ਨੌਜਵਾਨੋ—ਤੁਹਾਡੇ ਅਧਿਆਤਮਿਕ ਟੀਚੇ ਕੀ ਹਨ?
1 ਯਹੋਵਾਹ ਜਾਣਦਾ ਹੈ ਕਿ ਖ਼ੁਸ਼ੀ ਪ੍ਰਾਪਤ ਕਰਨ ਵਿਚ ਅਰਥਪੂਰਣ ਕੰਮ ਅਤੇ ਹਾਸਲ ਹੋ ਸਕਣ ਵਾਲੇ ਟੀਚੇ ਕਿੰਨੇ ਮਹੱਤਵਪੂਰਣ ਹਨ। (ਦੇਖੋ ਉਤਪਤੀ 1:28; 2:15, 19.) ਅੱਜ, ਯਹੋਵਾਹ ਨੇ ਆਪਣੇ ਲੋਕਾਂ ਨੂੰ ਪ੍ਰਚਾਰ ਕਰਨ ਅਤੇ ਸਿਖਾਉਣ ਦਾ ਕੰਮ ਸੌਂਪਿਆ ਹੈ। ਨਾਲੇ ਸਾਡੇ ਕੋਲ ਪਰਾਦੀਸ ਵਿਚ ਸਦੀਪਕ ਜੀਵਨ ਪ੍ਰਾਪਤ ਕਰਨ ਦਾ ਅੰਤਿਮ ਟੀਚਾ ਵੀ ਹੈ। ਇਸ ਦੌਰਾਨ, ਸਾਨੂੰ ਪ੍ਰਗਤੀਸ਼ੀਲ ਅਧਿਆਤਮਿਕ ਟੀਚੇ ਰੱਖਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੀ ਤਾਕਤ ਅਤੇ ਸਾਧਨਾਂ ਨੂੰ ਗ਼ਲਤ ਪਾਸੇ ਨਾ ਲਗਾਈਏ।—1 ਕੁਰਿੰ. 9:26.
2 ਜਵਾਨ ਲੋਕਾਂ ਲਈ ਵਾਸਤਵਿਕ ਟੀਚੇ: ਨੌਜਵਾਨਾਂ ਨੂੰ ਆਪਣੀਆਂ ਵਿਅਕਤੀਗਤ ਯੋਗਤਾਵਾਂ ਦੇ ਅਨੁਸਾਰ ਦੈਵ-ਸ਼ਾਸਕੀ ਟੀਚੇ ਰੱਖਣੇ ਚਾਹੀਦੇ ਹਨ ਜੋ ਉਹ ਹਾਸਲ ਕਰ ਸਕਣ। (1 ਤਿਮੋ. 4:15) ਕੁਝ ਬਹੁਤ ਹੀ ਛੋਟੇ ਬੱਚਿਆਂ ਨੇ ਪੜ੍ਹਨਾ ਸਿੱਖਣ ਤੋਂ ਵੀ ਪਹਿਲਾਂ, ਬਾਈਬਲ ਦੀਆਂ ਪੋਥੀਆਂ ਨੂੰ ਮੂੰਹ ਜ਼ਬਾਨੀ ਯਾਦ ਕਰਨ ਦਾ ਟੀਚਾ ਹਾਸਲ ਕੀਤਾ ਹੈ। ਪਰਿਵਾਰਕ ਅਧਿਐਨ ਦੇ ਦੁਆਰਾ, ਬੱਚੇ ਸਭਾਵਾਂ ਲਈ ਤਿਆਰੀ ਕਰਨੀ ਸਿੱਖਦੇ ਹਨ ਤਾਂਕਿ ਉਹ ਅਰਥਪੂਰਣ ਟਿੱਪਣੀਆਂ ਕਰਨ ਅਤੇ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਆਪਣਾ ਨਾਂ ਦਰਜ ਕਰਾਉਣ ਦੇ ਟੀਚਿਆਂ ਤਕ ਪਹੁੰਚ ਸਕਣ। ਜਦੋਂ ਬੱਚੇ ਆਪਣੇ ਮਾਪਿਆਂ ਨਾਲ ਖੇਤਰ ਸੇਵਾ ਵਿਚ ਜਾਂਦੇ ਹਨ, ਤਾਂ ਉਹ ਗਵਾਹੀ ਦੇਣ ਵਿਚ ਹਿੱਸਾ ਲੈਣਾ ਸਿੱਖਦੇ ਹਨ, ਜਿਉਂ-ਜਿਉਂ ਉਹ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਦੇ ਟੀਚੇ ਵੱਲ ਪ੍ਰਗਤੀ ਕਰਦੇ ਹਨ। ਮਾਪਿਆਂ ਨੂੰ ਆਪਣੇ ਛੋਟੇ ਬੱਚਿਆਂ ਅੱਗੇ ਸਮਰਪਣ ਅਤੇ ਬਪਤਿਸਮੇ ਦਾ ਟੀਚਾ ਰੱਖਣਾ ਚਾਹੀਦਾ ਹੈ।
