ਮੈਨੂੰ ਇਕ ਬਾਈਬਲ ਅਧਿਐਨ ਚਾਹੀਦਾ ਹੈ!
1 ਸਾਡੇ ਵਿੱਚੋਂ ਬਹੁਤ ਸਾਰਿਆਂ ਨੇ ਇਕ ਬਾਈਬਲ ਅਧਿਐਨ ਕਰਾਉਣ ਦੀ ਇੱਛਾ ਪ੍ਰਗਟ ਕੀਤੀ ਹੈ, ਅਤੇ ਚੰਗੇ ਕਾਰਨ ਕਰਕੇ ਕੀਤੀ ਹੈ। ਬਾਈਬਲ ਅਧਿਐਨ ਕਰਾਉਣ ਦੁਆਰਾ ਅਸੀਂ ਨਵੇਂ ਚੇਲੇ ਬਣਾਉਣ ਦੇ ਉਦੇਸ਼ ਨੂੰ ਪੂਰਾ ਕਰਦੇ ਹਾਂ। (ਮੱਤੀ 28:19, 20) ਪਰੰਤੂ ਸਾਡੇ ਵਿੱਚੋਂ ਬਹੁਤ ਸਾਰੇ ਭੈਣ-ਭਰਾਵਾਂ ਨੇ ਕਈ ਮਹੀਨਿਆਂ ਤੋਂ, ਜਾਂ ਸ਼ਾਇਦ ਕਈ ਸਾਲਾਂ ਤੋਂ ਉਸ ਖ਼ਾਸ ਆਨੰਦ ਦਾ ਅਨੁਭਵ ਨਹੀਂ ਕੀਤਾ ਹੈ, ਜੋ ਕਿਸੇ ਵਿਅਕਤੀ ਨੂੰ ਸੱਚਾਈ ਸਿਖਾਉਣ ਤੋਂ ਮਿਲਦਾ ਹੈ। ਇਸ ਬਾਰੇ ਅਸੀਂ ਨਵੰਬਰ ਵਿਚ ਕੀ ਕਰ ਸਕਦੇ ਹਾਂ? ਕਿਉਂਕਿ ਇਸ ਮਹੀਨੇ ਗਿਆਨ ਪੁਸਤਕ ਪੇਸ਼ ਕੀਤੀ ਜਾ ਰਹੀ ਹੈ, ਅਸੀਂ ਨਵਾਂ ਬਾਈਬਲ ਅਧਿਐਨ ਸ਼ੁਰੂ ਕਰਵਾਉਣ ਲਈ ਇਸ ਦੀ ਵਰਤੋਂ ਕਰਨ ਦਾ ਖ਼ਾਸ ਜਤਨ ਕਰ ਸਕਦੇ ਹਾਂ।
2 ਇਕ ਜਾਂ ਇਕ ਤੋਂ ਜ਼ਿਆਦਾ ਸਪਤਾਹ-ਅੰਤ ਅਲੱਗ ਰੱਖੋ: ਅਸੀਂ ਸਾਰਿਆਂ ਨੂੰ ਇਸ ਮਹੀਨੇ ਨਵਾਂ ਬਾਈਬਲ ਅਧਿਐਨ ਸ਼ੁਰੂ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਕੁਝ ਸਮਾਂ ਅਲੱਗ ਰੱਖਣ ਲਈ ਉਤਸ਼ਾਹਿਤ ਕਰਦੇ ਹਾਂ। ਕਲੀਸਿਯਾ ਪੁਸਤਕ ਅਧਿਐਨ ਸੰਚਾਲਕਾਂ ਨੂੰ ਖ਼ਾਸ ਤੌਰ ਤੇ ਇਸੇ ਮਕਸਦ ਲਈ ਕੁਝ ਸਪਤਾਹ-ਅੰਤ ਚੁਣਨੇ ਚਾਹੀਦੇ ਹਨ, ਅਤੇ ਫਿਰ ਆਪਣੇ ਗਰੁੱਪਾਂ ਨੂੰ ਇਸ ਤਰ੍ਹਾਂ ਸੰਗਠਿਤ ਕਰਨਾ ਚਾਹੀਦਾ ਹੈ ਕਿ ਉਹ ਪੁਨਰ-ਮੁਲਾਕਾਤ ਦੇ ਕੰਮ ਵਿਚ ਪੂਰਾ ਜਤਨ ਕਰ ਸਕਣ।
3 ਖੇਤਰ ਸੇਵਾ ਲਈ ਕੀਤੀਆਂ ਜਾਣ ਵਾਲੀਆਂ ਸਭਾਵਾਂ ਵਿਚ ਆਪਣਾ ਪੁਨਰ-ਮੁਲਾਕਾਤ ਰਿਕਾਰਡ ਨਾਲ ਲੈ ਕੇ ਆਓ। ਫਿਰ ਉਨ੍ਹਾਂ ਸਾਰਿਆਂ ਨਾਲ ਮੁਲਾਕਾਤ ਕਰੋ ਜਿਨ੍ਹਾਂ ਨੇ ਰੁਚੀ ਵਿਖਾਈ ਸੀ, ਸਾਹਿੱਤ ਲਿਆ ਸੀ ਜਾਂ ਸਭਾਵਾਂ ਵਿਚ ਹਾਜ਼ਰ ਹੋਏ ਸਨ। ਹਰ ਮੁਲਾਕਾਤ ਖ਼ਾਸ ਤੌਰ ਤੇ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਮਕਸਦ ਨਾਲ ਕਰੋ।
