇਆ!
4 ਇਨ੍ਹਾਂ ਨੂੰ ਵੰਡੋ: ਪੁਰਾਣੀਆਂ ਪੁਸਤਕਾਂ ਨੂੰ ਘਰ-ਘਰ ਜਾ ਕੇ ਪੇਸ਼ ਕਰਨ ਤੋਂ ਇਲਾਵਾ, ਪੁਨਰ-ਮੁਲਾਕਾਤ ਕਰਦੇ ਸਮੇਂ ਵੀ ਇਹ ਪੁਸਤਕਾਂ ਉਨ੍ਹਾਂ ਨੂੰ ਦਿਓ ਜਿਨ੍ਹਾਂ ਨੂੰ ਸਾਡੇ ਪ੍ਰਕਾਸ਼ਨ ਪੜ੍ਹਨੇ ਚੰਗੇ ਲੱਗਦੇ ਹਨ। ਇਸ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਹੜੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਲਗਵਾਉਂਦੇ ਹਨ, ਅਤੇ ਨਾਲੇ ਉਹ ਜਿਹੜੇ ਤੁਹਾਡੇ ਰਸਾਲਾ ਮਾਰਗ ਵਿਚ ਸ਼ਾਮਲ ਹਨ। ਜਿਹੜੇ ਤੁਹਾਡੇ ਨਾਲ ਬਾਈਬਲ ਅਧਿਐਨ ਕਰ ਰਹੇ ਹਨ, ਉਨ੍ਹਾਂ ਨੂੰ ਚੋਣਵੀਆਂ ਪੁਰਾਣੀਆਂ ਪੁਸਤਕਾਂ ਹੋਰ ਜ਼ਿਆਦਾ ਗਿਆਨ ਦੇ ਸਕਦੀਆਂ ਹਨ, ਜੋ ਕਿ ਉਨ੍ਹਾਂ ਦੀ ਸੱਚਾਈ ਪ੍ਰਤੀ ਸਮਝ ਨੂੰ ਹੋਰ ਵਧਾਉਣਗੀਆਂ। ਜੇਕਰ ਤੁਹਾਡੇ ਵਿਅਕਤੀਗਤ ਸੰਗ੍ਰਹਿ ਵਿਚ ਇਨ੍ਹਾਂ ਪੁਰਾਣੀਆਂ ਪੁਸਤਕਾਂ ਵਿੱਚੋਂ ਕੋਈ ਪੁਸਤਕ ਨਹੀਂ ਹੈ, ਤਾਂ ਉਸ ਨੂੰ ਲੈਣਾ ਨਾ ਭੁੱਲੋ। ਇਸ ਤਰੀਕੇ ਨਾਲ, ਤੁਸੀਂ ਇਕ ਬਹੁਮੁੱਲੀ ਥੀਓਕ੍ਰੈਟਿਕ ਲਾਇਬ੍ਰੇਰੀ ਬਣਾ ਲਓਗੇ, ਜਿਹੜੀ ਕਿ ਤੁਹਾਡੇ ਵਿਅਕਤੀਗਤ ਅਧਿਐਨ ਨੂੰ ਲਾਭਦਾਇਕ ਬਣਾਵੇਗੀ।
5 ਆਪਣੀਆਂ ਪੁਰਾਣੀਆਂ ਪੁਸਤਕਾਂ ਨੂੰ ਅਲਮਾਰੀਆਂ ਵਿਚ ਰੱਖਣ ਦੀ ਬਜਾਇ, ਆਓ ਅਸੀਂ ਇਨ੍ਹਾਂ ਦੀ ਚੰਗੀ ਵਰਤੋਂ ਕਰ ਕੇ ਦੂਸਰੇ ਲੋਕਾਂ ਨੂੰ ਉਤਸ਼ਾਹਿਤ ਕਰੀਏ ਤਾਂਕਿ ਉਹ ਵੀ ‘ਪਰਮੇਸ਼ੁਰ ਕੋਲੋਂ ਡਰਨ ਅਤੇ ਉਹ ਦੀਆਂ ਆਗਿਆਂ ਨੂੰ ਮੰਨਣ।’—ਉਪ. 12:13.