3 ਜੇਕਰ ਤੁਸੀਂ ਇਕ ਕਿਸ਼ੋਰ ਹੋ, ਤਾਂ ਤੁਹਾਡੇ ਅਧਿਆਤਮਿਕ ਟੀਚਿਆਂ ਵਿਚ ਕਿਹੜੇ ਟੀਚੇ ਸ਼ਾਮਲ ਹਨ? ਜੀਵਨ ਵਿਚ ਸੱਚ-ਮੁੱਚ ਮਹੱਤਵਪੂਰਣ ਟੀਚਿਆਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੁਆਰਾ “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।” (ਉਪ. 12:1; ਜ਼ਬੂ. 71:17) ਕਿਉਂ ਨਾ ਉਨ੍ਹਾਂ ਮਹੀਨਿਆਂ ਦੇ ਦੌਰਾਨ ਸਹਿਯੋਗੀ ਪਾਇਨੀਅਰੀ ਕਰੋ ਜਦੋਂ ਤੁਹਾਡੇ ਸਕੂਲ ਵਿਚ ਛੁੱਟੀਆਂ ਹੁੰਦੀਆਂ ਹਨ? ਕੀ ਤੁਸੀਂ ਨਿਯਮਿਤ ਪਾਇਨੀਅਰ ਵਜੋਂ ਪੂਰਣ-ਕਾਲੀ ਸੇਵਕਾਈ ਅਪਣਾਉਣ ਬਾਰੇ ਵਿਚਾਰ ਕੀਤਾ ਹੈ? ਇਕ ਨਵੀਂ ਭਾਸ਼ਾ ਸਿੱਖਣ ਬਾਰੇ ਕੀ ਖ਼ਿਆਲ ਹੈ ਤਾਂਕਿ ਤੁਸੀਂ ਭਵਿੱਖ ਵਿਚ ਆਪਣੇ ਖੇਤਰ ਵਿਚ ਜਾਂ ਹੋਰ ਕਿਧਰੇ ਵਿਦੇਸ਼ੀ-ਭਾਸ਼ਾ ਸਮੂਹ ਜਾਂ ਕਲੀਸਿਯਾ ਦੀ ਮਦਦ ਕਰ ਸਕੋ? ਬਹੁਤ ਸਾਰੇ ਜੋ ਹੁਣ ਬੈਥਲ ਵਿਚ ਜਾਂ ਸਫ਼ਰੀ ਨਿਗਾਹਬਾਨਾਂ ਜਾਂ ਮਿਸ਼ਨਰੀਆਂ ਵਜੋਂ ਸੇਵਾ ਕਰ ਰਹੇ ਹਨ, ਉਨ੍ਹਾਂ ਨੇ ਉਦੋਂ ਖ਼ਾਸ ਪੂਰਣ-ਕਾਲੀ ਸੇਵਾ ਨੂੰ ਆਪਣਾ ਟੀਚਾ ਰੱਖਿਆ ਸੀ ਜਦੋਂ ਉਹ ਅਜੇ ਸਕੂਲ ਵਿਚ ਹੀ ਸਨ। ਕਿਉਂ ਨਾ ਤੁਸੀਂ ਵੀ ਇਸੇ ਤਰ੍ਹਾਂ ਕਰੋ?
4 ਛੋਟੀ ਉਮਰ ਤੋਂ ਹੀ, ਯਿਸੂ ਦੀ ਮਿਸਾਲ ਦੀ ਰੀਸ ਕਰਨ ਦੀ ਕੋਸ਼ਿਸ਼ ਕਰੋ। 12 ਸਾਲ ਦੀ ਛੋਟੀ ਉਮਰ ਤੇ ਹੀ, ਉਸ ਨੇ ਅਧਿਆਤਮਿਕ ਗੱਲਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। (ਲੂਕਾ 2:42-49, 52) ਆਪਣੇ ਲਈ ਅਜਿਹੇ ਲਾਭਦਾਇਕ ਟੀਚੇ ਰੱਖਣੇ ਜਿਵੇਂ ਕਿ ਨਿੱਜੀ ਅਧਿਐਨ ਕਰਨਾ, ਰੋਜ਼ਾਨਾ ਬਾਈਬਲ ਪੜ੍ਹਨੀ, ਅਤੇ ਸਭਾਵਾਂ ਤੇ ਸੇਵਕਾਈ ਵਿਚ ਪ੍ਰੌੜ੍ਹ ਮਸੀਹੀਆਂ ਨਾਲ ਬਾਕਾਇਦਾ ਮੇਲ-ਜੋਲ ਰੱਖਣਾ, ਤੁਹਾਨੂੰ ਯਿਸੂ ਦੀ ਤਰ੍ਹਾਂ ਦੂਸਰਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣ ਵਿਚ ਕੁਸ਼ਲਤਾ ਹਾਸਲ ਕਰਨ ਵਿਚ ਮਦਦ ਦੇਵੇਗਾ।