ਨੌਜਵਾਨੋ—ਆਪਣੀ ਸਕੂਲੀ ਸਿੱਖਿਆ ਦਾ ਲਾਭ ਉਠਾਓ
1 ਤੁਸੀਂ ਗਰਮੀ ਦੀਆਂ ਛੁੱਟੀਆਂ ਮਗਰੋਂ ਸਕੂਲ ਵਾਪਸ ਜਾਣ ਬਾਰੇ ਕਿਵੇਂ ਮਹਿਸੂਸ ਕੀਤਾ ਸੀ? ਕੀ ਤੁਸੀਂ ਸਕੂਲੀ ਸਿੱਖਿਆ ਦੇ ਇਕ ਹੋਰ ਸਾਲ ਤੋਂ ਲਾਭ ਪ੍ਰਾਪਤ ਕਰ ਰਹੇ ਹੋ? ਕੀ ਤੁਸੀਂ ਆਪਣੇ ਸਹਿਪਾਠੀਆਂ ਅਤੇ ਅਧਿਆਪਕਾਂ ਨਾਲ ਸੱਚਾਈ ਸਾਂਝੀ ਕਰਨ ਦੇ ਉਨ੍ਹਾਂ ਮੌਕਿਆਂ ਦਾ ਲਾਭ ਉਠਾਓਗੇ ਜੋ ਤੁਹਾਨੂੰ ਸਕੂਲ ਵਿਚ ਮਿਲਦੇ ਹਨ? ਸਾਨੂੰ ਯਕੀਨ ਹੈ ਕਿ ਤੁਸੀਂ ਸਕੂਲ ਵਿਚ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੁੰਦੇ ਹੋ।
2 ਚੰਗੇ ਵਿਦਿਆਰਥੀ ਬਣੋ: ਜੇ ਤੁਸੀਂ ਹਰ ਵਿਸ਼ੇ ਦੀ ਚੰਗੀ ਤਿਆਰੀ ਕਰ ਕੇ ਜਾਂਦੇ ਹੋ ਅਤੇ ਕਲਾਸ ਵਿਚ ਪੂਰਾ ਧਿਆਨ ਦਿੰਦੇ ਹੋ, ਤਾਂ ਤੁਸੀਂ ਸਥਾਈ ਲਾਭ ਪ੍ਰਾਪਤ ਕਰੋਗੇ। ਦਿਲ ਲਗਾ ਕੇ ਆਪਣਾ ਹੋਮ-ਵਰਕ ਪੂਰਾ ਕਰੋ, ਪਰੰਤੂ ਆਪਣੇ ਸਕੂਲ ਦੇ ਕੰਮ ਨੂੰ ਦੈਵ-ਸ਼ਾਸਕੀ ਸਰਗਰਮੀਆਂ ਵਿਚ ਵਿਘਨ ਨਾ ਪਾਉਣ ਦਿਓ।—ਫ਼ਿਲਿ. 1:10.
3 ਸਕੂਲ ਵਿਚ ਨਵਾਂ ਸਾਲ ਸ਼ੁਰੂ ਕਰਨ ਤੋਂ ਪਹਿਲਾਂ, ਯਹੋਵਾਹ ਦੇ ਗਵਾਹ ਅਤੇ ਸਿੱਖਿਆ (ਅੰਗ੍ਰੇਜ਼ੀ) ਨਾਮਕ ਬਰੋਸ਼ਰ ਪੜ੍ਹੋ। ਫਿਰ, ਤੁਹਾਨੂੰ ਜਾਂ ਤੁਹਾਡੇ ਮਾਪਿਆਂ ਨੂੰ ਤੁਹਾਡੇ ਹਰੇਕ ਅਧਿਆਪਕ ਨੂੰ ਇਸ ਦੀ ਇਕ ਕਾਪੀ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਦੱਸੋ ਕਿ ਉਨ੍ਹਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦਿੱਤਾ ਜਾਵੇਗਾ। ਇਹ ਉਨ੍ਹਾਂ ਦੀ ਮਦਦ ਕਰੇਗਾ ਕਿ ਉਹ ਤੁਹਾਡੇ ਸਿਧਾਂਤਾਂ ਅਤੇ ਵਿਸ਼ਵਾਸਾਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣ ਅਤੇ ਤੁਹਾਨੂੰ ਸਹਿਯੋਗ ਦੇ ਸਕਣ ਜਿਉਂ-ਜਿਉਂ ਤੁਸੀਂ ਸਿੱਖੀਆਂ ਹੋਈਆਂ ਗੱਲਾਂ ਨੂੰ ਅਮਲ ਵਿਚ ਲਿਆਉਂਦੇ ਹੋ। ਨਾਲ ਹੀ, ਇਹ ਤੁਹਾਡੇ ਅਧਿਆਪਕਾਂ ਨੂੰ ਭਰੋਸਾ ਦੇਵੇਗਾ ਕਿ ਜਿਉਂ-ਜਿਉਂ ਉਹ ਤੁਹਾਨੂੰ ਕੀਮਤੀ ਸਿੱਖਿਆ ਪ੍ਰਾਪਤ ਕਰਨ ਵਿਚ ਮਦਦ ਦਿੰਦੇ ਹਨ, ਤੁਸੀਂ ਅਤੇ ਤੁਹਾਡੇ ਮਾਪੇ ਉਨ੍ਹਾਂ ਨੂੰ ਸਹਿਯੋਗ ਦੇਣਾ ਚਾਹੁੰਦੇ ਹੋ।
4 ਚੰਗੇ ਗਵਾਹ ਬਣੋ: ਕਿਉਂ ਨਾ ਤੁਸੀਂ ਸਕੂਲ ਨੂੰ ਆਪਣਾ ਨਿੱਜੀ ਖੇਤਰ ਵਿਚਾਰੋ, ਜਿੱਥੇ ਤੁਸੀਂ ਗ਼ੈਰ-ਰਸਮੀ ਗਵਾਹੀ ਦੇ ਸਕਦੇ ਹੋ? ਸਕੂਲ ਵਿਚ ਨਵੇਂ ਸਾਲ ਦੌਰਾਨ, ਤੁਹਾਨੂੰ ਗਵਾਹੀ ਦੇਣ ਦੇ ਵਧੀਆ ਮੌਕੇ ਮਿਲਣਗੇ। ਤੁਹਾਡੇ ਕੋਲ ਅਦਭੁਤ ਅਧਿਆਤਮਿਕ ਗਿਆਨ ਹੈ ਜਿਸ ਨੂੰ ਸਾਂਝਾ ਕਰਨ ਨਾਲ ਤੁਸੀਂ ‘ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾ’ ਸਕਦੇ ਹੋ। (1 ਤਿਮੋ. 4:16) ਮਸੀਹੀ ਆਚਰਣ ਵਿਚ ਮਿਸਾਲੀ ਹੋਣ ਦੁਆਰਾ ਅਤੇ ਹਰ ਉਚਿਤ ਮੌਕੇ ਤੇ ਗਵਾਹੀ ਦੇਣ ਦੁਆਰਾ, ਤੁਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਲਾਭ ਪਹੁੰਚਾਓਗੇ।
5 ਇਕ ਜਵਾਨ ਭਰਾ ਨੇ ਆਪਣੇ ਸਕੂਲ ਵਿਚ ਸੰਗੀ ਵਿਦਿਆਰਥੀਆਂ ਨੂੰ ਗ਼ੈਰ-ਰਸਮੀ ਗਵਾਹੀ ਦਿੱਤੀ। ਚੰਗੀ ਪ੍ਰਤਿਕ੍ਰਿਆ ਦਿਖਾਉਣ ਵਾਲਿਆਂ ਵਿਚ ਸ਼ਾਮਲ ਸੀ ਇਕ ਕੈਥੋਲਿਕ, ਇਕ ਨਾਸਤਿਕ ਜੋ ਪਰਮੇਸ਼ੁਰ ਨੂੰ ਮੰਨਣ ਵਾਲੇ ਲੋਕਾਂ ਦਾ ਮਖੌਲ ਉਡਾਉਂਦਾ ਸੀ, ਅਤੇ ਇਕ ਨੌਜਵਾਨ ਜੋ ਬਹੁਤ ਸਿਗਰਟਾਂ ਅਤੇ ਸ਼ਰਾਬ ਪੀਂਦਾ ਸੀ। ਕੁਲ ਮਿਲਾ ਕੇ ਇਸ ਜਵਾਨ ਭਰਾ ਨੇ ਆਪਣੇ 15 ਹਾਣੀਆਂ ਨੂੰ ਸਮਰਪਣ ਅਤੇ ਬਪਤਿਸਮੇ ਤਕ ਉੱਨਤੀ ਕਰਨ ਵਿਚ ਮਦਦ ਦਿੱਤੀ!
6 ਇਸ ਲਈ, ਹੇ ਨੌਜਵਾਨੋ, ਲਗਨ ਨਾਲ ਪੜ੍ਹਾਈ ਕਰੋ ਅਤੇ ਆਪਣੇ ਅਦਭੁਤ ਗਵਾਹੀ ਖੇਤਰ ਵਿਚ ਪ੍ਰਚਾਰ ਕਰੋ। ਤਦ ਤੁਸੀਂ ਸਕੂਲੀ ਸਿੱਖਿਆ ਤੋਂ ਸਭ ਤੋਂ ਜ਼ਿਆਦਾ ਲਾਭ ਪ੍ਰਾਪਤ ਕਰੋਗੇ।