4 ਬਾਈਬਲ ਅਧਿਐਨ ਪ੍ਰਦਰਸ਼ਿਤ ਕਰੋ: ਇਹ ਵਿਖਾਉਣ ਲਈ ਕਿ ਪੁਨਰ-ਮੁਲਾਕਾਤ ਕਰਨ ਵੇਲੇ ਬਾਈਬਲ ਅਧਿਐਨ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਹੈ, ਖੇਤਰ ਸੇਵਾ ਲਈ ਚੋਣਵੀਆਂ ਸਭਾਵਾਂ ਵਿਚ ਇਸ ਦਾ ਇਕ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਪ੍ਰਦਰਸ਼ਨ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਤੁਸੀਂ ਇਹ ਕਹਿ ਸਕਦੇ ਹੋ: “ਬਹੁਤ ਸਾਰੇ ਲੋਕਾਂ ਕੋਲ ਬਾਈਬਲ ਹੈ, ਪਰ ਉਹ ਨਹੀਂ ਜਾਣਦੇ ਕਿ ਇਸ ਵਿਚ ਉਨ੍ਹਾਂ ਮਹੱਤਵਪੂਰਣ ਸਵਾਲਾਂ ਦੇ ਜਵਾਬ ਹਨ ਜਿਨ੍ਹਾਂ ਦਾ ਅਸੀਂ ਸਾਰੇ ਆਪਣੀ ਜ਼ਿੰਦਗੀ ਵਿਚ ਸਾਮ੍ਹਣਾ ਕਰਦੇ ਹਾਂ। [ਗਿਆਨ ਪੁਸਤਕ ਦੀ ਵਿਸ਼ਾ-ਸੂਚੀ ਵਿਖਾਓ, ਅਤੇ ਅਧਿਆਇ 3, 5, 6, 8, ਅਤੇ 9 ਦੇ ਸਿਰਲੇਖ ਪੜ੍ਹੋ।] ਇਸ ਪੁਸਤਕ ਦਾ ਹਫ਼ਤੇ ਵਿਚ ਇਕ ਕੁ ਘੰਟਾ ਅਧਿਐਨ ਕਰਨ ਦੁਆਰਾ, ਤੁਸੀਂ ਕੁਝ ਹੀ ਮਹੀਨਿਆਂ ਵਿਚ ਬਾਈਬਲ ਦੀ ਬੁਨਿਆਦੀ ਸਮਝ ਹਾਸਲ ਕਰ ਸਕਦੇ ਹੋ। ਜੇਕਰ ਤੁਸੀਂ ਇਨ੍ਹਾਂ ਵਿਸ਼ਿਆਂ ਵਿੱਚੋਂ ਕੋਈ ਇਕ ਵਿਸ਼ਾ ਚੁਣਨਾ ਚਾਹੋ, ਤਾਂ ਮੈਨੂੰ ਇਹ ਵਿਖਾਉਣ ਵਿਚ ਬਹੁਤ ਖ਼ੁਸ਼ੀ ਹੋਵੇਗੀ ਕਿ ਇਹ ਅਧਿਐਨ ਕਿਵੇਂ ਕੀਤਾ ਜਾਂਦਾ ਹੈ।” ਜੇਕਰ ਉਹ ਵਿਅਕਤੀ ਬਹੁਤ ਜ਼ਿਆਦਾ ਮਸਰੂਫ਼ ਹੋਣ ਕਰਕੇ ਅਧਿਐਨ ਕਰਨ ਤੋਂ ਹਿਚਕਿਚਾਉਂਦਾ ਹੈ, ਤਾਂ ਉਸ ਨੂੰ ਸਮਝਾਓ ਕਿ ਸਾਡੇ ਕੋਲ ਅਧਿਐਨ ਕਰਨ ਦਾ ਇਕ ਸੰਖੇਪ ਕਾਰਜਕ੍ਰਮ ਵੀ ਹੈ। ਮੰਗ ਬਰੋਸ਼ਰ ਵਿਖਾਓ, ਅਤੇ ਹਫ਼ਤੇ ਵਿਚ 15-30 ਮਿੰਟਾਂ ਲਈ ਇਕ ਸੰਖੇਪ ਪਾਠ ਦਾ ਅਧਿਐਨ ਕਰਨ ਦੀ ਪੇਸ਼ਕਸ਼ ਕਰੋ।
5 ਜੇਕਰ ਅਸੀਂ ਸਾਰੇ ਮਿਲ ਕੇ ਬਾਈਬਲ ਅਧਿਐਨ ਸ਼ੁਰੂ ਕਰਨ ਦਾ ਜਤਨ ਕਰੀਏ ਅਤੇ ਆਪਣੀ ਇਸ ਕੋਸ਼ਿਸ਼ ਤੇ ਯਹੋਵਾਹ ਦੀ ਅਸੀਸ ਮੰਗੀਏ, ਤਾਂ ਯਕੀਨਨ ਸਾਨੂੰ ਨਵੇਂ ਬਾਈਬਲ ਅਧਿਐਨ ਮਿਲਣਗੇ! (1 ਯੂਹੰ. 5:14, 15) ਜੇਕਰ ਤੁਸੀਂ ਇਕ ਬਾਈਬਲ ਅਧਿਐਨ ਚਾਹੁੰਦੇ ਹੋ, ਤਾਂ ਇਸ ਨੂੰ ਸ਼ੁਰੂ ਕਰਨ ਦਾ ਇਹ ਸ਼ਾਇਦ ਤੁਹਾਡੇ ਲਈ ਇਕ ਸੁਨਹਿਰਾ ਮੌਕਾ ਹੋਵੇ।